ਪਾਕਿਸਤਾਨੀ ਪੰਜਾਬੀ ਕਵਿਤਾ (ਕਿਤਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  1. ਪਾਕਿਸਤਾਨੀ ਪੰਜਾਬੀ ਕਵਿਤਾ (ਕਿਤਾਬ) ਗਰੇਸੀਅਸ ਬੁੱਕਸ, ਪਟਿਆਲਾ

ਪਾਕਿਸਤਾਨੀ ਪੰਜਾਬੀ ਕਵਿਤਾ (ਕਿਤਾਬ) ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ ਦੁਆਰਾ ਸੰਪਾਦਿਤ ਕਵਿਤਾਵਾਂ; ਗ਼ਜ਼ਲਾਂ ਦੀ ਕਿਤਾਬ ਹੈ। ਇਸਨੂੰ "ਗਰੇਸੀਅਸ ਬੁੱਕਸ, ਪਟਿਆਲਾ" ਵੱਲੋਂ ਪਹਿਲੀ ਵਾਰ ਸਾਲ 2020 'ਚ ਛਾਪਿਆ ਗਿਆ ਹੈ। ਇਸ ਕਿਤਾਬ ਦੀ ਭੂਮਿਕਾ ਵੀ ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ ਨੇ ਹੀ ਲਿਖੀ ਹੈ।

ਸ਼ਾਮਿਲ ਕਵੀ :- ਇਸ ਪੁਸਤਕ ਵਿਚ 58 ਪਾਕਿਸਤਾਨੀ ਕਵੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੁਝ ਕਵੀਆਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ :-

  • ਉਸਤਾਦ ਦਾਮਨ
  • ਉਮਰ ਗ਼ਨੀ
  • ਅਸਲਮ ਕੌਲਸਰੀ
  • ਅਹਿਮਦ ਸਲੀਮ
  • ਅਹਿਮਦ ਰਾਹੀ
  • ਅਖ਼ਲਾਕ ਆਤਿਫ਼
  • ਅਨਵਰ ਉਦਾਸ
  • ਅਨਵਰ ਮਸਊਦ
  • ਅਫ਼ਜ਼ਲ ਅਹਸਨ ਰੰਧਾਵਾ
  • ਅਫ਼ਜ਼ਲ ਸਾਹਿਰ
  • ਅਫ਼ਜ਼ਲ ਤੌਸੀਫ਼
  • ਅਬਦੁਲ ਕਰੀਮ ਕੁਦਸੀ
  • ਅਬਦੁਲ - ਕੁਦੂਸ ਕੈਫ਼ੀ
  • ਆਸਫ਼ੇ ਸ਼ਾਹਕਾਰ
  • ਆਦਿਲ ਸਦੀਕੀ
  • ਆਬਿਦ ਅਮੀਕ
  • ਇਕਬਾਲ ਸਲਾਹੁਦੀਨ
  • ਇਬਾਦ ਨਬੀਲ ਸ਼ਾਦ ਆਦਿ। [1]

ਕਾਵਿ ਵੰਨਗੀਆਂ[ਸੋਧੋ]

◆ ਕਾਵਿ ਵੰਨਗੀਆਂ


ਇਸ ਕਿਤਾਬ 'ਚ ਕਾਵਿ ਕਾਲ ਦੇ ਵੱਖ ਵੱਖ ਨਮੂਨੇ ਦੇਖਣ ਨੂੰ ਮਿਲਦੇ ਹਨ। ਰਚਨਾਵਾਂ ਗ਼ਜ਼ਲਾਂ ( ਵੱਡੀ ਅਤੇ ਛੋਟੀ ਬਹਿਰ ਦੋਵੇਂ) ; ਬੋਲੀਆਂ ; ਦੋਹੇ ; ਕਵਿਤਾਵਾਂ ( ਤੁਕਬੰਦੀ ਅਤੇ ਖੁੱਲ੍ਹੀ ਕਵਿਤਾ) ; ਹਾਇਕੂ (ਮੂਲ ਤੌਰ ਤੇ ਜਪਾਨੀ ਭਾਸ਼ਾ ਦੀ ਸਭ ਤੋਂ ਸੰਖੇਪ ਕਾਵਿ ਵੰਨਗੀ ਹੈ। ਪਰਮਿੰਦਰ ਸੋਢੀ ਅਨੁਸਾਰ "ਥੋੜੇ ਜਿਹੇ ਸ਼ਬਦਾਂ ’ਚ ਡੂੰਘੇ ਭਾਵ ਭਰੇ ਹੁੰਦੇ ਹਨ।.... ਆਮ ਬੋਲਚਾਲ ਦੀ ਬੋਲੀ ਹਾਇਕੂ ਲਈ ਢੁਕਵੀਂ ਹੁੰਦੀ ਹੈ। ਸਰਲਤਾ ਇਸ ਦਾ ਵਿਸ਼ੇਸ਼ ਗੁਣ ਹੈ।") [2] ; ਕਾਫ਼ੀਆਂ ; ਗੀਤ ਆਦਿ ਢਾਂਚਿਆਂ ਚ ਪਰੋਈਆਂ ਗਈਆਂ ਹਨ।


