ਸਮੱਗਰੀ 'ਤੇ ਜਾਓ

ਪੰਜਾਬੀ ਲੋਕ ਨਾਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ-ਨਾਟਕ ਲੋਕਧਾਰਾ ਦਾ ਇੱਕ ਭਾਗ ਹੈ ਜਿਸ ਦਾ ਸੰਬੰਧ ਲੋਕ-ਸਾਹਿਤ ਅਤੇ ਲੋਕ-ਕਲਾ ਦੋਹਾਂ ਨਾਲ ਹੈ।ਲੋਕ ਨਾਟ ਮਿਥਿਕ-ਕਥਾਵਾਂ ਵਾਂਗ ਹਰ ਤਰ੍ਹਾਂ ਦੀਆਂ ਪਰਿਸਥਿਤੀਆਂ ਤੇ ਹਰ ਇਤਿਹਾਸਿਕ ਦੌਰ ਵਿੱਚ ਪੈਦਾ ਨਹੀਂ ਹੋ ਸਕਦਾ। ਪੰਜਾਬ ਵਿੱਚ ਨ੍ਰਿਤ-ਕਲਾ ਆਰੀਅਨ ਲੋਕਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾ ਵਿਕਸਿਤ ਹੋ ਚੁੱਕੀ ਸੀ। ਹਰਚਰਨ ਸਿੰਘ ਦੇ ਕਥਨ ਅਨੁਸਾਰ,” ਹੜੱਪਾ ਤੇ ਮਹਿਜੋਦੜੋ ਦੀ ਖੁਦਾਈ ਦੀ ਲੱਭੀਆਂ ਨਚਾਰਾਂ ਦੀਆਂ ਸ਼ਰਤੀਆਂ ਤੋਂ ਇਹ ਸਪਸ਼ਟ ਹੈ ਕਿ ਉਸ ਕਾਲ ਵਿੱਚ ਲੋਕਾਂ ਦੇ ਨ੍ਰਿਤ ਕਲਾ ਵਿੱਚ ਕਾਫ਼ੀ ਪਰਪਕਤਾ ਪ੍ਰਾਪਤ ਕਰ ਲਈ ਸੀ।”[1] ਨ੍ਰਿਤ ਨੂੰ ਤਾਲ ਵਿੱਚ ਕਰਨ ਲਈ ਸਾਜ਼ ਦੀ ਲੋੜ ਹੰੁਦੀ ਹੈ।” ਨਾਚ ਦਾ ਰਾਗ ਨਾਲ ਸੰਬੰਧ ਮੁਢੋਂ ਤੁਰਿਆਂ ਆ ਰਿਹਾ ਹੈ। ਇਸ ਦੇ ਸਬੂਤ ਹੜੱਪਾ ਸੱਭਿਅਤਾ ਵਿੱਚ ਮਿਲ ਚੁੱਕੇ ਹਨ।”[1] ਲੋਕ ਨਾਟਕ ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਤੇ ਪ੍ਰਗਟਾਅ ਰੂਪ ਹੈ। ਪੰਜਾਬ ਦੇ ਲੋਕ ਜੀਵਨ ਨਾਲ਼ ਸੰਬੰਧਿਤ ਕਲਾਵਾਂ ਦਾ ਵੱਖਰਾ ਸੰਸਾਰ ਹੈ। ਲੋਕ ਨਾਟਕ ਲੋਕ-ਧਾਰਾ ਦਾ ਇੱਕ ਭਾਗ ਹੈ ਜਿਸ ਦਾ ਸੰਬੰਧ ਲੋਕ ਸਾਹਿਤ ਅਤੇ ਲੋਕ ਕਲਾ ਦੋਹਾਂ ਨਾਲ਼ ਹੈ। ਹਰਚਰਨ ਸਿੰਘ ਦੇ ਕਥਨ ਅਨੁਸਾਰ, “ ਹੜੱਪਾ ਅਤੇ ਮੋਹਿੰਜੋਦੜੋ ਦੀ ਖ਼ੁਦਾਈ ਤੋਂ ਲੱਭੀਆਂ ਨਚਾਰਾਂ ਦੀਆਂ ਮੂਰਤੀਆਂ ਤੋਂ ਇਹ ਹੈ ਕਿ ਉਸ ਕਾਲ਼ ਦੇ ਲੋਕਾਂ ਨੇ ਨ੍ਰਿਤ ਕਲਾ ਵਿੱਚ ਕਾਫ਼ੀ ਪਰਪੱਕਤਾ ਪ੍ਰਾਪਤ ਕਰ ਲਈ ਸੀ। ” ਲੋਕ ਨਾਟਕ ਵਿੱਚ ਕਹਾਣੀ ਅੰਸ ਦਾ ਹੋਣਾ ਜ਼ਰੂਰੀ ਹੈ। ਇਹ ਕੋਈ ਮਾਮੂਲੀ ਘਟਨਾ ਜਾਂ ਝਾਕੀ ਵੀ ਹੋ ਸਕਦੀ ਹੈ। ਕੋਈ ਇਤਿਹਾਸਕ ਮਿਥਿਹਾਸਿਕ ਜਾਂ ਰੁਮਾਂਟਿਕ ਬਿਰਤਾਂਤ ਵੀ। ਕਰਨੈਲ ਸਿੰਘ ਥਿੰਦ ਅਨੁਸਾਰ, “ ਲੋਕ ਨਾਟਕ ਕੁਦਰਤ ਦੇ ਖੁੱਲ੍ਹੇ ਵਾਯੂ-ਮੰਡਲ ਵਿੱਚ ਖੇਡੇ ਜਾਣ ਵਾਲ਼ਾ ਪਰੰਪਰਾ ਦੇ ਅੰਸ਼ਾਂ ਨਾਲ਼ ਭਰਪੂਰ ਅਜਿਹਾ ਨਾਟਕ ਹੈ ਜਿਸ ਵਿੱਚ ਲੋਕਪ੍ਰਿਆ ਕਥਾਨਕ ਨੂੰ ਵੰਨ ਸੁਵੰਨੇ ਪਾਤਰਾਂ ਦੁਆਰਾ ਲੋਕ ਗੀਤਾਂ ਤੇ ਲੋਕ ਨਾਚਾਂ ਦੀ ਸਹਾਇਤਾ ਦੁਆਰਾ ਪੇਸ਼ ਕੀਤਾ ਗਿਆ ਹੋਵੇ। ” ਲੋਕ ਨਾਟਕ ਦਾ ਮੁੱਢ ਪੰਜਾਬ ਵਿੱਚ ਵਿਖਾਏ ਜਾਂਦੇ ਤਮਾਸ਼ਿਆਂ ਵਿੱਚ ਵੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਲੋਕ ਨਾਟਕ ਨੂੰ ਜੀਵੰਤ ਰੱਖਣ ਵਿੱਚ ਇੱਥੋਂ ਦੇ ਭੰਡਾਂ ਅਤੇ ਮਰਾਸੀਆਂ ਦਾ ਬੜਾ ਯੋਗਦਾਨ ਹੈ। ਪੰਜਾਬ ਦਾ ਲੋਕ ਨਾਟ ਪਿੰਡਾਂ ਵਿੱਚ ਜੰਮਿਆ ਅਤੇ ਵਿਕਸਿਆ ਹੈ। ਇਸ ਨੂੰ ਪਿੰਡ ਦੇ ਭੰਡਾਂ, ਮਰਾਸੀਆਂ, ਭੁਗਤੀਏ ਤੇ ਰਾਸਧਾਰੀਏ ਆਪਣੇ ਲਹੂ ਨਾਲ਼ ਪਾਲ਼ਦੇ ਹਨ ਲੋਕ-ਨਾਟ ਦੇ ਵਿਕਾਸ ਦੀ ਪਹਿਲੀ ਪ੍ਰਮੁੱਖ ਗੱਲ ਤਾਂ ਇਹ ਹੈ ਕਿ ਇਹ ਸ਼ਾਂਤੀ ਦੇ ਸਮੇਂ ਹੀ ਵਿਕਾਸ ਕਰ ਸਕਦਾ ਹੈ। ਦੂਸਰਾ ਇਸਦੇ ਵਿਕਾਸ ਕਰਨ ਲਈ ਕੋਈ ਪ੍ਰਮੁੱਖ ਸਮਾਜਿਕ-ਕਾਰਜ ਹੋਣਾ ਚਾਹੀਦਾ ਹੈ। ਇਹ ਕਾਰਜ ਭਾਵੇਂ ਧਾਰਮਿਕ ਹੀ ਕਿਉ ਨਾ ਹੋਵੇ।

ਪਰਿਭਾਸ਼ਾ

[ਸੋਧੋ]

ਲੋਕ-ਨਾਟਕ ਦੀ ਵੱਖ-ਵੱਖ ਵਿਅਕਤੀਆਂ ਨੇ ਕੁੱਝ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆ ਹਨ। ਸਯਮ ਪਰਮਾਰ ਲੋਕ ਨਾਟਕ ਨੂੰ ਨਾਟਕ ਦਾ ਅਜਿਹਾ ਰੂਪ ਮੰਨਦੇ ਹਨ, ਜਿਸ ਦਾ ਸੰਬੰਧ ਵਿਸ਼ਿਸ਼ਟ ਪੜ੍ਹੇ ਲਿਖੇ ਸਮਾਜ ਤੋਂ ਭਿੰਨ ਜਨ-ਸਾਧਾਰਨ ਦੇ ਜੀਵਨ ਨਾਲ ਹੁੰਦਾ ਹੈ ਤੇ ਜੋ ਪਰੰਪਰਾ ਤੋਂ ਆਪਣੇ ਖੇਤਰ ਦੇ ਆਮ-ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਰਹੇ ਹੁੰਦੇ ਹਨ।”[1] ਕ੍ਰਿਸ਼ਨ ਦੇਵ ਉਪਧਿਆਇ ਅਨੁਸਾਰ,“ਲੋਕ ਨਾਟਕ, ਲੋਕਧਾਰਾ ਦਾ ਅਜਿਹਾ ਭਾਗ ਹੈ, ਜਿਸ ਦਾ ਸੰਬੰਧ ਲੋਕ ਸਾਹਿਤ ਤੇ ਲੋਕ-ਕਲਾ ਦੋਹਾਂ ਖੇਤਰਾਂ ਨਾਲ ਹੈ ਤੇ ਇਸ ਵਿੱਚ ਗੀਤਾਂ, ਨ੍ਰਿਤ ਤੇ ਸੰਗੀਤ ਦੀ ਭ੍ਰਿਵੇਣੀ ਹੁੰਦੀ ਹੈ।”[2] ਕਰਨੈਲ ਸਿੰਘ ਥਿੰਦ ਦੇ ਵਿਚਾਰ ਅਨੁਸਾਰ,“ਲੋਕ-ਨਾਟਕ ਕੁਦਰਤ ਦੇ ਖੁੱਲ੍ਹੇ ਵਾਯੂ ਮੰਡਲ ਵਿੱਚ ਖੇਡੇ ਜਾਣ ਵਾਲਾ ਪਰੰਪਰਾ ਦੇ ਅੰਸ਼ਾਂ ਨਾਲ ਭਰਪੂਰ ਅਜਿਹਾ ਨਾਟਕ ਹੈ। ਜਿਸ ਵਿੱਚ ਲੋਕ ਪ੍ਰਿਯ ਕਥਾਨਕ ਨੂੰ ਵੰਨ-ਸੁੰਵਨੇ ਪਾਤਰਾਂ ਦੁਆਰਾ ਲੋਕ-ਗੀਤਾਂ ਤੇ ਲੋਕ-ਨਾਚਾਂ ਦੀ ਸਹਾਇਤਾ ਨਾਲ ਪੇਸ਼ ਕੀਤਾ ਗਿਆ ਹੋਵੇ।"[2]

ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ-ਨਾਟ ਜਨ ਸਾਧਾਰਨ ਦੇ ਜੀਵਨ ਨਾਲ ਸੰਬੰਧਿਤ ਅਜਿਹੀ ਵੰਨਗੀ ਹੈ, ਜਿਸ ਵਿੱਚ ਗੀਤ ਨ੍ਰਿਤ ਤੇ ਸੰਗੀਤ ਦੀ ਤ੍ਰਿਵਣੀ ਹੁੰਦੀ ਹੈ।

ਪ੍ਰਮੁੱਖ-ਵੰਨਗੀਆ

[ਸੋਧੋ]

ਪੰਜਾਬੀ ਲੋਕ-ਨਾਟ ਭਾਰਤੀ-ਪਰੰਪਰਾ ਤੋਂ ਭਿੰਨ ਨਹੀਂ। ਇਸ ਦਾ ਕਾਰਨ ਇਹ ਹੈ ਕਿ ਜੋ ਪੰਜਾਬ ਵਿੱਚ ਲੋਕ-ਨਾਟ ਦੀ ਪਰੰਪਰਾ ਬਨੀ ਹੈ, ਉਹ ਪੂਰਵ ਭਾਰਤੀ ਲਹਿਰ ਹੈ। ਉੱਤਰੀ ਭਾਰਤ ਦੀਆਂ ਪ੍ਰਮੁੱਖ ਲੋਕ-ਨਾਟ ਵੰਨਗੀਆਂ ਤੇ ਸ਼ੈਲੀਆਂ ਪੰਜਾਬ ਦੀ ਧਰਤੀ ਤੇ ਹੀ ਜਨਮੀਆਂ ਹਨ।[3] ਪ੍ਰਮੁੱਖ ਲੋਕ ਨਾਟ ਵੰਨਗੀਆਂ ਇਸ ਪ੍ਰਕਾਰ ਹਨ:-

ਲੀਲਾ-ਨਾਟਕ

[ਸੋਧੋ]

ਲੀਲਾ ਨਾਟਕ ਦੀ ਪਰਿਭਾਸ਼ਾ ਕਰਦੇ ਹੋਏ ਅਜੀਤ ਸਿੰਘ ਔਲਖ ਲਿਖਦੇ ਹਨ, ਕਿ ਅਵਤਾਰਾਂ, ਭਗਤਾਂ, ਤੇ ਰਿਸ਼ੀਆਂ-ਮੁਨੀਆਂ ਦੇ ਜੀਵਨ ਦੇ ਚਰਿੱਤਰ ਸੰਬੰਧੀ ਅਜਿਹਾ ਨਾਟਕ, ਜਿਹੜਾ ਰੀਤੀਬੱਧ ਅਭਿਨੈ ਸਾਂਗ, ਨ੍ਰਿਤ, ਸੰਗੀਤ ਤੇ ਪਰੰਪਰਾਗਤ ਲੋਕ ਰੰਗ-ਸ਼ੈਲੀ ਰਾਹੀਂ ਖੇਡਿਆ ਜਾਏ, ਲੀਲਾ ਨਾਟਕ ਕਰਾਉਂਦਾ ਹੈ।”[4] ਲੀਲਾ ਅਕਸਰ ਕਿਸੇ ਮਹਾਂਪੁਰਸ਼ ਦੇ ਜੀਵਨ ਚਰਿੱਤਰ ਨੂੰ ਪ੍ਰਦਰਸ਼ਿਤ ਕਰਦਾ ਲੋਕ ਨਾਟਕ ਹੁੰਦਾ ਹੈ। ਪੰਜਾਬ ਵਿੱਚ ਹੇਠ ਲਿਖੀਆਂ ਲੀਲਾਵਾਂ ਖੇਡੀਆਂ ਜਾਂਦੀਆਂ ਹਨ।

 • 1. ਰਾਮ ਲੀਲਾ
 • 2. ਰਾਸ ਲੀਲਾ

ਲੀਲ੍ਹਾ ਨਾਟਕ ਬਾਰੇ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ 16ਵੀਂ 17ਵੀਂ ਸਦੀ ਵਿੱਚ ਉੱਤਰ ਪ੍ਰਦੇਸ਼ ਜਾਂ ਰਾਜਸਥਾਨ ਵਿੱਚੋਂ ਪੰਜਾਬ ਵਿੱਚ ਆਏ। ਪਰੰਤੂ ਪੰਜਾਬ ਵਿੱਚ ਲੋਕ ਨਾਟ ਦੀ ਪਰੰਪਰਾ 5000 ਸਾਲ ਪੁਰਾਣੀ ਹੈ। ਕਿਉਂਕਿ ਅਜਿਹੇ ਸਬੂਤ ਸਾਨੂੰ ਹੜੱਪਾ ਅਤੇ ਮੋਹਿੰਜੋਦੜੋ ਦੀ ਖੁਦਾਈ ਤੋਂ ਲੱਭੀਆਂ ਮੂਰਤੀਆਂ ਤੋਂ ਪ੍ਰਾਪਤ ਹੋਏ ਹਨ।

ਰਾਮ ਲੀਲ੍ਹਾ

[ਸੋਧੋ]

