ਸਮੱਗਰੀ 'ਤੇ ਜਾਓ

ਪਹੁੰਵਿੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਹੁੰਵਿੰਡ ਪਿੰਡ ਪਾਕਿਸਤਾਨ ਸਰਹੱਦ ਦੇ ਨਾਲ ਪੰਜਾਬ ਦੇ ਇੱਕ ਕੋਨੇ ਵਿੱਚ ਭਿੱਖੀਵਿੰਡ ਤੋਂ ਖਾਲੜਾ ਬਾਰਡਰ ਸੜਕ ’ਤੇ ਸਰਹੱਦ ਤੋਂ ਕੇਵਲ ਪੰਜ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸਿੱਖ ਇਤਿਹਾਸ ਦੀ ਇੱਕ ਅਨੋਖੀ ਯਾਦ ਨੂੰ ਸਮੋਈ ਵਸ ਰਿਹਾ ਹੈ। ਇਸ ਪਿੰਡ ਦੀ ਧਰਤੀ ਨੂੰ ਮਾਣ ਹੈ ਕਿ ਇਸ ਨੇ ਇਤਿਹਾਸ ਦੇ ਪੰਨਿਆਂ ’ਤੇ ਨਵੀਂ ਮਿਸਾਲ ਅੰਕਤ ਕਰਨ ਵਾਲੇ ਇੱਕ ਸੱਚੇ ਸਿੱਖ, ਸੂਰਵੀਰ ਯੋਧੇ ਬਾਬਾ ਦੀਪ ਸਿੰਘ ਜੀ ਨੂੰ ਜਨਮ ਦਿੱਤਾ ਹੈ। ਇਸ ਇਤਿਹਾਸਕ ਯਾਦ ਨੂੰ ਦਰਸਾਉਂਦਾ ਹੈ ਪਿੰਡ ਵਿੱਚ ਬਣਿਆ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ-ਜਨਮ ਅਸਥਾਨ ਬਾਬਾ ਦੀਪ ਸਿੰਘ ਜੀ।

ਪਿਛੋਕੜ

[ਸੋਧੋ]

