ਪਾਣੀ ਵਾਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਣੀ ਵਾਰਨਾ ਵਿਆਹ ਦੀ ਉਹ ਰਸਮ ਹੈ ਜਦ ਵਿਆਂਹਦੜ ਡੋਲੀ ਲੈ ਕੇ ਘਰ ਆਉਂਦਾ ਹੈ ਤਾਂ ਉਸ ਦੀ ਮਾਂ ਜੋੜੀ ਦੇ ਸਿਰ ਉੱਪਰੋਂ ਦੀ ਪਾਣੀ ਵਾਰ ਕੇ ਪੀਂਦੀ ਹੈ। ਇਸ ਰਸਮ ਪਿੱਛੇ ਧਾਰਨਾ ਇਹ ਹੈ ਕਿ ਜੋੜੀ ਦੀਆਂ ਮੁਸੀਬਤਾਂ, ਔਖਾਈਆਂ ਮਾਂ ਆਪਣੇ ਸਿਰ ਲੈ ਲੈਂਦੀ ਹੈ ਤਾਂ ਜੋ ਜੋੜੀ ਖੁਸ਼ੀ ਖੁਸ਼ੀ ਆਪਣੀ ਜਿੰਦਗੀ ਜੀਵੇ।

ਗੜਵੀ ਵਿਚ ਮਿੱਠਾ ਪਾਣੀ ਤਿਆਰ ਕੀਤਾ ਜਾਂਦਾ ਹੈ। ਪਿੱਪਲ ਦੀ ਪੰਜ, ਸੱਤ, ਨੌਂ ਜਾਂ ਗਿਆਰ੍ਹਾਂ ਪੱਤਿਆਂ ਦੀ ਇਕ ਟਾਹਣੀ ਲਈ ਜਾਂਦੀ ਹੈ। ਪਿੱਪਲ ਦੇ ਰੁੱਖ ਨਾਲ ਵੀ ਇਕ ਵਿਸ਼ਵਾਸ ਜੁੜਿਆ ਹੋਇਆ ਹੈ। ਸਾਡੇ ਧਰਮ ਗ੍ਰੰਥ ਪਿੱਪਲ ਦੇ ਰੁੱਖ ਨੂੰ ‘ਬ੍ਰਹਮਾ ਦੇਵਤਾ’ ਮੰਨਦੇ ਹਨ। ਬ੍ਰਹਮਾ ਦੇਵਤਾ ਨੂੰ ਸ੍ਰਿਸ਼ਟੀ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ।ਦੁੱਧ ਰਿੜਕਣ ਵਾਲੀ ਮਧਾਣੀ ਦੀ ਨੇਤੀ ਲਈ ਜਾਂਦੀ ਹੈ।ਇਕ ਥਾਲੀ ਵਿਚ ਇਹ ਤਿੰਨੇ ਵਸਤਾਂ ਮਿੱਠੇ ਪਾਣੀ ਵਾਲੀ ਗੜਵੀਂ, ਪਿੱਪਲ ਦੀ ਟਾਹਣੀ ਤੇ ਨੇਤੀ ਰੱਖੀ ਜਾਂਦੀ ਹੈ। ਥਾਲੀ ਨੈਣ ਨੂੰ ਫੜਾਈ ਜਾਂਦੀ ਹੈ। ਲਾੜਾ ਲਾੜੀ ਚੌਂਕੀ ਤੇ ਚੜ੍ਹਦੇ ਵੱਲ ਮੂੰਹ ਕਰਕੇ ਉੱਪਰ ਖੜ੍ਹੇ ਹੁੰਦੇ ਹਨ।ਲਾੜੇ/ਮੁੰਡੇ ਦੀ ਮਾਂ ਜੋੜੀ ਦੇ ਸਿਰ ਦੁਆਲੇ ਪਿੱਪਲ ਦੀ ਟਾਹਣੀ ਤੇ ਨੇਤੀ ਨੂੰ ਘੁਮਾਉਂਦੀ ਹੈ। ਫਿਰ ਗੜਵੀ ਨੂੰ ਜੋੜੀ ਦੇ ਸਿਰ ਉੱਪਰ ਦੀ ਘੁਮਾ ਕੇ ਪਾਣੀ ਪੀਣ ਲੱਗਦੀ ਹੈ। ਮਾਂ ਜਦ ਪਾਣੀ ਦੀਆਂ 5/ 7 ਘੁੱਟਾਂ ਭਰ ਲੈਂਦੀ ਹੈ ਤਾਂ ਮੁੰਡਾ ਆਪਣੀ ਮਾਂ ਨੂੰ ਹੋਰ ਪਾਣੀ ਪੀਣ ਤੋਂ ਰੋਕ ਦਿੰਦਾ ਹੈ। ਇਹ ਹੈ ਪਾਣੀ ਵਾਰਨੇ ਦੀ ਰਸਮ | ਪਾਣੀ ਵਾਰਨ ਤੋਂ ਪਿੱਛੋਂ ਲਾੜਾ ਲਾੜੀ ਚੌਂਕੀ ਤੋਂ ਉਤਰ ਕੇ ਆਪਣੀ ਮਾਂ/ਸੱਸ ਦੇ ਪੈਰੀਂ ਹੱਥ ਲਾਉਂਦੇ ਹਨ।ਜੇਕਰ ਲਾੜਾ ਆਪਣੀ ਮਾਂ ਦੇ ਪੈਰੀਂ ਹੱਥ ਲਾਉਣਾ ਭੁੱਲ ਜਾਵੇ ਤਾਂ ਭੈਣਾਂ ਆਪਣੇ ਭਾਈ ਨੂੰ ਨਵੀਂ ਬਹੂ ਦੇ ਚਾਅ ਕਰਕੇ ਪੈਰੀਂ ਹੱਥ ਲਾਉਣਾ ਭੁੱਲਣ ਲਈ ਗੀਤਾਂ ਰਾਹੀਂ ਟਕੋਰਾਂ ਲਾਉਂਦੀਆਂ ਹਨ। ਪਾਣੀ ਵਾਰਨੇ ਦੀ ਰਸਮ ਹੁਣ ਵੀ ਚਲਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.