ਸਮੱਗਰੀ 'ਤੇ ਜਾਓ

ਧਾਮੀਆਂ ਕਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਧਾਮੀਅਾਂ ਕਲਾਂ ਤੋਂ ਮੋੜਿਆ ਗਿਆ)
ਧਾਮੀਆਂ ਕਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਹੁਸ਼ਿਆਰਪੁਰ-1
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਹੁਸ਼ਿਆਰਪੁਰ

ਧਾਮੀਆਂ ਕਲਾਂ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਹੁਸ਼ਿਆਰਪੁਰ-1 ਦਾ ਇੱਕ ਪਿੰਡ ਹੈ।[1]ਇਸ ਪਿੰਡ ਨੂੰ ਇਕ ਨਾਮ ਦੇ ਸੁਬਾਨੀ ਧਾਮੀ ਜੱਟ ਨੇ ਵਸਾਇਆ ਸੀ. ਇਸ ਥਾਂ ਪਹਿਲਾਂਂ ਸ਼ਹੀਦੀ ਨਾਮ ਦਾ ਬੇਚਰਾਗ ਪਿੰਡ ਸੀ.

ਇਤਿਹਾਸ

[ਸੋਧੋ]

ਵਾਜਬ-ਉਲ-ਅਰਜ਼/ਵਜਾਹ ਤਕਸੀਮ ਦੇਹ ਹਜ਼ਾ ਅਨੁਸਾਰ ਧਾਮੀਆਂ ਕਲਾਂ (ਸ਼ਾਮ ਚੌਰਾਸੀ) ਪਿੰਡ ਦਾ ਬਾਨੀ ਸੁਬਾਨੀ ਇੱਕ ਧਾਮੀ ਜੱਟ ਸੀ ਜਿਹੜਾ ਆਪਣੇ ਸਕੇ-ਸੋਧਰਿਆ ਨਾਲ ਪਿੰਡ ਪਿੱਪਲਾਂਵਾਲਾਂ (ਹੁਸ਼ਿਆਰਪੁਰ) ਤੋਂ ਉੱਠਕੇ ਇਥੇ, ਬਹੀਦੀ ਨਾਂਅ ਦੇ ਇੱਕ ਬੇਚਰਾਗ ਪਿੰਡ, ਆ ਬਿਰਾਜਮਾਨ ਹੋਇਆ। ਪੁਰਾਤਨ ਦਸਤਾਵੇਜ਼ਾਂ ਅਨੁਸਾਰ, ਇਥੋਂ ਦੇ ਲੋਕ ਬੜੇ ਮਾਰਖੋਰੇ ਪਰ ਮੋਹਵੰਤੇ ਸਨ। ਇਕ ਗਾਥਾ ਅਨੁਸਾਰ ਰਾਣਾ ਸੰਗਰਾਮ ਦੇ ਜਿਹੜੇ ਸਿਪਾਹੀ ਬਾਬਰ ਨਾਲ ਅਹਿਦਨਾਮੇ ਸਮੇਂ ਅਫਗਾਨਿਸਤਾਨ ਤੋਂ ਪਾਰਲੇ ਖਿੱਤਿਆ ਵੱਲ ਬਾਰੂਦ ਅਤੇ ਆਤਸ਼ੀ ਹਥਿਆਰਾਂ ਦੀ ਸਿਖਲਾਈ ਹਿੱਤ ਗਏ, ਉਹਨਾਂ ਵਿਚੋਂ ਬਹੁਤੇ ਦੋਵ੍ਹਾਂ ਧਿਰਾਂ ਦੀ ਅਣਬਣ ਦਰਿਮਿਆਨ ਆਪਣਾ ਧੰਦਾ ਛੱਡ ਕਾਸ਼ਤਕਾਰੀ ਵੱਲ ਅਹੁਲ ਪਏ।