ਇਕ ਕਥਾ ਅਨੁਸਾਰ ਭਾਈ ਭਗਤਾ ਜੀ ਜੋ ਪਹੁੰਵਿੰਡ ਪਿੰਡ ਦੇ ਰਹਿਣ ਵਾਲੇ ਇੱਕ ਕਿਰਤੀ ਕਿਸਾਨ ਸਨ, ਜਿਹਨਾਂ ਪਾਸ ਚੰਗੀ ਜਾਇਦਾਦ, ਧਨ-ਦੌਲਤ ਅਤੇ ਪਸ਼ੂ ਧਨ ਸੀ ਪਰ ਸਭ ਕੁਝ ਦਾ ਵਾਰਿਸ ਕੋਈ ਸਪੁੱਤਰ ਨਹੀਂ ਸੀ। ਇੱਕ ਦਿਨ ਜਦੋਂ ਭਾਈ ਭਗਤਾ ਜੀ ਆਪਣੇ ਖੇਤਾਂ ਵਿੱਚ ਕੰਮ ਕਰਦੇ ਸਨ ਤਾਂ ਪਿੰਡ ਵੱਲੋਂ ਆਉਂਦੇ ਹੋਏ ਉਹਨਾਂ ਨੂੰ ਇੱਕ ਮਹਾਂਪੁਰਸ਼ ਸੰਤ ਮਹਾਤਮਾ ਮਿਲੇ ਜਿਹਨਾਂ ਪ੍ਰਤੀ ਭਾਈ ਸਾਹਿਬ ਨੇ ਬਹੁਤ ਸਤਿਕਾਰ ਦਿਖਾਇਆ ਅਤੇ ਇੰਨੇ ਸਮੇਂ ਵਿੱਚ ਜਦੋਂ ਭਾਈ ਭਗਤਾ ਜੀ ਦੀ ਸੁਪਤਨੀ ਮਾਤਾ ਜਿਊਣੀ ਜੀ ਉਹਨਾਂ ਲਈ ਲੱਸੀ, ਮੱਖਣ, ਰੋਟੀਆਂ ਤੇ ਸਾਗ ਲੈ ਕੇ ਪੁੱਜੇ ਤਾਂ ਦੋਹਾਂ ਪਤੀ-ਪਤਨੀ ਨੇ ਉਹਨਾਂ ਨੂੰ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਤਾਂ ਮਹਾਤਮਾ ਦੇ ਪੁੱਛਣ ’ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਸੰਤਾਨ ਨਹੀਂ ਹੈ ਤਾਂ ਸੰਤਾਂ ਨੇ ਸੇਵਾ ਤੋਂ ਖੁਸ਼ ਹੋ ਕੇ ਸੰਤਾਨ ਲਈ ਆਸ਼ੀਰਵਾਦ ਦਿੱਤਾ ਅਤੇ ਆਖਿਆ ਕਿ ਬੱਚੇ ਦਾ ਨਾਮ ਦੀਪ ਰੱਖਣਾ। ਇਸ ਪ੍ਰਕਾਰ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਭਿੱਖੀਵਿੰਡ ਦੇ ਲਾਗੇ ਪਹੁੰਵਿੰਡ ਪਿੰਡ ਵਿੱਚ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ 26 ਜਨਵਰੀ 1682 ਅਰਥਾਤ 14 ਮਾਘ 1739 ਬਿਕ੍ਰਮੀ ਨੂੰ ਮਾਤਾ ਜਿਊਣੀ ਜੀ ਦੀ ਕੁੱਖੋਂ ਇੱਕ ਸੁੰਦਰ ਬਾਲ ਦਾ ਜਨਮ ਹੋਇਆ ਜਿਸ ਦਾ ਨਾਂ ਦੀਪ ਰੱਖਿਆ ਗਿਆ।ਬਾਬਾ ਦੀਪ ਸਿੰਘ ਜੀ ਨੇ ਆਪਣੇ ਮਾਤਾ-ਪਿਤਾ ਸਮੇਤ ਸ੍ਰੀ ਗੁਰੂ ਦਸਮੇਸ਼ ਜੀ ਅਤੇ ਪੰਜ ਪਿਆਰਿਆਂ ਤੋਂ ਆਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛੱਕਿਆ ਤੇ ਪੂਰਨ ਸਿੰਘ ਬਣ ਗਏ। ਆਪ ਦੇ ਮਾਤਾ-ਪਿਤਾ ਜੀ ਵਾਪਸ ਪਹੁੰਵਿੰਡ ਆ ਗਏ ਅਤੇ ਬਾਬਾ ਦੀਪ ਸਿੰਘ ਸੰਮਤ 1757 ਤੋਂ 1762 ਤਕ ਗੁਰੂ ਮਹਾਰਾਜ ਪਾਸ ਹੀ ਆਨੰਦਪੁਰ ਸਾਹਿਬ ਰਹੇ। ਜਦੋਂ ਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਬਾਬਾ ਜੀ ਨੂੰ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ-ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਦੇ ਨਾਲ ਮੁਖੀਏ ਬਣਾ ਕੇ ਦੋ ਦਾਸੀਆਂ ਦੇ ਕੇ ਦਿੱਲੀ ਭੇਜ ਦਿੱਤਾ। ਕੁਝ ਸਮਾਂ ਭਾਈ ਜਵਾਹਰ ਸਿੰਘ ਜੀ ਦੇ ਘਰ ਦਿੱਲੀ ਰਹਿਣ ਤੋਂ ਬਾਅਦ ਬਾਬਾ ਜੀ ਆਪਣੇ ਪਿੰਡ ਪਹੁੰਵਿੰਡ ਆ ਗਏ।