ਪ੍ਰਭਾਤੀ ਦੀ ਰਸਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਵੇਰ ਵੇਲੇ ਨੂੰ ਪ੍ਰਭਾਤ ਕਹਿੰਦੇ ਹਨ। ਪ੍ਰਭਾਤੀ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਰੇ ਜਾਤੀਆਂ ਦੇ ਵਿਆਹ ਫੇਰਿਆਂ ਨਾਲ ਕੀਤੇ ਜਾਂਦੇ ਸਨ। ਫੇਰੇ ਸਵੇਰ ਵੇਲੇ ਕੀਤੇ ਜਾਂਦੇ ਸਨ। ਫੇਰਿਆਂ ਵਾਲੀ ਸਵੇਰ ਨੂੰ ਪਰਿਵਾਰ ਦੀਆਂ ਇਸਤਰੀਆਂ, ਸ਼ਰੀਕੇ ਵਾਲੀਆਂ ਇਸਤਰੀਆਂ ਤੇ ਮੇਲਣਾਂ ਸਵੇਰੇ-ਸਾਝਰੇ ਉੱਠ ਕੇ ਗੀਤ ਗਾਉਂਦੀਆਂ ਹੋਈਆਂ ਸਾਰੇ ਪਿੰਡ ਦਾ ਚੱਕਰ ਲਾਉਂਦੀਆਂ ਸਨ। ਏਸ ਚੱਕਰ ਲਾਉਣ ਦਾ ਮੰਤਵ ਹੁੰਦਾ ਸੀ ਕਿ ਪਿੰਡ ਵਾਸੀ ਉੱਠ ਖੜਣ ਤੇ ਲੜਕੀ ਦੀ ਫੇਰਿਆਂ ਦੀ ਰਸਮ ਵਿਚ ਹਾਜਰ ਆਉਣ। ਉਨ੍ਹਾਂ ਸਮਿਆਂ ਵਿਚ ਇਕ ਪਰਿਵਾਰ ਦੀ ਧੀ ਸਾਰੇ ਪਿੰਡ ਦੀ ਧੀ ਮੰਨੀ ਜਾਂਦੀ ਸੀ। ਇਸ ਲਈ ਸਾਰੇ ਪਿੰਡ ਵਾਸੀ ਫੇਰਿਆਂ ਦੀ ਰਸਮ ਵਿਚ ਹਾਜਰ ਹੁੰਦੇ ਸਨ। ਸਵੇਰ ਵੇਲੇ ਜੋ ਗੀਤ ਗਾਏ ਜਾਂਦੇ ਸਨ, ਉਨ੍ਹਾਂ ਗੀਤਾਂ ਨੂੰ ਪ੍ਰਭਾਤ ਦੇ ਗੀਤ ਕਹਿੰਦੇ ਸਨ। ਇਸ ਰਸਮ ਨੂੰ ਹੀ ਪ੍ਰਭਾਤੀ ਦੀ ਰਸਮ ਕਿਹਾ ਜਾਂਦਾ ਸੀ। ਸਿੱਖ ਧਰਮ ਨੂੰ ਮੰਨਣ ਵਾਲੇ ਪਰਿਵਾਰ ਫੇਰ ਆਪਣੇ ਮੁੰਡੇ/ਕੁੜੀਆਂ ਦੇ ਵਿਆਹ ਫੇਰਿਆਂ ਦੀ ਥਾਂ ਅਨੰਦ ਕਾਰਜ ਕਰਨ ਲੱਗੇ। ਅਨੰਦ ਕਾਰਜ ਵੀ ਪਹਿਲੇ ਸਮਿਆਂ ਵਿਚ ਸਵੇਰੇ- ਸਵੇਰੇ ਹੀ ਕੀਤੇ ਜਾਂਦੇ ਸਨ।ਹੁਣ ਫੇਰੇ ਤੇ ਅਨੰਦ ਕਾਰਜ ਸਵੇਰੇ-ਸਵੇਰੇ ਨਹੀਂ ਹੁੰਦੇ। ਕਿਸੇ-ਕਿਸੇ ਵਿਆਹ ਵਿਚ ਹੀ ਹੁੰਦੇ ਹਨ। ਹੁਣ ਪ੍ਰਭਾਤੀ ਦੀ ਰਸਮ ਕੋਈ ਨਹੀਂ ਕਰਦਾ। ਹੁਣ ਫੇਰਿਆਂ ਅਨੰਦ ਕਾਰਜ ਦੀ ਰਸਮ ਸਮੇਂ ਲਾੜਾ/ਲਾੜੀ ਦੇ ਪਰਿਵਾਰ ਵਾਲੇ ਤੇ ਕੁਝ ਨਜ਼ਦੀਕੀ ਰਿਸ਼ਤੇਦਾਰ ਹੀ ਹਾਜਰ ਹੁੰਦੇ ਹਨ। ਸਾਰੀ ਬਰਾਤ ਹਾਜਰ ਨਹੀਂ ਹੁੰਦੀ। ਪਿੰਡ ਵਾਸੀਆਂ ਦੇ ਹਾਜਰ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.