ਖੇਤੀ ਵੱਲ ਆਉਣ ਦਾ ਕਾਰਨ ਇਹ ਵੀ ਸੀ ਕਿ ਵਾਪਸੀ ਸਮੇਂ ਇਧਰਲੀਆਂ ਤੀਵੀਆਂ ਨਾਲ ਵਿਆਹ ਕਰਵਾਉਣ ਕਰਕੇ ਉਹ ਰਾਜਪੂਤਾਂ ਵਿਚੋਂ ਛੇਕੇ ਗਏ ਪਰ ਉਹਨਾਂ ਉਚੇਰੇ ਪਹਾੜਾਂ ਨੂੰ ਚੜੇ ਅਤੇ ਸ਼ਿਮਲੇ ਕੰਨੀ ਆਪਣੀ ਧਾਮੀ ਰਿਆਸਤ ਦਾ ਪਿੜ ਬੰਨਣ ਵਾਲੇ ਯੋਧਿਆਂ ਦੀ ਧਾਮੀ ਅੱਲ ਨਹੀਂ ਤਿਆਗੀ।1857 ਦੇ ਗ਼ਦਰ ਉਪਰੰਤ, ਇਹਨਾਂ ਵਿਚੋਂ ਕੁਝ ਨੇ ਪੰਜਾਬ ਦੀ ਲੌਅਰ ਸ਼ਿਵਾਲਕ ਤਲਹੱਟੀ ਦੇ ਪੈਰਾਂ 'ਚ ਪੈਂਦੇ ਬਜਵਾੜਾ-ਮਲੋਤ-ਸ਼ਾਮਚੌਰਾਸੀ ਦੇ ਖਿੱਤੇ ਵਿਚ ਆਪਣੇ ਧਾਮੀ ਪਿੰਡ ਵਸਾਏ, ਜਿਸ ਵਿਚ ਆਪਣੀ ਪ੍ਰਚੀਨਤਾ ਕਾਰਨ ਪਿੱਪਲਾਂਵਾਲਾ ਅਤੇ ਬਦੌਲਤ ਬੱਬਰ ਅਕਾਲੀ ਲਹਿਰ ਧਾਮੀਆਂ ਕਲਾਂ ਬੜਾ ਮਸ਼ਾਹੂਰ ਹੋਇਆ।

ਉਂਜ ਹੁਸ਼ਿਆਰਪੁਰ ਜ਼ਿਲੇ 'ਚ ਤਿੰਨ ਧਾਮੀਆਂ ਹਨ: ਧਾਮੀਆਂ ਬਹੀਦੀ ਉਰਫ ਧਾਮੀਆਂ ਕਲਾਂ ਅੱਲ ਧਾਮੀਆਂ ਬੱਬਰਾਂ, ਧਾਮੀਆਂ ਖੁਰਦ (ਨੰਦਾਚੌਰ) ਅਤੇ ਧਾਮੀਆਂ ਭੱਦਾਂ (ਮੁਕੇਰੀਆਂ)। ਧਾਮੀਆਂ ਬਹੀਦੀ/ਕਲਾਂ ਕਿਉਂਕਿ ਇਹ ਪਿੰਡ ਪ੍ਰਚੀਨ ਬਹੀਦੀ ਨਗਰ, ਜਿਸ ਦੇ ਥੇਹ ਅਜੇ ਵੀ ਧਾਮੀਆਂ ਲਾਗੇ ਮੌਜੂਦ ਹਨ, ਦੇ ਉਜਾੜੇ ਉਪਰੰਤ ਮੁੜ ਵਸਿਆ ਜਿਸ ਕਾਰਨ ਇਹ ਮਾਲ-ਰਿਕਾਰਡ ਦੇ ਦਸਤਾਵੇਜ਼ਾਂ ਵਿਚ ਅਜੇ ਵੀ ਬਹੀਦੀ ਧਾਮੀਆਂ ਵਜੋਂ ਦਰਜ਼ ਹੈ ਭਾਵੇਂ ਕਿ ਲੋਕ 'ਵਾਜ਼ 'ਚ ਇਹ ਧਾਮੀਆਂ ਕਲਾਂ ਨਹੀਂ ਧਾਮੀਆਂ ਬੱਬਰਾਂ ਵਜੋਂ ਮਕਬੂਲ ਹੈ।

