ਦੋਸੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋੜੇ ਹੋਏ ਦੋ ਕੱਪੜਿਆਂ ਨੂੰ ਦੋਸੜਾ ਕਹਿੰਦੇ ਹਨ। ਦੋ ਤਹਿਆਂ ਵਾਲੇ ਕੱਪੜੇ ਨੂੰ ਵੀ ਦੋਸੜਾ ਕਹਿੰਦੇ ਹਨ। ਪਤੀ ਦੇ ਮਰਨ ਪਿੱਛੋਂ ਪਹਿਲੇ ਸਮਿਆਂ ਵਿਚ ਪਤਨੀ ਨੂੰ ਜੋ ਕੱਪੜਾ ਦਿੱਤਾ ਜਾਂਦਾ ਸੀ, ਉਸਨੂੰ ਵੀ ਦੋਸੜਾ ਕਹਿੰਦੇ ਸਨ। ਪਰ ਮੈਂ ਤੁਹਾਡੇ ਨਾਲ ਜਿਸ ਦੋਸੜੇ ਬਾਰੇ ਗੱਲ ਕਰਨ ਜਾ ਰਿਹਾ ਹਾਂ ਉਹ ਸਿਰ ਉੱਪਰ ਲੈਣ ਵਾਲੇ ਦੂਹਰੇ ਦੁਪੱਟੇ ਬਾਰੇ ਹੈ।

ਪਹਿਲਾਂ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਿਚ ਪੜਦੇ ਦਾ ਰਿਵਾਜ ਸੀ। ਹਿੰਦੂ, ਸਿੱਖਾਂ ਦੇ ਅਮੀਰ ਪਰਿਵਾਰਾਂ ਦੀਆਂ ਜੁਆਨ ਲੜਕੀਆਂ ਅਤੇ ਬਹੂਆਂ, ਚਾਹੇ ਉਹ ਬੁੜੀਆਂ ਵੀ ਹੋ ਜਾਂਦੀਆਂ ਸਨ, ਜਦ ਵੀ ਘਰ ਤੋਂ ਬਾਹਰ ਕਿਸੇ ਕੰਮ ਲਈ ਨਿਕਲਦੀਆਂ ਸਨ, ਉਹ ਦੋਸੜਾ ਲੈ ਕੇ ਨਿਕਲਦੀਆਂ ਸਨ। ਦੋਸੜੇ ਦਾ ਉਪਰਲਾ ਦੁਪੱਟਾ ਉਮਰ ਦੇ ਹਿਸਾਬ ਨਾਲ ਰੰਗਦਾਰ ਅਤੇ ਕਰੀਮ ਰੰਗ ਦਾ ਹੁੰਦਾ ਸੀ। ਪਹਿਲੇ ਸਮਿਆਂ ਵਿਚ ਜਦ ਲੜਕੇ ਦੀ ਮੰਗਣੀ ਹੁੰਦੀ ਸੀ ਤਾਂ ਲੜਕੇ ਦੀ ਮਾਂ ਲੜਕੇ ਨੂੰ ਸ਼ਗਨ ਪਾਉਣ ਸਮੇਂ ਦੋਸੜਾ ਲੈਂਦੀ ਸੀ। ਉਸ ਸਮੇਂ ਦੁਪੱਟੇ ਉੱਪਰ ਫੁਲਕਾਰੀ ਲੈ ਕੇ ਦੋਸੜਾ ਬਣਾਇਆ ਜਾਂਦਾ ਸੀ। ਏਸੇ ਤਰ੍ਹਾਂ ਹੀ ਜਦ ਮੁੰਡਾ ਆਪਣੀ ਵਹੁਟੀ ਨੂੰ ਵਿਆਹ ਕੇ ਘਰ ਲਿਆਉਂਦਾ ਸੀ, ਉਸ ਸਮੇਂ ਮੁੰਡੇ ਦੀ ਮਾਂ ਆਪਣੇ ਸਿਰ ਉੱਪਰ ਦੋਸੜਾ ਲੈ ਕੇ ਪਾਣੀ ਵਾਰਨ ਦੀ ਰਸਮ ਕਰਦੀ ਸੀ। ਇਹ ਦੋਸੜਾ ਵੀ ਦੁਪੱਟੇ ਉੱਪਰ ਫੁਲਕਾਰੀ ਲੈ ਕੇ ਬਣਾਇਆ ਜਾਂਦਾ ਸੀ। ਬਾਅਦ ਵਿਚ ਫੁਲਕਾਰੀ ਦੀ ਥਾਂ ਲਾਲ ਦੁਪੱਟਾ ਵਰਤਿਆ ਜਾਣ ਲੱਗਿਆ।