ਲੋਕ ਨਾਟਕ ਵਿੱਚ ਰਾਮ ਲੀਲ੍ਹਾ ਸਭ ਤੋਂ ਲੋਕਪ੍ਰਿਆ ਹੈ ਅਤੇ ਇਸ ਦਾ ਸੰਬੰਧ ਸਮੁੱਚੇ ਭਾਰਤ ਨਾਲ਼ ਹੈ। ਇਹ ਤਾਂ ਸਪਸ਼ਟ ਹੈ ਕਿ ਰਾਮ ਲੀਲ੍ਹਾ ਵਿੱਚ ਉਸ ਕਥਾ ਨੂੰ ਨਾਟਕੀ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦਾ ਸੰਬੰਧ ਰਾਮਾਇਣ ਨਾਲ਼ ਹੈ। ਆਚਾਰੀਆ ਚੰਦਰ ਪ੍ਰਕਾਸ਼ ਅਨੁਸਾਰ, “ ਰਾਮ ਲੀਲ੍ਹਾ ਸਿਆਮ ਦੇਸ਼ ਵਿੱਚ ਕਠਪੁਤਲੀਆਂ ਦੁਆਰਾ ਖੇਡੀ ਜਾਂਦੀ ਹੈ। ਸਿਆਮ ਦਾ ਰਾਮ ਕੀਨੇ ਅਤੇ ਕੰਬੋਡੀਆ ਦਾ ਰੇਯਾਮਕਰ ਗ੍ਰੰਥ ਕਥਾ ਦੇ ਰੂਪ ਵਿੱਚ ਪ੍ਰਚੱਲਿਤ ਹਨ। ” ਰਾਮ ਲੀਲ੍ਹਾ ਦਾ ਖੇਤਰ ਕਸਬਿਆਂ ਅਤੇ ਸਹਿਰਾਂ ਤਕ ਸੀਮਤ ਰਿਹਾ ਹੈ ਅਤੇ ਉਹ ਵੀ ਸਾਲ ਵਿੱਚ ਇੱਕ ਵਾਰ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲ਼ੇ ਦਿਨ ਤਕ। ਰਾਮ ਲੀਲ੍ਹਾ ਵਿੱਚ ਔਰਤਾਂ ਗਾ ਰੋਲ ਵੀ ਮਰਦ ਹੀ ਨਿਭਾਉਂਦੇ ਹਨ। ਇਸ ਦੀ ਪੇਸ਼ਕਾਰੀ ਲਈ ਸਟੇਜ ਅਤੇ ਬਣਾਓ ਸ਼ਿੰਗਾਰ ਅਥਵਾ ਮੇਕਅਪ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਲੋੜ ਅਨੁਸਾਰ ਮਖੌਟਿਆਂ ਦੀ ਮਖੌਟਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਰਾਮ ਲੀਲ੍ਹਾ ਵਿੱਚ ਅਭਿਨੈ ਕਰਨ ਵਾਲ਼ੇ ਅਦਾਕਾਰ ਅਤੇ ਦਰਸ਼ਕ ਦੋਹਾਂ ਦੀ ਗਿਣਤੀ ਕਾਫ਼ੀ ਹੁੰਦੀ ਹੈ। ਰਾਮ ਲੀਲ੍ਹਾ ਲੋਕ ਮਾਨਸ ਦਾ ਇੱਕ ਭਾਗ ਬਣ ਚੁੱਕੀਆਂ ਹਨ। ਰਾਮ ਲੀਲ੍ਹਾ ਦਾ ਸੀਤਾ ਨੂੰ ਸਵੰਬਰ ਵਿੱਚ ਹਾਸਿਲ ਕਰਨਾ, ਉਸ ਨੂੰ ਬਣਵਾਸ ਦਿੱਤਾ ਜਾਣਾ, ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਕੱਟਣਾ, ਸੀਤਾ ਹਰਣ, ਰਾਮ ਰਾਵਣ ਯੁੱਧ, ਲੰਕਾ ਦਹਿਨ, ਲਛਮਣ ਦਾ ਮੂਰਛਿਤ ਹੋਣਾ ਹਨੂਮਾਨ ਦਾ ਸੰਜੀਵਨੀ ਬੂਟੀ ਲਿਆਉਣਾ, ਰਾਮ ਦਾ ਰਾਵਣ ਤੇ ਵਿਜੈ ਪ੍ਰਾਪਤ ਕਰਨਾ ਅਤੇ ਰਾਮ ਲੀਲ੍ਹਾ ਦਾ ਸਮਾਪਤ ਹੋ ਜਾਣਾ। ਇਹ ਸਾਰੇ ਦ੍ਰਿਸ਼ ਹਰ ਸਾਲ ਦੁਹਰਾਏ ਜਾਂਦੇ ਹਨ। ਖੁੱਲ੍ਹੇ ਤੇ ਵਿਸ਼ਾਲ ਪੰਡਾਲ ਦੀ ਲੋੜ, ਖ਼ਰਚੀਲੀ ਅਤੇ ਬਹੁਤ ਵੱਡੀ ਅਤੇ ਮੰਚ ਅਤੇ ਪੰਜਾਬ ਵਿੱਚ ਮੁਸਲਮਾਨਾਂ ਦੀ ਬਹੁ-ਗਿਣਤੀ, ਆਦਿ ਕੀ ਕਾਰਨਾਂ ਕਰ ਕੇ ਰਾਮ ਲੀਲ੍ਹਾ ਸਮੁੱਚੇ ਪੰਜਾਬੀਆਂ ਦੀ ਸਿਮਰਤੀ ਅਤੇ ਮਾਨਸਿਕਤਾ ਦਾ ਭਾਗ ਨਹੀਂ ਬਣ ਸਕੀ। ਭਾਵੇਂ ਪੰਜਾਬ ਵਿੱਚ ਕੁੱਝ ਅਸਥਾਨ ਅਜਿਹੇ ਹਨ ਜੋ ਰਾਮਾਇਣ ਨਾਲ਼ ਜੋੜੇ ਜਾਂਦੇ ਹਨ। ਜਿਵੇਂ: ਘੜਾਮ (ਰਾਮ ਦੇ ਨਾਨਕੇ), ਸੁਨਾਮ ਵਿਖੇ ਸੀਤਾ ਸਰੋਵਰ, ਲਵ ਤੇ ਕੁਸ਼ ਦੁਆਰਾ ਲਾਹੌਰ ਤੇ ਕਸੂਰ ਦਾ ਵਸਾਏ ਜਾਣਾ, ਕੈਕੇਈ ਦਾ ਪੰਜਾਬ ਦੀ ਧੀ ਹੋਣਾ ਆਦਿ। ਪੰਜਾਬ ਦੇ ਕਸਬਿਆਂ, ਸ਼ਹਿਰਾਂ ਅਤੇ ਵੱਡੇ ਵੱਡੇ ਪਿੰਡਾਂ ਵਿੱਚ ਅੱਜ ਵੀ ਇਸ ਦੀ ਪੇਸ਼ਕਾਰੀ ਹਿੰਦੀ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ।ਰਾਮ ਲੀਲ੍ਹਾ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਵਿੱਚ ਹੋਰ ਵੀ ਰਾਮ ਲੀਲ੍ਹਾ ਖੇਡੀਆਂ ਜਾਂਦੀਆਂ ਹਨ। ਜਿਵੇਂ: 1. ਬਾਲਮੀਕ ਲੀਲ੍ਹਾ 2. ਪ੍ਰਹਿਲਾਦ ਲੀਲ੍ਹਾ 3. ਰਵੀਦਾਸ ਲੀਲ੍ਹਾ 4. ਰਾਸ ਲੀਲ੍ਹਾ 5. ਬਾਬਾ ਬਾਲਕ ਨਾਥ ਲੀਲ੍ਹਾ ਰਾਮ ਲੀਲ੍ਹਾ ਨੂੰ ਪੰਜਾਬੀ ਲੋਕ ਵਿਰਸੇ ਨਾਲ਼ ਸੰਬੰਧਿਤ ਕੀਤਾ ਜਾਂਦਾ ਹੈ। ਅਜੇ ਵੀ ਸਾਡੇ ਲੋਕ ਸਾਹਿਤ ਵਿੱਚ ਮਨੁੱਖੀ ਰਿਸ਼ਤਿਆਂ ਦੇ ਆਦਰਸ਼ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਔਰਤ ਸੀਤਾ ਵਰਗੀ, ਭਰਾ ਲਛਮਣ ਵਰਗਾ ਤੇ ਰਾਮ ਵਰਗਾ ਹੋਏ। ਤੇ ਇਉਂ ਰਾਮ ਕਥਾ ਜਾਂ ਰਾਮ ਲੀਲ੍ਹਾ ਸਾਡੇ ਸਮਾਜ ਦੇ ਅਵਚੇਤਨ ਦਾ ਲਗਾਤਾਰ ਅਟੁੱਟ ਹਿੱਸਾ ਬਣ ਰਹੀ ਹੈ।

ਰਾਸ ਲੀਲ੍ਹਾ

[ਸੋਧੋ]

ਰਾਮ ਲੀਲ੍ਹਾ ਵਾਂਗ ਰਾਸ ਲੀਲ੍ਹਾ ਦਾ ਵੀ ਪੰਜਾਬੀ ਪੰਜਾਬੀ ਲੋਰ ਨਾਟ ਪਰੰਪਰਾ ਵਿੱਚ ਵਿਸ਼ੇਸ਼ ਸਥਾਨ ਹੈ। ਇਹ ਪੰਜਾਬ ਦੇ ਪਿੰਡਾਂ ਵਿੱਚ ਦਿਲ ਪ੍ਰਚਾਵੇ ਦਾ ਮੁੱਖ ਵਸੀਲਾ ਰਹੀਆਂ ਹਨ।ਰਾਸ ਲੀਲ੍ਹਾ ਧਾਰਮਿਕ ਭਾਵਨਾ ਦਾ ਲੋਕ ਨਾਟਕ ਹੈ। ਜਿਸ ਦਾ ਸੰਬੰਧ ਮੂਲ ਰੂਪ ਵਿੱਚ ਕ੍ਰਿਸ਼ਨ ਭਗਵਾਨ ਗੋਪੀਆਂ ਵਿਚਕਾਰ ਬਾਲ ਲੀਲ੍ਹਾਵਾਂ ਨਾਲ਼ ਹੈ। ਰਾਮਾਇਣ ਦੇ ਸਮਾਨੰਤਰ ਹੀ ਕ੍ਰਿਸ਼ਨ ਜੀ ਦੇ ਬਿਰਤਾਂਤ ਦੀ ਪੇਸ਼ਕਾਰੀ ਨੂੰ ਰਾਸ ਲੀਲ੍ਹਾ ਕਿਹਾ ਜਾਂਦਾ ਹੈ। ਇਹ ਮੁੱਖ ਰੂਪ ਵਿੱਚ ਨ੍ਰਿਤ ਅਤੇ ਸੰਗੀਤ ਆਧਾਰਿਤ ਰੋਮਾਂਟਿਕ ਭਾਵਾਂ ਵਾਲ਼ੀ ਨਾਟਕੀ ਵਿਧੀ ਹੈ। ਰਾਸ ਲੀਲ੍ਹਾ ਘੱਟੋ ਘੱਟ ਤਿੰਨ ਘੰਟੇ ਤਕ ਖੇਡੀ ਜਾਂਦੀ ਹੈ। ਇੱਕ ਘੰਟੇ ਤਕ ਰਾਸ ਨ੍ਰਿਤ ਹੁੰਦਾ ਹੈ ਅਤੇ ਬਾਕੀ ਦੋ ਘੰਟੇ ਕ੍ਰਿਸ਼ਨ ਜੀ ਦੇ ਜੀਵਨ ਉੱਤੇ ਆਧਾਰਿਤ ਕੋਈ ਵੀ ਲੀਲ੍ਹਾ ਖੇਡੀ ਜਾਂਦੀ ਹੈ। “ਰਾਸ ਅਤੇ ਲੀਲ੍ਹਾ ਦਾ ਸੰਜੋਗ ਹੀ ਰਾਸ ਲੀਲ੍ਹਾ ਦੇ ਨਾਮਕਰਨ ਦਾ ਵੀ ਕਾਰਨ ਬਣਦਾ ਹੈ।” ਰਾਸ ਲੀਲ੍ਹਾ ਇੱਕ ਅਧਿਆਤਮਕ ਪ੍ਰੇਮ ਲੀਲ੍ਹਾ ਹੈ, ਜਿਸ ਦਾ ਅਨੁਭਵ ਸੰਤ ਅਤੇ ਭਗਤ ਲੋਕ ਆਪਣੇ ਅੰਦਰ ਕਰਦੇ ਹਨ। ਇਸ ਦਾ ਭਾਰਤੀ ਲੋਕ ਜੀਵਨ ਨਾਲ਼ ਰਾਗਾਤਮਿਕ ਸੰਬੰਧ ਹੈ। ਸ੍ਰੀ ਬਲਵੰਤ ਗਾਰਗੀ ਦਾ ਮੱਤ ਹੈ ਕਿ, “ਰਾਸ ਲੀਲ੍ਹਾ ਦਾ ਜਨਮ ਬ੍ਰਿਜ ਭੂਮੀ ਵਿੱਚ ਹੋਇਆ ਅਤੇ ਇਹ ਪਰੰਪਰਾ ਲਗਭਗ ਸਾਢੇ ਤਿੰਨ ਸੌ ਸਾਲ ਤੋਂ ਤੁਰੀ ਆਉਂਦੀ ਹੈ।” ਪਹਿਲਾਂ ਪਹਿਲ ਇਸ ਵਿੱਚ ਲੋਕ ਨਾਟਕ ਨੂੰ ਮੰਦਰਾਂ ਵਿੱਚ ਹੀ ਖੇਡਿਆ ਗਿਆ ਅਤੇ ਬਾਅਦ ਵਿੱਚ ਇਹ ਲੇਕ ਨਾਟਕ ਲੋਕ ਨਾਟਕ ਲੋਕਾਂ ਦੇ ਪਿੜਾਂ ਵਿੱਚ ਆ ਗਿਆ। ਇਨ੍ਹਾਂ ਖੇਡਾਂ ਵਿੱਚ ਚੋਰੀ ਕਰਨਾ, ਗੁਲੇਲਿਆਂ ਨਾਲ ਪਾਣੀ ਦੇ ਘੜੇ ਭੰਨਣੇ, ਕ੍ਰਿਸ਼ਨ ਜੀ ਅਤੇ ਰਾਧਾ ਵਿਚਕਾਰ ਪਰਸਪਰ ਚੋਹਲ, ਰੋਸੇ, ਮਨੌਤਾਂ ਆਦਿ ਦੀ ਪੇਸ਼ਕਾਰੀ ਕੀਤਾ ਜਾਂਦੀ ਹੈ। ਇਸ ਪੇਸ਼ਕਾਰੀ ਵਿੱਚ ਨਾਟ ਅਤੇ ਸੰਗੀਤ ਦੀ ਓਟ ਵੀ ਲਈ ਜਾਂਦੀ ਹੈ। ਭਾਰਤੀ ਲੋਕ ਨਾਟਕ ਦਾ ਨਾਇਕ ਸ੍ਰੀ ਕ੍ਰਿਸ਼ਨ ਕੋਈ ਸਾਧਾਰਨ ਵਿਅਕਤੀ ਨਹੀਂ ਸੀ ਇਹ ਭਗਵਾਨ ਦਾ ਰੂਪ ਸੀ। ਲੋਕ ਉਹਨਾਂ ਦੀਆਂ ਜੀਵਨ ਝਲਕੀਆਂ ਨੂੰ ਪ੍ਰਤੱਖ ਵੇਖਣ ਦੇ ਚਾਹਵਾਨ ਸਨ। ਇਸ ਲਈ ਭਾਰਤ ਦੇ ਕਈ ਹਿੱਸਿਆਂ ਵਿੱਚ ਰਾਸ ਮੰਡਲੀਆਂ ਹੋਂਦ ਵਿੱਚ ਆ ਗਈਆਂ। ਜਿਹਨਾਂ ਨੇ ਵਿਸ਼ਾਲ ਭਾਰਤ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕ੍ਰਿਸ਼ਨ ਭਗਵਾਨ ਨਾਲ਼ ਜੁੜੀਆਂ ਲੀਲ੍ਹਾਵਾਂ ਨੂੰ ਨਾਟਕੀ ਰੂਪ ਵਿੱਚ ਵਿਖਾਉਣਾ ਸ਼ੁਰੂ ਕੀਤਾ। ਇਹ ਝਾਕੀਆਂ ਦਰਸ਼ਕਾਂ ਦੀ ਰੂਹਾਨੀ ਭੁੱਖ ਨੂੰ ਵੀ ਤ੍ਰਿਪਤ ਕਰਦੀਆਂ ਹਨ। ਰਾਸਧਾਰੀਆਂ ਦੇ ਇੱਕ ਗਰੁੱਪ ਅਥਵਾ ਇੱਕ ਰਾਸ ਮੰਡਲੀ ਵਿੱਚ 12 ਤੋਂ 16 ਤਰਲੋਕ ਸ਼ਾਮਿਲ ਹੁੰਦੇ ਹਨ। ਕਿਉਂ ਜੋ ਰਾਸਾਂ ਵਿੱਚ ਕੁੜੀਆਂ ਦਾ ਰੋਲ ਵੀ ਲੜਕੇ ਹੀ ਕਰਦੇ ਹਨ। ਇਹਨਾਂ ਵਿੱਚ ਕੁੱਝ ਗਾਇਕ ਅਤੇ ਸ਼ਾਜ਼ਿੰਦੇ ਵੀ ਹੁੰਦੇ ਹਨ। ਸ਼ਾਜ਼ਾਂ ਵਿੱਚੋਂ ਢੋਲਕੀ, ਛੈਣੇ, ਹਾਰਮੋਨੀਅਮ, ਤਬਲਾ, ਚਿਮਟਾ ਆਦਿ ਵਰਤੇ ਜਾਂਦੇ ਹਨ। ਬਹੁਤੀ ਵਾਰ ਇੱਕ ਅਦਾਕਾਰ ਨੂੰ ਇੱਕ ਤੋਂ ਵਧੇਰੇ ਰੋਲ ਅਦਾ ਕਰਨੇ ਪੈਂਦੇ ਹਨ। ਜਦ ਕਿਸੇ ਪਿੰਡ ਵਿੱਚ ਰਾਲ ਪੈ ਰਹੀ ਹੁੰਦੀ ਹੈ ਤਾਂ ਆਪਣੇ ਪਿੰਡ ਰਾਸ ਪਵਾਉਣ ਦੇ ਚਾਹਵਾਨ ਪਿੰਡ ਦੇ ਨੁਮਾਇੰਦੇ ਵਜੋਂ ਜਾ ਕੇ ਰਾਸਧਾਰੀਆਂ ਦੇ ਆਗੂ ਨੂੰ ਮਿਲ ਕੇ, ਰਾਸ ਸੰਬੰਧੀ ਦਿਨ ਨਿਸ਼ਚਿਤ ਕਰ ਕੇ ਉਸ ਨੂੰ ਸਾਈ ਦੇ ਆਉਂਦੇ ਹਨ। ਪਿੰਡ ਵੱਲੋਂ ਰਾਸ ਮੰਡਲੀ ਦੀ ਰਿਹਾਇਸ਼ ਅਤੇ ਖਾਣ ਪੀਣ ਦੀ ਰਸਦ ਆਦਿ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਆਮ ਤੌਰ 'ਤੇ ਰਾਸਾਂ ਚਾਨਣੀ ਰਾਤ ਨੂੰ ਪੈਂਦੀਆਂ ਹਨ। ਰਾਸ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਥਾਲ਼ੀ ਵਿੱਚ ਜੋਤ ਜਗਾ ਕੇ ਬਾਕਾਇਦਾ ਆਰਤੀ ਉਤਾਰੀ ਜਾਂਦੀ। ਇਸ ਉਪਰੰਤ ਰਾਸ ਦਾ ਆਰੰਭ ਸੰਗੀਤ ਅਤੇ ਨਾਚ ਨਾਲ਼ ਹੁੰਦਾ। ਆਰੰਭ ਵਿੱਚ ਕ੍ਰਿਸ਼ਨ ਭਗਵਾਨ ਅਤੇ ਗੋਪੀਆਂ ਨਾਲ਼ ਸੰਬੰਧਿਤ ਕੋਈ ਝਾਕੀ ਪੇਸ਼ ਕੀਤੀ ਜਾਂਦੀ ਹੈ। ਪਿੱਛੋਂ ਕਿਸੇ ਲੋਕ ਗਾਥਾ ਉੱਪਰ ਆਧਾਰਿਤ ਸ਼ਿੰਗਾਰ ਰਸ ਭਰਪੂਰ ਨਾਟਕ ਖੇਡਿਆ ਜਾਂਦਾ ਅਤੇ ਨਾਟਕ ਮੁਕੰਮਲ ਕੀਤਾ ਜਾਂਦਾ। ਰਾਸਾਂ ਦੀ ਇਹ ਪਰੰਪਰਾ 1947 ਤਕ ਲਗਭਗ ਸਾਰੇ ਪੰਜਾਬ ਵਿੱਚ ਜਾਰੀ ਰਹੀ, ਪਰ ਫ਼ਿਲਮਾਂ, ਰੇਡੀਉ ਤੇ ਹੁਣ ਟੈਲੀਵਿਜ਼ਨਾਂ ਨੇ ਰਾਸਾਂ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ ਹੈ। ਹੁਣ ਇਹ ਬੀਤੇ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ। ਰਾਸ ਲੀਲ੍ਹਾ ਦੇ ਵੱਖ ਵੱਖ ਰੂਪ ਪ੍ਰਚੱਲਿਤ ਸਨ। ਜਿਵੇਂ: 1. ਮੰਦਰ ਰਾਸ ਲੀਲ੍ਹਾ 2. ਰਾਸ ਧਾਰੀ ਰਾਸ ਲੀਲ੍ਹਾ ਰਾਸ ਧਾਰੀ ਰਾਸ ਲੀਲ੍ਹਾ ਦੋ ਪ੍ਰਕਾਰ ਦੀਆਂ ਰੰਗ-ਸ਼ੈਲੀਆਂ ਵਿੱਚ ਖੇਡੀ ਜਾਂਦਾ ਹੈ: 1. ਰਾਸ ਰੰਗ ਸ਼ੈਲੀ 2. ਸਾਂਗ ਰੰਗ ਸ਼ੈਲੀ। ਰਾਮ ਲੀਲਾ ਸ਼੍ਰੀ ਰਾਮ ਚੰਦਰ ਦੇ ਜੀਵਨ ਨਾਲ ਸੰਬੰਧਿਤ ਲੋਕ-ਨਾਟਕ ਹੈ ਤੇ ਰਾਸ ਲੀਲਾ ਸ਼੍ਰੀ ਕਿਸ਼ਨ ਜੀ ਦੇ ਜੀਵਨ-ਚਰਿੱਤਰ ਨੂੰ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਨਾਵਾਂ ਅਨੁਸਾਰ ਇਹ ਲੀਲਾਵਾਂ ਖੇਡੀਆਂ ਜਾਂਦੀਆਂ ਹਨ।