1884 ਦੇ ਬੰਦੋਬਸਤ ਵੇਲੇ, ਇਸ ਪਿੰਡ ਦੇ ਤਿੰਨ ਮੋਹਤਬਰਾਨਾਂ ਤਹਿਤ ਤਿੰਨ ਪੱਤੀਆਂ ਤਸਲੀਮ ਹੋਈਆਂ: 'ਪੱਤੀ ਸੰਗਤ' (ਆਗੂ ਬਜ਼ੁਰਗ ਸੰਗਤ, ਤਰਫ ਚੜਦਾ, ਆਬਾਦੀ ਸ਼ਾਹੂਕਾਰ, ਪ੍ਰੋਹਿਤ ਅਤੇ ਸ਼ਿਲਪੀ, ਭੌਂਇ ਅੱਵਲ, ਮਾਲਕੀ ਸੋਲਾਂ ਆਨੇ 'ਚੋਂ ਸਾਢੇ ਤਿੰਨ ਆਨੇ),' ਪੱਤੀ ਜੀਵਨ' (ਮੋਹਤਬਰਾਨ ਜੀਵਨ, ਗੱਭਲੀ ਪੱਤੀ, ਵਸੋਂ ਧਾਮੀ ਜੱਟ, ਜ਼ਮੀਨ ਹਰ ਕਿਸਮ, ਮਾਲਕੀ 9 ਆਨੇ) ਅਤੇ 'ਪੱਤੀ ਸਰਮੁੱਖ' (ਬਜ਼ੁਰਗਵਾਰ ਸਰਮੁੱਖ, ਤਰਫ ਲਹਿੰਦਾ, ਵਸੋਂ ਕੰਮੀ-ਕਮੀਣ, ਮਾਲਕੀ ਸਾਢੇ ਤਿੰਨ ਆਨੇ)। ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਦੰਦ ਕਥਾ ਅਨੁਸਾਰ ਤਿੰਨੋ ਆਗੂ ਬੜੇ ਨਜ਼ੂਮ ਅਤੇ ਧੜੱਲੇਦਾਰ ਸਨ, ਪਰ ਜੀਵਨ ਕੱਝ ਜ਼ਿਆਦਾ ਉੱਭਰਵਾਂ ਅਤੇ ਦਾਨਾ ਸੀ। ਉਸ ਦੀ ਵੱਧ ਮਾਲਕੀ ਦਾ ਕਾਰਨ ਉਸ ਵਲੋਂ ਅੜੀ ਕਰਕੇ ਲਿਆ ਵੱਧ ਰਕਬੇ ਦਾ ਅਸਲ ਮਾਜਰਾ ਇਹ ਸੀ ਕਿ ਉਹ ਤਾਅ-ਜਾਤਾਂ ਧਰਮਾਂ ਦੀ ਆਪਸੀ ਸਾਂਝ ਕਾਰਨ ਉਹਨਾਂ ਸੱਭ ਨੂੰ ਮਾਲਕੀ ਹੱਕ ਦੇਣਾ ਚਾਹੁੰਦਾ ਸੀ ਜਿਹੜੇ ਉਸਨੇ ਆਪਣੇ ਹਿੱਸੇ ਵਿੱਚੋਂ ਦਿੱਤੇ ਵੀ ਜਿਸ ਕਾਰਨ ਦੂਸਰੇ ਦੋਵ੍ਹਾਂ ਨੇ ਆਪਣਾ ਹਿੱਸਾ 7 ਆਨੇ ਮੰਜ਼ੂਰ ਕਰ ਲਿਆ।

