ਪਿੰਡ/ਪਿੰਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ, ਛੋਟੀ ਵਸਤੀ, ਛੋਟੇ ਨਗਰ, ਗਰ੍ਹਾਂ ਨੂੰ ਕਹਿੰਦੇ ਹਨ। ਪਿੰਡ ਮਨੁੱਖਾ ਸਰੀਰ ਨੂੰ ਵੀ ਕਹਿੰਦੇ ਹਨ। ਸਰਾਧਾਂ ਵਿਚ ਪਿਤਰਾਂ ਨਮਿਤ ਇਕ ਰਸਮ ਕੀਤੀ ਜਾਂਦੀ ਹੈ। ਜਿਸ ਵਿਚ ਜੌਂ ਦੇ ਆਟੇ ਦੇ ਬਣਾਏ ਪਿੰਡ ਦਾਨ ਵਿਚ ਦਿੱਤੇ ਜਾਂਦੇ ਹਨ। ਪਿੰਡ,ਆਟੇ ਨੂੰ ਗੁੰਨ੍ਹ ਕੇ ਬਣਾਏ ਹੋਏ ਪਿੰਨੇ ਨੂੰ ਕਹਿੰਦੇ ਹਨ। ਜਦ ਕਿਸੇ ਵਿਅਕਤੀ ਦੇ ਮੁਰਦੇ ਸਰੀਰ ਨੂੰ ਫੂਕਣ ਲਈ ਸਿੜ੍ਹੀ ਤੇ ਪਾ ਕੇ ਸ਼ਮਸ਼ਾਨ ਘਾਟ ਸਿਵਿਆਂ ਮੜ੍ਹੀਆਂ ਵਿਚ ਲੈ ਕੇ ਜਾਂਦੇ ਸਨ, ਉਸ ਸਮੇਂ ਆਟੇ ਦੇ ਬਣਾਏ ਪਿੰਨਿਆਂ ਨਾਲ ਇਕ ਰਸਮ ਕੀਤੀ ਜਾਂਦੀ ਸੀ ਜਿਸ ਨੂੰ ਵੀ ਪਿੰਡ ਕਹਿੰਦੇ ਹਨ। ਕਈ ਇਲਾਕਿਆਂ ਵਿਚ ਪਿੰਡੇ ਕਹਿੰਦੇ ਹਨ।

ਪਿੰਡ ਬਣਾਉਣ ਲਈ ਘਰ ਦੀ ਨੂੰਹ ਜਾਂ ਸ਼ਰੀਕੇ ਵਿਚੋਂ ਲੱਗਦੀ ਨੂੰਹ ਚੱਕੀ ਤੇ ਸੱਤ ਅਨਾਜਾਂ ਨੂੰ ਪੀਹ ਕੇ ਆਟਾ ਤਿਆਰ ਕਰਦੀ ਸੀ। ਸੱਤ ਅਨਾਜਾਂ ਦੇ ਪੀਹੇ ਆਟੇ ਨੂੰ ਸਤਨਾਜਾ ਕਹਿੰਦੇ ਹਨ। ਜਿਸ ਪਰਿਵਾਰ ਦੇ ਘਰ ਸੱਤ ਅਨਾਜ ਨਹੀਂ ਹੁੰਦੇ ਸਨ, ਉਹ ਇਕੱਲੇ ਜੌਂ/ਚੌਲਾਂ ਨੂੰ ਹੀ ਪੀਹ ਲੈਂਦੇ ਸਨ। ਇਹ ਆਟਾ ਪੁੱਠੀ ਚੱਕੀ ਫੇਰ ਕੇ ਪੀਠਿਆ ਜਾਂਦਾ ਸੀ। ਇਸ ਆਟੇ ਦੇ ਚਾਰ ਪਿੰਨੇ ਬਣਾ ਕੇ ਥਾਲੀ ਵਿਚ ਰੱਖੇ ਜਾਂਦੇ ਸਨ। ਬਾਲੀ ਵਿਚ ਇਕ ਘਿਉ ਦੀ ਕੌਲੀ, ਇਕ ਸੂਤ ਦਾ ਗਲੋਟਾ ਤੇ ਚਾਰ ਤਾਂਬੇ ਦੋ ਪੈਸੇ ਵੀ ਰੱਖੇ ਜਾਂਦੇ ਸਨ। ਇਹ ਬਾਲੀ ਨਾਈ ਨੂੰ ਫੜਾਈ ਜਾਂਦੀ ਸੀ। ਨਾਈ ਇਕ ਪਿੰਨਾ ਘਰ ਦੇ ਬੂਹੇ ਕੋਲ, ਦੂਜਾ ਪਿੰਡ ਦੇ ਦਰਵਾਜੇ, ਤੀਜਾ ਪਿੰਨਾ ਰਸਤੇ ਵਿਚ ਅਤੇ ਚੌਥਾ ਮੜ੍ਹੀਆਂ ਵਿਚ ਰੱਖਦਾ ਸੀ। ਆਮ ਲੋਕੀ ਸਾਰੇ ਪਿੰਨੇ ਮੜ੍ਹੀਆਂ ਵਿਚ ਰੱਖ ਦਿੰਦੇ ਸਨ। ਮੜ੍ਹੀਆਂ ਵਿਚ ਸਸਕਾਰ ਕਰਨ ਤੋਂ ਪਹਿਲਾਂ ਜਿੱਥੇ ਅਰਥੀ ਰੱਖੀ ਜਾਂਦੀ ਸੀ, ਉਸ ਦੇ ਚਾਰੇ ਪਾਸੇ ਚਾਰੇ ਤਾਂਬੇ ਦੇ ਸਿੱਕੇ ਰੱਖੇ ਜਾਂਦੇ ਸਨ। ਨਾਲ ਹੀ ਥੋੜ੍ਹਾ-ਥੋੜ੍ਹਾ ਘਿਉ ਪਾ ਦਿੱਤਾ ਜਾਂਦਾ ਸੀ। ਨਾਲ ਹੀ ਸੂਤ ਦਾ ਗੋਲਟਾ ਰੱਖ ਦਿੰਦੇ ਸਨ। ਧਾਰਨਾ ਇਹ ਹੈ ਕਿ ਮਰੇ ਹੋਏ ਵਿਅਕਤੀ ਨੂੰ ਅਗਲੇ ਲੋਕ ਵਿਚ ਖਾਣ ਲਈ ਥੋੜ੍ਹਾ-ਥੋੜ੍ਹਾ ਮਿਲਦਾ ਰਹੇਗਾ।

ਹੁਣ ਲੋਕ ਪੜ੍ਹੇ ਲਿਖੇ ਹਨ। ਹਰ ਰਸਮ ਨੂੰ ਤਰਕ ਤੇ ਤੋਲਦੇ ਹਨ। ਇਸ ਲਈ ਹੁਣ ਪਿੰਡ ਦੀ ਰਸਮ ਕੋਈ ਵਿਰਲਾ ਕੱਟੜ ਹਿੰਦੂ ਪਰਿਵਾਰ ਹੀ ਕਰਦਾ ਹੈ। ਅੱਜ ਦੀ ਪੀੜ੍ਹੀ ਨੂੰ ਇਸ ਰਸਮ ਬਾਰੇ ਵਿਰਸੇ ਦੀਆਂ ਕਿਤਾਬਾਂ ਨੂੰ ਹੀ ਖੋਜਣਾ ਪਵੇਗਾ |[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.