ਇਸ ਕਿਤਾਬ ਵਿਚ ਪੇਸ਼ ਵੱਖ ਵੱਖ ਕਾਵਿ ਵੰਨਗੀਆਂ ਦੇ ਰੰਗ :

ਗ਼ਜ਼ਲ (ਵੱਡੀ ਬਹਿਰ) :

ਅੰਨ੍ਹੀਆਂ, ਬੋਲ੍ਹੀਆਂ, ਗੁੰਗੀਆਂ ਰਾਤਾਂ, ਨਾ ਜਿਉਂਦਾ ਨਾ ਮਰਦਾ ਕੋਈ ! ਪਲ - ਪਲ ਜੁੱਸਾ ਖੋਰੀ ਜਾਵੇ, ਗੁੱਝਾ ਰੋਗ ਅੰਦਰ ਦਾ ਕੋਈ !

ਇਸ਼ਕ - ਝਨਾਂ ਦੀਆਂ ਛੱਲਾਂ ਦੇ ਵਿੱਚ, ਠਿੱਲ੍ਹਣ ਨੂੰ ਦਿਲ ਸਭ ਦਾ ਕਰਦਾ ਠਿੱਲ੍ਹ ਵੀ ਪੈਂਦਾ ਜਣਾ - ਖਣਾ, ਪਰ ਟਾਂਵਾਂ ਟਾਂਵਾਂ ਤਰਦਾ ਕੋਈ ! - ਉਮਰ ਗ਼ਨੀ

ਗ਼ਜ਼ਲ (ਛੋਟੀ ਬਹਿਰ) :

ਤੇਰੇ ਇੱਕ ਇਸ਼ਾਰੇ 'ਤੇ

ਕੋਈ ਜ਼ਿੰਦਗੀ ਵਾਰੇ ਤੇ ?

ਚਾਰੇ ਤੜਫ਼ੇ ਲਾਰੇ 'ਤੇ

ਚੰਨ, ਚਾਨਣੀ, ਤਾਰੇ, ਤੇ

ਬੰਦੇ ਦੇ ਵਿਚ ਅੱਲ੍ਹਾ ਏ

ਬੰਦਾ, ਬੰਦਾ ਮਾਰੇ ਤੇ ? - ਸਾਬਿਰ ਅਲੀ ਸਾਬਿਰ


ਬੋਲੀਆਂ :

1. ਚੰਨ ਚਮਕੇ ਰੁੱਖਾਂ ਦੇ ਉਹਲੇ ਬਨੇਰਿਆਂ ਤੋਂ ਲੋਕ ਝਾਕਦੇ


2. ਇਥੇ ਮੋਤੀਆਂ ਦੇ ਲੋਕ ਬਪਰੋ ਤੇ ਹੰਝੂਆਂ ਦਾ ਮੁੱਲ ਕੋਈ ਨਾ


3. ਮੇਰਾ ਹੋਰ ਸਵਾਲ ਨਾ ਕੋਈ ਵੇ ਇਕ ਮੇਰੇ ਦੁੱਖ ਵੰਡ ਲੈ


4. ਅੱਗ ਪਿਆਰ ਦੀ ਧੂੰਆਂ ਨਾ ਕੱਢਦੀ ਤੇ ਤਨ ਮਨ ਫੂਕ ਸੁੱਟਦੀ

         - ਅਹਿਮਦ ਰਾਹੀ
         


ਦੋਹੇ :


