ਸਮੱਗਰੀ 'ਤੇ ਜਾਓ

ਪੁੰਨ ਦਾ ਵਿਆਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁੰਨ ਦਾ ਅਰਥ ਪਵਿੱਤਰ ਵੀ ਹੈ। ਚੰਗੇ ਕਰਮਾਂ ਦਾ ਫਲ ਵੀ ਹੈ। ਚੰਗੇ ਕਰਮ ਵੀ ਹਨ। ਦਾਨ ਵੀ ਹੈ।ਪੁੰਨ ਦਾ ਵਿਆਹ ਉਹ ਵਿਆਹ ਹੈ ਜੋ ਲੜਕੀ ਦੇ ਪਰਿਵਾਰ ਵਾਲੇ ਮੁੰਡੇ ਦੇ ਪਰਿਵਾਰ ਤੋਂ ਬਿਨਾਂ ਪੈਸੇ ਲਏ ਲੜਕੀ ਦਾ ਵਿਆਹ ਕਰਦੇ ਹਨ। ਪੁੰਨ ਦੇ ਵਿਆਹ ਵਿਚ ਲੜਕੀ ਨੂੰ ਪੁੰਨ ਕੀਤਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਲੜਕੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਸੀ। ਇਸ ਲਈ ਮੁੰਡਿਆਂ ਦੇ ਮੁਕਾਬਲੇ ਲੜਕੀਆਂ ਘੱਟ ਹੁੰਦੀਆਂ ਸਨ। ਤੁਸੀਂ ਕਿਸੇ ਪਰਿਵਾਰ ਦਾ ਪਿਛੋਕੜ ਵੇਖ ਲਵੋ, ਤਿੰਨ ਚਾਰ ਭਰਾਵਾਂ ਵਿਚੋਂ ਇਕ ਭਰਾ ਹੀ ਵਿਆਹਿਆ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਆਮ ਪਰਿਵਾਰਾਂ ਦੇ ਗੁਜਾਰੇ ਹੀ ਚਲਦੇ ਸਨ। ਇਸ ਲਈ ਆਮ ਪਰਿਵਾਰਾਂ ਦੇ ਮੁੰਡਿਆਂ ਨੂੰ ਪੁੰਨ ਦਾ ਸਾਕ ਨਹੀਂ ਹੁੰਦਾ ਸੀ। ਸਿਰਫ ਪੈਸੇ ਵਾਲੇ ਪਰਿਵਾਰ ਤੋ ਜਾਇਦਾਦ ਵਾਲੇ ਪਰਿਵਾਰਾਂ ਦੇ ਮੁੰਡਿਆਂ ਦਾ ਹੀ ਪੁੰਨ ਦਾ ਵਿਆਹ ਹੁੰਦਾ ਸੀ। ਫੇਰ ਜਿਉਂ-ਜਿਉਂ ਲੋਕਾਂ ਦੀ ਆਮਦਨ ਵਧੀ, ਗੁਜਾਰੇ ਚੰਗੇ ਹੋਣ ਲੱਗੇ, ਫੇਰ ਪੁੰਨ ਦੇ ਵਿਆਹ ਹੋਣ ਲੱਗੇ। ਹੁਣ ਬਹੁਤੇ ਵਿਆਹ ਪੁੰਨ ਦੇ ਹੁੰਦੇ ਹਨ। ਪੈਸੇ ਲੈ ਕੇ ਵਿਆਹ ਹੁਣ ਬਹੁਤ ਹੀ ਘੱਟ ਹੁੰਦੇ ਹਨ।[1]

ਵਿਆਹ ਦੀ ਸੰਸਥਾ ਦਾ ਨਿਕਾਸ-ਵਿਕਾਸ[ਸੋਧੋ]

