ਨਾਈ
ਨਾਈ ਇਕ ਜਾਤੀ ਹੈ ਜਿਸ ਦਾ ਕੰਮ ਹਜਾਮਤ ਕਰਨਾ, ਨਹੁੰ ਲਾਹੁਣਾ, ਵਿਆਹਾਂ ਦੀਆਂ ਗੱਠਾਂ ਦੇਣੀਆਂ, ਵਿਆਹਾਂ ਵਿਚ ਭਾਂਡੇ ਮਾਂਜਣੇ, ਹਲਵਾਈ ਦਾ ਛੋਟਾ-ਮੋਟਾ ਕੰਮ ਕਰਨਾ, ਆਏ ਗਏ ਮਹਿਮਾਨਾਂ ਦੀ ਸੇਵਾ ਕਰਨਾ, ਮੁੰਡੇ, ਕੁੜੀ ਦੇ ਰਿਸ਼ਤੇ ਕਰਾਉਣ ਵਿਚ ਵਿਚੋਲਗੀ ਕਰਨਾ ਹੁੰਦਾ ਸੀ। ਇਸ ਤਰ੍ਹਾਂ ਨਾਈ ਲਾਗੀ ਦਾ ਕੰਮ ਕਰਦਾ ਸੀ। ਜੇਕਰ ਪਿੰਡ ਵਿਚ ਇਕ ਤੋਂ ਵੱਧ ਨਾਈਆਂ ਦੇ ਘਰ ਹੁੰਦੇ ਸਨ ਤਾਂ ਨਾਈ ਆਪਸ ਵਿਚ ਪਿੰਡ ਦੇ ਘਰਾਂ ਦਾ ਕੰਮ ਵੰਡ ਲੈਂਦੇ ਸਨ। ਨਾਈ ਦੇ ਘਰ ਵਾਲੀ ਨੂੰ ਨੈਣ ਕਹਿੰਦੇ ਹਨ। ਨੈਣ ਦਾ ਕੰਮ ਵਿਆਹਾਂ ਵਿਚ ਕੁੜੀਆਂ, ਬਹੂਆਂ ਦੇ ਸਿਰ ਵਾਹੁਣੇ, ਗੁੱਤਾਂ ਕਰਨੀਆਂ, ਸਿਰ ਉੱਪਰ ਸੱਗੀ ਫੁੱਲ ਗੁੰਦਣੇ, ਵਿਆਹਾਂ ਸਮੇਂ ਘਰਾਂ ਵਿਚ ਸੱਦਾ ਦੇਣਾ, ਵਿਆਹ ਸਮੇਂ ਲਾੜੀ ਨਾਲ ਲਾੜੀ ਦੇ ਸਹੁਰੀਂ ਜਾਣਾ, ਮਕਾਣ ਦੀ ਅਗਵਾਈ ਕਰਨਾ, ਮਕਾਣ ਵਿਚ ਅਲਾਹੁਣੀਆਂ ਪਾਉਣਾ ਆਦਿ ਹੁੰਦਾ ਸੀ/ ਹੈ। ਨਾਈ, ਨੈਣਾਂ ਨੂੰ ਕੀਤੇ ਇਨ੍ਹਾਂ ਕੰਮਾਂ ਦਾ ਲਾਗ ਦਿੱਤਾ ਜਾਂਦਾ ਸੀ। ਕੀਤੇ ਕੰਮ ਦੇ ਦਿੱਤੇ ਮਹਿਨਤਾਨੇ ਨੂੰ ਲਾਗ ਕਹਿੰਦੇ ਹਨ।
ਹੁਣ ਪਿੰਡਾਂ ਵਿਚ ਨਾਈ ਨਾ ਆਪਣੇ ਵੰਡੇ ਹੋਏ ਘਰਾਂ ਦੇ ਪੁਰਸ਼ਾਂ ਦੀ ਹਜਾਮਤ ਦਾ ਕੰਮ ਕਰਦੇ ਸਨ। ਨਾ ਕੋਈ ਨਹੁੰ ਲਾਹੁੰਦਾ ਹੈ। ਨਾ ਨਾਈ ਵਿਚੋਲਗੀ ਦਾ ਕੰਮ ਕਰਦਾ ਹੈ। ਨੈਣਾਂ ਨਾ ਹੁਣ ਸਿਰ ਵਾਹੁੰਦੀਆਂ ਹਨ। ਨਾ ਗੁੱਤਾਂ ਕਰਦੀਆਂ ਹਨ। ਸੱਗੀ ਫੁੱਲ ਅੱਜਕਲ੍ਹ ਕੋਈ ਬਹੂ ਪਾਉਂਦੀ ਹੀ ਨਹੀਂ। ਲਾੜੀ ਦੇ ਨਾਲ ਨੈਣਾਂ ਦਾ ਉ ਦੇ ਸਹੁਰੀਂ ਜਾਣ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ। ਨੈਣਾਂ ਦਾ ਮੁਕਾਣ ਦੀ ਅਗਵਾਈ ਕਰਨਾ ਤੇ ਮਕਾਣਾਂ ਵਿਚ ਅਲਾਹੁਣੀਆਂ ਪਾਉਣ ਦਾ ਰਿਵਾਜ ਵੀ ਹੁਣ ਹਟ ਗਿਆ ਹੈ। ਨਾਈਆਂ, ਨੈਣਾਂ ਦਾ ਕੰਮ ਹੁਣ ਵਿਆਹਾਂ ਤੱਕ ਹੀ ਸੀਮਤ ਹੋ ਗਿਆ ਹੈ। ਇਸ ਲਈ ਬਹੁਤੇ ਨਾਈਆਂ ਨੇ ਹੁਣ ਹੋਰ ਧੰਦੇ ਵੀ ਨਾਲ ਸ਼ੁਰੂ ਕਰ ਲਏ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.