  • ਬਹਰੋਂ ਬਾਹਰ ਭੁਲੇਖੜਾ ਰੂਪ ਕਰੂਪ ਬਣੇ


  • ਸਾਹ ਨੂੰ ਸੱਜਣ ਜਾਣੀਏ, ਅੰਦਰ ਮਹਿਕ ਜਣੇ


  • ਜੇ ਤੈਂ ਚਾਹੇਂ ਹੋਵਣਾ, ਹਸਤੀ ਦੇ ਨਜ਼ਦੀਕ


  • ਆਪ ਧਿਆਨੇ ਬੈਠ ਕੇ, ਆਪਣੀ ਕਰੀਂ ਉਡੀਕ
                  - ਅਫ਼ਜ਼ਲ ਸਾਹਿਰ


ਕਵਿਤਾ (ਤੁਕਬੰਦੀ) :

ਮੈਂ ਧਰਤੀ ਪੰਜਾਬ ਦੀ ਮੇਰਾ ਜੁੱਸਾ ਲੀਰੋ ਲੀਰ

ਮੇਰੇ ਮੂੰਹ ਤੇ ਜੰਦਰੇ ਚੁੱਪ ਦੇ ਮੇਰੇ ਪੈਰੀਂ ਧਰ ਜ਼ੰਜੀਰ

ਮੈਨੂੰ ਰਾਖਿਆਂ ਪਾਈਆਂ ਬੇੜੀਆਂ ਮੈਂ ਘਰ ਵਿਚ ਹੋਈ ਅਮੀਰ

ਮੈਨੂੰ ਵੈਰੀਆਂ ਕੀ ਸੀ ਮਾਰਨਾ ਮੇਰੇ ਸੱਜਣਾਂ ਭੰਨੇ ਤੀਰ .. ਤਾਰਿਕ ਗੁੱਜਰ


ਖੁੱਲ੍ਹੀ ਕਵਿਤਾ :

ਸ਼ਾਮ ਅੱਜ ਦੀ

ਜਿਵੇਂ

ਚਿੜੀਆਂ ਪਈਆਂ ਚੂਹਕਦੀਆਂ ਹੋਵਣ

ਸਵੇਰ ਨੂੰ

ਜਿਵੇਂ

ਗਲ ਵਿਚ ਬੱਧੀਆਂ ਟੱਲੀਆਂ ਵਾਲੇ

ਉੱਠ, ਪਏ ਲੰਘਦੇ ਹੋਵਣ

ਥੱਲਾਂ ਵਿੱਚੋਂ

ਅੱਗੋਂ ਪਿੱਛੋਂ

ਇਸ ਫੇਰੀ

ਇਹ ਕਿਵੇਂ ਥਿਆ

ਅੰਬਾਂ ਉੱਤੋਂ ਬੂਰ

ਢਾਵਣ ਲਗ ਪਿਆ

ਕੋਈ ਲੱਗਿਆ ਇਹਨਾਂ ਨੂੰ ਰੋਗ ਅਜਿਹਾ

          .. ਆਬਿਦ ਅਮੀਕ


ਹਾਇਕੂ :

੧. ਮੰਗਣੀ

ਕੱਚੀ ਅਲਾਟਮੈਂਟ [3]


੨. ਖਰਾਜੇ - ਅਕੀਦਤ

ਉਹਦੇ ਨਾਲ

ਮੈਂ ਉਦੋਂ ਲੜਨਾ ਵਾਂ

ਜਦੋਂ ਮੇਰੇ ਕੋਲ ਨਹੀਂ ਹੁੰਦੀ ... ਰਿਆਜ਼ ਸੁਜਾਨਵੀ


੩. ਰਿਸ਼ਤਾ

ਮੈਂ ਓਹਦੀ

ਮਜ਼ਬੂਰੀ ਆਂ

ਓਹ ਮੇਰੀ ਕਮਜ਼ੋਰੀ


੪. ਈਮਾਨ

ਇਹਦੇ

ਜਾਲ 'ਚ

ਆ ਕੇ

ਬੰਦਾ

ਕਾਫ਼ਰ

ਹੋ ਜਾਂਦਾ ਏ ...... ਸਾਬਰ ਅਲੀ ਸਾਬਰ


੫. 14 ਅਗਸਤ

ਵਿਹੜਿਆਂ ਦੇ ਵਿਚ

ਸਾਰੇ ਬਾਲਕ

ਫਿਰਦੇ ਨੰਗੇ ਪਿੰਡੇ

ਕੋਠੀਆਂ ਉੱਤੇ

ਪਏ ਲਹਿਰਾਵਣ

ਦਸ ਦਸ ਗਜ਼ ਦੇ ਝੰਡੇ ... ਤਾਰਿਕ ਗੁੱਜਰ


ਕਾਫ਼ੀ :