ਪੁਰਾਤਨ ਮਨੁੱਖ ਕੁਦਰਤੀ ਜੀਵਨ ਜਿਉਂਦਾ ਸੀ ਪਰ ਅੱਜ ਮਨੁੱਖ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਹਿਤ ਕਈ ਤਰ੍ਹਾਂ ਦੇ ਢੰਗ ਅਪਣਾਉਂਦਾ ਹੈ। ਜਦੋਂ ਲਿੰਗਕ ਸੰਬੰਧਾਂ ਦੀ ਖੁੱਲ ਸੀ ਤਾਂ ਕੋਈ ਪੁਰਸ਼, ਇਸਤਰੀ ਤੇ ਬੱਚਿਆਂ ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ।ਅਜਿਹੀ ਸਥਿਤੀ ਵਿੱਚ ਇਸਤਰੀ ਨੂੰ ਵਧੇਰੇ ਕਰ ਕੇ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਸੀ। ਅਜਿਹੀ ਸਮੱਸਿਆਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੇ ਵਿਆਹ ਦੀ ਰਸਮ ਉਤਪੰਨ ਕੀਤੀ। ਇਸ ਨਾਲ ਔਰਤ-ਮਰਦ ਅੰਦਰ ਇੱਕ-ਦੁਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਹੋਣ ਲੱਗਾ। ਆਚਾਰੀਆ ਚਤੁਰਸੈਨ ਅਨੁਸਾਰ ‘ਰਿਗਵੇਦ ਵਿੱਚ ਵਰਤਮਾਨ ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ’ ਉਹ ਅਥਰਵਵੇਦ ਵਿੱਚ ਵਿਆਹ ਦੀ ਪਰਿਪਾਟੀ ਦੀ ਸਥਾਪਨਾ ਹੋਈ ਮੰਨਦਾ ਹੈ। ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ “ਰਿਗਵੇਦ ਦੇ ਸਮੇਂ ਤਕ ਵਿਆਹ ਦੀ ਸੰਸਥਾ ਭਲੀ-ਭਾਂਤ ਹੋ ਚੁੱਕੀ ਸੀ।” ਇਸ ਵਿਆਹ ਰੂਪੀ ਸੰਸਥਾ ਸਰੁੱਖਿਅਤ ਰੱਖਣ ਲਈ ਸਮਾਜ ਵੱਲੋਂ ਕਈ ਨਿਯਮ ਤੇ ਕਾਨੂੰਨ ਬਣਾਏ ਜਾਂਦੇ ਰਹੇ ਹਨ। ਇਹ ਨਿਯਮ ਜਾਂ ਕਾਨੂੰਨ ਹੀ ਮਨੁੱਖ ਸੰਸਥਾਵਾਂ ਵਜੋਂ ਹੋਂਦ ਵਿੱਚ ਲਿਆਂਦੇ ਗਏ। ਇਨ੍ਹਾਂ ਦੀ ਅਣਹੋਂਦ ਨਾਲ ਸਮਾਜ ਦੀ ਦਸ਼ਾ ਕੁਝ ਹੋਰ ਹੀ ਹੁੰਦੀ। ਹੁਣ ਇਸ ਪ੍ਰਣਾਲੀ ਦੇ ਖ਼ਤਮ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।[2]

ਵਿਆਹ ਦੀ ਪਰਿਭਸ਼ਾ[ਸੋਧੋ]