ਪਹਿਲ-ਪਲੱਕੜਿਆਂ ਵਿਚ ਇਥੋਂ ਦੇ ਕਿਰਤੀ-ਸ਼ਿਲਪੀ ਵੀ ਬੜੇ ਉੱਘੇ ਸਨ; ਲਲਾਰੀ ਅਤੇ ਮੁਸਲਿਮ ਜੁਲਾਹੇ, ਘੁਮਿਹਾਰ ਅਤੇ ਲੁਹਾਰ ਜਿਹੜੇ ਪ੍ਰਸਿੱਧ ਨਕਸ਼ਦਾਰ ਅਤੇ ਠੇਕੇਦਾਰਾਂ ਵਜੋਂ ਪ੍ਰਸਿੱਧ ਹੋਏ ਨੇ ਕੋਟੇ ਬਲੋਚ (ਹੁਣ ਪਾਕਿਸਤਾਨ) ਤਰਫ ਬੜਾ ਨਾਮ ਅਤੇ ਨਾਮਾਂ ਖੱਟਿਆ।ਪੱਛਮੀ ਪੰਜਾਬ ਦੀਆਂ ਤਿੰਨ ਤਰੱਕੀ ਬਖਸ਼ ਨਹਿਰਾਂ: 'ਅਪਰ ਜੇਹਲਮ', 'ਅਪਰ ਚਨਾਬ' ਅਤੇ 'ਲੋਅਰ ਬਾਰੀ ਦੁਆਬ' ਦੀ ਠੇਕੇਦਾਰੀ ਸਮੇਂ ਇਹਨਾਂ ਬੜੀ ਸ਼ੋਹਰਤ ਕਮਾਈ। ਇਸੇ ਪੈਸੇ ਅਤੇ ਹੁਨਰ ਬਦੌਲਤ 'ਬੱਲੋਕੀ ਹੈੱਡ' (ਪਾਕਿ.) ਉੱਤੇ ਬਣੀਆਂ ਆਹਲਾ ਕੋਠੀਆਂ ਦੇ ਨਮੂਨੇ 'ਤੇ ਇਹਨਾਂ ਆਪਣੇ ਪਿਤਾ-ਪੁਰਖੀ ਪਿੰਡ ਵਿੱਚ ਵੀ ਇੱਕ ਲਾਜਵਾਬ ਕੋਠੀ ਉਸਾਰੀ, ਜਿਸਨੇ ਸ਼ਾਮ ਚੌਰਾਸੀ ਦੇ ਘਰਾਣੀ-ਗਵੱਈਆਂ, ਮੁਸਲਿਮ ਜਗੀਰਦਾਰਾਂ ਅਤੇ ਹਿੰਦੂ ਸ਼ਾਹੂਕਾਰਾਂ ਦੀਆਂ ਧੜਵੈਲ ਇਮਾਰਤਾਂ ਨੂੰ ਝੂੰਧਿਆ ਦਿੱਤਾ। ਬੇਹਤਰੀਨ ਸਹੂਲਤਾਂ ਨਾਲ ਲਬਰੇਜ਼ ਇਸ ਸੁਨੱਖੜੀ ਕੋਠੀ ਉੱਤੇ ਬੱਬਰਾਂ ਦੀ ਭਾਲ 'ਚ ਹਰਲ-ਹਰਲ ਫਿਰਦੇ ਗੋਰੇ ਅਹਿਲਕਾਰਾਂ ਦੀ ਅਜਿਹੀ ਅੱਖ ਟਿਕੀ ਕਿ 1925 ਦੀ ਪ੍ਰਥਮ ਬੱਬਰ ਅਕਾਲੀ ਲਹਿਰ ਤੋਂ ਲੈ ਕੇ ਤੌੜ 1941, ਯੁੱਗ ਪਲਟਾਓੁ ਦਲ ਦੀ ਢੱਲਦੀ ਸ਼ਾਮ ਤੀਕ, ਹਥਿਆਰਬੰਦ ਪਲਟੂਨਾਂ ਨੇ ਇਸਦਾ ਕਬਜ਼ਾ ਨਾ ਛੱਡਿਆ। ਬੱਬਰ ਅਕਾਲੀ ਲਹਿਰ ਦੀ ਸੂਹੀ ਗਵਾਹੀ ਭਰਦੀ ਇਹ ਕੋਠੀ ਅਜੇ ਵੀ ਹਿੱਕ ਤਾਣੀ ਖੜੀ ਹੈ।