(14 ਅਗਸਤ ਲਈ)


ਸਾਨੂੰ ਘਰ ਅਪੜਾ ਮਾਲਕਾ !

ਸਾਨੂੰ ਘਰ ਅਪੜਾ !!

ਫੱਟੜ ਜੱਸੇ, ਪਾਟੇ ਟੱਲੇ

ਸੱਖਣੀ ਝੋਲੀ, ਸੱਖਣੀ ਪੱਲੇ

ਹਰ ਸਾਹ ਨਵੇਂ ਮਾਂ ਦੇ ਬੁੱਲੇ

ਰਸਤੇ ਰਾਹ ਬਘੇਲਿਆਂ ਮੱਲੇ

ਹੱਥ ਉੱਠੇ ਹੋਏ ਤੇਰੇ ਵੱਲੇ

ਆਸ਼ਿਖ ਐਦਾਂ ਸਫ਼ਰੇ ਚੱਲੇ

ਘਰ ਦੀ ਰਾਹ ਦਿਖਾ ਮਾਲਕਾ

ਸਾਨੂੰ ਘਰ ਅਪੜਾ !!.. ਅਫ਼ਜ਼ਲ ਅਹਿਸਨ ਰੰਧਾਵਾ


ਗੀਤ :


ਖੁੱਲੇ ਰੱਖੀਂ ਬੂਹੇ ਸਦਾ ਬਾਬਲਾ।

ਖੌਰੇ ਅਸੀਂ ਮੁੜ ਆਈਏ।

ਪੈਂਡੇ ਔਖੇ ਨੇ ਰਾਹਵਾਂ ਅਵੱਲੀਆਂ ਵੇ,

ਕੇਹੀਆਂ ਅੰਨ੍ਹ ਅਨੇਰੀਆਂ ਚੱਲੀਆਂ ਵੇ,

ਅਸੀਂ ਕੱਖੋਂ ਵੀ ਅੱਜ ਸਵੱਲੀਆਂ ਵੇ,

ਜਿਹੜਾ ਖੁੰਝ ਗਿਆ ਵੇਲਾ ਬਾਬਲਾ

ਉਹ ਕਿੱਥੋਂ ਲਭ ਕੇ ਲਿਆਈਏ

ਖੁੱਲੇ ਰੱਖੀਂ ਬੂਹੇ ਸਦਾ ਬਾਬਲਾ।

ਖੌਰੇ ਅਸੀਂ ਮੁੜ ਆਈਏ। [4]... ਅਹਿਮਦ ਰਾਹੀ

ਕਾਵਿ ਸਰੋਕਾਰ[ਸੋਧੋ]

ਕਾਵਿ ਸਰੋਕਾਰ

            ਪਾਕਿਸਤਾਨ ਦੇ ਜਨਮ ਤੋਂ ਲੈ ਕੇ ਹੁਣ ਤੱਕ ਸੈਂਕੜੇ ਸ਼ਾਇਰਾਂ ਦੇ ਪੰਜ ਸੌ ਦੇ ਲਵਪਗ ਕਾਵਿ ਸੰਗ੍ਰਹਿ ਛਪ ਚੁੱਕੇ ਹਨ। ਇਹਨਾਂ ਵਿੱਚ ਜਿਹੜੇ ਮੁੱਖ ਰੁਝਾਨ ਰਹੇ ਹਨ :  ਰਵਾਇਤੀ ਸ਼ਾਇਰੀ, ਪੰਜਾਬ ਵੰਡ ਦਾ ਪ੍ਰਭਾਵ, ਡਰ, ਖ਼ੌਫ਼ ਅਤੇ ਪ੍ਰਤੀਕ ਵਿਧਾਨ, ਇਕਲਾਪਾ, ਲੋਕ ਕਾਵਿ ਰੂਪਾਂ ਦੀ ਵਰਤੋਂ ਪਿਆਰ, ਰੋਮਾਂਸ ਅਤੇ ਜਿਨਸੀਅਤ, ਨਾਅਤੀਆਂ ਸ਼ਾਇਰੀ ਅਤੇ ਕੁਝ ਹੋਰ ਪੱਖ ਗ਼ਰੀਬਾਂ ਮਜ਼ਦੂਰਾਂ ਤੇ ਕਾਮਿਆਂ ਨਾਲ ਹਮਦਰਦੀ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਔਰਤਾਂ ਦੀ ਸਥਿਤੀ ਆਦਿ। [5]