ਸਾਂਗ-ਨਾਟਕ

[ਸੋਧੋ]

ਸਾਂਗ-ਨਾਟਕ ਵਿਅਕਤੀਗਤ ਬਹਿਰੂਪੀਏ ਤੋਂ ਲੈ ਕੇ ਕਿਸੇ ਰਾਜੇ, ਮਹਾਰਾਜੇ, ਪ੍ਰੇਮੀ-ਭਗਤ ਜਾਂ ਡਾਰੂ ਦੇ ਜੀਵਨ ਚਰਿੱਤਰ ਤੱਕ ਫੈਲਿਆ ਹੁੰਦਾ ਹੈ। ਭਾਈ ਕਾਹਨ ਸਿੰਘ ਸਾਂਗ ਸ਼ਬਦ ਦਾ ਅਰਥ ਕਰਦੇ ਲਿਖਦੇ ਹਨ ਕਿ “ਕਿਸੇ ਦੂਜੇ ਵਿਅਕਤੀ ਦਾ ਰੂਪ-ਧਾਰਨ ਜਾਂ ਸਮਾਨ-ਅੰਗ ਬਣਾਉਣ ਦੀ ਕ੍ਰਿਆ ਨੂੰ ਸਾਂਗ ਕਹਿੰਦੇ ਹਨ।”[4] ਸਾਂਗ ਨਾਟਕ ਪਰੰਪਰਾ ਪੰਜਾਬ ਵਿੱਚ ਪ੍ਰਾਚੀਨ ਸਮੇਂ ਤੋਂ ਚੱਲ ਰਹੀ ਹੈ। ਪੰਜਾਬ ਵਿੱਚ ਸਾਂਗਾ ਦੇ ਪਹਿਲੇ ਲਿਖਤੀ ਰੂਪ ਸਰ ਰਿਚਰਡ ਟੈਂਪਲ ੌ:ਕਪਕਅਦਤ ਰ ਿਵੀਕ ਸ਼ਚਅਹ਼ਲੌ ਵਿੱਚ ਇਕੱਤਰ ਕਰਦੇ ਹਨ। ਸਾਂਗ ਨਾਟਕ ਅੱਗੇ ਦੋ ਪਰੰਪਰਾਵਾਂ ਵਿੱਚ ਵੰਡਿਆ ਗਿਆ। (ਜ) ਸਵਾਂਗ (ਜਜ) ਨੌਟੰਕੀ (ਜ) ਸਵਾਂਗ:- ਸਵਾਂਗ ਇੱਕ ਤਰ੍ਹਾਂ ਦਾ ਗੀਤ-ਨਾਟ ਹੈ, ਜੋ ਪਿੰਡ ਦੀ ਸੱਖ ਜਾ ਖੁੱਲ੍ਹੇ ਮੈਦਾਨ ਵਿੱਚ ਖੇਡਿਆ ਜਾਂਦਾ ਹੈ। ਇਸ ਵਿੱਚ ਕਿਸੇ ਲੋਕ-ਨਾੲਕ ਦੀ ਝਾਕੀ ਪੇਸ਼ ਕੀਤੀ ਜਾਂਦੀ ਹੈ। ਗੀਤ ਲੋਕ ਧੁਨਾਂ ਤੇ ਗਾਏ ਜਾਂਦੇ ਹਨ। ਪੂਰਨ ਨਾਥ ਜੋਗੀ ਤੇ ਗੋਪੀ ਚੰਦ ਦੇ ਸਵਾਂਗ ਪੰਜਾਬ ਵਿੱਚ ਪ੍ਰਸਿੱਧ ਰਹੇ ਹਨ।

ਨੌਟੰਕੀ

[ਸੋਧੋ]

ਸਵਾਂਗ ਦਾ ਇੱਕ ਵਿਸ਼ੇਸ਼ ਰੂਪ ਨੌਟੰਕੀ ਨਾਟਕ ਹੁੰਦਾ ਹੈ। ਇਸ ਨਾਟਕ ਦਾ ਸੰਬੰਧ ਕਿਸੇ ਸ਼ਹਿਜਾਦੀ ਨਾਲ ਜੋੜਿਆ ਜਾਂਦਾ ਹੈ। ਬੇਦੀ (1973,236) ਨੌਟੰਕੀ ਵਿੱਚ ਪਾਤਰਾਂ ਦਾ ਸੰਵਾਦ ਗੀਤ ਵਿੱਚ ਹੁੰਦਾ ਹੈ।‘ਇਹ ਗੀਤ ਲੋਕ-ਧੁਨਾਂ ਵਿੱਚ ਗਾਏ ਜਾਂਦੇ ਹਨ। ਨੌਟੰਕੀ ਵਿੱਚ ਹਾਸਾ-ਮਥੌਲ ਵੀ ਆ ਸਕਦਾ ਹੈ। ਲੋਕ ਨਾਟ ਵਿੱਚ ‘ਨੌਟੰਕੀ’ ਪੰਜਾਬ ਦੀ ਉੱਘੀ ਦੇਣ ਹੈ। ਨੌਟੰਕੀ ਮੁਲਤਾਨ ਦੀ ਰਾਜ ਕੁਮਾਰੀ ਜਾਂ ਗਾਇਕਾ ਸੀ ਜੋ ਮੱਧ ਕਾਲ ਵਿੱਚ ਏਨੀ ਪ੍ਰਚੱਲਿਤ ਹੋਈ ਕਿ ਲੋਕ ਹਰੇਕ ‘ਸਾਂਗ ਤਮਾਸ਼ੇ’ ਨੂੰ ਨੌਟੰਕੀ ਕਹਿਣ ਲੱਗਾ। ਅਸਲ ਵਿੱਚ ਨੌਟੰਕੀ ਰਾਮ ਪਰੰਪਰਾ, ਫਾਗ ਪਰੰਪਰਾ, ਗਾਥਾ ਗਾਇਨ ਅਤੇ ਈਰਾਨੀ ਕਿੱਸਾ ਰਵਾਨੀ ਪਰੰਪਰਾਵਾਂ ਦਾ ਹੀ ਮਿਸ਼ਰਤ ਰੂਪ ਹੈ। ਪੰਜਾਬੀ ਨੌਟੰਕੀ ਸਾਰੇ ਉੱਤਰੀ ਭਾਰਤ ਦੇ ਨਵਾਬੀ ਸ਼ਹਿਰਾਂ ਕਸਬਿਆਂ ਵਿੱਚ ਪ੍ਰਚੱਲਿਤ ਹੋਈ। ਰਾਜਸਥਾਨ ਦਾ ‘ਖਿਆਲ਼ਾ’ ਲੋਕ ਨਾਟ ਨੌਟੰਕੀ ਦਾ ਹੀ ਰੂਪ ਹੈ। ਇਸ ਤੋਂ ਛੁੱਟ ਸੁਣੱਖੇ ਮਰਦ ਨਚਾਰਾਂ ਦੇ ਵੇਸ ਵਿੱਚ ਜਲਸਾ ਅਖਵਾਉਂਦੇ ਬੋਲੀਆਂ ਤੇ ਨਾਚ ਆਦਿਕ ਪੰਜਾਬ ਦੇ ਪੇਂਡੂ ਸਮਾਜ ਵਿੱਚ ਬੇਹੱਦ ਪ੍ਰਚੱਲਿਤ ਰਹੇ ਹਨ। ਪੰਜਾਬੀ ਦੇ ਲੋਕ ਨਾਟ ਸੰਬੰਧੀ ਖੋਜੀਆਂ ਨੇ ਨੌਟੰਕੀ ਨੂੰ ਸਵਾਂਗ ਦਾ ਇੱਕ ਰੂਪ ਹਾ ਗਰਦਾਨਿਆ ਹੈ। ਲੋਕ ਕਥਾ ਅਨੁਸਾਰ ਨੌਟੰਕੀ ਨਾਮ ਦੀ ਮੁਲਤਾਨ ਦੀ ਰਾਜਕੁਮਾਰੀ ਬਹੁਤ ਹੁਸੀਨ ਗਾਇਕਾ ਸੀ ਜੋ ਫੂਲ ਸਿੰਘ ਦੇ ਨਾਂ ਦੇ ਯੁਵਕ ਨੂੰ ਦਿਲ ਦੇ ਬੈਠੀ। ਜਦ ਨੌਟੰਕੀ ਦੇ ਇਸ਼ਕ ਦਾ ਭੇਦ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਫੂਲ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਸ਼ਹਿਜ਼ਾਦੀ ਨੂੰ ਪਤਾ ਲੱਗਿਆ ਤਾਂ ਉਹ ਹੀਰੀ ਚੱਟ ਕੇ ਮਰ ਗਈ। ਕਿਉਂ ਜੋ ਫੂਲ ਸਿੰਘ ਆਪਣੇ ਭੇਸ ਵਟਾ ਕੇ (ਸਵਾਂਗ ਭਰ ਕੇ) ਮੁਟਿਆਰ ਦੇ ਰੂਪ ਵਿੱਚ ਨੌਟੰਕੀ ਨੂੰ ਮਿਲਿਆ ਸੀ। ਇਸ ਵਿੱਚ ਪ੍ਰਚੱਲਿਤ ਸਵਾਂਗ ਨੂੰ ਨੌਟੰਕੀ ਦਾ ਨਾਂ ਦਿੱਤਾ ਗਿਆ। ਇਸ ਤਰ੍ਹਾਂ ਸਵਾਂਗ ਤੇ ਨੌਟੰਕੀ ਵਿੱਚ ਕੋਈ ਅੰਤਰ ਨਹੀਂ। ਬਲਵੰਤ ਗਾਰਗੀ ਅਨੁਸਾਰ ਨੌਟੰਕੀ ਇੱਕ ਪ੍ਰਕਾਰ ਦਾ ਗੀਤ ਨਾਟ ਹੈ ਜੋ ਯੋਧੇ, ਦਿਆਲੂ, ਡਾਕੂ ਜਾਂ ਕਿਸੇ ਪ੍ਰੇਮੀ ਦਾ ਕਿੱਸਾ ਹੁੰਦਾ ਹੈ। ਉਹ ਨੌਟੰਕੀ ਦਾ ਨਾਤਾ ਰਾਸ ਨਾਲ਼ ਜੋੜਦਾ ਹੈ। ਡਾ. ਵਣਜਾਰਾ ਬੇਦੀ ਧਾਰਨਾ ਹੈ ਕਿ ਸਵਾਂਗ ਗੰਭੀਰ ਹੁੰਦਾ ਹੈ ਜਦ ਕੇ ਨੌਟੰਕੀ ਵਿੱਚ ਹਾਸੇ ਠੱਠੇ ਲਈ ਮਖੌਲੀਏ ਪਾਤਰ ਵੀ ਹੁੰਦੇ ਹਨ। ਦੂਜੇ ਨੌਟੰਕੀ ਵਿੱਚ ਸੰਗੀਤ ਤੇ ਨਾਚ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਜਦ ਕਿ ਸਵਾਂਗ ਵਿੱਚ ਮਹੱਤਵ ਅਭਿਨੈ ਨੂੰ ਦਿੱਤਾ ਜਾਂਦਾ ਹੈ। ਨਿਰਸੰਦੇਹ ਨੌਟੰਕੀ ਅਜਿਹਾ ਲੋਕ ਨਾਟਕ ਹੈ, ਜਿਸ ਵਿੱਚ ਯੋਧਿਆਂ ਦੇ ਪ੍ਰਸੰਗਾਂ, ਸ,ਦਜਾਚਾਰਕ ਤੋ ਪ੍ਰੀਤ ਭਾਵਨਾਵਾਂ ਦੀਆਂ ਗਾਥਾਵਾਂ ਦੀ ਪੇਸਕਾਰੀ ਗੀਤਾਂ ਤੇ ਨਾਚਾਂ ਰਾਹੀਂ ਕੀਤੀ ਜਾਂਦੀ ਹੈ। ਨਗਾਰਾ, ਢੋਲਕ, ਸਾਰੰਗੀ, ਹਾਰਮੋਨੀਅਮ, ਸ਼ਹਿਨਾਈ ਆਦਿ ਸਾਜ਼ਾਂ ਜੀ ਵਰਤੋਂ ਕੀਤੀ ਜਾਂਦੀ ਹੈ। ਕਿੱਧਰੇ ਇਸ ਨੂੰ ਰਸਧਾਰੀਆਂ ਦੁਆਰਾ ਖੇਡਿਆ ਜਾਂਦਾ ਹੈ ਅਤੇ ਪੰਜਾਬ ਵਿੱਚ ਇਸ ਨੂੰ ਸਵਾਂਗ ਦਾ ਹੀ ਇੱਕ ਰੂਪ ਮੰਨਿਆ ਜਾਂਦਾ ਹੈ। ਸਵਾਂਗ ਇੱਕ ਵਿਸ਼ੇਸ਼ ਰੂਪ ਨੌਟੰਕੀ ਹੈ। ਇ ਜਦਾ ਮੁੱਢ ਨੌਟੰਕੀ ਨਾਂ ਦੀ ਸ਼ਹਿਜਾਦੀ ਦੀ ਪ੍ਰੇਮ ਕਥਾ ਦੇ ਗੀਤ ਨਾਟ ਤੋਂ ਬਣਿਆ। ਨੌਟੰਕੀ ਦੀ ਘਟਨਾ ਬੜੀ ਅਦਭੁਤ ਰੌਚਕ ਤੇ ਨਾਟਕੀ ਘਟਨਾਵਾਂ ਨਾਲ਼ ਭਰਪੂਰ ਹੈ। ਇਸ ਕਥਾ ਉੱਪਰ ਆਧਾਰਿਤ ਸਵਾਂਗ ਇਤਨਾ ਸਫ਼ਲ ਤੇ ਮਕਬੂਲ ਹੋਇਆ ਕਿ ਪਿੱਛੋਂ ਜੇ ਹੋਰ ਸਵਾਂਗ ਇਸੇ ਸ਼ੈਲੀ ਖੇਡੇ ਗਏ ਉਹ ਨੌਟੰਕੀ ਅਖਵਾਏ। ਨੌਟੰਕੀ ਵਿੱਚ ਸੰਗੀਤ ਦਾ ਖ਼ਾਸ ਮਹੱਤਵ ਹੁੰਦਾ ਹੈ। ਪਾਤਰਾਂ ਦੇ ਵਾਰਤਾਲਾਪ ਜੋ ਗੀਤ ਵਿੱਚ ਹੁੰਦੇ ਹਨ ਪ੍ਰਸਿੱਧ ਲੋਕ ਧੁਨਾਂ ਸ ਵਿੱਚ ਗਾਏ ਜਾਣ ਕਰ ਕੇ ਲੋਕਾਂ ਨੂੰ ਬੜੇ ਰੌਚਕ ਲਗਦੇ ਹਨ। ਨੌਟੰਕੀ ਦਾ ਰੰਗਮੰਚ ਉੱਚਾ ਥੜਾ ਜਾਂ ਤਖ਼ਸਪੋਸ਼ ਹੁੰਦਾ ਹੈ। ਜਿਸ ਦੇ ਸਾਹਮਣੇ ਤੇ ਸੱਜੇ ਖੱਬੇ ਦਰਸ਼ਕ ਬੈਠ ਜਾਂਦੇ ਹਨ। ਨੌਟੰਕੀ ਵਿੱਚ ਸੰਗੀਤ ਤੇ ਨਾਚ ਨੂੰ ਪ੍ਰਮੁੱਖਤਾ ਹਾਸਲ ਹੁੰਦੀ ਹੈ ਅਤੇ ਸਵਾਂਗ ਵਿੱਚ ਪਾਤਰਾਂ ਦੇ ਸਵਾਂਗ ਨੂੰ ਅਭਿਨੈ। ਸਵਾਂਗ ਦਾ ਵਾਤਾਵਰਨ ਗੰਭੀਰ ਹੁੰਦਾ ਹੈ। ਪਰ ਨੌਟੰਕੀ ਵਿੱਚ ਹਾਸਾ ਮਜ਼ਾਕ ਹੁੰਦਾ ਹੈ ਕਿਉਂਕਿ ਨੌਟੰਕੀ ਪਰੰਪਰਾ ਵਿੱਚ ਨਾਟਕ ਖੇਡਣ ਵਾਲ਼ੇ ਪਾਤਰਾਂ ਤੋਂ ਬਿਨਾਂ ਵਾਧੂ ਪਾਤਰ ਰੰਗਾ ਤੇ ਬਿਗਲਾ ਵੀ ਹੁੰਦੇ ਹਨ। ਰੰਗਾ ਨਾਚਕ ਦਾ ਡਾਇਰੈਕਟਰ ਹੁੰਦਾ ਹੈ ਅਤੇ ਵੱਖ ਵੱਖ ਝਾਕੀਆਂ ਨੂੰ ਆਪਣੀ ਵਾਰਤਾਲਾਪ ਨਾਲ਼ ਜੋੜਦਾ ਹੈ। ਬਿਗਲਾ ਬਿਨ ਬੁਲਾਇਆ ਪਾਤਰ ਹੁੰਦਾ ਹੈ। ਉਹ ਚਲਦੇ ਹੋਏ ਨਾਟਕ ਵਿੱਚ ਜਦ ਜੀਅ ਚਾਹੇ ਆ ਟਪਕਦਾ ਹੈ ਅਤੇ ਹਾਸ ਰਸੀ ਟਿੱਚਰਾਂ ਰਾਹੀਂ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਉਂਦਾ ਹੈ। ਹਵਾਲੇ

 1. ਲੋਕਯਾਨਿਕ ਵਿਅੰਗਕਾਰੀ - ਆਤਮ ਹਮਰਾਹੀ
 2. ਪੰਜਾਬ ਦਾ ਲੋਕ ਵਿਰਸਾ ਭਾਗ ਦੂਜਾ - ਕਰਨੈਲ ਸਿੰਘ ਥਿੰਦ
 3. ਲੋਕਧਾਰਾ - ਬਲਬੀਰ ਸਿੰਘ ਪੂਨੀ

ਨਕਲਾਂ

[ਸੋਧੋ]