ਵਿਆਹ ਇੱਕ ਅਜਿਹੀ ਸਮਾਜਿਕ, ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ-ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀਤਵ ਦੇ ਜੈਵਿਕ, ਮਨੋਵਿਗਿਆਨਿਕ, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸ ਦੀ ਜ਼ਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ। ਇਹ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ, ਭੈਣ, ਭਰਾ ਅਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ, ਉਸ ਦੀ ਜ਼ਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ। ਇਸ ਸੰਸਥਾਂ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ, ਭੈਣ, ਭਰਾ ਅਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਜੀਵਨ ਦੀ ਸਾਰੀ ਖੁਸ਼ੀ ਵਿਆਹ ਦੀ ਚੂਲ ਦੁਆਲੇ ਘੁੰਮਦੀ ਹੈ। ਵਿਅਹ ਦਾ ਮਨਰੋਥ ਸਿਰਫ਼ ਸੰਸਾਰਕ ਖੇਡ ਨੂੰ ਚਾਲ ਰੱਖਣਾ ਹੀ ਨਹੀਂ, ਸਗੋਂ ਘਰੋਗੀ ਜੀਵਨ ਦਾ ਸਹੀ ਆਨੰਦ ਮਾਨਣਾ ਵੀਂ ਹੈ।[3] ਵਿਆਹ ਦੀ ਸੰਸਥਾ ਦੀ ਵੱਖ-ਵੱਖ ਵਿਦਵਾਨਾ ਨੇ ਵਿਆਹ ਸੰਬੰਧੀ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਾਵਾਂ ਦਿੱਤੀਆ ਹਨ। ਬਰਟਰਨਡ ਰਸਲ: ਜਿਹੜਾ ਵਿਆਹ ਅਤੇ ਪਰਿਵਾਰ ਦੇ ਵਿਸ਼ੇ ਤੇ ਅਪਿਕ੍ਰਿਤ ਵਿਦਵਾਨ ਹੈ, ਨੇ ਵਿਆਹ ਦੇ ਹੋਰ ਪੱਖਾਂ ਦੇ ਮੁਕਾਬਲੇ, ਇਸ ਦੀ ਕਾਨੂੰਨ ਪ੍ਰਵਾਨਗੀ ਦੇ ਤੱਤ ਤੇ ਵਧੇਰੇ ਜ਼ੋਰ ਦਿੱਤਾ ਹੈ। ਪੀ.ਵੀ.ਕਾਨੇ ਅਨੁਸਾਰ: “ਵਿਆਹ ਸੰਸਕਾਰ ਇੱਕ ਮਹੱਤਵਪੂਰਨ ਸੰਸਕਾਰ ਹੈ। ਵਿਆਹ ਬਬਦ ਸੰਸਕ੍ਰਿਤ ਦੇ ਵਿ-ਵਾਹ (ਵਿਵਹ) ਤੋਂ ਬਣਿਆ ਹੈ। ‘ਵਹ’ ਧਾਤ ਦੇ ਅਰਥ ਹਨ ‘ਚੁਕਣਾ’ ਜਾਂ ‘ਪਾਲਣ ਕਰਨਾ’ ਭਾਵ ਵਿਆਹ ਸੰਸਕਾਰ ਨਾਲ ਦੋ ਵਿਅਕਤੀ ਸਮਾਜ ਦੇ ਪ੍ਰਤੀ ਆਪਣੇ ਆਪਣੇ ਫਰਜ਼ ਨਿਭਾਉਣ ਲਈ ਇੱਕ ਪ੍ਰਤਿਗਿਆ ਕਰਦੇ ਹਨ। ਇਹ ਪ੍ਰਤਿਗਿਆ ਵਿਆਹ ਸੰਸਕਾਰ ਦਾ ਮੁੱਢਲਾ ਮੰਤਵ ਹੈ।”[4] ਇਸ ਤਰ੍ਹਾਂ ਵਿਆਹ ਸੰਸਥਾ ਦੋ ਪਰਿਵਾਰਾਂ ਨੂੰ ਇੱਕ ਅਜਿਹੇ ਰਿਸ਼ਤੇ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ ਇੱਕ ਦੂਜੇ ਲਈ ਸਹਾਇਕ ਦਾ ਕੰਮ ਕਰਦੇ ਹਨ। ਜਿੱਥੇ ਰਿਸ਼ਤੇ-ਨਾਤੇ, ਭਾਸ਼ਾ, ਮਨੋਰਜਨ, ਰੀਤਾਂ, ਧਰਮੇ ਤੇ ਪਰੰਪਰਾ ਬਾਰੇ ਸੋਝੀ ਬੱਚਾ ਪਰਿਵਾਰ ਤੋਂ ਪ੍ਰਾਪਤ ਕਰਦਾ ਹੈ, ਉੱਥੇ ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜ਼ਰੂਰੀ ਹੈ ਵਿਆਹ ਰਾਹੀਂ ਹੀ ਦੋ ਇਨਸਾਨ ਇੱਕ ਪਵਿੱਤਰ ਰਿਸ਼ਤੇ ਵਿੱਚ ਬੱਝਦੇ ਹਨ।

ਵਿਆਹ ਕਰਨ ਦੇ ਢੰਗ[ਸੋਧੋ]

