ਪਰਮਿੰਦਰ ਕੌਰ ਸਵੈਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਾਣ-ਪਛਾਣ[ਸੋਧੋ]

ਪਰਮਿੰਦਰ ਕੌਰ ਸਵੈਚ ਇਕ ਕਵੀ, ਲੇਖਕ, ਨਾਟਕਕਾਰ, ਅਭਿਨੇਤਰੀ ਅਤੇ ਇੱਕ ਬਹੁਤ ਵੱਡੀ ਸਮਾਜ ਸੇਵਾ ਕਰਨ ਵਾਲੀ ਔਰਤ ਹੈ। ਉਹ ਆਪਣੀਆ ਲਿਖਤਾ ਵਿੱਚ ਔਰਤਾਂ ਦੀ ਬਰਾਬਰੀ ਦੀ ਵਕਾਲਤ ਅਤੇ ਸਮਾਜਿਕ ਕੁਰੀਤੀਆਂ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੀ ਹੈ। ਪਰਮਿੰਦਰ ਕੌਰ ਸਵੈਚ ਭਾਈਚਾਰੇ ਦੇ ਵਿੱਚ ਬਹੁਤ ਸਰਗਰਮ ਹੈ ਅਤੇ ਉਹ ਕਈ ਵਾਰ ਟੀ.ਵੀ. ਅਤੇ ਰੇਡੀਉ ਤੇ ਵੀ ਆਪਣੇ ਵਿਚਾਰ ਪੇਸ਼ ਕਰਦੀ ਰਹਿੰਦੀ ਹੈ। ਉਸ ਦੀ ਕਲਾ, ਉਸਦੇ ਪੜ੍ਹਣ ਅਤੇ ਸੁਣਨ ਵਾਲਿਆ ਨੂੰ ਸਮਾਜਕ ਬਰਾਬਰਤਾ ਅਤੇ ਇਨਸਾਫ ਬਾਰੇ ਜਾਗਰਤ ਕਰਦੀ ਹੈ।

ਜੀਵਨ[ਸੋਧੋ]

ਪਰਮਿੰਦਰ ਕੌਰ ਸਵੈਚ ਦਾ ਜਨਮ ਜਨਵਰੀ ੧੬, ੧੯੬੧ ਨੂੰ ਮਾਤਾ ਜਸਮੇਲ ਕੌਰ ਅਤੇ ਪਿਤਾ ਜਗਤਾਰ ਸਿੰਘ ਦੇ ਘਰ, ਪਿੰਡ ਇਸਰੂ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਪਰਮਿੰਦਰ ਨੇ ਸੀਨੀਅਰ ਸੈਕੰਡਰੀ ਦੀ ਪੜਾਈ "ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਗੋਰਮਿੰਟ ਸੈਕੰਡਰੀ ਸਕੂਲ" (ਇਸਰੂ, ਲੁਧਿਆਣਾ) ਵਿੱਚ ਕੀਤੀ ਸੀ। ਸੈਕੰਡਰੀ ਸਕੂਲ ਕਰਨ ਤੋਂ ਬਾਅਦ, ਪਰਮਿੰਦਰ ਨੇ "ਏ ਐਸ ਕਾਲਜ ਫੌਰ ਵਿਮਨ ਖੰਨਾ" ਤੋਂ ਬੀ.ਏ. ਦੀ ਡਿਗਰੀ ਪਰਾਪਤ ਕੀਤੀ। ਇਸ ਤੋਂ ਬਾਅਦ, ਪਰਮਿੰਦਰ ਕੌਰ ਨੇ "ਪੰਜਾਬ ਯੂਨੀਵਰਸਿਟੀ ਪਟਿਆਲਾ" ਤੋਂ ਮਾਸਟਰ ਡਿਗਰੀ ਵੀ ਪਰਾਪਤ ਕੀਤੀ। ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਪਰਮਿੰਦਰ ਕੌਰ ਕਈ ਵਿਦਿਆਰਥੀ ਸੰਸਥਾਵਾਂ ਵਿੱਚ ਸ਼ਾਮਲ ਸੀ। ਉਸ ਸਮੇ ਤੋਂ ਲੈ ਕਿ ਅੱਜ ਤਕ, ਪਰਮਿੰਦਰ ਕੌਰ ਆਪਣੇ ਸਮਾਜਿਕ ਕੰਮਾ ਵਿੱਚ ਸ਼ਾਮਲ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਪਰਮਿੰਦਰ ਕੌਰ ੧੯੮੯ ਨੂੰ ਕੈਨੇਡਾ ਅਵਾਸ ਹੋ ਗਈ ਅਤੇ ਉਸ ਨੇ ਆਪਣੇ ਪਤੀ ਅਤੇ ਤਿੰਨ ਬੱਚਿਆ ਨਾਲ ਨਵੀਂ ਜਿੰਦਗੀ ਸ਼ੁਰੂ ਕਰ ਲਈ। ਪਰਮਿੰਦਰ ਕੌਰ ਸਰੀ, ਬੀ.ਸੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।[1]