ਨਕਲ ਤੋਂ ਭਾਵ ਕਿਸੇ ਦੀ ਮਜ਼ਾਕੀਆ ਢੰਗ ਨਾਲ ਨਕਲ ਬਣਾਉਣ ਤੋਂ ਹੀ ਹੈ। ਰਾਸ ਤੋਂ ਬਾਦ ਜੇ ਕੋਈ ਲੋਕ-ਨਾਟ ਦੀ ਪੰਜਾਬ ਵਿੱਚ ਕੋਈ ਹਰਮਨ-ਪਿਆਰੀ ਵੰਨਗੀ ਹੈ ਤਾਂ ਉਹ ਨਕਲਾਂ ਕਹੀਆਂ ਜਾ ਸਕਦੀਆਂ ਹਨ। ਨਕਲਾਂ ਵਿੱਚ ਮਰਾਸੀ ਮਾਹਰ ਹੁੰਦੀ ਹੈ। ਇਹ ਦੋ ਪਾਤਰ ਬਣ ਜਾਂਦੇ ਹਨ, ਇੱਕ-ਦੂਸਰੇ ਨੂੰ ਟਿੱਚਰਾਂ ਕਰਦੇ ਹਨ। ਇਹ ਇੱਕ ਹਸਾਉਣਾ ਨਾਟ ਹੈ। ਨਕਲ ਵਿੱਚ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ। ਕਿਸੇ ਵੱਡੇ ਤੋਂ ਵੱਡੇ ਵਿਅਕਤੀ ਜਾਂ ਸਮਾਜਿਕ ਪਰੰਪਰਾ ਤੇ ਨਕਲ ਰਾਹੀਂ ਵਿਅੰਗ ਕਰਿਆ ਜਾ ਸਕਦਾ ਹੈ। ਇਸ ਦੇ ਪਾਤਰਾਂ ਦਾ ਪਹਿਰਾਵਾਂ ਵੀ ਹਸਾਉਣਾ ਹੁੰਦਾ ਹੈ। ਇੱਕ ਪਾਤਰ ਦੇ ਹੱਥ ਚਮੋਟਾ ਹੁੰਦਾ ਹੈ। ਦੂਸਰਾ ਜਦੋਂ ਹਾਸੇ ਦੀ ਗੱਲ ਕਰਦਾ ਹੈ ਤਾਂ ਉਹ ਚਮੋਟਾ ਉਸਦੇ ਮਾਰਦਾ ਹੈ। ਚਮੋਟਾ ਇੱਕ ਤੋਂ ਦੂਸਰੀ ਗੱਲ ਦਾ ਪ੍ਰਸਗ ਜੀਵਨ ਜੋੜਨ ਦਾ ਵੀ ਕੰਮ ਕਰਦਾ ਹੈ। ਨਕਲਾਂ ਦੀਆਂ ਦੋ ਪ੍ਰਮੁੱਖ ਵੰਨਗੀਆਂ ਹਨ’ (1) ਟਿੱਚਰਾਂ (2) ਪਟੜੀਆਂ।

‘ਨਕਲਾਂ’ ਲੋਕ ਨਾਟਕ ਦੀ ਪ੍ਰਮੁੱਖ ਨਾਟਕੀ ਵਿਧਾ ਹੈ ਜੋ ਕਿ ਗਿਆਰ੍ਹਵੀਂ ਬਾਰ੍ਹਵੀਂ ਸਦੀ ਤੋਂ ਹੀ ਪੰਜਾਬੀ ਬੋਲੀ ਵਿੱਚ ਖੇਡੀਆਂ ਜਾਂਦੀਆਂ ਰਹੀਆਂ ਹਨ। ਨਕਲਾਂ ਵਿਅੰਗਾਤਿਮਕ ਲੋਕ ਨਾਟ ਦੀ ਸਭ ਤੋਂ ਸਸਤੀ ਰੰਗ-ਮੰਚੀ ਸੰਬਾਦੀ ਨਾਟ-ਵਿਧਾ ਹੈ। ਨਕਲਾਂ ਸਦੀਆਂ ਤੋਂ ਪੰਜਾਬੀਆਂ ਦੇ ਮਨੋਰੰਜਨ ਦਾ ਸਾਧਨ ਬਣੀਆਂ ਰਹੀਆਂ ਹਨ। 

ਨਕਲ ਸ਼ਬਦ ਦਾ ਅਰਥ ਹੈ – ‘ਕਿਸੇ ਵਾਂਗ ਕਰਨ ਦੀ ਕਿਰਿਆ ਜਾਂ ਰੀਸ ਕਰਨਾ।’ ਮਹਾਨ ਕੋਸ਼ ਵਿੱਚ ਨਕਲ ਨੂੰ ‘ਕਿਸੇ ਨਜ਼ਾਰੇ ਦੀ ਹੂ-ਬ-ਹੂ ਝਾਕੀ ਕਿਹਾ ਗਿਆ ਹੈ।’ ਅੰਗਰੇਜ਼ੀ ਵਿੱਚ ਨਕਲ ਲਈ Mimicry, Imitation ਆਦਿ ਸ਼ਬਦ ਵਰਤੇ ਜਾਂਦੇ ਹਨ। ਨਕਲਾਂ ਪ੍ਰਦਰਸ਼ਨ ਦੀ ਕਲਾ ਹੈ। ਅਜੀਤ ਸਿੰਘ ਔਲਖ ਨੇ ਨਕਲਾਂ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਹੈ ਕਿ, “ ਕਿਸੇ ਪੇਸ਼ੇ, ਮਨੁੱਖ, ਪਸ਼ੂ, ਵਸਤੂ ਜਾਂ ਜਾਤ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲੀਆਂ ਵੱਲੋਂ ਚਮੋਟੇ ਦੀ ਸਹਾਇਤਾ ਨਾਲ਼ ਕਿਸੇ ਪ੍ਰਕਾਰ ਦਾ ਭੇਸ ਧਾਰਨ ਤੋਂ ਬਗ਼ੈਰ ਮਸ਼ਕਰੀ, ਚੋਭ, ਟਿੱਚਰ, ਵਿਅੰਗ ਜਾਂ ਵਾਸ਼ਨਾਮਈ ਵਾਰਤਾਲਾਪ ਰਾਹੀਂ ਘੱਗਰੀ ਜਾਂ ਤੀਰ-ਕਮਾਨੀ ਪਿੜ ਵਿੱਚ ਖੇਡੇ ਜਾਣ ਨੂੰ ਨਕਲ ਕਿਹਾ ਜਾਂਦਾ ਹੈ। ”

‘ਨਕਲਾਂ’ ਮਰਾਸੀਆਂ ਦਾ ਇੱਕ ਪੇਸ਼ਾ ਹੈ। ਨਕਲਾਂ ਵਿੱਚ ਨਾਟਕੀ ਤੱਤ ਅਤੇ ਸਰੀਰਕ ਕਾਰਜ ਦੀ ਮਹਾਨਤਾ ਹੁੰਦੀ ਹੈ। ਨਕਲਾਂ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ। ਨਕਲਾਂ ਦੇ ਵਿਸ਼ੇ ਕਈ ਤਰ੍ਹਾਂ ਦੇ ਹੁੰਦੇ ਹਨ। ਵਰਤਮਾਨ ਸਮੇਂ ਪੰਜਾਬੀ ਨਕਲਾਂ ਦਾ ਸਰੂਪ ਆਪਣੇ ਅਸਲ ਰੂਪ ਤੋਂ ਬਦਲ ਚੁੱਕਾ ਹੈ।

ਨਕਲਾਂ ਦਾ ਵਰਗੀਕਰਨ

[ਸੋਧੋ]
	ਨਕਲਾਂ ਹਰ ਪੇਸ਼ੇ ਮਨੁੱਖ, ਪਸ਼ੂ ਅਤੇ ਜਾਤਾਂ ਨੂੰ ਆਪਣੇ ਘੇਰੇ ਵਿੱਚ ਲੈਂਦੀਆਂ ਹਨ। ਅਜਮੇਰ ਸਿੰਘ ਔਲਖ ਅਨੁਸਾਰ, “ ਨਕਲਾਂ ਦਾ ਵਰਗੀਕਰਨ ਤਿੰਨ ਭਾਗਾਂ ਵਿੱਚ ਕੀਤਾ ਜਾਂਦਾ ਹੈ – ਵਿਸ਼ੇ ਪੱਖ ਤੋਂ, ਰੂਪ ਪੱਖ ਤੋਂ, ਪ੍ਰਭਾਵ ਪੱਖ ਤੋਂ। ” 

ਵਿਸ਼ੇ ਪੱਖ ਤੋਂ

[ਸੋਧੋ]
	ਵਿਸ਼ੇ ਦੇ ਆਧਾਰ ਤੇ ਵੀ ਨਕਲਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ। ਇਸ ਪੱਖ ਦੇ ਅਨੁਸਾਰ ਨਕਲਾਂ ਜਾਤਾਂ, ਕਿੱਤਿਆਂ, ਵਿਆਹ, ਜਨਮ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਹੁੰਦੀਆਂ ਹਨ। 

ਪ੍ਰਭਾਵ ਪੱਖ ਤੋਂ

[ਸੋਧੋ]
	“ਪ੍ਰਭਾਵ ਪੱਖ ਤੋਂ ਅਜੀਤ ਸਿੰਘ ਔਲਖ ਨੇ ਨਕਲਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ – ਪੜ੍ਹੇ ਲਿਖੇ ਵਿਦਵਾਨਾਂ ਵਿੱਚ ਖੇਡੀਆਂ ਜਾਣ ਵਾਲ਼ੀਆਂ ਨਕਲਾਂ, ਇਸਤਰੀਆਂ ਸਾਹਮਣੇ ਨਾ ਖੇਡੀਆਂ ਜਾਣ ਵਾਲ਼ੀਆਂ ਨਕਲਾਂ ਅਤੇ ਆਮ ਦਰਸ਼ਕਾਂ ਵਿੱਚ ਖੇਡੀਆਂ ਜਾਣ ਵਾਲ਼ੀਆਂ ਨਕਲਾਂ। 

ਹਵਾਲੇ:

 1. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 677।
 2. ਅਜੀਤ ਸਿੰਘ ਔਲਖ, ਪੰਜਾਬੀ ਲੋਕ ਨਾਟ ਪਰੰਪਰਾ, ਪੰਨਾ 84
 3. ਅਜੀਤ ਸਿੰਘ ਔਲਖ, ਪੰਜਾਬੀ ਲੋਕ ਨਾਟ ਪਰੰਪਰਾ, ਪੰਨਾ 84
 4. ਅਜੀਤ ਸਿੰਘ ਔਲਖ, ਪੰਜਾਬੀ ਲੋਕ ਨਾਟ ਪਰੰਪਰਾ, ਪੰਨਾ 100।

ਗਿੱਧਾ-ਨਾਟਕ

[ਸੋਧੋ]

ਗਿੱਧਾ

[ਸੋਧੋ]