ਹਰੇਕ ਸਮਾਜ ਵਿੱਚ ਵਿਆਹ ਕਰਨ ਦੇ ਢੰਗ ਵੱਖੋਂ ਵੱਖਰੇ ਹਨ ਜਿਵੇਂ ਕਬੀਲੇ ਵਿੱਚ ਅੰਤਰਜਾਤੀ ਵਿਆਹ ਵਿਰਜਿਤ ਹੈ। ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦੇ ਜਿਨਸੀ ਸੰਬੰਧਾਂ ਲਈ ਪੂਰਨ ਖੁਲ੍ਹ ਹੈ। ਇੱਕ ਤੋਂ ਬਾਅਦ ਦੂਜੀ ਥਾਂ ਸੰਬੰਧ ਬਣਾਉਣੇ ਵਰਜਿਤ ਹਨ। ਕਬੀਲੇ ਵਿੱਚ ਤਲਾਕ ਨਾ ਹੋਣ ਦੇ ਬਰਾਬਰ ਹੈ। ਵਿਧਾਵਾ ਵਿਆਹ ਲਈ ਖੁੱਲ ਹੈ, ਪਰ ਬਹੁ-ਪਤੀ ਜਾਂ ਬਹੁ-ਪਤਨੀ ਲਈ ਮਨਾਹੀ ਹੈ।[5] 1. ਮਨੂੰ ਅਨੁਸਾਰ ਵਿਆਹ ਢੰਗ 2. ਹਿੰਦੂਆਂ ਅਨੁਸਾਰ ਵਿਆਹ ਢੰਗ (i) ਮੁੱਲ ਚੁਕਾਈ ਵਿਆਹ (ii) ਵੱਟੇ ਸੱਟੇ ਦਾ ਵਿਆਹ (iii) ਘਰ ਜਵਾਈ ਵਿਆਹ (iv) ਪਿਆਰ ਵਿਆਹ (v) ਪੁੰਨ ਦਾ ਵਿਆਹ (vi) ਅੰਤਰੀ ਵਿਆਹ (vii) ਬਾਹਰੀ ਵਿਆਹ (viii) ਕੁਲੀਨ ਵਿਆਹ 3. ਸਿੱਖ ਵਿਆਹ 4. ਹਿੰਦੂ ਵਿਆਹ 5. ਮੁਸਲਿਮ ਵਿਆਹ[6] ਇਹ ਸਾਰੇ ਵਿਆਹ ਦੇ ਢੰਗ ਹਨ ਇਹਨਾਂ ਵਿਚੋਂ ਅਸੀਂ ਪੁੰਨ ਦੇ ਵਿਆਹ ਬਾਰੇ ਗੱਲ ਕਰਾਂਗੇ।

ਪੁੰਨ ਦਾ ਵਿਆਹ[ਸੋਧੋ]

ਪੁੰਨ ਦਾ ਵਿਆਹ ਅੱਜ ਕੁੱਝ ਸਭ ਤੋਂ ਉੱਚੇ ਦਰਜੇ ਦਾ ਵਿਆਹ ਮੰਨਿਆ ਜਾਂਦਾ ਹੈ। ਇਸ ਵਿੱਚ ਮਾਪੇ ਆਪਣੀ ਲੜਕੀ ਲਈ ਯੋਗ ਵਰ ਲੱਭ ਕੇ ਆਪ ਉਸ ਦਾ ਵਿਆਹ ਕਰਦੇ ਹਨ। ਕੁੜੀ ਦਾ ਰਿਸ਼ਤਾ ਵੇਲੇ ਮੁੰਡੇ ਵਾਲਿਆਂ ਦੇ ਘਰਾਣੇ ਟਿਕਾਣੇ ਦਾ ਬੜਾ ਖਿਆਲ ਰੱਖਿਆ ਜਾਂਦਾ ਸੀ। ਮੁੰਡੇ ਦੀ ਜਾਤ, ਰੀਤ ਅਤੇ ਇਲਾਕੇ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਸੀ ਪਰ ਇਸ ਤਰ੍ਹਾਂ ਦੇ ਵਿਆਹ ਵਿੱਚ ਕੁੜੀ ਦੀ ਮਰਜ਼ੀ ਨਹੀਂ ਪੁੱਛੀ ਜਾਂਦੀ ਸੀ ਪਰ ਅੱਜ-ਕੱਲ ਬਦਲਾਅ ਆ ਰਿਹਾ ਹੈ। ਅੱਜ ਕੱਲ ਵਿਆਹ ਵਿੱਚ ਕੁੜੀ ਦੀ ਮਰਜ਼ੀ ਪੁੱਛੀ ਜਾਂਦੀ ਹੈ।

ਮੁੱਢਲਾ ਵਿਆਹ[ਸੋਧੋ]