● ਦੇਸ਼ ਵੰਡ ਦਾ ਦਰਦ : -

ਧਰਮ ਦੇ ਅਧਾਰ ਤੇ ਹੋਈ ਦੇਸ਼ ਵੰਡ ਨੂੰ ਦੋਨੋਂ ਪੰਜਾਬ ਦੇ ਸ਼ਾਇਰਾਂ ਵੱਲੋਂ ਭੰਡਿਆ ਗਿਆ। ਓਹ ਏਸ ਆਜ਼ਾਦੀ ਨੂੰ ਆਜ਼ਾਦੀ ਨਹੀਂ ਮੰਨਦੇ। ਉਹਨਾਂ ਹਮੇਸ਼ਾਂ ਈ ਮੁਹੱਬਤ ਨੂੰ ਨਫ਼ਰਤ ਤੋਂ ਅੱਗੇ ਰੱਖਿਆ ਹੈ।

ਉਸਤਾਦ ਦਾਮਨ ਦੀ ਇਸ ਬਾਰੇ ਗ਼ਜ਼ਲ :

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ,

ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,

ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।

ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ,

ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।

ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,

ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ,

ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।


● ਹੱਕ ਲਈ ਆਵਾਜ਼ ਬੁਲੰਦ ਕਰਦੀ ਕਵਿਤਾ : ਇਸ ਪੁਸਤਕ ਚ ਦਰਜ ਲਿਖਤਾਂ 'ਚ ਸ਼ਾਇਰਾਂ ਨੇ ਦੱਬੇ ਲਤਾੜੇ ਲੋਕਾਂ (ਮਜ਼ਦੂਰਾਂ, ਔਰਤਾਂ) ਦੀ ਵੀ ਬਾਤ ਪਾਈ ਹੈ। ਆਵਾਜ਼ ਬੁਲੰਦ ਕੀਤੀ ਹੈ। ਉਦਾਹਰਣ ਲਈ ਕੁਝ ਕਾਵਿ ਟੋਟੇ :


ਸਿੱਧਾ ਸਾਦਾ ਬਿਆਨ ਦੇਣਾ ਏਂ।

ਹੱਕ ਖਾਧਾ ਏ ਨਾ ਖਾਣਾ ਦੇਣਾ ਏਂ।

ਸ਼ਿਅਰ ਸੁਣ ਕੇ ਤੇ ਦਾਦ ਨੀ ਦੇਣੀਂ

ਵਿਚਲੀ ਗੱਲ 'ਤੇ ਧਿਆਨ ਦੇਣਾ ਏ।

             - ਸਾਬਰ ਅਲੀ ਸਾਬਰ 

ਕਦ ਤੱਕ ਸਾਡੇ ਹੱਥ ਦੀ ਖੱਟੀ ਕੰਮ ਨਹੀਂ ਸਾਡੀ ਆਵੇਗੀ

ਰੇਸ਼ਮ ਉਣ ਕੇ ਕਦ ਤੱਕ ਪਾਣੈਂ ਪਾਟੀਆਂ ਹੋਈਆਂ ਲੀਰਾਂ ਨੂੰ। - ਅਖ਼ਲਾਕ ਆਤਿਫ਼

● ਮਾਂ ਬੋਲੀ ਪੰਜਾਬੀ ਨਾਲ ਮੁਹੱਬਤ :