ਪਰਿਵਾਰ[ਸੋਧੋ]

ਪਰਮਿੰਦਰ ਕੌਰ ਦੇ ਪਰਿਵਾਰ ਵਿੱਚ ਉਸ ਦਾ ਪਤੀ ਅਤੇ ਤਿੰਨ ਬੱਚੇ ਹਨ। ਪਰਮਿੰਦਰ ਕੌਰ ਦੀ ਮਾਤਾ ਜੀ ਜਸਮੇਲ ਕੌਰ ਹੈ ਅਤੇ ਪਿਤਾ ਜੀ ਜਗਤਾਰ ਸਿੰਘ ਹਨ। ਉਸ ਦੀ ਮਾਤਾ ਜੀ ਘਰੇਲੂ ਔਰਤ ਸੀ ਅਤੇ ਉਸ ਦੇ ਪਿਤਾ ਜੀ ਖੇਤੀ ਕਰਦੇ ਸਨ ਪਰ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਸਨ। ਉਸ ਦੇ ਦਾਦਾ ਜੀ ਜਵਾਹਰ ਸਿੰਘ ਨੇ ਪਹਿਲਾਂ ਗਦਰ ਪਾਰਟੀ ਵਿੱਚ ਅਤੇ ਫਿਰ ਕਿਰਤੀ ਪਾਰਟੀ ਵਿੱਚ ਸੂਹੀਏ ਅਤੇ ਹਰਕਾਰੇ ਦੇ ਤੌਰ 'ਤੇ ਕੰਮ ਕੀਤਾ ਸੀ। ਪੰਜਾਬੀ ਦੇ ਪ੍ਰਸਿੱਧ ਗਜ਼ਲਗੋਅ ਪ੍ਰਿੰਸੀਪਲ ਤਖਤ ਸਿੰਘ ਪਰਮਿੰਦਰ ਸਵੈਚ ਦੇ ਚਾਚਾ ਜੀ ਸਨ। ਉਨ੍ਹਾਂ ਦੇ ਇਕ ਚਾਚਾ ਜੀ, ਕਰਨੈਲ ਸਿੰਗ, ਗੋਆ ਦੀ ਅਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ।[2]

ਸਹਿਤਕ ਜੀਵਨ[ਸੋਧੋ]