ਪਹਿਲਾਂ ਲੜਕੀਆਂ ਛੋਟੀ ਉਮਰ ਤੋਂ ਹੀ ਆਪਣੇ ਸਿਰ ਤੇ ਦੁਪੱਟਾ ਲੈਂਦੀਆਂ ਸਨ। ਵਿਆਹ ਪਿੱਛੋਂ ਦੁਪੱਟੇ ਨਾਲ ਘੁੰਡ ਕੱਢਿਆ ਜਾਂਦਾ ਸੀ। ਹੁਣ ਦੀਆਂ ਬਹੁਤੀਆਂ ਲੜਕੀਆਂ ਜਾਂ ਤਾਂ ਸਿਰ ਤੇ ਦੁਪੱਟਾ ਲੈਂਦੀਆਂ ਹੀ ਨਹੀਂ। ਜਾਂ ਦੁਪੱਟਾ ਸਿਰ ਤੇ ਲੈਣ ਦੀ ਥਾਂ ਗਲ ਵਿਚ ਪਾਇਆ ਹੁੰਦਾ ਹੈ। ਨਵੀਆਂ ਵਿਆਹੀਆਂ ਬਹੂਆਂ ਵੀ ਸ਼ੁਰੂ ਸ਼ੁਰੂ ਵੀ ਵਿਚ ਸਿਰ ਤੇ ਦੁਪੱਟਾ ਲੈਂਦੀਆਂ ਹਨ। ਬਾਅਦ ਵਿਚ ਉਹ ਵੀ ਦੁਪੱਟਾ ਗਲ ਵਿਚ ਪਾਉਣ ਲੱਗ ਜਾਂਦੀਆਂ ਹਨ। ਇਸ ਕਰਕੇ ਜਦ ਇਕੱਲਾ ਦੁਪੱਟਾ ਹੀ ਸਿਰ ਤੇ ਲੈਣ ਦਾ ਰਵਾਜ ਦਿਨੋਂ ਦਿਨ ਘੱਟ ਰਿਹਾ ਹੈ ਤਾਂ ਦੋਸੜਾ ਲੈਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਨਾ ਕੋਈ ਮਾਂ ਮੁੰਡੇ ਦੇ ਮੰਗਣੇ ਵੇਲੇ ਅਤੇ ਨਾ ਹੀ ਵਿਆਹ ਸਮੇਂ ਪਾਣੀ ਵਾਰਨ ਦੀ ਰਸਮ ਵੇਲੇ ਦੋਸੜਾ ਲੈਂਦੀ ਹੈ। ਏਸੇ ਤਰ੍ਹਾਂ ਹੀ ਹੁਣ ਪਤੀ ਦੇ ਮਰਨ ਪਿੱਛੋਂ ਦੋਸੜਾ ਦੇਣ ਦਾ ਰਵਾਜ ਵੀ ਨਹੀਂ ਰਿਹਾ। ਹਿੰਦੂ ਅਤੇ ਸਿੱਖ ਅਮੀਰ ਪਰਿਵਾਰਾਂ ਦੀਆਂ ਲੜਕੀਆਂ ਅਤੇ ਬਹੂਆਂ ਵੀ ਹੁਣ ਦੋਸੜਾ ਨਹੀਂ ਲੈਂਦੀਆਂ। ਦੋਸੜਾ ਲੈਣ ਦੀ ਰਸਮ ਹੁਣ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.