ਓਧਰ ਪੰਜਾਬੀ ਨੂੰ ਉਹ ਸਾਰੇ ਹੱਕ ਨਹੀਂ ਜੋ ਏਧਰ ਹਨ। ਇਸ ਲਈ ਉਹ ਜੂਝਦੇ ਰਹੇ ਨੇ ਤੇ ਜੂਝ ਰਹੇ ਹਨ। ਇਸ ਕਿਤਾਬ ਦੀਆਂ ਰਚਨਾਵਾਂ ਚ ਉਹਨਾਂ ਦੀ ਪੰਜਾਬੀ ਪ੍ਰਤੀ ਮੁਹੱਬਤ ਡੁੱਲ ਡੁੱਲ ਪੈਂਦੀ ਹੈ। ਉਹ ਪੰਜਾਬੀ ਬੋਲਣ ਤੇ ਆਪਣੇ ਆਪ ਨੂੰ ਪੰਜਾਬੀ ਕਹਾਉਣ ਚ ਸ਼ਾਨ ਮਹਿਸੂਸ ਕਰਦੇ ਹਨ। ਦੇਖੋ ਨਮੂਨਾ : 


ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ

ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ।

ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,

ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ।

ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,

ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ ।

ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,

ਤੂੰ ਪੁੱਤਰਾ ਆਪਣੀ ਮਾਂ ਛੱਡ ਦੇ । [6] - ਉਸਤਾਦ ਦਾਮਨ


ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ

ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।

ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ;

ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।

ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ;

ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ। - ਬਾਬਾ ਨਜ਼ਮੀ

● ਧਾਰਮਿਕ ਕੱਟੜਤਾ/ ਵਹਿਮਾਂ ਭਰਮਾਂ/ਜਾਤ ਪ੍ਰਸਤੀ ਤੋਂ ਉੱਪਰ ਉੱਠਣ ਦੀ ਗੱਲ : ਆਜ਼ਾਦੀ ਦੇ ਮਗਰੋਂ ਵੀ ਲੋਕ ਬਰਾਬਰ ਨਹੀਂ ਹੋ ਸਕੇ। ਦਹਾਕੇ ਲੰਘ ਰਹੇ ਨੇ, ਪਰ ਜਾਤਾਂ , ਧਰਮ, ਵਹਿਮ ਲੋਕਾਂ ਦੇ ਨਾਲ ਨਾਲ ਈ ਸਫ਼ਰ ਕਰੀ ਜਾ ਰਹੇ ਹਨ। ਇਸ ਕਿਤਾਬ ਦੇ ਸ਼ਾਇਰ ਇਸ ਸਭ ਕਾਸੇ ਤੋਂ ਜਾਣੂ ਨੇ ਤੇ ਇਸ ਸਭ ਕਾਸੇ ਨੂੰ ਛੱਡਣ ਦੀ ਅਪੀਲ ਵੀ ਕਰਦੇ ਨੇ, ਲੋਕਾਂ ਨੂੰ ਜਾਗਰੂਕ ਵੀ ਕਰਦੇ ਨੇ। ਦੇਖੋ ਨਮੂਨਾ :


  • ਇਸ਼ਕ ਤੋਂ ਮੈਂ ਅਨਜਾਣ ਹੀ ਸਹੀ ਪਰ
  • ਤੈਨੂੰ ਵੀ ਤੇ ਕੋਈ ਵੱਲ ਤੇ ਨਹੀਂ ਨਾ


  • ਮੰਨਿਆਂ ਬੰਦੇ ਇੱਕੋ ਜਹੇ ਨਈਂ
  • ਪਰ ਤੇਰੇ ਗਲ ਟੱਲ ਤੇ ਨਹੀਂ ਨਾ


  • ਮੈਂ ਕਹਿਨਾਂ ਲਹੂ ਇੱਕੋ ਜਿਹੇ ਨੇ
  • ਉਹ ਕਹਿੰਦਾ ਏ ਖੱਲ ਤੇ ਨਹੀਂ ਨਾ।


ਇੱਕ ਹੋਰ..