ਪਰਮਿੰਦਰ ਕੌਰ ਨੇ ਦਸਵੀਂ ਵਿੱਚ ਲਿਖਣਾ ਸ਼ੁਰੂ ਕਰ ਦਿਤਾ ਸੀ, ਪਰ ਇਸ ਸਮੇ ਉਸ ਨੇ ਥੋੜਾ ਥੋੜਾ ਹੀ ਲਿਖਿਆ। ਕਾਲਜ ਦੇ ਸਮੇ ਉਸ ਨੇ ਜ਼ਿਆਦਾ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਈ ਕਹਾਣੀਆ, ਕਵਿਤਾਵਾਂ ਅਤੇ ਇਕ ਨਾਟਕ ਵੀ ਲਿਖਿਆ। ਇਹ ਨਾਟਕ, "ਦਾਜ ਦੀ ਲਾਹਨਤ", ਪਰਮਿੰਦਰ ਕੌਰ ਨੇ ਕਾਲਜ ਵਿੱਚ ਅਤੇ ਨੇੜਲੇ ਕਈ ਪਿੰਡਾ ਵਿੱਚ ਵੀ ਖੇਡਿਆ। ੧੯੮੯ ਵਿੱਚ ਜਦ ਪਰਮਿੰਦਰ ਕੌਰ ਆਪਣੇ ਪਰਿਵਾਰ ਨਾਲ ਕੈਨੇਡਾ ਆ ਗਈ, ਉਸ ਨੇ ਕਈ ਚਿਰ ਲਈ ਲਿਖਣਾ ਛੱਡ ਦਿੱਤਾ ਸੀ ਅਤੇ ਆਪਣੇ ਪਤੀ ਨਾਲ ਆਪਣੇ ਤਿੰਨ ਬਚਿਆ ਨੂੰ ਪਾਲਣ ਲਈ ਸਮਾ ਬਿਤਾਇਆ। ਇਸ ਸਮੇ ਉਸ ਨੇ ਸਿਰਫ ਇੱਕ-ਦੋ ਕਵਿਤਾਵਾਂ ਹੀ ਲਿਖੀਆਂ ਸਨ। ੨੦੦੪ ਵਿੱਚ ਪਰਮਿੰਦਰ ਕੌਰ "ਤਰਕਸੀਲ ਸਸਾਇਅਟੀ ਆਫ ਕੈਨੇਡਾ" ਵਿੱਚ ਅਹੁਦੇਦਾਰ ਦੇ ਤੌਰ ਤੇ ਸ਼ਾਮਲ ਹੋ ਗਈ ਸੀ। ਪਰਮਿੰਦਰ ਕੌਰ ਨੇ ੨੦੦੯ ਵਿਚ ਆਪਣੀ ਪਹਿਲੀ ਨਾਟਕਾਂ ਦੀ ਕਿਤਾਬ "ਭਲਾ ਮੈਂ ਕੌਣ" ਲਿਖੀ। ਇਸ ਕਿਤਾਬ ਦੇ ਨਾਟਕ ਵੈਨਕੂਵਰ (ਕੈਨੇਡਾ) ਵਿੱਚ ਗੁਰਦੀਪ ਆਰਟਸ ਅਕੈਡਮੀ ਵਲੋਂ ਖੇਡੇ ਗਏ। ਇਸ ਤੋਂ ਬਾਅਦ ਪਰਮਿੰਦਰ ਕੌਰ ਲਿਖਦੀ ਰਹੀ ਅਤੇ ਉਸ ਨੇ ਕਈ ਕਵਿਤਾਵਾਂ ਅਤੇ ਨਾਟਕ ਵੀ ਲਿਖੇ ਅਤੇ ਅੱਜ ਵੀ ਆਪਣੀ ਲਿਖਤ ਵਿੱਚ ਰੁਝੀ ਰਹਿੰਦੀ ਹੈ। ਉਸ ਦੇ ਮੁਤਾਬਕ ਉਸ ਦੀ ਲਿਖਤ ਦੀ ਪ੍ਰੇਰਣਾ ਉਸ ਦੇ ਵਿਰਸੇ ਤੋਂ ਆਉਂਦੀ ਹੈ। ਉਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਵੀ ਬੁਹਤ ਗਿਆਨ ਮਿਲਿਆ ਹੈ ਜੋ ਉਸ ਦੀਆਂ ਲਿਖਤਾ ਤੇ ਬਹੁਤ ਪ੍ਰਭਾਵ ਪਾਉਂਦਾ ਹੈ।[3]

ਲਿਖਤਾ[ਸੋਧੋ]