ਪੁੰਨ ਦਾ ਵਿਆਹ ਨੂੰ ਅੱਜਕੱਲ੍ਹ ਸਭ ਤੋਂ ਉੱਚੇ ਦਰਜੇ ਦਾ ਵਿਆਹ ਮੰਨਿਆ ਜਾਂਦਾ ਹੈ। ਮਾਪੇ ਆਪਣੀ ਲੜਕੀ ਲਈ ਯੋਗ ਵਰ ਲੱਭਕੇ ਉਸ ਦਾ ਵਿਆਹ ਕਰਦੇ ਹਨ। ਲੜਕੇ ਵਾਲਿਆ ਨੂੰ ਜਦੋਂ ਲੜਕੀ ਸੰਬੰਧੀ ਦੱਸ ਪੈਂਦੀ ਹੇ ਤਾਂ ਉਹ ਲੜਕੇ ਸਮੇਤ ਲੜਕੀ ਨੂੰ ਵੇਖਣ ਆਉਂਦੇ ਹਨ ਜੇ ਲੜਕੀ ਪੰਸਦ ਆ ਜਾਵੇ ਤਾਂ ਸ਼ਗਨ ਕਰ ਦਿੰਦੇ ਹਨ। ਫਿਰ ਵਿਆਹ ਦਾ ਪ੍ਰੰਬੰਧ ਕੀਤਾ ਜਾਂਦਾ ਹੈ। ਲੜਕੇ ਦੇ ਮਾਪੇ ਵਿਆਹ ਸਮੇਂ ਵਰ ਪੱਖ ਵਾਲਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਰਕਮ ਨਹੀਂ ਲੈਂਦੇ ਸਗੋਂ ਆਪਣੇ ਵਿੱਤ ਮੁਤਾਬਕ ਕੰਨਿਆ ਦਾਨ ਸਮੇਂ ਉਹਨਾਂ ਕੋਲੋਂ ਜੋ ਸਰਦਾ-ਪੁਜਦਾ ਹੈ, ਉਹ ਦਾਜ ਦੇ ਰੂਪ ਵਿੱਚ ਦਿੰਦੇ ਹਨ। ਜਿਹੜੇ ਲੜਕਾ ਲੜਕੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤਾਂ ਮਾਪੇ ਉਹਨਾਂ ਦਾ ਵੀ ਪੁੰਨ ਦਾ ਵਿਆਹ ਕਰ ਦਿੰਦੇ ਹਨ। ਭੁਪਿੰਦਰ ਸਿੰਘ ਖਹਿਰਾ ਅਨੁਸਾਰ: ਇਹ ਵਿਆਹ ਦੀ ਸਾਧਾਰਨ ਵੰਨਗੀ ਹੈ। ਇਸ ਵਿੱਚ ਕੰਨਿਆ ਦਾਨ ਦਿੱਤੀ ਜਾਂਦੀ ਹੈ, ਵਿਆਹ ਵੇਲੇ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਲੜਕਾ ਲੜਕੀ ਇੱਕ ਜਾਤ ਦੇ ਹੋਣ। ਇਸ ਵੰਨਵੀ ਦੇ ਵਿਆਹ ਵਿੱਚ ਬਕਾਇਦਾ ਬਰਾਤ ਆਉਂਦੀ ਹੈ। ਆਨੰਦ ਕਾਰਜ ਜਾਂ ਫੇਰੇ ਹੁੰਦੇ ਹਨ। ਲੜਕੀ ਵਾਲਿਆਂ ਵੱਲੋਂ ਦਾਜ ਦਿੱਤਾ ਜਾਂਦਾ ਹੈ ਤੇ ਡੋਲੀ ਤੋਰੀ ਜਾਂਦੀ ਹੈ।[7] ਵਿਆਹ ਤੋਂ ਬਾਅਦ ਜੇਕਰ ਲੜਕਾ ਤੇ ਲੜਕੀ ਇੱਕ ਦੂਜੇ ਨੂੰ ਆਪਣੇ ਮੁਤਾਬਿਕ ਢਾਲ ਲੈਣ ਤਾਂ ਜ਼ਿੰਦਗੀ ਵਧੀਆ ਗੁਜਰ ਜਾਂਦੀ ਹੈ ਨਹੀਂ ਤਾਂ ਤਲਾਕ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਜੇ ਦੋਵਾਂ ਵਿੱਚੋਂ ਇੱਕ ਜਣੇ ਦੀ ਮੌਤ ਹੋ ਜਾਵੇ ਤਾਂ ਮੁੜ ਵਿਆਹ ਕਰਵਾ ਲਿਆ ਜਾਂਦਾ ਹੈ। ਪੁਨਰ ਵਿਆਹ ਪਹਿਲੇ ਵਾਂਗ ਚਾਵਾਂ ਮੁਲ੍ਹਾਰਾਂ ਨਾਲ ਜਾਂ ਰੀਤਾਂ ਰਸਮਾਂ ਸਹਿਤ ਗੀਤ ਗਾਉਂਦੇ ਹੋਏ ਨਹੀਂ ਸੰਪੰਨ ਕੀਤਾ ਜਾਂਦਾ।[8]