ਗੰਗਾ ਏ ਯਾਂ ਮੱਕਾ ਏ, ਸਿੱਧਾ ਸਿੱਧਾ ਧੱਕਾ ਏ।

ਰੱਬ ਨੂੰ ਲੱਭਦੇ ਫਿਰਦੇ ਹੋ, ਰੱਬ ਕਿਸੇ ਦਾ ਸੱਕਾ ਏ।


ਮੇਰਾ ਰਾਸ਼ਨ ਮਹੀਨੇ ਦਾ, ਤੇਰਾ ਇਕੋ ਫੱਕਾ ਏ।

ਤੇਰਾ ਦੀਵਾ ਬੁੱਝ ਜਾਂਦਾ, ਮੇਰੀ ਖੱਲ ਦਾ ਡੱਕਾ ਏ।


ਇੰਨੇ 'ਸਾਬਰ' ਹੋ ਗਏ ਆਂ, ਜ਼ਾਲਮ ਹੱਕਾ ਬੱਕਾ ਏ। [7]

          - ਸਾਬਰ ਅਲੀ ਸਾਬਰ 

◆ ਏਕੇ / ਸ਼ਾਂਤੀ / ਅਮਨ ਦਾ ਪੈਗ਼ਾਮ :

 ਦੇਸ਼ ਵੰਡ ਤੋਂ ਪਹਿਲਾਂ ਤੇ ਬਾਅਦ ਵੀ ਸ਼ਾਇਰਾਂ ਨੇ ਇਸ ਨਫਰਤ ਦੀ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਿਆਸੀ ਲੀਡਰਾਂ ਦੀਆਂ ਕੋਝੀਆਂ ਚਾਲਾਂ ਅੱਗੇ ਇਹ ਢਿੱਲੇ ਪੈ ਗਏ। ਇਹਨਾਂ ਹਮੇਸ਼ਾ ਮੁਹੱਬਤ ਦਾ, ਅਮਨ ਦਾ ਪੈਗ਼ਾਮ ਦਿੱਤਾ ਹੈ। ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਪਾਠ ਪੜ੍ਹਾਇਆ ਹੈ। ਕੁਝ ਨਮੂਨੇ : 

ਮਸਜਿਦ ਮੇਰੀ, ਤੂੰ ਕਿਓਂ ਢਾਹਵੇਂ, ਮੈਂ ਕਿਓਂ ਢਾਹਵਾਂ ਮੰਦਰ ਨੂੰ ।

ਆਜਾ ਦੋਵੇਂ ਬਹਿ ਕੇ ਪੜ੍ਹੀਏ , ਇੱਕ ਦੂਜੇ ਦੇ ਅੰਦਰ ਨੂੰ ।

ਸਦੀਆਂ ਵਾਂਗੂੰ ਅੱਜ ਵੀ ਕੁੱਝ ਨਈਂ ਜਾਣਾ ਮਸਜਿਦ ਮੰਦਰ ਦਾ,

ਲਹੂ ਤੇ ਤੇਰਾ ਮੇਰਾ ਲੱਗਣਾ , ਤੇਰੇ ਮੇਰੇ ਖੰਜਰ ਨੂੰ।

           - ਬਾਬਾ ਨਜ਼ਮੀ


● ਪਿਆਰ ਬਾਰੇ ਕਵਿਤਾਵਾਂ :

ਪਾਕਿਸਤਾਨੀ ਪੰਜਾਬੀ ਕਵਿਤਾ ਪੁਸਤਕ ਵਿਚ ਪੇਸ਼ ਪਿਆਰ , ਸਨੇਹ ਤੇ ਆਪਸੀ ਮੋਹ ਦਾ ਸੰਕਲਪ ਦੋਵਾਂ ਮੁਲਕਾਂ ਦੇ ਦਿਲ ਦੀ ਤਾਰ ਹੈ। ਪਿਆਰ ਦੀ ਤਾਕਤ ਅੱਗੇ ਕੋਈ ਹਿੰਦੂ ਮੁਸਲਮਾਨ ਨਹੀਂ ਰਹਿ ਜਾਂਦਾ। ਪ੍ਰੇਮੀਆਂ ਲਈ ਪਿਆਰ ਹੀ ਧਰਮ ਹੈ। ਦੇਖੋ ਨਮੂਨਾ :

ਬੇਹਿੱਸੀ ਤੇ ਖੁਦਗਰਜ਼ੀ ਦੇ ਸਮਿਆਂ ਅੰਦਰ

ਪਿਆਰ ਮੁਹੱਬਤ ਢੂੰਡ ਰਿਹਾ ਵਾਂ ਲੋਕਾਂ ਅੰਦਰ ..[8] ਅਨਵਰ ਉਦਾਸ


ਉਹਦੇ ਵੱਲੋਂ ਪਿਆਰ ਦਾ ਸੁਨੇਹੜਾ ਆਵੇ 'ਅਸਲਮ'