ਪਰਮਿੰਦਰ ਕੌਰ ਦੇ ਮੁਤਾਬਕ, "ਜੇ ਅਸੀ ਲੋਕਾ ਦੇ ਹਿਰਦੇ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ, ਤਾਂ ਹੀ ਉਹਨਾਂ ਨੂੰ ਅਸੀ ਚੰਗੀ ਤਰਾਂ ਸਮਝਾ ਸਕਦੇ ਹਾਂ"। ਇਸ ਕਰਕੇ ਪਰਮਿੰਦਰ ਕੌਰ ਸਮਾਜ ਵਿੱਚ ਪ੍ਰਚਲਤ ਵਿਸ਼ਿਆਂ ਬਾਰੇ ਆਪਣੀਆ ਕਵਿਤਾਵਾਂ ਅਤੇ ਨਾਟਕ ਲਿਖਦੀ ਹੈ। ਜਿਵੇਂ ਕਿ ਜਦ ਨਸ਼ਿਆਂ ਬਾਰੇ ਗੱਲ-ਬਾਤ ਚੱਲ ਰਹੀ ਸੀ, ਉਸ ਨੇ ਨਸ਼ਿਆ ਬਾਰੇ ਨਾਟਕ ਲਿਖਿਆ। ਫਿਰ ਔਰਤਾਂ ਵਿਰੁੱਧ ਹਿੰਸਾ ਬਾਰੇ, ਵਹਿਮਾਂ-ਭਰਮਾ ਬਾਰੇ, ਬਾਬੇ ਕਿਵੇਂ ਲੁੱਟ ਪਾਉਂਦੇ ਹਨ ਉਹਨਾਂ ਬਾਰੇ ਅਤੇ ਪੰਜਾਬ ਦੇ ਹਲਾਤਾਂ ਬਾਰੇ ਰਚਨਾਵਾਂ ਲਿਕੀਆਂ।

 • ਭਲਾ ਮੈ ਕੌਣ- ਨਾਟਕ- (੨੦੦੯):
ਜਦੋ ਪਰਮਿੰਦਰ ਕੌਰ ਨੇ ਭਲਾਂ ਮੈਂ ਕੌਣ ਨਾਟਕ ਲਿਖਿਆ ਉਸ ਵੇਲੇ ਭਰੂਣ ਹੱਤਿਆ ਸਿੱਖਰ ਤੇ ਸੀ।
 • ਮਖੌਟਿਆ ਦੇ ਆਰ ਪਾਰ- ਕਵਿਤਾਵਾਂ-(੨੦੧੦):
"ਇਸ ਵਿੱਚ ਮੈ ਉਨ੍ਹਾਂ ਚੀਜ਼ਾਂ ਬਾਰੇ ਲਿਖਿਆ ਜਿਨ੍ਹਾਂ ਚੀਜ਼ਾ ਨੇ ਮੈਨੂੰ ਟੁੰਬਿਆ ਅਤੇ ਮੈਂ ਸੋਚਿਆ ਕੇ ਇਸ ਤਰ੍ਹਾਂ ਨਹੀ, ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਜਿਵੇਂ ਕਿ ਜੋ ਸਾਨੂੰ ਮੀਡੀਏ ਵਿੱਚ ਦਿਖਾਇਆ ਅਤੇ ਸੁਣਾਇਆ ਜਾਂਦਾ ਹੈ ਅਸੀ ਸੁਤੇ ਸਵਾ ਸੁਣੀ ਜਾ ਰਹੇ ਹਾਂ, ਅਸੀ ਸੋਚਦੇ ਨਹੀ ਕਿ ਉਸਦਾ ਦੂਜਾ ਪੱਖ ਕੀ ਹੈ। ਮੈਂ ਇਸ ਕਿਤਾਬ ਵਿੱਚ ਚਾਹੇ ਉਹ ਰਾਜਨੀਤਿਕ ਹੈ, ਚਾਹੇ ਧਾਰਮਿਕ ਹੈ, ਚਾਹੇ ਸਮਾਜਿਕ ਹੈ ਅਤੇ ਚਾਹੇ ਪਖੰਡਵਾਦ ਹੈ; ਮੈਂ ਇਹਨਾਂ ਦੇ ਜੋ ਮੁਖੌਠੇ ਹਨ ਉਹਨਾਂ ਦੇ ਆਰ ਪਾਰ ਜਾਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਲੋਕਾਂ ਤੱਕ ਇਹ ਪਹੁਚਾਉਣਾ ਚਾਹੁੰਦੀ ਆਂ ਕਿ ਜੋ ਦੂਸਰਾ ਪੱਖ ਹੈ, ਉਹ ਵੀ ਸਾਡੇ ਸਾਹਮਣੇ ਆਵੇ।" -ਪਰਮਿੰਦਰ ਕੌਰ।[4]
 • ਬਲਦੇ ਬਿਰਖ- ਨਾਟਕ- (੨੦੧੧)
 • ਲਹਿਰਾਂ ਦੀ ਵੇਦਨਾ- ਕਵਿਤਾਵਾਂ- (੨੦੧੬)
 • ਤਵਾਰੀਖ ਬੋਲਦੀ ਹੈ- ਨਾਟਕ- (੨੦੧੬)