ਪੁਨਰ ਵਿਆਹ[ਸੋਧੋ]

ਇਹ ਵੀ ਪੁੰਨ ਦੇ ਵਿਆਹ ਦਾ ਹੀ ਇੱਕ ਰੂਪ ਹੈ ਜਿੱਥੇ ਪੁੰਨ ਦਾ ਵਿਆਹ ਪੂਰੀ ਚਾਵਾਂ-ਮਲ੍ਹਾਰਾ ਨਾਲ ਕੀਤਾ ਜਾਂਦਾ ਹੈ ਪਰ ਪੁਨਰ ਵਿੱਚ ਅਜਿਹਾ ਨਹੀਂ ਹੁੰਦਾ। ਪੰਜਾਬ ਵਿੱਚ ਪੁਨਰ ਵਿਆਹ ਦੀ ਰਸਮ ਵਿੱਚ ਵਖਰੇਵਾਂ ਮਿਲਦਾ ਹੈ। ਇੱਥੇ ਜੱਟ ਸ਼ੇ੍ਰਣੀ ਕਰੇਵਾ ਜਾਂ ਵਿਧਵਾ ਵਿਆਹ ਕਰਨ ਵਿੱਚ ਇਤਰਾਜ਼ ਨਹੀਂ ਕਰਦੀ ਪਰ ਬ੍ਰਾਹਮਣ ਜਾਤੀ ਵਿੱਚ ਅਜਿਹਾ ਸੰਭਵ ਨਹੀਂ ਹੈ ਇਹ ਬ੍ਰਾਹਮਣ ਜਾਤੀ ਵਿੱਚ ਟੈਬੂ ਹੈ ਪੁਰਾਣੇ ਸਮੇਂ ਤੋਂ ਪਤੀ ਦੇ ਮਰਨ ਉੱਪਰੰਤ ਵਿਧਵਾ ਲਈ ਕ੍ਰਮਵਾਰ ਤਿੰਨ ਮਾਰਗ ਸਤੀ ਹੋਣਾ, ਵਿਧਵਾ ਜੀਵਨ ਬਤੀਤ ਕਰਨਾ ਅਤੇ ਪੁਨਰ ਵਿਆਹ ਪ੍ਰਚਲਿਤ ਰਹੇ ਹਨ, ਪਰ ਅੱਜ ਕੱਲ ਪੁਨਰ ਵਿਆਹ ਕਰਾ ਲਿਆ ਜਾਂਦਾ ਹੈ। ਅੱਜ ਕੱਲ ਕਿਸੇ ਵੀ ਵਿਧਵਾ ਇਸਤਰੀ ਜਾਂ ਮਰਦ ਦਾ ਪੁਨਰ ਵਿਆਹ ਦੀ ਰਸਮ ਬਾਰਦਰੀ ਅਦਾ ਕਰਦੀ ਹੈ। ਕਿਉਂਕਿ ਇਸ ਵਿਆਹ ਦਾ ਆਯੋਜਨ ਵੀ ਦੋਹਾਂ ਪਰਿਵਾਰਾਂ ਵੱਲੋਂ ਕੀਤਾ ਜਾਂਦਾ ਹੈ। ਇਸ ਲਈ ਪੁਨਰ ਵਿਆਹ ਵੀ ਪੁੰਨ ਦੇ ਵਿਆਹ ਦੇ ਅਧੀਨ ਲਿਆ ਜਾ ਸਕਦਾ ਹੈ। ਸਮੇਂ ਸਥਾਨ ਦੇ ਸੰਦਰਭ ਵਿੱਚ ਪਰਿਸਥਿਤੀਆਂ ਦੇ ਬਦਲਣ ਕਰ ਕੇ ਸਮਾਜ ਵਿੰਚ ਪਰਿਵਰਤਨ ਆਉਣਾ ਸੁਭਾਵਕ ਹੈ। ਅੱਜ ਸਿੱਖਿਆ ਅਤੇ ਇਸਤਰੀ ਦੀ ਆਜ਼ਾਦੀ ਕਰ ਕੇ ਲੋਕਾਂ ਦੀ ਵਿਆਹ ਪ੍ਰਤੀ ਨਜ਼ਰੀਆਂ ਬਦਲ ਗਿਆ ਹੈ। ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਮੌਤ ਹੋਣ ਉੱਪਰੰਤ ਹੀ ਪਤੀ-ਪਤਨੀ ਦਾ ਸੰਬੰਧ ਟੁੱਟਦਾ ਸੀ ਜਾਂ ਫਿਰ ਔਲਾਦ ਨਾ ਹੋਣ ਦੀ ਸੂਰਤ ਵਿੱਚ ਦੂਜਾ ਵਿਆਹ ਕਰਵਾ ਲਿਆ ਜਾਂਦਾ ਸੀ। ਪਰੰਤੂ ਤਲਾਕ ਨਹੀਂ ਸੀ ਲਿਆ ਜਾਂਦਾ। ਅਰਥਾਤ ਵਿਆਹ ਸੰਬੰਧੀ ਕਾਨੂੰਨ ਬਣਨ ਤੋਂ ਪਹਿਲਾਂ ਭਾਰਤ ਵਿੱਚ ਇੱਕ ਤੋਂ ਵਧੇਰੇ ਵਿਆਹ ਕਰਵਾਉਣ ਦੀ ਵੀ ਪ੍ਰਥਾ ਰਹੀ ਹੈ ਪਰ ਹੁਣ ਇਹ ਪ੍ਰਥਾ ਕਾਨੂੰਨ ਮੁਤਾਬਕ ਇੱਕ ਵਿਆਹ ਤੱਕ ਸੀਮਤ ਹੋ ਗਈ ਹੈ। ਕਾਨੂੰਨ ਦੂਜਾ/ਵਿਆਹ, ਪਤੀ/ਪਤਨੀ ਦੀ ਮੌਤ ਉੱਪਰੰਤ ਹੀ ਸੰਭਵ ਹੋ ਸਕਦਾ ਹੈ। ਅੱਜਕੱਲ੍ਹ ਵਿਆਹ ਸਮਾਜਿਕ ਸਮਝੋਤਾ ਮੰਨਿਆ ਜਾਂਦਾ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਡਾ. ਰਾਜਵੰਤ ਕੌਰ ਪੰਜਾਬੀ. ਪਾਣੀ ਵਾਰ ਬੰਨੇ ਦੀਏ ਮਾਏ. p. 16.
  3. ਲੋਕ ਆਖਦੇ ਹਨ. p. 175.
  4. ਡਾ. ਰਾਜਵੰਤ ਕੌਰ ਪੰਜਾਬੀ. ਪਾਣੀ ਵਾਰ ਬੰਨੇ ਦੀਏ ਮਾਏ. pp. 19–20.
  5. ਕਿਰਪਾਲ ਕਜ਼ਾਕ. ਲੋਕ ਸੱਭਿਆਚਾਰ. pp. 48–49.
  6. ਡਾ. ਰਾਜਵੰਤ ਕੌਰ ਪੰਜਾਬੀ. ਪਾਣੀ ਵਾਰ ਬੰਨੇ ਦੀਏ ਮਾਏ. pp. 24–37.
  7. ਲੋਕਧਾਰਾ, ਭਾਸ਼ਾ ਅਤੇ ਸੱਭਿਆਚਾਰ. p. 175.
  8. ਡਾ. ਰਾਜਵੰਤ ਕੌਰ ਪੰਜਾਬੀ. ਪਾਣੀ ਵਾਰ ਬੰਨੇ ਦੀਏ ਮਾਏ. p. 30.