ਸੋਚਨਾ ਵਾਂ ਉੱਗ ਪੈਣ ਬਰਫ਼ਾਂ ਤੇ ਬੇਰੀਆਂ[9]... ਅਸਲਮ ਕੌਲਸਰੀ


● ਨਾਰੀ ਚੇਤਨਾ : ਸਦੀਆਂ ਤੋਂ ਨਾਰੀ ਨੂੰ ਮਰਦ ਨਾਲੋਂ ਛੋਟਾ ਕਰਕੇ ਵੇਖਿਆ ਜਾਂਦਾ ਰਿਹਾ ਹੈ। ਪਰ ਹੁਣ ਔਰਤ ਆਪਣੇ ਪੈਰੀਂ ਪਈਆਂ ਬੇੜੀਆਂ ਤੋੜਨ ਲੱਗੀ ਹੈ। ਉਸਦੀ ਗੱਲ ਵੀ ਕਵਿਤਾ ਦਾ ਵਿਸ਼ਾ ਬਣਨ ਲੱਗੀ ਹੈ। ਉਸਦੀ ਬਰਾਬਰੀ ਦੇ ਸਵਾਲ ਉੱਠਣ ਲੱਗੇ ਹਨ। ਇਸ ਕਿਤਾਬ 'ਚ ਸ਼ਾਮਲ ਰਚਨਾਵਾਂ ਚ ਵੀ ਔਰਤ ਵੇਦਨਾ, ਓਹਦੇ ਹੱਕ ਤੇ ਚੇਤਨਾ ਨੂੰ ਵਿਸ਼ਾ ਬਣਾਇਆ ਗਿਆ ਹੈ। ਜਿਵੇਂ :

ਕਿਵੇਂ ਕੱਤਾਂ, ਕਿਵੇਂ ਤੁੰਮਾਂ

ਦਰਦਾਂ ਵਾਲੀਏ ਮਾਏ !

ਅੱਜ ਤ੍ਰਿੰਞਣੀ ਫੂਹੜੀਆਂ ਵਿੱਛੀਆਂ,

ਚੂੜੇ ਦੇ ਛਣਕਾਰੇ ;

ਲੁੱਟ ਲੈ ਗਏ ਵਣਜਾਰੇ,

ਹਾਵਾਂ ਦੇ ਲੰਬੂ ਨੀਂ ਮਾਏ ! ... ਅਹਿਮਦ ਰਾਹੀ


ਗਲੀਆਂ ਵਿਚ ਬਜ਼ਾਰਾਂ ਨਾਲ਼

ਵਰਦੀਆਂ ਵਿਚ ਤਲਵਾਰਾਂ ਨਾਲ਼

ਕੈਦਾਂ ਵਿਚ ਦਰਬਾਰਾਂ ਨਾਲ।

ਫਿਰ ਵੀ ਅੰਧੀ ਔਰਤ ਕਿਓਂ ?

ਫਿਰ ਵੀ ਅੱਧੀ ਔਰਤ ਕਿਓਂ ?[10].... ਬਾਬਾ ਨਜ਼ਮੀ

  1. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 3 >
  2. <3 https://pa.wikipedia.org/wiki/%E0%A8%B9%E0%A8%BE%E0%A8%87%E0%A8%95%E0%A9%82?wprov=sfla1 >
  3. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 225 >
  4. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 28 >
  5. < ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ, ਡਾ. ਕਰਨੈਲ ਸਿੰਘ ਥਿੰਦ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 2 >
  6. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 12 >
  7. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 101 >
  8. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 37 >
  9. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 17 >
  10. < ਪਾਕਿਸਤਾਨੀ ਪੰਜਾਬੀ ਸਾਹਿਤ, ਡਾ. ਜਸਵਿੰਦਰ ਸਿੰਘ ਸੈਣੀ ; ਡਾ. ਪਰਮਜੀਤ ਸਿੰਘ ਮੀਸ਼ਾ , ਗਰੇਸੀਅਸ ਬੁੱਕਸ ਪਟਿਆਲਾ ਪੰਨਾ - 183 >