ਪੰਜਾਬ ਦੇ ਲੋਕ ਨਾਚਾਂ ਵਿੱਚ ਗਿੱਧਾ ਸਭ ਤੋਂ ਵੱਧ ਚਰਚਿਤ ਹੈ ਅਤੇ ਇਸ ਨੂੰ ਕੇਵਲ ਲੋਕ ਨਾਚ ਨਾਲ਼ ਹੀ ਸੰਬੰਧਿਤ ਨਹੀਂ ਕੀਤਾ ਜਾਂਦਾ। ਸਗੋਂ ਲੋਕ ਨਾਟ ਨਾਲ਼ ਵੀ ਜੋੜਿਆ ਜਾਂਦਾ ਹੈ। ਕਿਉਂਕਿ ਗਿੱਧੇ ਵਿੱਚ ਜੋ ਬੋਲੀਆਂ ਪਾਈਆਂ ਜਾਂਦੀਆਂ ਹਨ ਉਹਨਾਂ ਦਾ ਸੰਬੰਧ ਕਈ ਵਿਸ਼ਿਆਂ ਨਾਲ਼ ਹੁੰਦਾ ਹੈ। ਉਸੇ ਤਰ੍ਹਾਂ ਮੁਟਿਆਰਾਂ ਵੱਖ ਵੱਖ ਪਾਤਰਾਂ ਦਾ ਰੋਲ ਅਦਾ ਕਰਦੀਆਂ ਹਨ ਅਤੇ ਆਲ਼ੇ-ਦੁਆਲ਼ੇ ਔਰਤਾਂ ਜਾਂ ਮਰਦ ਵੀ ਦਰਸ਼ਕ ਹੁੰਦੇ ਹਨ। ਗਿੱਧਾ ਸੁਤੰਤਰ ਰੂਪ ਵਿੱਚ ਵੀ ਸਾਹਮਣੇ ਆਉਂਦਾ ਹੈ ਅਤੇ ਵਿਆਹ ਸ਼ਾਦੀਆਂ ਜਾਂ ਉਤਸਵਾਂ ਤੇ ਗਿੱਧਾ ਕੁਦਰਤੀ ਰੂਪ ਵਿੱਚ ਸਾਹਮਣੇ ਆਉਂਦਾ ਹੈ। ਉਦੋਂ ਹੀ ਇਸ ਦੀ ਅਸਲ ਕਲਾ ਵੇਖਣ ਵਾਲ਼ੀ ਹੁੰਦੀ ਹੈ ਕਿਉਂਕਿ ਮੁਟਿਆਰਾਂ ਦੇ ਜਜ਼ਬੇ ਉਹਨਾਂ ਦਾ ਵਿਅੰਗ ਉਹਨਾਂ ਦੇ ਮਨ ਦਾ ਗ਼ੁਬਾਰ ਇਹ ਸਭ ਕੁੱਝ ਉਦੋਂ ਹੀ ਪੂਰੀ ਸਿਖਰ ਤੇ ਆਉਂਦਾ ਹੈ। ਗਿੱਧਾ ਰਾਸ ਨ੍ਰਿਤ ਦਾ ਇੱਕ ਰੂਪ ਹੈ। “ ਰਾਸ ਨ੍ਰਿਤ ਸੰਬੰਧੀ ਪ੍ਰਾਚੀਨ ਉੱਲੇਖ ਭਾਰਤ ਦੇ ਨਾਟਯ ਸ਼ਾਸਤਰ ਵਿੱਚ ਮਿਲਦਾ ਹੈ। ਭਾਰਤ ਨੂੰ ਰਸ ਜਾਂ ਰਾਸਕ ਨੂੰ ਉਪ ਰੂਪਕ ਮੰਨਿਆ ਹੈ ਅਤੇ ਇਸ ਦੇ ਤਿੰਨ ਭੇਦ – ਭਾਲਾ ਰਾਸਕ, ਮੰਡਲ ਰਾਸਕ, ਦੰਡ ਰਾਸਕ ਕੀਤੇ ਹਨ। ” ਡਾ. ਦਸਰਥ ਸਿੰਘ ਅਨੁਸਾਰ, “ ਭਾਲਾ ਰਾਸਕ ਗੋਲ ਘੇਰੇ ਵਿੱਚ ਭਾਲੀਆਂ ਦੇ ਤਾਲ ਵਿੱਚ ਸੰਗੀਤ ਦੇ ਨਾਲ਼ ਪੈਰਾਂ ਦੀ ਠੁਮਕ ਦੇ ਕੇ ਖੇਡੀ ਜਾਂਦੀ ਸੀ। ਪੰਜਾਬ ਦਾ ਗਿੱਧਾ ਵੀ ਬਿਲਕੁਲ ਇਸੇ ਤਰ੍ਹਾਂ ਭਾਲ ਰਾਸਕ ਵਿੱਚ ਜਦ ਬੋਲੀਆਂ ਅਤੇ ਟੱਪੇ ਸ਼ਾਮਿਲ ਹੋ ਗਏ ਤਾਂ ਪੰਜਾਬ ਦਾ ਗਿੱਧਾ ਅਤੇ ਗੁਜਰਾਤ ਦਾ ਗਰਬਾ ਬਣ ਗਿਆ। ” ਗਿੱਧਾ ਪੰਜਾਬ ਦਾ ਲੋਕ ਨਾਚ ਹੈ। ਪੰਜਾਬ ਵਿੱਚ ਕੋਈ ਹੀ ਅਜਿਹੀ ਇਸਤਰੀ ਹੋਵੇਗੀ ਜਿਸ ਨੇ ਜ਼ਿੰਦਗੀ ਵਿੱਚ ਗਿੱਧਾ ਨਾ ਪਾ ਕੇ ਵੇਖਿਆ ਹੋਵੇ। ਖੱਬੇ ਹੱਥ ਦੀ ਹਥੇਲੀ ਉੱਤੇ ਸੱਜੇ ਹੱਥ ਦੀਆਂ ਉਂਗਲ਼ਾਂ ਜਦ ਸੱਠ ਦੇ ਕੋਣ ਤੇ ਮਾਰੀਆਂ ਜਾਂਦੀਆਂ ਹਨ ਤਾਂ ਇੱਕ ਸੁਰੀਲੀ ਠੱਪ ਦੀ ਆਵਾਜ਼ ਪੈਦਾ ਹੁੰਦੀ ਹੈ। ਇਸ ਠੱਪ-ਠੱਪ ਨੂੰ ਤਾਲ਼ੀ ਕਹਿੰਦੇ ਹਨ। ਜਦ ਇਨ੍ਹਾਂ ਤਾਲ਼ੀਆਂ ਦੀ ਤਾਲ ਵਿੱਚ ਨ੍ਰਿਤ ਦੇ ਨਾਲ ਬੋਲੀਆਂ ਵੀ ਪਾਈਆਂ ਜਾਣ ਤਾਂ ਇਹ ਗਿੱਧਾ ਬਣਦਾ ਹੈ। ਜਿਸ ਗੋਲ ਪਿੜ ਵਿੱਚ ਗਿੱਧਾ ਪਾਇਆ ਜਾਂਦਾ ਹੈ ਉਸ ਨੂੰ ਘੱਗਰੀ ਪਿੜ ਕਹਿੰਦੇ ਹਨ। ਗਿੱਧਾ ਪਾਉਣ ਵੇਲ਼ੇ ਇਸਤਰੀਆਂ ਇਸ ਪਿੜ ਦੇ ਦੁਆਲ਼ੇ ਘੇਰਾ ਘੱਤ ਕੇ ਖਲੋ ਜਾਂਦੀਆਂ ਹਨ, ਇਨ੍ਹਾਂ ਵਿੱਚੋਂ ਇੱਕ ਕੁੜੀ ਘੇਰੇ ਅੰਦਰ ਢੋਲਕੀ ਜਾਂ ਘੜਾ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤਾਂ ਇੱਕ ਕੁੜੀ ਘੇਰੇ ਵਿੱਚ ਆ ਕੇ ਬੋਲੀ ਪਾਉਂਦੀ ਹੈ। ਬੋਲੀ ਪਾਉਂਦੇ ਸਮੇਂ ਉਹ ਚਾਰੇ ਪਾਸੇ ਘੁੰਮਦੀ ਹੈ ਤਾਂ ਜੋ ਪਿੜ ਵਿੱਚ ਖੜੀਆਂ ਸਾਰੀਆਂ ਕੁੜੀਆਂ ਵੇਖ ਸਕਣ। ਜਦ ਬੋਲੀ ਦਾ ਅਖੀਰਲਾ ਟੱਪਾ ਆਉਂਦਾ ਹੈ ਤਾਂ ਸਾਰੀਆਂ ਕੁੜੀਆਂ ਉਸ ਟੱਪੇ ਨੂੰ ਗਾਉਂਦੀਆਂ ਹਨ ਅਤੇ ਇਸ ਦੇ ਨਾਲ ਹੀ ਦੋ ਜ਼ਨਾਨੀਆਂ ਦਾ ਨਾਚ ਅਤੇ ਦੂਸਰੀਆਂ ਜ਼ਨਾਨੀਆਂ ਦੀਆਂ ਤਾਲੀਆਂ ਆਰੰਭ ਹੋ ਜਾਂਦੀਆਂ ਹਨ। ਕਈ ਵਾਰ ਅਖੀਰਲੇ ਟੱਪੇ ਸਮੇਂ ਕੁੱਝ ਹੋਰ ਕੁੜੀਆਂ ਵੀ ਪਿੜ ਵਿੱਚ ਆ ਜਾਂਦੀਆਂ ਹਨ ਅਤੇ ਨੱਚਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੁਆਲ਼ੇ ਖੜੀਆਂ ਕੁੜੀਆਂ ਵਿੱਚੋਂ ਦੋ ਦੋ ਦੀ ਜੋੜੀ ਪਿੜ ਵਿੱਚੋਂ ਨਿਕਲ਼ਦੀ ਰਹਿੰਦੀ ਹੈ ਅਤੇ ਨਾਚ ਚੱਲਦਾ ਰਹਿੰਦਾ ਹੈ। ਨਵੀਂ ਜੋੜੀ ਆਉਣ ਨਾਲ ਬੋਲੀ ਵੀ ਬਦਲ ਜਾਂਦੀ ਹੈ। ਘੱਗਰੀ ਪਿੜ ਵਿੱਚ ਦੋ ਮੁਟਿਆਰਾਂ ਦਾ ਇੱਕ ਦੂਸਰੀ ਦੇ ਸਾਹਮਣੇ ਹੋ ਕੇ ਬੋਲੀਆਂ ਪਾਉਣਾ, ਇਸ਼ਾਰੇ ਕਰਨਾ, ਛੇੜਖ਼ਾਨੀ ਕਰਨਾ, ਬੋਲੀ ਅਨੁਸਾਰ ਅਭਿਨੈ ਕਰਨਾ ਆਦਿ ਕਾਰਜ ਗਿੱਧੇ ਨੂੰ ਅੱਧ ਨਾਟ ਬਣਾ ਦਿੰਦੇ ਹਨ। ਇਸ ਪਿੜ ਵਿੱਚ ਜ਼ਨਾਨੀਆਂ ਜਦ ਗੀਤਾਂ ਦੀ ਸਹਾਇਤਾ ਨਾਲ਼ ਗਿੱਧੇ ਦੀ ਤਾਲ ਵਿੱਚ ਕਿਸੇ ਘਰੋਗੀ ਕਹਾਣੀ ਦਾ ਸਾਂਗ ਭਰਨ ਤਾਂ ਉਹ ‘ਗਿੱਧਾ ਨਾਟਕ’ ਬਣ ਜਾਂਦਾ ਹੈ। ਗਿੱਧੇ ਦੇ ਪਿੜ ਵਿੱਚ ਖੇਡੇ ਜਾਂਦੇ ਸਵਾਂਗ ਜਾਂ ਨਕਲਾਂ ਜਾਂ ਤਮਾਸ਼ੇ ਨੂੰ ਗਿੱਧਾ-ਨਾਟਕ ਦਾ ਨਾਮ ਦਿੱਤਾ ਜਾਂਦਾ ਹੈ। ਇਹ ਗਿੱਧੇ ਦੀ ਤਾਲ ਨਾਲ ਆਪਣੇ ਕਥਾਨਕ ਵਿੱਚ ਮੋੜ ਲੈ ਆਉਂਦੇ ਹਨ। ਇਹ ਔਰਤਾਂ ਦੁਆਰਾ ਪੇਸ਼ ਕੀਤੇ ਜਾਂਦੇ ਹਨ। ਭੰਡਾਂ ਦਾ ਤਮਾਸ਼ਾ, ਮਦਾਰੀ ਦਾ ਤਮਾਸ਼ਾ ਵੀ ਲੋਕ-ਨਾਟਕ ਦੀ ਵੰਨਗੀ ਵਿੱਚ ਸ਼ਾਮਿਲ ਹੁੰਦੇ ਹਨ।[5] ਕੁੱਲ ਪ੍ਰਸਿੱਧ ਗਿੱਧਾ ਨਾਟਕ ਜੋ ਅਜੀਤ ਸਿੰਘ ਔਲਖ ਨੇ ਇਕੱਤਰ ਕੀਤੇ ਹਨ ; ਵਚੋਲੀ ਸਹੁਰੇ ਚਲੀ, ਨੀ ਬੁੱਢਾ ਚੜ੍ਹਿਆ ਘੋੜੀ, ਜੱਟੀ-ਜੱਟੀ, ਹਾਏ-ਹਾਏ ਨੀ ਮੇਰੀ ਸੌਕਣ, ਸਾਧਾ ਸੱਚ ਦੱਸ ਵੇ ਆਦਿ ਹਨ। (ਹ) ਲੋਕ-ਸੰਗੀਤ:- ਲੋਕ-ਗੀਤ ਦਾ ਮੁੱਖ ਲੱਛਣ ਇਸਦੀ ਸੰਗੀਤਾ ਤਮਕਤਾ ਹੁੰਦੀ ਹੈ। ਲੋਕ-ਕਾਵਿ ਸੁਭਾਵਿਕ ਤੌਰ 'ਤੇ ਸੰਗੀਤਮਈ ਹੰੁਦੀ ਹੈ। ‘ਕਵੀਸ਼ਰੀ, ਟੱਪੇ, ਮਾਹੀਆਂ, ਹੇਅਰਾ, ਸਿੱਠਣੀ ਆਦਿ ਸਾਰੇ ਹੀ ਲੋਕ ਕਾਵਿ ਰੂਪ ਸੰਗੀਤਮਈ ਧੁਨਾਂ ਨਾਲ ਸੰਪੰਨ ਹੁੰਦੇ ਹਨ। ਲੋਕ-ਗੀਤ ਅਕਸਰ ਗਾਉਣ ਲਈ ਹੀ ਸਿਰਜੇ ਜਾਂਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਉਸ ਤੋਂ ਬਕਾਇਦਾ ਸਿਖਲਾਈ ਨਹੀਂ ਲਈ ਜਾਂਦੀ। “ਇਹ ਅਕਸਰ ਲੋਕ-ਸ਼ੈਲੀ ਵਿੱਚ ਪ੍ਰਗਟ ਹੰੁਦੇ ਹਨ। ਇਹ ਚਰਖੇ ਦੀ ਪਧੂਕਰ, ਮਧਾਣੀ ਦੀ ਗੜਗੜਾਹਟ, ਚੱਕੀ ਦੀ ਕੜ-ਕੜ ਤੇ ਹਲਟ ਦੀ ਰੀਂ-ਰੀਂ ਵਰਗੇ ਪੱਖਾਂ ਨਾਲ ਜੁੜੇ ਗੀਤ ਹੁੰਦੇ ਹਨ।"[6] ਗਿੱਧਾ ਨਾਟਕ ਕਿਸੇ ਪੁਸਤਕ ਵਿੱਚ ਛਪੇ ਨਹੀਂ ਮਿਲਦੇ ਪਰ ਮਰਾਸਣਾਂ ਜਾਂ ਡੂਮਣੀਆਂ ਇਨ੍ਹਾਂ ਨੂੰ ਪ੍ਰਾਚੀਨ ਸਮੇਂ ਤੋਂ ਜ਼ਬਾਨੀ ਯਾਦ ਰੱਖੀ ਆ ਰਹੀਆਂ ਹਨ। ਹੋਰ ਜ਼ਨਾਨੀਆਂ ਵੀ ਇਨ੍ਹਾਂ ਨੂੰ ਜ਼ਬਾਨੀ ਯਾਦ ਰੱਖਣ ਅਤੇ ਖੇਡਣ ਵਿੱਚ ਬੜਾ ਗੌਰਵ ਅਨੁਭਵ ਕਰਦੀਆਂ ਹਨ। ਵਿਆਹ ਸ਼ਾਦੀਆਂ ਵਿੱਚ ਚੰਗਾ ਗਿੱਧਾ ਨਾਟਕ ਖੇਡਣ ਵਾਲ਼ੀ ਜ਼ਨਾਨੀ ਦੀ ਬੜੀ ਮੰਗ ਹੁੰਦੀ ਹੈ। ਗਿੱਧਾ ਨਾਟਕ ਘੱਗਰੀ ਪਿੜ ਵਿੱਚ ਖੇਡਿਆ ਜਾਂਦਾ ਹੈ। ਇਹ ਇਕਾਂਗੀ ਦਾ ਨ੍ਰਿਤ ਤੇ ਆਰੰਭਿਕ ਰੂਪ ਹੈ। ਜਦ ਇਹ ਬੋਲੀ ਪਾਈ ਜਾਂਦੀ ਹੈ: ਸੱਸ ਮੇਰੀ ਨੇ ਕਾਂਟੇ ਘੜਾਏ ਮੈਨੂੰ ਆਖੇ ਪਾ ਕੁੜੇ ਰਾਂਝਾ ਮੇਰਾ ਲੂਣ ਘੋਟਣਾ ਪਾਵਾਂ ਕਿਹੜੇ ਚਾਅ ਕੁੜੇ। ਨੱਚਣ ਵਾਲ਼ਿਆਂ ਵਿੱਚ ਛੋਟੀ ਜਿਹੀ ਕੁੜੀ ਮੁੰਡਾ ਬਣ ਜਾਂਦੀ ਹੈ, ਦੂਜੀ ਕੁੜੀ ਉਸ ਘੋਟਣੇ ਵਰਗੇ ਮੁੰਡੇ ਦੁਆਲ਼ੇ ਇਉਂ ਅਭਿਨੈ ਕਰਦੀ ਹੈ, ਨੱਚਦੀ ਹੈ ਜਿਵੇਂ ਘੋਟਣੇ ਨਾਲ ਲੂਣ ਘੋਟ ਰਹੀ ਹੋਵੇ। ਕਦੀ ਉਸ ਦੀਆਂ ਬਾਂਹਾਂ ਮਿਣਦੀ ਹੈ। ਗਿੱਠਾਂ ਨਾਲ਼ ਇਸ ਦਾ ਕੱਦ ਮਿਣਦੀ ਹੈ। ਸਿਰ ਮਿਣਦੀ ਹੈ।ਇਉਂ ਗਿੱਧਾ ਨਾਟਕ ਵਿੱਚ ਭੂਆ – ਭਤੀਜੀ, ਨੂੰਹ –ਸੱਸ, ਦਰਾਣੀ – ਜਠਾਣੀ, ਤੀਵੀਂ – ਆਦਮੀ ਦੀ ਲੜਾਈ ਪੇਸ਼ ਕੀਤੀ ਜਾਂਦੀ ਹੈ। ਗਿੱਧਾ ਨਾਟਕ ਵਿੱਚ ਜ਼ਨਾਨੀਆਂ ਹੀ ਮਰਦਾਂ ਦਾ ਪਾਰਟ ਅਦਾ ਕਰਦੀਆਂ ਹਨ।

ਗਿੱਧਾ ਨਾਟਕ ਦੀ ਰੰਗ ਸ਼ੈਲੀ

[ਸੋਧੋ]

ਗਿੱਧਾ ਨਾਟ ਦੀ ਆਪਣੀ ਨਿਵੇਕਲੀ ਰੰਗ ਸ਼ੈਲੀ ਹੈ। ਭਾਰਤ ਜਾਂ ਦੁਨੀਆ ਦਾ ਕੋਈ ਵੀ ਐਸਾ ਲੋਕ ਨਾਟ ਨਹੀਂ ਇਸ ਸ਼ੈਲੀ ਵਿੱਚ ਖੇਡਿਆ ਜਾ ਸਕੇ। ਰਾਸ ਸ਼ੈਲੀ ਵਿੱਚ ਕਥਾਕਾਰ ਵਿਖਿਆਨ ਕਰਦਾ ਹੈ ਤੇ ਕਲਾਕਾਰ ਉਸ ਅਨੁਸਾਰ ਅਭਿਨੈ ਕਰਦੇ ਹਨ। ਸਾਂਗ ਸ਼ੈਲੀ ਵਿੱਚ ਕਵਿਤਾ ਵਿੱਚ ਲਿਖੇ ਸਵਾਲ – ਜਵਾਬ ਰਾਗਾਂ ਅਨੁਸਾਰ ਗਾ ਕੇ ਇੱਕ ਦੂਜੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ। ਪਰ ਗਿੱਧਾ ਨਾਟ ਨਾ ਹੀ ਕਿਸੇ ਕਥਾਕਾਰ ਕਥਾ ਅਨੁਸਾਰ ਚੱਲਦੇ ਹਨ ਅਤੇ ਨਾ ਹੀ ਰਾਗਾਂ ਦੇ ਮੁਹਤਾਜ ਹੁੰਦੇ ਹਨ। ਗਿੱਧੇ ਦਾ ਨ੍ਰਿਤ ਆਪ ਮੁਹਾਰਾ ਅਤੇ ਅਤੇ ਕਵਿਤਾ ਦੇ ਬੋਲ ਫੁਹਾਰੇ ਵਾਂਗ ਨਿਕਲ਼ਦੇ ਹਨ। ਗਿੱਧਾ ਨਾਟ ਦਾ ਕੋਈ ਵਿਸ਼ੇਸ਼ ਵਿਧਾਨ ਨਹੀਂ ਪਰ ਫਿਰ ਵੀ ਇਹ ਬੇਅਸੂਲੇ ਨਹੀਂ ਜਾਪਦੇ। ਬੇਸ਼ੱਕ ਕਿਸੇ ਗਿੱਧਾ ਨਾਟ ਦੀ ਕਹਾਣੀ ਵੱਡੀ ਹੈ ਜਾਂ ਛੋਟੀ, ਖੇਡ ਵਿਧੀ ਇੱਕੋ ਪ੍ਰਕਾਰ ਦੀ ਅਪਣਾਈ ਜਾਂਦੀ ਹੈ। ਜਿਸ ਢੰਗ ਨਾਲ਼ ਗਿੱਧਾ ਨਾਟ ਮਾਝੇ ਵਿੱਚ ਖੇਡੇ ਜਾਂਦੇ ਹਨ, ਉਸੇ ਪ੍ਰਕਾਰ ਹੀ ਮਾਲਵੇ ਅਤੇ ਦੁਆਬੇ ਵਿੱਚ ਵੀ ਅਭਿਨੈ ਹੁੰਦਾ ਹੈ। ਗਿੱਧਾ ਨਾਟ ਖੇਡਣ ਵਾਸਤੇ ਦਸ ਪੰਦਰਾਂ ਔਰਤਾਂ ਇੱਕ ਗੋਲ਼ ਦਾਇਰੇ ਵਿੱਚ ਕਿਸੇ ਦੇ ਘਰ ਦੇ ਵਿਹੜੇ ਜਾਂ ਕਿਸੇ ਖੁੱਲ੍ਹੇ ਕਮਰੇ ਵਿੱਚ ਖਲੋ ਜਾਂਦੀਆਂ ਹਨ। ਇਹ ਸਾਰੀਆਂ ਜ਼ਨਾਨੀਆਂ ਇਸ ਨਾਟਕ ਦੀਆਂ ਦਰਸ਼ਕ ਅਤੇ ਕਲਾਕਾਰ ਵੀ ਹੁੰਦੀਆਂ ਹਨ। ਜਿਸ ਜ਼ਨਾਨੀ ਨੇ ਨਾਟਕ ਵਿੱਚ ਭਾਗ ਲੈਣਾ ਹੁੰਦਾ ਹੈ, ਉਹ ਸਾਂਗ ਬਣ ਕੇ ਪਿੜ ਵਿੱਚ ਆ ਜਾਂਦੀ ਹੈ।

ਗਿੱਧਾ ਨਾਟ ਖੇਡਣ ਦੀਆਂ ਵਿਧੀਆਂ

[ਸੋਧੋ]

1. ਗਿੱਧੇ ਦੇ ਘੱਗਰੀ ਪਿੜ ਵਿੱਚ ਗਿੱਧੇ ਦੇ ਲੋਕ ਗੀਤਾਂ ਵਾਂਗ ਨਾਟ ਖੇਡਿਆ ਜਾਂਦਾ ਹੈ। 2. ਇੱਕ ਸਾਂਗ ਬਣੀ ਕੁੜੀ ਜਦ ਸਵਾਲ ਕਰਦੀ ਹੈ ਤਾਂ ਉਸ ਦੀ ਬੋਲੀ ਦੇ ਆਖ਼ਰੀ ਟੱਪੇ ਉੱਤੇ ਗਿੱਧਾ ਮੱਚਦਾ ਹੈ। 3. ਸਾਂਗ ਬਣੀ ਕੁੜੀ ਜਦ ਸਵਾਲ ਕਰਦੀ ਹੈ ਤਾਂ ਉਸ ਦੀ ਬੋਲੀ ਦੇ ਆਖ਼ਰੀ ਟੱਪੇ ਉੱਤੇ ਗੀਤ ਮੱਚਦਾ ਹੈ। 4. ਜਦ ਝਾਕੀ ਦੀ ਸਮਾਪਤੀ ਹੁੰਦੀ ਹੈ ਤਾਂ ‘ਨਾਟ ਬੋਲਾਂ’ ਉੱਤੇ ਗਿੱਧਾ ਮੱਚਦਾ ਹੈ। 5. ਗਿੱਧਾ ਨਾਟ ਛੋਟੀਆਂ ਛੋਟੀਆਂ ਝਾਕੀਆਂ ਵਿੱਚ ਵੰਡੇ ਹੁੰਦੇ ਹਨ ਅਤੇ ਹਰ ਝਾਕੀ ਦੇ ਅੰਤ ਵਿੱਚ ‘ਨਾਟ ਬੋਲ’ ਬੋਲੇ ਜਾਂਦੇ ਹਨ।

ਪ੍ਰਚੱਲਿਤ ਗਿੱਧਾ ਨਾਟਕ

[ਸੋਧੋ]

ਪੰਜਾਬ ਦੇ ਪ੍ਰਚੱਲਿਤ ਗਿੱਧਾ ਨਾਟਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ: 1. ਵਿਆਹ ਸ਼ਾਦੀਆਂ ਬਾਰੇ 2. ਘਰੋਗੀ ਰਿਸ਼ਤਿਆਂ ਬਾਰੇ 3. ਅਸ਼ਲੀਲ ਇਸ਼ਕ ਪੇਚਿਆਂ ਬਾਰੇ।

ਵਿਆਹ ਸ਼ਾਦੀਆਂ ਬਾਰੇ
[ਸੋਧੋ]