      ਇਸ ਖੇੜੇ; ਜਿਸਨੇ ਸੁਤੰਤਰਤਾ ਸੰਗਰਾਮ 'ਚ ਘੋਰ ਸੰਤਾਪ ਝੱਲਿਆ ਪਰ ਡਗਮਿਆਇਆ ਨਹੀਂ, ਦੇ ਇਹ ਸਪੂਤ ਬੜੇ ਸਿਰਲੱਥ ਸਿੱਧ ਹੋਏ: ਜਿਥੇ ਬੱਬਰ ਪਿਆਰਾ ਸਿੰਘ, ਭੋਲਾ ਸਿੰਘ, ਧਰਮ ਸਿੰਘ ਨੇ ਘਰ-ਘਾਟ ਜ਼ਬਤ/ਬਾ-ਮੁਸ਼ੱਕਤ ਕੈਦਾਂ ਭੁਗਤੀਆਂ, ਉਥੇ ਬੱਬਰ ਜੀਵੇ ਘੁਮਿਹਾਰ ਦੀ ਕੁਰਬਾਨੀ ਬੜੀ ਹੈਰਤਅੰਗੇਜ਼ ਹੈ। ਕੀ ਤੁਹਾਨੂੰ ਪਤੈ? ਕਿ ਬੱਬਰ ਦਲੀਪ ਸਿੰਘ[2] ਉਰਫ ਦਲੀਪਾ ਭੁਝੰਗੀ ਮਹਿਜ਼ 18 ਸਾਲਾਂ ਦੀ ਗਭਰੂਟ ਉਮਰੇ ਫਾਂਸੀ ਚੜ੍ਹਿਆ ਸੀ ਅਤੇ ਬੰਤਾ ਸਿੰਘ ਨੇ 25ਵੇਂ ਵਰ੍ਹੇ ਸ਼ਹੀਦੀ ਜਾਮ ਪੀਤਾ ਸੀ। ਇਹੀ ਨਹੀਂ; ਜਿਥੇ ਬਾਬੂ ਦਲੀਪ ਸਿੰਘ ਕੈਦ-ਤਨਹਾਈ ਦੌਰਾਨ ਫੌਤ ਹੋਇਆ ਸੀ, ਉਥੇ ਇਸੇ ਪਿੰਡ ਦਾ ਯੁੱਗ ਪਲਟਾਊਆ ਮਾਸਟਰ ਉਜਾਗਰ ਸਿੰਘ ਇੱਕ ਸ਼ੱਕੀ ਮੁਕਾਬਲੇ ਵਿਚ ਆਹਲਾ ਵਤਨ ਲਈ ਕੁਰਬਾਨ ਹੋ ਗਿਆ ਸੀ।ਮੁੱਕਦੀ ਗੱਲ; ਕੀ ਸਾਨੂੰ,ਖਾਸ ਕਰ ਹਾਕਮ ਜਮਾਤਾਂ ਨੂੰ, ਕਦੇ ਬੱਬਰ ਤਵਾਰੀਖ 'ਚ 'ਬੱਬਰਾਂ ਦਾ ਬੁੰਗਾਂ' ਵਜੋਂ ਚਰਚਤਿ,ਇਸ ਨਗਰ ਦੀ ਜੰਗਿ-ਏ-ਆਜ਼ਾਦੀ ਵਿੱਚ ਪਾਏ ਯੋਗਦਾਨ ਦੀ ਯਾਦ ਆਈ ਹੈ? ਨਿਰਸੰਦੇਹ! ਨਹੀਂ।

ਹਵਾਲੇ

[ਸੋਧੋ]
  1. http://pbplanning.gov.in/districts/Hoshiarpur-1.pdf
  2. Leeder, Jeff. "CKNEWSGROUP.CA - ਬੱਬਰ ਦਲੀਪ ਸਿੰਘ ਧਾਮੀਆਂ". www.cknewsgroup.ca (in ਅੰਗਰੇਜ਼ੀ). Retrieved 2024-03-28.

pbplanning.gov.in pbplanning.gov.in