ਸਮੱਗਰੀ 'ਤੇ ਜਾਓ

ਪਲੰਘੇ ਬਿਠਾਉਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਲੰਘ ਬੜੇ ਮੰਜੇ ਨੂੰ ਕਹਿੰਦੇ ਹਨ ਜੋ ਨੁਮਾਰ ਜਾਂ ਸੂਤ ਦੇ ਧਾਗੇ ਨਾਲ ਬੁਣਿਆ ਹੋਵੇ। ਜਦ ਪ੍ਰਾਹੁਣਾ ਪਹਿਲੀ ਵਾਰ ਵਿਆਹ ਤੋਂ ਪਿੱਛੇ ਸਹੁਰਿਆਂ ਤੋਂ ਵਹੁਟੀ ਲੈਣ ਜਾਂਦਾ ਹੈ ਤਾਂ ਉਸ ਦੀਆਂ ਸਾਲੀਆਂ ਆਪਣੇ ਜੀਜੇ ਨੂੰ ਕਈ ਢੰਗਾਂ ਨਾਲ ਠਿੱਠ ਕਰਦੀਆਂ ਹਨ। ਉਸ ਦਾ ਜਲੂਸ ਕੱਢਣ ਦੀ ਕੋਸ਼ਿਸ਼ ਕਰਦੀਆਂ ਹਨ ਜਿਨ੍ਹਾਂ ਵਿਚੋਂ ਪਲੰਘੇ ਬਿਠਾਉਣਾ ਵੀ ਜੀਜੇ ਨੂੰ ਜਿੱਚ ਕਰਨ ਦਾ ਇਕ ਢੰਗ ਹੁੰਦਾ ਸੀ। ਮੰਜੇ ਦੀ ਚੁਗਾਠ ਵਿਚ ਥੋੜ੍ਹਾ ਜਿਹਾ ਤਾਣਾ ਪੇਟਾ ਪਾ ਕੇ ਉਸ ਉੱਪਰ ਕਪੜਾ ਏਸ ਤਰ੍ਹਾਂ ਸਿਉਂ ਦਿੱਤਾ ਜਾਂਦਾ ਸੀ ਜਿਵੇਂ ਸੂਤ ਦੇ ਬੁਣੇ ਮੰਜੇ ਉੱਪਰ ਕੱਪੜਾ ਸਿਉਤਾ ਜਾਂਦਾ ਸੀ। ਉਸ ਉੱਪਰ ਬਿਸਤਰਾ ਵਿਛਾ ਦਿੱਤਾ ਜਾਂਦਾ ਸੀ। ਬਿਸਤਰੇ ਦੀ ਵਿਛਾਈ ਲੰਮੇ ਚੌੜੇ ਅਰਜ ਦੀ ਵਿਛਾਈ ਜਾਂਦੀ ਸੀ ਜਿਹੜੀ ਮੰਜੇ ਦੇ ਚਾਰੇ ਪਾਸਿਆਂ ਤੋਂ ਧਰਤੀ ਦੇ ਨੇੜੇ ਤੱਕ ਪਹੁੰਚਦੀ ਹੁੰਦੀ ਸੀ।ਮੰਜੇ ਦੇ ਹੇਠਾਂ ਛੋਟੀ ਜਿਹੀ ਬੇਰੀ ਦੀ ਸੂਲਾਂ ਵਾਲੀ ਟਾਹਣੀ ਰੱਖ ਦਿੱਤੀ ਜਾਂਦੀ ਸੀ। ਜਿਹੜੇ ਪ੍ਰਾਹੁਣੇ ਤਾਂ ਚੁਸਤ, ਚਲਾਕ ਹੁੰਦੇ ਸਨ, ਉਹ ਤਾਂ ਮੰਜੇ ਤੇ ਬੈਠਣ ਤੋਂ ਪਹਿਲਾਂ ਆਪਣੀ ਕ੍ਰਿਪਾਨ ਦੀ ਦਾਬ ਨਾਲ ਮੰਜੇ ਨੂੰ ਚੈਕ ਕਰ ਲੈਂਦੇ ਸਨ ਤੇ ਫੇਰ ਮੰਜੇ ਤੋਂ ਹੇਠਾਂ ਡਿਗਣ ਤੋਂ ਬਚ ਰਹਿੰਦੇ ਸਨ। ਜਿਹੜੇ ਭੋਲੇ ਤੇ ਸਧਾਰਨ ਹੁੰਦੇ ਸਨ, ਉਹ ਸਾਲੀਆਂ ਦੇ ਇਸ ਪਰਪੰਚ ਵਿਚ ਫਸ ਜਾਂਦੇ ਸਨ ਤੇ ਧੜਮ ਕਰਕੇ ਸੂਲਾਂ ਵਾਲੀ ਟਾਹਣੀ ਉੱਪਰ ਆ ਡਿਗਦੇ ਸਨ। ਜੀਜਾ ਕਚੀਚੀਆਂ ਵੱਟਦਾ ਹੀ ਰਹਿ ਜਾਂਦਾ ਸੀ। ਇਹ ਸੀ ਸਾਲੀਆਂ ਦੀ ਪਲੰਘੇ ਬਿਠਾਉਣ ਦੀ ਸ਼ਰਾਰਤ/ਚਹੇੜ।

ਹੁਣ ਪਲੰਘੇ ਬਿਠਾਉਣ ਦਾ ਮਜ਼ਾਕ/ਮਸ਼ਕਰੀ ਕੋਈ ਨਹੀਂ ਕਰਦਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.