ਗਿੱਧਾ ਨਾਟ ਵਿਆਹ ਸ਼ਾਦੀਆਂ, ਮੁੰਡੇ ਦੀ ਛਟੀ, ਮੁੰਡਨ ਸੰਸਕਾਰ ਅਤੇ ਦੇ ਇਕੱਠ ਸਮੇਂ ਖੇਡੇ ਜਾਂਦੇ ਹਨ। ਇਸ ਪ੍ਰਕਾਰ ਦੇ ਗਿੱਧਾ ਨਾਟਾਂ ਵਿੱਚ ਹੇਠ ਲਿਖੇ ਨਾਟ ਬਹੁਤ ਪ੍ਰਸਿੱਧ ਹਨ ਅਤੇ ਥੋੜ੍ਹੀ ਬਹੁਤੀ ਅਦਲਾ ਬਦਲੀ ਨਾਲ਼ ਸਾਰੇ ਪੰਜਾਬ ਵਿੱਚ ਖੇਡੇ ਜਾਂਦੇ ਹਨ: 1. ਵਲੱਲੀ ਸਹੁਰੇ ਚੱਲੀ 2. ਨੀ ਬੁੱਢਾ ਚੜ੍ਹਿਆ ਘੋੜੀ 3. ਜੱਟ ਜੱਟੀ 4. ਬੀਬਾ ਸੱਚ ਦੱਸ ਵੇ, ਜਾਤ ਦੇ ਤੁਸੀਂ ਕੀ ਹੁੰਦੇ 5. ਢੋਲ ਮੇਰਾ ਜਿਊਂਦਾ ਰਹੇ 6. ਜੇ ਤੇਰਾ ਨੀ ਬੁੱਢਾ ਮਰਿਆ ਇੱਥੇ ਅਸੀਂ ‘ਨੀ ਬੁੱਢਾ ਚੜ੍ਹਿਆ ਘੋੜੀ’ ਦੀ ਉਦਾਹਰਨ ਲੈਂਦੇ ਹਾਂ। ਜਵਾਨ ਕੁੜੀਆਂ ਵਾਸਤੇ ਬੁੱਢਾ ਹਸਾਉਣਾ ਪਾਤਰ ਹੈ। ਪਿੰਡ ਵਿੱਚ ਜਿਹੜੇ ਮਨੁੱਖ ਸਾਰੀ ਉਮਰ ਛੜੇ ਹੀ ਰਹਿ ਜਾਂਦੇ ਹਨ, ਉਹ ਜਣੇ ਖਣੇ ਦਾ ਮਖ਼ੌਲ ਬਣੇ ਰਹਿੰਦੇ ਹਨ। ਜੇ ਕੋਈ ਕਿਸੇ ਨੂੰ ਗਾਲ੍ਹ ਵੀ ਕੱਢਦਾ ਹੈ ਤਾਂ ਉਸ ਬੁੱਢੇ ਦਾ ਨਾਂ ਜ਼ਰੂਰੀ ਲੈਂਦਾ ਹੈ। ਇਹੋ ਜਿਹੇ ਇੱਕ ਬੁੱਢੇ ਦਾ ਵਿਆਹ ਇਸ ਗਿੱਧਾ ਨਾਟ ਵਿੱਚ ਧਰ ਦਿੱਤਾ ਜਾਂਦਾ ਹੈ। ਬੁੱਢੇ ਦੀ ਪਹਿਲਾਂ ਮੰਗਣੀ ਹੁੰਦੀ ਹੈ, ਗਿੱਧੇ ਦੇ ਬੋਲ ਹਨ: “ਨੀ ਬੁੱਢਾ ਸਾਡਾ ਮੰਗਿਆ ਗਿਆ ਸਾਰੇ ਪਿੰਡ ਨੂੰ ਸ਼ੀਰਨੀ ਵੰਡੀ। ” ਇੱਕ ਕੁੜੀ ਬੁੱਢਾ ਬਣ ਜਾਂਦੀ ਹੈ। ਬੁੱਢਾ ਵੀ ਏਨਾ ਬੁੱਢਾ ਹੁੰਦਾ ਹੈ ਕਿ ਇੱਕ ਹੱਥ ਵਿੱਚ ਸੋਟੀ ਹੁੰਦੀ ਹੈ ਅਤੇ ਦੂਸਰਾ ਹੱਥ ਲੱਕ ਤੇ ਧਰਿਆ ਹੁੰਦਾ ਹੈ। ਕੁੱਬ ਨਿਕਲ਼ਿਆ ਹੁੰਦਾ ਹੈ, ਅੱਖਾਂ ਨੂੰ ਐਨਕ ਲੱਗੀ ਹੁੰਦੀ ਹੈ। ਪਰ ਸਿਰ ਤੇ ਜਰਦੇ ਰੰਗੀ ਪੱਗ, ਗਲ ਜਰਦੇ ਰੰਗਾ ਪਰਨਾ ਅਤੇ ਮੱਥੇ ਉੱਤੇ ਲੀਰਾਂ ਦਾ ਬਣਿਆ ਸਿਹਰਾ ਹੁੰਦਾ ਹੈ। ਬੁੱਢੇ ਦੇ ਵਿਆਹ ਦੇ ਸਾਰੇ ਰਸਮੋਂ ਰਿਵਾਜ ਹੁੰਦੇ ਹਨ ਅਤੇ ਹਰ ਰਸਮੋਂ ਰਿਵਾਜ ਦੇ ਬਾਅਦ ਬੁੱਢਾ ਡਿਗ ਪੈਂਦਾ ਹੈ, ਪਰ ਕੁੜੀਆਂ ਉਸ ਦਾ ਵਿਆਹ ਕਰ ਕੇ ਹੀ ਛੱਡਦੀਆਂ ਹਨ। ਬੁੱਢਾ ਜਦ ਵਹੁਟੀ ਵਿਆਹ ਕੇ ਲਿਆਉਂਦਾ ਹੈ ਤਾਂ ਸਾਰੀਆਂ ਗਾਉਂਦੀਆਂ ਹਨ: ਬੁੱਢਾ ਚੜ੍ਹਿਆ ਘੋੜੀ ਨੀ, ਬੁੱਢਾ ਚੜ੍ਹਿਆ ਘੋੜੀ। ਬੁੱਢਾ ਖਾਰਿਆਂ ਤੇ ਬੈਠਣ ਲੱਗਾ ਮੂੰਹ ਭਾਰ ਡਿਗ ਪੈਂਦਾ ਹੈ, ਚੱਪਣੀ ਭੰਨਣ ਲੱਗਾ, ਆਪਣੀਆਂ ਚੱਪਣੀਆਂ ਭਨਵਾ ਬਹਿੰਦਾ ਹੈ। ਘੋੜੀ ਤੇ ਚੜ੍ਹਨ ਲੱਗਾ ਬੇਹੋਸ਼ ਹੋ ਜਾਂਦਾ ਹੈ। ਪਰ ਕੁੜੀਆਂ ਉਸ ਦਾ ਵਿਆਹ ਕਰ ਕੇ ਹੀ ਛੱਡਦੀਆਂ ਹਨ। ਬੁੱਢਾ ਜਦ ਵਹੁਟੀ ਵਿਆਹ ਕੇ ਲਿਆਉਂਦਾ ਹੈ ਤਾਂ ਸਾਰੀਆਂ ਗਾਉਂਦੀਆਂ ਹਨ: ਸਾਨੂੰ ਦੇਵੋ ਵਧਾਈਆਂ ਨੀ ਸਾਡਾ ਬੁੱਢਾ ਵਿਆਹ ਘਰ ਆਇਆ। ਬੁੱਢੇ ਦੀ ਵਹੁਟੀ ਜਵਾਨ ਹੁੰਦੀ ਹੈ, ਉਹ ਬੁੱਢੇ ਨੂੰ ਛੇੜਦੀ ਹੈ। ਇਸ ਤੋਂ ਅੱਗੇ ਅਸ਼ਲੀਲਤਾ ਹੱਦ ਹੋ ਜਾਂਦੀ ਹੈ ਤੇ ਕੁੜੀਆਂ ਉਸ ਬੁੱਢੇ ਸ਼ਾਮਤ ਲੈ ਆਉਂਦੀਆਂ ਹਨ।

ਘਰੋਗੀ ਰਿਸ਼ਤਿਆਂ ਬਾਰੇ
[ਸੋਧੋ]

ਵਿਆਹ ਸ਼ਾਦੀਆਂ ਵਿੱਚ ਗਿੱਧਾ ਨਾਟ ਖੇਡਣ ਵਾਸਤੇ ਕਾਫ਼ੀ ਸਮਾਂ ਲੱਗਦਾ ਹੈ। ਇਨ੍ਹਾਂ ਨੂੰ ਖੇਡਣ ਲਈ ਕਈ ਕੁੱਝ ਵਿਸ਼ੇਸ਼ ਜ਼ਨਾਨੀਆਂ ਦੀ ਲੋੜ ਹੁੰਦੀ ਹੈ। ਆਮ ਤੌਰ 'ਤੇ ਪਿੰਡਾਂ ਵਿੱਚ ਮਰਾਸਣਾਂ ਇਹ ਗਿੱਧਾ ਨਾਟ ਖੇਡਦੀਆਂ ਹਨ। ਪਰ ਘਰੋਗੀ ਰਿਸ਼ਤਿਆਂ ਬਾਰੇ ਗਿੱਧਾ ਨਾਟ ਆਕਾਰ ਵਿੱਚ ਛੋਟੇ ਅਤੇ ਹਾਸ ਰਸ ਪ੍ਰਧਾਨ ਹੁੰਦੇ ਹਨ। ਘਰੋਗੀ ਰਿਸ਼ਤਿਆਂ ਬਾਰੇ ਪ੍ਰਸਿੱਧ ਗਿੱਧਾ ਨਾਟ ਇਸ ਪ੍ਰਕਾਰ ਹਨ: 1. ਸੱਸੇ ਮੈਂ ਨਹੀਂ ਵੱਸਣਾ 2. ਹਾਏ ਹਾਏ ਨੀ ਮੇਰੀ ਸੌਂਕਣ 3. ਨਨਾਣ ਭਰਜਾਈ ਇੱਥੋਂ ਅਸੀਂ ਨਨਾਣ ਭਰਜਾਈ ਦੀ ਉਦਾਹਰਨ ਲੈਂਦੇ ਹਾਂ। ਗਿੱਧਾ ਨਾਟਕ ਵਿੱਚ ਨਨਾਣ ਅਤੇ ਭਰਜਾਈ ਦੋਵੇਂ ਆਪਣੇ ਆਪ ਨੂੰ ਸੱਚੀਆਂ ਅਤੇ ਚੰਗੀਆਂ ਮੰਨਦੀਆਂ ਹਨ। ਨਨਾਣ ਨੂੰ ਆਪਣੇ ਵੀਰ ਤੇ ਮਾਣ ਅਤੇ ਭਰਜਾਈ ਨੂੰ ਆਪਣੇ ਪਤੀ ਤੇ। ਨਨਾਣ ਆਪਣੇ ਬਾਬਲ ਦਾ ਘਰ ਸਮਝਦੀ ਹੈ ਤੇ ਭਰਜਾਈ ਆਪਣੇ ਪਤੀ ਦਾ। ਦੋਵੇਂ ਉੱਪਰੋਂ ਇੱਕ ਦੂਜੇ ਨਾਲ਼ ਬੋਲਦੀਆਂ ਹਨ ਪਰ ਵਿੱਚੋਂ ਇੱਕ ਦੂਜੇ ਦੀਆਂ ਦੁਸ਼ਮਣਾਂ ਹਨ। ਪਰ ਇੱਕ ਭਰਜਾਈ ਨਨਾਣ ਨੂੰ ਕਿਸੇ ਓਪਰੇ ਮਰਦ ਨਾਲ ਵੇਖ ਲੈਂਦੀ ਹੈ ਨਨਾਣ ਫਿਰ ਭਰਜਾਈ ਦੀਆਂ ਮਿੰਨਤਾਂ ਕਰਦੀ ਹੈ, ਤਰਲੇ ਕਰਦੀ ਹੈ: ਭਾਬੀ ਮੇਰੀ ਚੰਦ ਵਰਗੀ ਮੈਨੂੰ ਵੇਖ ਕੇ ਰੱਜ ਨੀ ਆਵੇ।

ਅਸ਼ਲੀਲ ਇਸ਼ਕ ਪੇਚਿਆਂ ਬਾਰੇ
[ਸੋਧੋ]

ਵਿਆਹ ਸ਼ਾਦੀਆਂ ਉੱਤੇ ਜ਼ਨਾਨੀਆਂ ਉਂਞ ਵੀ ਬੜੀਆਂ ਮੱਛਰੀਆਂ ਹੁੰਦੀਆਂ ਹਨ। ਇਸ ਲਈ ਉਹ ਅਸ਼ਲੀਲ ਤੋਂ ਅਸ਼ਲੀਲ ਗੱਲ ਕਰ ਕੇ ਖ਼ੁਸ਼ ਹੁੰਦੀਆਂ ਹਨ। ਕਹਿੰਦੇ ਹਨ ਕਿ ਜਿੰਨੀ ਅਸ਼ਲੀਲ ਗੱਲ ਜ਼ਨਾਨੀਆਂ ਕਰ ਸਕਦੀਆਂ ਹਨ, ਮਰਦ ਨਹੀਂ ਕਰ ਸਕਦੇ। ਗਿੱਧੇ ਦੇ ਪਿੜ ਵਿੱਚ ਜ਼ਨਾਨੀਆਂ ਕੁੱਝ ਐਸੇ ਨਾਟਕ ਵੀ ਖੇਡਦੀਆਂ ਹਨ ਜਿਹੜੇ ਨਾਲ਼ ਗੜੁੱਚ ਹੁੰਦੇ ਹਨ। ਇਹੋ ਜਿਹੇ ਨਾਟਕਾਂ ਵਿੱਚ ਜ਼ਿਆਦਾ ਪ੍ਰਸਿੱਧ ਇਹ ਹਨ: 1. ਸਾਧਾ ਸੱਚ ਦੱਸ ਵੇ 2. ਆਏ ਰੋੜਾਂ ਵਾਲ਼ੇ ਸਾਧ 3. ਮਾਹੀ ਮੇਰਾ ਲੂਣ ਘੋਟਣਾ 4. ਮੈਂ ਖੜੀ ਬੋਹੜ ਦੇ ਥੱਲੇ ਇੱਥੇ ਅਸੀਂ ਰੋੜਾਂ ਵਾਲ਼ੇ ਸਾਧ ਦੇ ਉਦਾਹਰਨ ਲੈਂਦੇ ਹਾਂ। ਗਿੱਧਾ ਨਾਟ ‘ਆਏ ਰੋੜਾਂ ਸਾਧ ਵਿੱਚ’ ਸਾਧਾਂ ਦੀ ਲਿੰਗ ਭੁੱਖ ਨੂੰ ਚੰਗੀ ਤਰ੍ਹਾਂ ਉਜਾਗਰ ਕੀਤਾ ਜਾਂਦਾ ਹੈ। ਇੱਕ ਸਾਧ ਹੱਥ ਵਿੱਚ ਕਮੰਡਲ, ਵਾਲ ਖੁੱਲ੍ਹੇ, ਗਲ ਵਿੱਚ ਮਾਲ਼ਾ ਪਾਈ ਪਿੜ ਵਿੱਚ ਆ ਅਲ਼ਖ ਜਗਾਉਂਦਾ ਹੈ। ਕੁੜੀਆਂ ਉਸ ਨੂੰ ਵੇਖ ਕੇ ਗਿੱਧਾ ਚੁੱਕਦੀਆਂ ਹਨ: ਆਏ ਰੋੜਾਂ ਵਾਲ਼ੇ ਸਾਧ ਆਏ ਰੋੜਾਂ ਵਾਲ਼ੇ ਸਾਧ ਮੰਗਦੇ ਕੁੱਕੜ ਤੇ ਸ਼ਰਾਬ ਮੰਗਦੇ ਕੁੱਕੜ ਤੇ ਸ਼ਰਾਬ। ਪਰ ਸਾਧ ਕਹਿੰਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਕੁੜੀਆਂ ਸਵਾਲ ਕਰਦੀਆਂ ਹਨ ਕਿ ਕੀ ਉਸ ਨੂੰ ਮਾਇਆ ਚਾਹੀਦੀ ਹੈ, ਜ਼ਮੀਨ ਚਾਹੀਦੀ ਹੈ, ਸ਼ਰਾਬ ਚਾਹੀਦੀ ਹੈ, ਪਰ ਉਹ ਹਰ ਗੱਲ ਤੋਂ ਨਾਂ ਕਰ ਦਿੰਦਾ ਹੈ। ਅਖੀਰ ਕੁੜੀਆਂ ਆਪ ਹੀ ਕਹਿ ਦਿੰਦੀਆਂ ਹਨ ਕਿ ਦੱਸ ਤੈਨੂੰ ਕੀ ਚਾਹੀਦਾ ਹੈ, ਤਾਂ ਉਹ ਪਿੜ ਵਿੱਚ ਨੱਚਦਾ ਹੋਇਆ ਕਹਿੰਦਾ ਹੈ: ਆਏ ਰੋੜਾਂ ਵਾਲ਼ੇ ਸਾਧ ਆਏ ਰੋੜਾਂ ਵਾਲ਼ੇ ਸਾਧ ਮੰਗਦੇ ਭੋਰਾ ਕੁ ਸਵਾਦ ਮੰਗਦੇ ਭੋਰਾ ਕੁ ਸਵਾਦ। ਫਿਰ ਕੁੜੀਆਂ ਗਿੱਧਾ ਪਾ ਪਾ ਕੇ ਨੱਚ ਨੱਚ ਕਮਲ਼ੀਆਂ ਹੋ ਜਾਂਦੀਆਂ ਹਨ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇਸਤਰੀਆਂ ਗਿੱਧਾ ਨਾਟਕ ਖੇਡਣ ਸਮੇਂ ਕਿਸੇ ਪ੍ਰਕਾਰ ਦਾ ਝਾਕਾ ਜਾਂ ਡਰ ਅਨੁਭਵ ਨਹੀਂ ਕਰਦੀਆਂ ਸਗੋਂ ਬੜੀ ਦਲੇਰੀ ਨਾਲ਼ ਖੇਡਦੀਆਂ ਹਨ। ਸਹਾਇਕ ਪੁਸਤਕਾਂ: 1. ਚੰਦ ਪ੍ਰਕਾਸ਼ ਸਿੰਘ - ਹਿੰਦੀ ਨਾਟਯ ਸਾਹਿਤਯ ਔਰ ਰੰਗ-ਮੰਚ ਕੀ ਮੀਮਾਂਸਾ। 2. ਰਾਸ ਔਰ ਰਾਮਾਨਵਯੀ ਕਾਵਯ 3. ਬੀਬੀ ਗੁਰਮੀਤ ਕੌਰ, ਪਿੰਡ ਰਾਹੋਂ ਜ਼ਿਲ੍ਹਾ ਜਲੰਧਰ ਦੁਆਰਾ ਪ੍ਰਾਪਤ। 4. ਬੀਬੀ ਸਵਰਨਜੀਤ, ਪਿੰਡ ਕਾਲੋਕੇ ਜ਼ਿਲ੍ਹਾ ਅੰਮ੍ਰਿਤਸਰ ਦੁਆਰਾ ਪ੍ਰਾਪਤ। 5. ਸ੍ਰੀਮਤੀ ਰੇਸ਼ਮੇ ਮਰਾਸਣ ਪਿੰਡ ਭਲਾਈਪੁਰ, ਜ਼ਿਲ੍ਹਾ ਅੰਮ੍ਰਿਤਸਰ ਦੁਆਰਾ ਪ੍ਰਾਪਤ। 6, ਪੰਜਾਬੀ ਲੋਕ ਨਾਟ ਪਰੰਪਰਾ ਤੇ ਪੰਜਾਬੀ ਨਾਟਕ – ਡਾ. ਅਜੀਤ ਸਿੰਘ ਔਲਖ 7. ਪੰਜਾਬੀ ਦੀ ਲੋਕ ਨਾਟ ਪਰੰਪਰਾ ਤੇ ਪੰਜਾਬੀ ਨਾਟਕ – ਡਾ. ਰਵੇਲ ਸਿੰਘ 8. ਪੰਜਾਬੀ ਨਾਟਕ ਰੂਪ, ਸਿਧਾਂਤ ਤੇ ਵਿਕਾਸ – ਗੁਰਦਿਆਲ ਸਿੰਘ ਫੁੱਲ।

ਜਾਗੋ ਨਾਟਕ

[ਸੋਧੋ]

