ਪੰਜਾਬੀ ਭਵਨ, ਲੁਧਿਆਣਾ
ਪੰਜਾਬੀ ਸਾਹਿਤ ਅਕਾਦਮੀ ਦੇ ਮੁੱਖ ਦਫ਼ਤਰ ਵਜੋਂ, ਪੰਜਾਬੀ ਭਵਨ ਦਾ ਨੀਂਹ ਪੱਥਰ 2 ਜੁਲਾਈ 1966 ਨੂੰ ਲੁਧਿਆਣਾ ਵਿੱਚ, ਭਾਰਤ ਦੇ ਉਦੋਂ ਦੇ ਉਪ-ਰਾਸ਼ਟਰਪਤੀ, ਡਾ. ਰਾਧਾਕ੍ਰਿਸ਼ਨਨ ਨੇ ਰੱਖਿਆ। ਇੱਥੇ ਜ਼ਿਲ੍ਹਾ ਭਾਸ਼ਾ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਵੀ ਹਨ ਅਤੇ ਇਸ ਦੇ ਅਹਾਤੇ ਅੰਦਰ ਇੱਕ ਕਿਤਾਬਾਂ ਦੀ ਦੁਕਾਨ ਹੈ। ਇੱਥੇ ਭਾਂਤ ਭਾਂਤ ਦੀਆਂ ਸਰਗਰਮੀਆਂ ਹੁੰਦੀਆਂ ਹਨ, ਇਸ ਲਈ ਵੱਖ-ਵੱਖ ਲੋਕਾਂ ਲਈ ਇਸ ਦੇ ਅਰਥ ਵੱਖੋ-ਵੱਖ ਹਨ। ਪਿੰਡਾਂ ਦੇ ਲੋਕ ਇਸਨੂੰ ਸੰਗੀਤਕ ਪ੍ਰੋਗਰਾਮਾਂ, ਨਾਟਕਾਂ ਅਤੇ ਪ੍ਰੋ. ਮੋਹਨ ਸਿੰਘ ਮੇਲਾ ਦੇ ਸਥਾਨ ਦੇ ਰੂਪ ਵਿੱਚ ਚਿਤਵਦੇ ਹਨ। ਸ਼ਹਿਰੀ ਨੌਜਵਾਨ ਅਤੇ ਅਮੀਰ ਲੋਕ ਇਸਨੂੰ 'ਸਟਾਰ-ਨਾਈਟਸ' ਜਾਂ ਫੈਸ਼ਨ ਸ਼ੋਅ ਦੇਖਣ ਲਈ ਇੱਥੇ ਆਉਂਦੇ ਹਨ। ਇੱਥੇ ਇੱਕ ਓਪਨ-ਏਅਰ ਥੀਏਟਰ ਹੈ, ਜਿਸਦਾ ਨਾਮ ਐਮ ਐਸ ਰੰਧਾਵਾ ਨੇ, ਥੀਏਟਰ ਅਤੇ ਫ਼ਿਲਮੀ ਅਦਾਕਾਰ ਬਲਰਾਜ ਸਾਹਨੀ ਦੇ ਨਾਮ ਤੇ ਰੱਖਿਆ ਗਿਆ ਸੀ। ਕਵੀ ਲੋਕ ਆਪਣੀ ਮਹੀਨੇਵਾਰ ਮੀਟਿੰਗ, ਪੰਜਾਬੀ ਭਵਨ ਦੇ ਕਮੇਟੀ ਰੂਮ ਵਿੱਚ ਕਰਦੇ ਹਨ। ਚਿੰਤਕ, ਆਲੋਚਕ ਅਤੇ ਨੌਜਵਾਨ ਵਿਦਿਆਰਥੀ ਅਤੇ ਹੋਰ ਲੋਕ ਵਿਚਾਰ-ਵਟਾਂਦਰੇ ਲਈ ਰਾਣਾ ਸੈਮੀਨਾਰ ਹਾਲ ਦੀ ਵਰਤੋਂ ਕਰਦੇ ਹਨ।[1]
ਪੰਜਾਬੀ ਭਵਨ ਵਿੱਚ ਇੱਕ ਹਵਾਲਾ ਲਾਇਬਰੇਰੀ ਹੈ, ਜੋ ਕਿਤਾਬਾਂ, ਦਸਤਾਵੇਜ਼ਾਂ ਅਤੇ ਕਾਗਜ਼ਾਂ ਦੇ ਭੰਡਾਰ ਦੇ ਪੱਖੋਂ, ਲੁਧਿਆਣਾ ਖੇਤਰ ਦੀਆਂ ਚੋਟੀ ਦੀਆਂ ਲਾਇਬਰੇਰੀਆਂ ਵਿਚੋਂ ਇੱਕ ਹੈ।