ਸਹਿਤਕ ਸੰਸਥਾਵਾਂ ਵਿੱਚ ਮੈਂਬਰਸ਼ਿੱਪ[ਸੋਧੋ]

ਪਰਮਿੰਦਰ ਕੌਰ ਹੇਠ ਲਿਖੀਆ ਸੰਸਥਾਵਾ ਦੀ ਮੈਂਬਰ ਹੈ:

 • ਤਰਕਸ਼ੀਲ ਸਸਾਇਟੀ ਕੈਨੇਡਾ
 • ਈਸਟ ਇੰਡੀਅਨ ਡਿਫੈਂਸ ਕਮੇਟੀ
 • ਪ੍ਰੋਗ੍ਰੇਸਿਵ ਨਾਰੀ ਅਸੋਸੀਏਸ਼ਨ
 • ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਅਸੋਸੀਏਸ਼ਨ
 • ਸ਼ਹੀਦ ਭਗਤ ਸਿੰਘ ਮੈਮੋਰੀਅਲ ਸਸਾਇਟੀ
 • ਪ੍ਰੋਗਰੈਸਿਵ ਆਰਟਸ ਕਲੱਬ
 • ਸੰਗਮ ਸਿਸਟਰਜ਼
 • ਕੇਂਦਰੀ ਲਿਖਾਰੀ ਸਭਾ
 • ਪੰਜਾਬੀ ਲੇਖਕ ਮੰਚ
 • ਸਾਹਿਤ ਸਭਾ ਸਰੀ
 • ਕਲਮੀ ਪਰਵਾਜ਼ ਮੰਚ

ਬਾਹਰਲੇ ਲਿੰਕ[ਸੋਧੋ]

 • ਪਰਮਿੰਦਰ ਕੌਰ ਸਵੈਚ ਦੀ ਵੈੱਬ-ਸਾਈਟ:

http://parminderswaich.com/

 • ਪਰਮਿੰਦਰ ਕੌਰ-ਮਖੌਟਿਆਂ ਦੇ ਆਰ-ਪਾਰ ਰਲੀਜ਼

https://www.youtube.com/watch?v=BWkdqwU0W_8

 • ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਪਹਿਲਾ ਹਿੱਸਾ

https://www.youtube.com/watch?v=O0mBpQHJY2w

 • ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਦੂਜਾ ਹਿੱਸਾ

https://www.youtube.com/watch?v=WJVEVubfWG4


ਹਵਾਲੇ[ਸੋਧੋ]

 1. http://parminderswaich.com
 2. ਅਜਮੇਰ ਸਿੱਧੂ ਦੀ ਪਰਮਿੰਦਰ ਕੌਰ ਸਵੈਚ ਨਾਲ ਮੁਲਾਕਾਤ, ਨਵਾਂ ਜ਼ਮਾਨਾ, ਜਲੰਧਰ ਦੇ 7 ਜਨਵਰੀ 2018 ਦੇ ਅੰਕ ਵਿੱਚ ਛਪੀ।
 3. https://www.youtube.com/watch?v=O0mBpQHJY2w ; ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਪਹਿਲਾ ਹਿੱਸਾ
 4. https://www.youtube.com/watch?v=O0mBpQHJY2w; ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਪਹਿਲਾ ਹਿੱਸਾ