ਗਿੱਧੇ ਦੇ ਨਾਲ਼ ਹੀ ਸੰਬੰਧਿਤ ‘ਜਾਗੋ’ ਹੈ ਜੋ ਵੇਖਣ ਨੂੰ ਭਾਵ ਗਿੱਧੇ ਦਾ ਹੀ ਇੱਕ ਰੂਪ ਜਾਪਦਾ ਹੈ ਲੇਕਿਨ ਇਸ ਦੀ ਸੰਰਚਨਾ ਇਸ ਨੂੰ ਲੋਕ ਨਾਟ ਰੂਪ ਵਜੋਂ ਸਥਾਪਿਤ ਕਰਦੀ ਹੈ ਲੋਕ ਨਾਟ ਦੇ ਪ੍ਰਸੰਗ ਅਧੀਨ ਪੰਜਾਬ ਵਿੱਚ ਜਿੱਥੇ ਪੇਸ਼ਾਵਰ ਮੰਡਲ਼ੀਆਂ ਨਕਲ, ਜਲਸਾ, ਸਾਂਗ, ਰਾਸ ਜਾਂ ਅਖਾੜੇ ਆਦਿ ਰਾਹੀਂ ਲੋਕ ਨਾਟ ਦੀ ਪਰਪੱਕ ਪਰੰਪਰਾ ਦਿਖਾਈ ਦਿੰਦੀ ਹੈ। ਇਹ ਸਮੂਹਕ ਰੂਪ ਵਿੱਚ ਕਾਰ-ਵਿਹਾਰ ਕਰਦਿਆਂ ਰਸਮ ਨਿਭਾਉਂਦਿਆਂ ਅਤੇ ਕੋਈ ਤਿੱ-ਤਿਉਹਾਰ ਮਨਾਉਂਦਿਆਂ ਸਹਿਵਨ ਹੀ ਮੂਰਤੀਮਾਨ ਹੁੰਦੀਆਂ ਹਨ। ਵਿਆਹ ਸਮੇਂ ਕੱਢੀ ਜਾਂਦੀ ਜਾਗੋ ਦਾ ਪੰਜਾਬੀ ਜੀਵਨ ਵਿੱਚ ਖ਼ਾਸ ਮਹੱਤਵ ਅਤੇ ਵਿਸ਼ੇਸ਼ ਸਥਾਨ ਹੈ। ਜਾਗੋ ਪੰਜਾਬੀ ਲੋਕ ਨਾਟ ਦੀ ਅਜਿਹੀ ਵਿਲੱਖਣ ਅਤੇ ਸੰਪੂਰਨ ਵੰਨਗੀ ਹੈ। ਜੋ ਕਿਸੇ ਇੱਕ ਸ਼੍ਰੇਣੀ ਵੰਡ ਵਿੱਚ ਨਹੀਂ ਆਉਂਦੀ। ਇਸ ਵਿੱਚ ਨ੍ਰਿਤ ਨਾਟ, ਸੰਗੀਤ ਨਾਟ, ਗੀਤ ਨਾਟ, ਨਕਲ, ਅਭਿਨਯ, ਨੌਟੰਕੀ, ਸਾਂਗ, ਜਲੂਸ, ਝਾਕੀ ਸਭ ਕੁੱਝ ਸ਼ਾਮਿਲ ਹੈ।

ਜਾਗੋ ਦੀ ਗਿੱਧੇ ਨਾਲ਼ੋਂ ਵਿਲੱਖਣਤਾ

[ਸੋਧੋ]

ਜਾਗੋ ਦੀ ਵਿਲੱਖਣਤਾ ਇਹ ਹੈ ਕਿ ਇਹ ਨਿਰੋਲ ਇਸਤਰੀਆਂ ਦਾ ਰਾਤ ਵੇਲ਼ੇ ਪੇਸ਼ ਹੋਣ ਵਾਲ਼ਾ ਲੋਕ ਨਾਟ ਹੈ। ਅਸਲ ਵਿੱਚ ਜਾਗੋ ਕਿਸੇ ਮੰਚ ਜਾਂ ਪਿੜ ਵਿੱਚ ਖੇਡੀ ਜਾਂ ਪੇਸ਼ ਨਹੀਂ ਕੀਤੀ ਜਾਂਦੀ। ਇਹ ਪਾਤਰ ਦਰਸ਼ਕਾਂ ਦੀ ਵਿੱਥ ਮੁਕਾ ਕੇ ਸਾਰੇ ਪਿੰਡ ਦੇ ਗਲ਼ੀ ਮੁਹੱਲਿਆਂ ਵਿੱਚ ਇੱਕ ਜਲੂਸ, ਝਾਕੀ ਕੱਢੀ ਜਾਂਦੀ ਹੈ। ਵੇਖਣ ਵਾਲ਼ਿਆਂ ਨੂੰ ਕਿਧਰੇ ਬਾਹਰ ਨਹੀਂ ਜਾਣਾ ਪੈਂਦਾ। ਬਸ ਜ਼ਰਾ ਬੂਹਿਓਂ ਬਾਹਰ ਨਿਕਲਣ ਜਾਂ ਕੋਠੇ ਉੱਪਰੋਂ ਝਾਤੀ ਮਾਰਨ ਦੀ ਲੋੜ ਹੈ। ਜਾਗੋ ਆਪ ਉਹਨਾਂ ਕੋਸ ਪੱਜਦੀ ਹੈ। ਓਪਰੀ ਨਜ਼ਰਿਆਂ ਵੇਖਿਆ ਜਾਗੋ ਦੀ ਕੋਈ ਗੋਂਦ ਨਹੀਂ ਜਾਪਦੀ ਅਤੇ ਕਾਰਜ ਵੀ ਬਹੁਤ ਢਿੱਲਾ ਦਿਸਦਾ ਹੈ। ਪਰ ਸਾਰੀ ਜਾਗੋ ਹੀ ਇੱਕ ਅਜਿਹਾ ਨਿਸ਼ਾਲ ਐਕਟ ਹੈ ਜਿਸ ਲਈ ਸਾਰਾ ਪਿੰਡ ਇੱਕ ਮੰਚ ਹੈ ਅਤੇ ਇਸ ਦਾ ਕਾਰਜ ਵੀ ਆਮ ਛੇੜ ਛਾੜ ਤੋਂ ਸ਼ੁਰੂ ਹੋ ਕੇ ਹੜਦੁੰਬ ਦੀ ਸਿਖ਼ਰ ਤੇ ਪੁੱਜਦਾ ਹੈ। ਭਾਵੇਂ ਇਸ ਵਿੱਚ ਦ੍ਰਿਸ਼, ਸਥਾਨ ਤੇ ਪੇਸ਼ਕਾਰੀ ਦੇ ਰੂਪ ਬਦਲਦੇ ਰਹਿੰਦੇ ਹਨ ਪਰ ਕਾਰਜ ਦੀ ਇਕਸਾਰਤਾ ਕਾਇਮ ਰਹਿੰਦੀ ਹੈ।

ਜਾਗੋ ਦਾ ਮੰਤਵ

[ਸੋਧੋ]

ਜਾਗੋ ਦਾ ਮੰਤਵ ਵੀ ਇਕਹਿਰਾ ਹੈ। ਛੇੜ, ਮਸ਼ਕਰੀ, ਟੋਕਰ, ਟਿੱਚਰ, ਚਹੇਡ, ਠੱਠਾ, ਮਖੌਲ, ਵਿਅੰਗ ਅਤੇ ਨਿਰ ਚੁਹਲ ਮੁਹਲ ਰਾਹੀਂ ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਪ੍ਰਤੱਖ ਅਤੇ ਪਰਪੱਕ ਕਰਨਾ।

ਜਾਗੋ ਦੀ ਮੰਚਣ ਪ੍ਰਕਿਰਿਆ

[ਸੋਧੋ]

ਜਾਗੋ ਦੀ ਮੰਚਣ ਪ੍ਰਕਿਰਿਆ ਅੱਤ ਸਹਿਜ ਅਤੇ ਸਹਿਵਨ ਹੈ। ਰਾਤ ਨੂੰ ਖਾਣ ਪੀਣ ਪਿੱਛੋਂ ਪਿੰਡ ਦੀਆਂ ਕੁੜੀਆਂ, ਕੱਤਰੀਆਂ, ਨੱਢੀਆਂ,ਮੁਟਿਆਰਾਂ ਅਤੇ ਬੁੱਢੀਆਂ ਠੇਰੀਆਂ ਸਭ ਝੁਰਮਟ ਬਣਾ ਕੇ ਵਿਆਹ ਵਾਲ਼ੇ ਘਰ ਆ ਜੁੜਦੀਆਂ ਹਨ। ਕੁਆਰੀਆਂ ਕੰਜਕਾਂ ਸਾਦੀਆਂ ਸੁੱਥਣਾ ਵਿੱਚ ਅਤੇ ਵਿਆਹੀਆਂ ਪੀੜ ਪਾ ਕੇ ਉੱਚਾ ਸਿਰ ਗੁੰਦ, ਸਿੰਗ, ਤਵੀਤ, ਸੱਗੀ ਫੁੱਲ, ਪਿੱਪਲ ਪੱਤੀਆਂ, ਬਾਜੂ ਬੰਦ, ਪੰਜੇਬਾਂ ਪਾ ਕੇ ਇੱਕ ਦੂਜੀ ਤੋਂ ਵੱਧ ਫੱਬਣ ਦਾ ਆਹਾਰ ਕਰਦੀਆਂ ਨੇ। ਬੁੱਢੀਆਂ ਠੇਰੀਆਂ ਵੀ ਕਾਲ਼ੀ ਸੂਫ਼ ਦੇ ਘੱਗਰੇ, ਸਲਾਰੀਆਂ, ਦੁਮੜਾ ਆਦਿ ਲੈ ਕੇ ਆਉਂਦੀਆਂ ਹਨ। ਹੱਥਾਂ ਪੈਰਾਂ ਦੀਆਂ ਤਲੀਆਂ ਨੂੰ ਮਹਿੰਦੀ ਨਾਲ਼ ਸ਼ਿੰਗਾਰਿਆ ਜਾਂਦਾ। ਬਾਗ ਚੋਪ ਫੁਲਕਾਰੀ ਦੀ ਬੁੱਕਲ਼ ਮਾਰੀ ਜਾਗੋ ਕੱਢਣ ਵਾਲ਼ੀਆਂ ਇੱਕ ਦੂਜੀ ਤੋਂ ਵੱਧ ਕਾਹਲੀਆਂ ਹੁੰਦੀਆਂ ਹਨ। ਫਿਰ ਇੱਕ ਲਿਸ਼ਕਦੀ ਬਲਟੋਹੀ ਉੱਪਰ ਆਟੇ ਦੇ ਜਗਦੇ ਦੀਵਿਆਂ ਦੀਆਂ ਪਾਲ਼ਾਂ ਸਜਾਈਆਂ ਜਾਂਦੀਆਂ ਹਨ। ਬਲਟੋਹੀ ਦੇ ਮੂੰਹ ਉੱਪਰ ਡੂੰਘਾ ਚੱਪਣ ਰੱਖ ਕੇ ਉਸ ਨੂੰ ਵੜੇਵਿਆਂ ਅਤੇ ਤੇਲ ਨਾਲ਼ ਭਰ ਕੇ ਜਗਾ ਲਿਆ ਜਾਂਦਾ ਹੈ। ਇਹ ਜਗਮਗ ਬਲਦੀ ਬਲਟੋਹੀ ਦੁਆਲ਼ੇ ਹੀ ਜਾਗੋ ਦਾ ਸਾਰਾ ਕਾਰਜ ਘੁੰਮਦਾ ਹੈ। ਇਸ ਨਾਚਕੀ ਕਾਰਜ ਦਾ ਸਥਲ ਕੋਈ ਮੰਚ ਜਾਂ ਥੜਾ ਨਹੀਂ ਸਗੋਂ ਸਾਰਾ ਪਿੰਡ ਹੀ ਹੁੰਦਾ ਹੈ। ‘ਰਾਮ ਨਗਰ ਦੀ ਰਾਮ ਲੀਲਾ’ ਵਾਂਗ ਇਸ ਦਾ ਐਕਟਿੰਗ ਏਰੀਆ ਵਿਸਤ੍ਰਿਤ ਹੁੰਦਾ ਹੈ।

ਜਾਗੋ ਕੱਢਣਾ: ਪੁਰਾਣੇ ਸਮੇਂ ਦੀ ਜਾਗੋ

[ਸੋਧੋ]

ਪੁਰਾਤਨ ਸਮੇਂ ਤੋਂ ਜਾਗੋ ਕੱਢਣ ਦੀ ਰਹੁ-ਰੀਤ ਦਾ ਨਿਭਾਉ ਹੁੰਦਾ ਐ ਰਿਹਾ ਹੈ। ਪੁਰਾਣਿਆਂ ਸਮਿਆਂ ਵਿੱਚ ਜੰਞਾਂ ਰਾਤ ਰਹਿੰਦੀਆਂ ਸਨ। ਬਰਾਤ ਦੇ ਸਾਹਮਣੇ ਸ਼ਰੀਕੇ ਭਾਈਚਾਰੇ ਦੀਆਂ ਔਰਤਾਂ, ਰਿਸ਼ਤੇਦਾਰਨੀਆਂ ਤੇ ਕੁੜੀਆਂ ਜਾਗੋ ਕੱਢਦੀਆਂ ਸਨ। ਸਾਰੇ ਪਿੰਡ ਦੀਆਂ ਗਲ਼ੀਆਂ ਤੇ ਬਰਾਤ ਦੇ ਬੈਠਣ ਵਾਲ਼ੀ ਥਾਂ ਤੇ ਘੁੰਮਦੀਆਂ ਸਨ। ਜਾਗੋ ਕੱਢਣਾ ਸ਼ਰੀਕੇ ਭਾਈਚਾਰੇ ਵਿੱਚ ਜਾਗਦੇ ਰਹਿਣ ਦਾ ਸੰਕੇਤ ਹੁੰਦਾ ਹੈ। ਜਾਗੋ ਕੱਢਣ ਦੀ ਰੀਤ ਵਿਆਹੁਲੀ ਕੁੜੀ ਤੇ ਵਿਆਹੁਲੇ ਦੇ ਘਰਾਂ ਵਿੱਚ ਨਿਭਾਈ ਜਾਂਦੀ ਹੈ। ਜਾਗੋ ਕੱਢਣ ਸਮੇਂ ਗੀਤਾਂ ਤੇ ਗਿੱਧਾ ਪਾਉਣ ਦਾ ਨਿਭਾਅ ਖ਼ੁਸ਼ੀ ਭਰੇ ਪਲਾਂ ਨੂੰ ਪ੍ਰਗਟਾਉਂਦਾ ਹੈ। ਪੁਰਾਤਨ ਕਾਲ ਵਿੱਚ ਜਾਗੋ ਕੱਢਣ ਲੀ ਮਿੱਟੀ ਦੇ ਘੜੇ ਦੀ ਵਰਤੋਂ ਕੀਤੀ ਜਾਂਦੀ ਸੀ। ਪਰੰਤੂ ਹੁਣ ਘੜੇ ਦੀ ਥਾਂ ਪਿੱਤਲ਼ ਦੀ ਗਾਗਰ ਜਾਂ ਛੋਟੀ ਗਾਗਰ ਜਿਸ ਨੂੰ ‘ਦੋਣਾ’ ਕਿਹਾ ਜਾਂਦਾ ਹੈ, ਦੀ ਵਰਤੋਂ ਕੀਤੀ ਜਾਂਦੀ ਹੈ। ਗਾਗਰ ਦੇ ਮੂੰਹ ਤੋਂ ਹੇਠਾਂ ਵਾਲ਼ੀ ਥਾਂ ਵਧੇ ਹੋਏ ਪਾਸਿਆਂ ਤੇ ਗੁੰਨੇ ਹੋਏ ਆਟੇ ਨੂੰ ਚਾਰੇ ਪਾਸੇ ਕੰਧ ਵਾਂਗ ਲਗਾਇਆ ਜਾਂਦਾ ਹੈ ਤਾਂ ਕਿ ਗਾਗਰ ਦੇ ਵਧੇ ਹੋਏ ਹਿੱਸੇ ਤੇ ਦੀਵੇ ਰੱਖਣ ਸਮੇਂ ਉਹ ਥੱਲੇ ਨਾ ਡਿੱਗ ਸਕਣ। ਦੀਵਿਆਂ ਵਿੱਚ ਸਰ੍ਹੋਂ ਦਾ ਤੇਲ ਪਾਇਆ ਜਾਂਦਾ ਹੈ। ਚਾਰ ਦੀਵੇ ਗਾਗਰ ਦੇ ਮੂੰਹ ਉੱਪਰ ਤੇ ਹੋਰ ਗਾਗਰ ਦੇ ਵਧੇ ਪਾਸਿਆਂ ਤੇ ਟਿਕਾ ਕੇ ਰੱਖੇ ਜਾਂਦੇ ਹਨ। ਇਸ ਕਾਰਜ ਕਰਮ ਨੂੰ ਜਾਗੋ ਦਾ ਨਾਂ ਦਿੱਤਾ ਜਾਂਦਾ ਹੈ। ਜਾਗੋ ਮਾਮੀ ਜਾਂ ਭਾਬੀ ਸਿਰ ਤੇ ਚੁੱਕਦੀ ਹੈ। ਜਾਗੋ ਨੂੰ ਸਿਰ ਤੇ ਚੁੱਕ ਕੇ ਤੁਰਨ ਸਮੇਂ ਲੜਕੀਆਂ, ਰਿਸ਼ਤੇਦਾਰਨੀਆਂ ਅਤੇ ਭਾਈਚਾਰੇ ਦੀਆਂ ਔਰਤਾਂ ਜਾਗੋ ਵਿੱਚ ਸ਼ਾਮਿਲ ਹੁੰਦੀਆਂ ਹਨ। ਜਾਗੋ ਨੂੰ ਲੈ ਕੇ ਔਰਤਾਂ ਸ਼ਰੀਕੇ ਭਾਈਚਾਰੇ ਦੇ ਘਰਾਂ ਤੇ ਗਲ਼ੀਆਂ ਵਿੱਚ ਜਾਂਦੀਆਂ ਹਨ ਅਤੇ ਲੋਕਗੀਤਕ ਰਹੁ ਰੀਤਾਂ ਦਾ ਨਿਭਾਅ ਵੀ ਕਰਦੀਆਂ ਹਨ। ਕਈ ਥਾਵਾਂ ਤੇ ਰੁਕ ਕੇ ਗਿੱਧਾ ਵੀ ਪਾਇਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਸੱਭਿਆਚਾਰਕ ਭਾਸ਼ਾ ਵਿੱਚ ‘ਜਾਗੋ ਕੱਢਣਾ’ ਕਹਿੰਦੇ ਹਨ। ਪੁਰਾਤਨ ਸਮੇਂ ਵਿੱਚ ਜਾਗੋ ਕੱਢਣ ਸਮੇਂ ਇਹ ਗੀਤ ਮੁੱਖ ਤੌਰ 'ਤੇ ਗਾਇਆ ਜਾਂਦਾ ਸੀ: ਉੱਠ ਜਾਗ ਮਿੰਦੀਏ ਨੀ ਤੇਰੇ ਮਾਮੇ ਆਏ ਉੱਠ ਜਾਗ ਮਿੰਦੀਆ ਨੀ ਤੇਰੀ ਨਾਨੀ ਦੇ ਜਾਏ ਤੇਰੀ ਨਾਨੀ ਦੇ ਜਾਏ ਗੱਡ ਦਾਜ ਲਿਆਏ।

ਅਜੋਕੀ ਜਾਗੋ

[ਸੋਧੋ]

