ਨੈਣ ਦੀ ਮਾਣਤਾ
ਨਾਈ ਦੀ ਇਸਤਰੀ ਨੂੰ ਨੈਣ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਨੈਣ ਦਾ ਕੰਮ ਵਿਆਹਾਂ ਲਈ ਤੇ ਹੋਰ ਸਮਾਗਮਾਂ ਲਈ ਘਰਾਂ ਵਿਚ ਸੱਦਾ ਦੇਣਾ, ਕੁੜੀਆਂ, ਬਹੂਆਂ ਦੇ ਸਿਰ ਗੁੰਦਣੇ, ਸੱਗੀ ਫੁੱਲ ਗੁੰਦਣੇ, ਵਿਆਹ ਸਮੇਂ ਡੋਲੀ ਨਾਲ ਜਾਣਾ, ਮਕਾਣ ਦੀ ਅਗਵਾਈ ਕਰਨਾ, ਮਕਾਣ ਵਿਚ ਅਲਾਹੁਣੀਆਂ ਪਾਉਣਾ, ਭਾਂਡੇ ਮਾਂਜਣਾ ਆਦਿ ਹੁੰਦਾ ਸੀ। ਇਨ੍ਹਾਂ ਕੰਮਾਂ ਬਦਲੇ ਨੈਣ ਨੂੰ ਲਾਗ (ਸੂਟ, ਪੈਸੇ) ਦਿੱਤਾ ਜਾਂਦਾ ਸੀ। ਨੈਣ ਦੀ ਸਭ ਤੋਂ ਜਿਆਦਾ ਮਾਣਤਾ ਡੋਲੀ ਨਾਲ ਲੜਕੀ ਦੇ ਸਹੁਰੀਂ ਜਾਣ ਸਮੇਂ ਹੁੰਦੀ ਸੀ। ਪਹਿਲੇ ਸਮਿਆਂ ਵਿਚ ਲੜਕੀਆਂ ਦਾ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਏਸੇ ਕਰਕੇ ਹੀ ਲੜਕੀ ਦੀ ਸੰਭਾਲ ਲਈ ਨੈਣ ਨੂੰ ਲੜਕੀ ਨਾਲ ਭੇਜਿਆ ਜਾਂਦਾ ਸੀ। ਦੂਜੇ ਦਿਨ ਲੜਕੀ ਦੇ ਨਾਲ ਹੀ ਨੈਣ ਵਾਪਸ ਆ ਜਾਂਦੀ ਸੀ। ਮੁੜਦੀ ਨੈਣ ਨੂੰ ਮੁੰਡੇ ਦੀ ਮਾਂ ਇਕ ਜਾਂ ਦੋ ਸੂਟ ਦਿੰਦੀ ਸੀ। ਸੂਟ ਦੇ ਨਾਲ ਕਈ ਵੇਰ ਰੁਪੈ ਵੀ ਦਿੱਤੇ ਜਾਂਦੇ ਸਨ। ਕਈ ਵੇਰ ਮੁੰਡੇ ਦੀ ਮਾਮੀ, ਮਾਸੀ ਤੇ ਤਾਈ ਵੀ ਸੂਟ ਦੇ ਦਿੰਦੀ ਸੀ।
ਹੁਣ ਨੈਣਾਂ ਨਾ ਸਿਰ ਵਾਹੁੰਦੀਆਂ ਹਨ, ਸੱਗੀ ਫੁੱਲ ਹੁਣ ਕੋਈ ਵਹੁਟੀ ਪਾਉਂਦੀ ਹੀ ਨਹੀਂ। ਕੁੜੀਆਂ ਦਾ ਵਿਆਹ ਹੁਣ ਪੂਰੀ ਜੁਆਨੀ ਸਮੇਂ ਕੀਤਾ ਜਾਂਦਾ ਹੈ। ਇਸ ਲਈ ਨੈਣ ਦਾ ਡੋਲੀ ਦੇ ਨਾਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨੈਣ ਨਾ ਹੁਣ ਮਕਾਣ ਦੀ ਅਗਵਾਈ ਕਰਦੀ ਹੈ ਅਤੇ ਨਾ ਹੀ ਅਲਾਹੁਣੀਆਂ ਪਾਉਂਦੀ ਹੈ। ਨੈਣ ਦਾ ਕੰਮ ਹੁਣ ਵਿਆਹਾਂ ਅਤੇ ਹੋਰ ਸਮਾਗਮਾਂ ਲਈ ਲੋਕਾਂ ਦੇ ਘਰੀਂ ਸੱਦਾ ਦੇਣਾ, ਭਾਂਡੇ ਮਾਂਜਣਾ ਹੀ ਰਹਿ ਗਿਆ ਹੈ। ਇਸ ਲਈ ਨੈਣਾਂ ਦੀ ਹੁਣ ਪਹਿਲੇ ਜਿਹੀ ਮਾਣਤਾ ਨਹੀਂ ਰਹੀ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.