ਸਮੱਗਰੀ 'ਤੇ ਜਾਓ

ਨ੍ਹਾਈ ਧੋਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਆਹ ਸਮੇਂ ਮੁੰਡੇ/ਕੁੜੀ ਦੇ ਨ੍ਹਾਉਣ ਦੀ ਇਕ ਰਸਮ ਨੂੰ ਨ੍ਹਾਈ ਧੋਈ ਕਹਿੰਦੇ ਹਨ। ਮੁੰਡੇ ਦੀ ਨ੍ਹਾਈ ਧੋਈ ਜੰਨ ਚੜ੍ਹਣ ਸਮੇਂ ਕੀਤੀ ਜਾਂਦੀ ਹੈ। ਨ੍ਹਾਈ ਧੋਈ ਲਈ ਨੈਣ ਸ਼ਰੀਕੇ ਵਾਲਿਆਂ ਦੇ ਘਰੀਂ ਸੱਦਾ ਦੇ ਕੇ ਆਉਂਦੀ ਹੈ। ਰਿਸ਼ਤੇਦਾਰ ਪਹਿਲਾਂ ਹੀ ਘਰ ਹੁੰਦੇ ਹਨ। ਵਿਹੜੇ ਵਿਚ ਚੌਂਕੀ ਡਾਹ ਕੇ ਮੁੰਡੇ ਨੂੰ ਚੜ੍ਹਦੀ ਵੱਲ ਮੂੰਹ ਕਰ ਕੇ ਬਠਾਇਆ ਜਾਂਦਾ ਹੈ। ਸਿਰ ਉੱਪਰ ਫੁਲਕਾਰੀ ਤਾਣੀ ਜਾਂਦੀ ਹੈ। ਨੈਣ/ਨਾਈ ਚੌਂਕੀ ਕੋਲ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖਦੇ ਹਨ। ਵਟਣਾ ਲਾਇਆ ਜਾਂਦਾ ਹੈ। ਫੇਰ ਮੁੰਡਾ ਆਪ ਨ੍ਹਾਉਂਦਾ ਹੈ। ਗੀਤ ਗਾਏ ਜਾਂਦੇ ਹਨ। ਨ੍ਹਾਉਣ ਪਿੱਛੋਂ ਮੁੰਡੇ ਦਾ ਮਾਮਾ ਮੁੰਡੇ ਨੂੰ ਗੋਦੀ ਚੱਕ ਕੇ ਚੌਂਕੀ ਕੋਲ ਪਈਆਂ ਚੱਪਣੀਆਂ/ਠੂਠੀਆਂ ਨੂੰ ਭੰਨ ਕਰਕੇ ਚੌਂਕੀ ਤੋਂ ਲਾਹੁੰਦਾ ਹੈ। ਠੂਠੀਆਂ ਭੰਨਣ ਪਿੱਛੇ ਧਾਰਨਾ ਹੈ ਕਿ ਮੁੰਡੇ/ਕੁੜੀ ਦਾ ਬ੍ਰਹਮਚਾਰੀ ਜੀਵਨ ਹੁਣ ਖ਼ਤਮ ਹੋ ਗਿਆ ਹੈ। ਪਿਛਲੇ ਜੀਵਨ ਨਾਲੋਂ ਨਾਤਾ ਟੁੱਟ ਗਿਆ ਹੈ। ਹੁਣ ਗ੍ਰਹਿਸਥੀ ਜੀਵਨ ਵਿਚ ਦਾਖਲ ਹੋ ਰਿਹਾ ਹੈ। ਨ੍ਹਾਈ ਧੋਈ ਸਮੇਂ ਮੁੰਡੇ/ਕੁੜੀ ਦੇ ਜੋ ਕਪੜੇ ਪਹਿਨੇ ਹੁੰਦੇ ਹਨ, ਉਹ ਕੱਪੜੇ ਨਾਈਆਂ ਨੂੰ ਦੇ ਦਿੰਦੇ ਹਨ। ਪਹਿਲੇ ਸਮਿਆਂ ਵਿਚ ਵਿਆਹ ਤੋਂ ਸੱਤ ਦਿਨ ਜਾਂ ਪੰਜ ਦਿਨ ਤੇ ਘੱਟੋ-ਘੱਟ ਤਿੰਨ ਦਿਨ ਪਹਿਲਾਂ ਵੱਟਣਾ ਮਲਣਾ ਸ਼ੁਰੂ ਕਰ ਦਿੰਦੇ ਸਨ। ਵਟਣਾ ਮਲਣ ਦੇ ਸਮੇਂ ਦੌਰਾਨ ਪੁਰਾਣੇ ਕੱਪੜੇ ਹੀ ਪਹਿਨ ਕੇ ਰੱਖੇ ਜਾਂਦੇ ਸਨ। ਲਗਾਤਾਰ ਕੱਪੜੇ ਪਹਿਨੇ ਜਾਣ ਕਰਕੇ ਉਹ ਕੱਪੜੇ ਮੈਲੇ ਹੋ ਜਾਂਦੇ ਸਨ। ਮੈਲੇ ਕੱਪੜੇ ਪਹਿਨਣ ਪਿੱਛੋਂ ਲੋਕ ਵਿਸ਼ਵਾਸ ਸੀ ਕਿ ਮੈਲੇ ਕੱਪੜਿਆਂ ਨੂੰ ਵੇਖ ਕੇ ਬਦਰੂਹਾਂ ਮੁੰਡੇ/ਕੁੜੀ ਨੂੰ ਨੁਕਸਾਨ ਨਹੀਂ ਕਰਨਗੀਆਂ। ਹੁਣ ਲੋਕ ਇਨ੍ਹਾਂ ਵਹਿਮਾਂ ਭਰਮਾਂ ਵਿਚ ਵਿਸ਼ਵਾਸ ਨਹੀਂ ਕਰਦੇ। ਹੁਣ ਵਟਣਾ ਤਾਂ ਸਿਰਫ਼ ਨ੍ਹਾਈ ਧੋਈ ਵਾਲੇ ਦਿਨ ਹੀ ਲਾਇਆ ਜਾਂਦਾ ਹੈ। ਕੁੜੀ ਦੀ ਨ੍ਹਾਈ ਧੋਈ ਵੀ ਫੇਰੇ/ਅਨੰਦ ਕਾਰਜ ਵਾਲੇ ਦਿਨ ਕੀਤੀ ਜਾਂਦੀ ਹੈ। ਮੁੰਡੇ ਦੀ ਨਾਈ ਧੋਈ ਦੀ ਵਿਧੀ ਅਨੁਸਾਰ ਹੀ ਕੁੜੀ ਦੀ ਨਾਈ ਧੋਈ ਕੀਤੀ ਜਾਂਦੀ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.