ਪੁਰਾਤਨ ਤੇ ਅੱਜ ਦੇ ਸਮੇਂ ਵਿੱਚ ਕੱਢੀ ਜਾ ਰਹੀ ਜਾਗੋ ਵਿੱਚ ਭਾਵੇਂ ਬਹੁਤ ਥੋੜ੍ਹਾ ਅੰਤਰ ਹੀ ਹੈ, ਪਰ ਫਿਰ ਵੀ ਇਹਨ੍ਹਾਂ ਦੋਹਾਂ ਵਿੱਚ ਕਾਫ਼ੀ ਅੰਤਰ ਦੇਖੇ ਗਏ ਹਨ। ਪਹਿਲਾਂ ਜਦੋਂ ਬਰਾਤਾਂ ਭਾਵ ਜੰਞਾਂ ਵਿਆਹ ਤੋਂ ਕੀ ਦਿਨ ਪਹਿਲਾਂ ਰਾਤ ਰਹਿੰਦੀਆਂ ਸਨ, ਉਦੋਂ ਬਰਾਤ ਦੇ ਸਾਹਮਣੇ ਸ਼ਰੀਕੇ ਭਾਈਚਾਰੇ ਦੀਆਂ ਔਰਤਾਂ, ਰਿਸ਼ਤੇਦਾਰਨੀਆਂ ਅਤੇ ਕੁੜੀਆਂ ਜਾਗੋ ਕੱਢ ਕੇ ਆਪਣੀ ਕਲਾ ਨੂੰ ਉਹਨਾਂ ਅੱਗੇ ਪੇਸ਼ ਕਰਦੀਆਂ ਸਨ। ਹੁਣ ਜਾਗੋ ਵਿਆਹ ਦੇ ਦਿ ਤੋਂ ਪਹਿਲੀ ਰਾਤ ਨੂੰ ਜਦੋਂ ਗਾਉਣ ਬਿਠਾਇਆ ਜਾਂਦਾ ਹੈ ਤਾਂ ਦਾਦਕਿਆਂ ਨਾਨਕਿਆਂ ਵੱਲੋਂ ਇੱਕ ਦੂਜੇ ਦੇ ਹੀ ਸਾਹਮਣੇ ਕੱਢੀ ਜਾਂਦੀ ਹੈ। ਪਹਿਲਾਂ ਜਾਗੋ ਲਈ ਮਿੱਟੀ ਦੇ ਘੜੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਪਰ ਹੁਣ ਪਿੱਤਲ ਦੀ ਗਾਗਰ ਜਾੰ ਬਲਟੋਹੀ ਨੂੰ ਵਰਤਿਆ ਜਾਂਦਾ ਹੈ। ਪਿੱਤਲ਼ ਦੀ ਗਾਗਰ ਜਾੰ ਬਲਟੋਹੀ ਉੱਤੇ ਆਟੇ ਦੇ ਦੀਵੇ ਬਣਾ ਕੇ ਰੂੰ ਦੀਆਂ ਵੱਟੀਆਂ ਵੱਟ ਕੇ ਸਰ੍ਹੋਂ ਦਾ ਤੇਲ ਪਾ ਕੇ ਦੀਵੇ ਜਗਾਏ ਜਾਂਦੇ ਹਨ। ਗਗਰ ਜਾਂ ਦੋਹਣੀ ਦੇ ਢੱਕਣ ਉੱਤੇ ਵੜੇਵੇਂ ਕੁੱਟ ਕੇ ਅਤੇ ਤੇਲ ਪਾ ਕੇ ਬਾਲ਼ੇ ਜਾਂਦੇ ਹਨ। ਜੋ ਕਾਫ਼ੀ ਦੇਰ ਤਕ ਬਲ਼ਦੇ ਰਹਿੰਦੇ ਹਨ। ਜਾਗੋ ਨੂੰ ਮੁਟਿਆਰਾਂ ਇੰਨੂੰ ਸਿਰ ਤੇ ਰੱਖ ਕੇ ਚੁੱਕਦੀਆਂ ਹਨ। ਕਿਸੇ ਦੇ ਹੱਥ ਵਿੱਚ ਛੱਜ ਹੁੰਦਾ ਹੈ, ਕਿਸੇ ਦੇ ਹੱਥ ਵਿੱਚ ਡੰਡਾ, ਕੁੱਤੇ ਬਿੱਲੀ ਤੋਂ ਬਚਾ ਕਰਨ ਲਈ ਹੁੰਦਾ ਹੈ। ਜਾਗੋ ਆਪਣੇ ਜਲੌਅ ਵਿੱਚ ਪਿੰਡ ਦੀਆਂ ਗਲ਼ੀਆਂ, ਫਿਰਨੀ ਤੇ ਨੇੜਲੇ ਸ਼ਰੀਕੇ ਦੇ ਘਰਾਂ ਵਿੱਚ ਹੁੰਦੀ ਹੋਈ ਆਉਂਦੀ ਹੈ। ਜਿਸ ਘਰ ਜਾਗੋ ਹੁੰਦੀ ਹੈ ਉਹ ਘਰ ਜਾਗੋ ਵਿੱਚ ਤੇਲ ਵੀ ਪਾਉਂਦੇ ਹਨ ਅਤੇ ਸ਼ਗਨ ਵੀ ਦਿੰਦੇ ਹਨ। ਕਈ ਅੱਲ੍ਹੜ ਮੁਟਿਆਰਾਂ ਰਸਤੇ ਵਿੱਚ ਮਸਤੀ ਵੀ ਕਰਦੀਆਂ ਹਨ। ਕਿਸੇ ਦੇ ਪਰਨਾਲ਼ੇ ਭੰਨਦੀਆਂ ਹਨ ਅਤੇ ਕਿਸੇ ਦੀ ਮੰਜੀ ਉਲਟਾ ਦਿੰਦੀਆਂ ਹਨ। ਪਰ ਇਹਨਾਂ ਦੇ ਹਾਸੇ ਠੱਠੇ ਦਾ ਕੋਈ ਬੁਰਾ ਨਹੀਂ ਮਨਾਉਂਦਾ। ਪਹਿਲਾਂ ਜਾਗੋ ਵਿੱਚ ਢੋਲੀ ਨਹੀੰ ਹੁੰਦੇ ਸਨ ਪਰ ਹੁਣ ਦੀ ਜਾਗੋ ਦੇ ਨਾਲ਼ ਢੋਲੀ ਵੀ ਹੁੰਦੇ ਹਨ ਜੋ ਰੌਣਕ ਹੋਰ ਵਧਾ ਦਿੰਦੇ ਹਨ। ਪਰ ਇਸ ਦੇ ਨਾਲ ਹੀ ਸ਼ੋਰ ਸ਼ਰਾਬਾ ਵੀ ਕੁੱਝ ਵਧੇਰੇ ਹੋ ਜਾਂਦਾ ਹੈ। ਜਾਗੋ ਕੱਢਣ ਦਾ ਮੰਤਵ ਲੋਕਾੰ ਨੂੰ ਜਗਾ ਜਗਾ ਕੇ ਗਾ ਗਾ ਕੇ ਮਨੋਰੰਜਨ ਕਰਨਾ ਤੇ ਵਿਆਹ ਦੀ ਖ਼ੁਸ਼ੀ ਤੇ ਰੌਣਕ ਨੂੰ ਵਧਾਉਣਾ ਹੈ। ਜਾਗੋ ਕੱਢਣ ਸਮੇਂ ਆਂਢ ਗੁਆਂਢ ਨੂੰ ਦਿੱਤੀਆਂ ਜਾਣ ਵਾਲ਼ੀਆਂ ਸਿੱਠਣੀਆਂ ਵੀ ਬਹੁਤ ਰਸ, ਸੁਹਜ ਤੇ ਹਾਸ ਵਿਅੰਗ ਭਰਪੂਰ ਹੁੰਦੀਆਂ ਹਨ। ਜਾਗੋ ਵਿੱਚ ਜੋ ਗੀਤ ਗਾਏ ਜਾਂਦੇ ਹਨ ਉਹ ਹੇਠ ਲਿਖੇ ਹਨ। ਜਾਗੋ ਦਾ ਆਰੰਭ ਇੰਜ ਕੀਤਾ ਜਾਂਦਾ ਹੈ:

1. ਜਾਗੋ ਕੱਢਣੀ ਮੜ੍ਹਕ ਨਾਲ਼ ਤੁਰਨਾ

ਬਈ ਵਿਆਹ ਕਰਤਾਰੇ ਦਾ

ਸਾਰੇ ਪਿੰਡ ਵਿੱਚ ਫੇਰਨੀ ਜਾਗੋ

ਬਈ ਲੋਕਾਂ ਦੇ ਪਰਨਾਲੇ ਭੰਨਣੇ

ਚੱਕ ਚਰਖਾ ਪਰ੍ਹਾਂ ਕਰ ਪੀੜ੍ਹੀ

ਬਈ ਜਾਗੋ ਲਈ ਰਾਹ ਛੱਡ ਦੇ।

2. ਲੰਬੜਾ ਜੋਰੂ ਜਗਾ ਲੈ ਵੇ ਜਾਗੋ ਆਈ ਆ

ਸ਼ਾਵਾ ਬਈ ਹੁਣ ਜਾਗੋ ਆਈ ਆ

ਸੁੱਤੀ ਨੂੰ ਜਗਾ ਲੈ, ਰੁੱਸੀ ਨੂੰ ਮਨਾ ਲੈ

ਸੋਨ ਚਿੜੀ ਰੁਸ਼ਨਾ ਲੈ ਵੇ

ਜਾਗੋ ਆਈ ਆ, ਸਾਵ ਬਈ-------

ਚੁੱਪ ਕਰ ਬੀਬੀ ਮਸਾਂ ਸਵਾਈ ਆ

ਲੋਰੀ ਦੇ ਕੇ ਪਾਈ ਆ, ਉੱਠ ਖੜੂਗੀ

ਅੜੀ ਕਰੂਗੀ, ਚੱਕਣੀ ਪਊਗੀ, ਐਵੇਂ ਸੜੂਗੀ

ਜਾਗੋ ਆਈ ਆ ---------------------।

3. ਆਉਂਦੀ ਕੁੜੀਏ ਜਾਂਦੀ ਕੁੜੀਏ

ਚੁੱਕ ਲਿਆ ਬਾਜ਼ਾਰ ਵਿੱਚੋਂ ਝਾਵਾਂ

ਬਈ ਛੱਡ ਖਹਿੜਾ ਬਾਹਮਣਾ ਦਾ

ਤੈਨੂੰ ਜੱਟਾਂ ਦੇ ਮੁੰਡੇ ਦੀ ਦੱਸ ਪਾਵਾਂ

ਬਈ ਛੱਡ ਖਹਿੜਾ----------------।

ਆਉਂਦੀ ਕੁੜੀਏ ਜਾਂਦੀ ਕੁੜੀਏ

ਚੁੱਕ ਲਿਆ ਬਾਜ਼ਾਰ ਵਿੱਚੋਂ ਗਾਨੀ

ਨੀ ਮਾਪੇ ਤੈਨੂੰ ਘੱਟ ਰੋਣਗੇ

ਬਹੁਤੇ ਰੋਣਗੇ ਦਿਲਾਂ ਦੇ ਜਾਨੀ।

4. ਗਵਾਂਢੀਓ, ਜਾਗਦੇ ਕਿ ਸੁੱਤੇ

ਆਪ ਤੇ ਚਾਚਾ ਸੁੱਤਾ ਰਹਿ ਗਿਆ

ਚਾਚੀ ਨੂੰ ਲੈ ਗਏ ਕੁੱਤੇ

ਗਵਾਂਢੀਓ, ਜਾਗਦੇ ਕਿ ਸੁੱਤੇ।

5. ਬੋਲੇ ਨੀ ਬੰਬੀਹਾ ਬੋਲੇ, ਸ਼ਾਵਾ ਨੀ ਬੰਬੀਹਾ ਬੋਲੇ

ਭੰਨ ਦਿਉ ਨੀ ਇਸ ਭਾਗਾਂ ਵਾਲ਼ੇ ਛੱਜੂ ਨੂੰ

ਤੋੜ ਦਿਉ ਨੀ ਇਸ ਭਾਗਾਂ ਵਾਲ਼ੇ ਛੱਜੂ ਨੂੰ।

6. ਨੀ ਜਾਗੋ ਵਿੱਚੋਂ ਤੇਲ ਮੁੱਕਿਆ

ਕੋਈ ਪਾਊਗਾ ਨਸੀਬਾਂ ਵਾਲ਼ਾ

ਨੀ ਜਾਗੋ ਵਿੱਚੋਂ ਤੇਲ ਮੁੱਕਿਆ।

ਜਾਗੋ ਵਿੱਚ ਤੇਲ ਪਾਉਣ ਤੋਂ ਪਹਿਲਾਂ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਤਮਾਸ਼ੇ ਤੇ ਸੁਆਂਗ ਰਚਾਏ ਜਾਂਦੇ ਹਨ ਤੇ ਤੇਸ ਪਵਾ ਕੇ ਜਾਗੋ ਅਗਲੇ ਘਰ ਰਵਾਨਾ ਹੋ ਜਾਂਦੀ ਹੈ। ਬੋਲੀਆਂ ਇਹੋ ਜਿਹੀਆਂ ਹੁੰਦੀਆਂ ਹਨ:

1. ਸ਼ੀਸ਼ਾ ਸੁਰਮਾ ਪਾ ਕੇ ਕੁੜੀ ਹੋਈ ਸਹੁਰਿਆਂ ਨੂੰ ਤਿਆਰ

ਹੱਸ ਹੱਸ ਮਿਲਣ ਸਹੇਲੀਆਂ ਕੋਈ ਵਿਛੜਾ ਮਿਲਦਾ ਯਾਰ

ਢਾਠੀ ਤੇ ਬੂਟੀ ਪਾ ਜਾ, ਰੱਖੂੰਗਾ ਤੈਨੂੰ ਯਾਦ।

2. ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ

ਕਰਤਾਰਾ ਆਪਣੀ ਜੋਰੂ ਵੇਚੇ ਟਕੇ ਟਕੇ ਸਿਰ ਸਾਈ

ਖ਼ਬਰਦਾਰ ਰਹਿਣਾ ਵੇ, ਚੌਂਕੀ ਹਾਕਮਾਂ ਦੀ ਆਈ।

3. ਮੇਰੀ ਗਿੱਧੇ ਵਿੱਚ ਤੋਰ ਦੇਖ ਸੁਹਣਿਆ

ਇਸ ਦੀ ਡਿੱਗ ਪਈ ਡੋਰ, ਚੁੱਕ ਸਹੁਣਿਆ।

ਇਹੋ ਜਿਹੀਆਂ ਬੋਲੀਆਂ ਜਾਗੋ ਵਿੱਚ ਔਰਤਾਂ ਦੁਆਰਾ ਗਾਈਆਂ ਜਾਂਦੀਆਂ ਹਨ ਜਿਹਨਾਂ ਵਿੱਚ ਉਹ ਆਪਣਾ ਅੰਦਰਲਾ ਗ਼ੁਬਾਰ, ਤਾਹਨਿਆਂ, ਮਿਹਣਿਆਂ, ਹਾਸਿਆਂ, ਮਖੌਲਾਂ ਨਾਲ਼ ਬਾਹਰ ਕੱਢਦੀਆਂ ਨਜ਼ਰ ਆਉਂਦੀਆਂ ਹਨ। ਪਰ ਅੱਜ ਕਲ ਜਿੱਥੇ ਜਾਗੋ ਦਾ ਸਰੂਪ ਬਦਲਿਆ, ਉੱਥੇ ਬੋਲੀਆਂ ਦਾ ਸਰੂਪ ਵੀ ਬਦਲਿਆ ਨਜ਼ਰ ਆਉਂਦਾ ਹੈ। ਅੱਜ ਕੱਲ ਦੀਆਂ ਬੋਲੀਆਂ ਪੁਰਾਣੀਆਂ ਤੋਂ ਕਾਫ਼ੀ ਭਿੰਨ ਹਨ।

ਜਾਗੋ ਨਾਲ਼ ਸੰਬੰਧਿਤ ਵੱਖ ਵੱਖ ਧਾਰਨਾਵਾਂ

[ਸੋਧੋ]

ਲੜਕੇ ਜਾਂ ਲੜਕੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲ਼ੀ ਰਾਤ ਨੂੰ ਨਾਨਕਿਆਂ ਵੱਲੋਂ ਕੀਤੇ ਜਾਣ ਵਾਲ਼ੇ ਆਂਗਿਕ ਅਤੇ ਵਾਚਿਕ ਤਮਾਸ਼ੇ ਨੂੰ ਜਾਗੋ ਕਿਹਾ ਜਾਂਦਾ ਹੈ। ਇਸ ਆਂਗਿਕ ਅਤੇ ਵਾਚਿਕ ਤਮਾਸ਼ੇ ਬਾਰੇ ਵੱਖ ਵੱਖ ਧਾਰਨਾਵਾਂ ਪਾਈਆਂ ਜਾਂਦੀਆਂ ਹਨ। ਇੱਕ ਧਾਰਨਾ ਅਨੁਸਾਰ ਲਰਕੇ ਜਾਂ ਲੜਕੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲ਼ੀ ਰਾਤ ਨੂੰ ਔਰਤਾਂ ਟੋਕਣੀ ਉੱਤੇ ਦੀਵੇ ਬਾਲ਼ ਕੇ ਵਰ ਜਾਂ ਕੰਨਿਆ ਦੀ ਭਰਜਾਈ ਜਾਂ ਕਿਸੇ ਹੋਰ ਔਰਤ ਨੂੰ ਇਹ ਟੋਕਣੀ ਸਿਰ ਤੇ ਚੁਕਾ ਦਿੰਦੀਆਂ ਸਨ।ਇਹ ਔਰਤਾਂ ਅਤੇ ਮੁਟਿਆਰਾਂ ਪਿੰਡ ਦੀਆਂ ਗਲੀਆਂ ਮੁਹੱਲਿਆਂ ਵਿੱਚ ਘੁਮਦੀਆਂ ਸਨ ਅਤੇ ਨਾਲ ਹੀ ਜਾਗੋ ਨਾਲ ਸੰਬੰਧਿਤ ਗੀਤ ਗਾਉਂਦੀਆਂ ਸਨ। ਇੱਕ ਰੀਤ ਅਨਸਾਰ ਕੁੰਭ ਜਾਂ ਟੋਕਣ ਵਿੱਚ ਪਾਣੀ ਭਰ ਕੇ ਉਸ ਉੱਪਰ ਜਗਦੇ ਦੀਵਿਆਂ ਨੂੰ ਰੱਖ ਕੇ ਸਾਰੇ ਪਿੰਡ ਦੀ ਪਰਕਰਮਾ ਕੀਤੀ ਜਾਂਦੀ ਸੀ। ਲੋਕਾਂ ਦਾ ਵਿਸਵਾਸ ਸੀ ਇਸ ਤਰ੍ਹਾਂ ਕਰਨ ਨਾਲ ਬਦਰੂਹਾਂ ਅਤੇ ਪ੍ਰੇਤ ਆਤਮਾਵਾਂ ਪਿੰਡ ਵਿੱਚੋਂ ਨੱਸ ਜਾਂਦੀਆਂ ਹਨ। ਇੱਕ ਵਿਸ਼ਵਾਸ ਇਹ ਵੀ ਹੈ ਕਿ ਅਜਿਹਾ ਕਰਨ ਨਾਲ਼ ਪ੍ਰੇਤ ਆਤਮਾਵਾਂ ਲਾੜੇ ਜਾਂ ਲਾੜੀ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀੰ ਪਹੁੰਚਾ ਸਕਦੀਆਂ। ਲੋਕ ਧਾਰਨਾ ਅਨੁਸਾਰ ਟੋਕਣੀ ਨੂੰ ਕਾਇਆ ਦਾ, ਦੀਵਾ ਨੂੰ ਰੌਸ਼ਨੀ ਦਾ ਅਤੇ ਪਾਣੀ ਨੂੰ ਪਵਿੱਤਰ ਸ਼ਕਤੀ ਦੇ ਚਿੰਨ੍ਹ ਵਜੋਂ ਮਾਨਤਾ ਪ੍ਰਾਪਤ ਹੈ। ਲੋਕ ਧਾਰਨਾ ਅਨੁਸਾਰ ਇੰਨਾ ਤਿੰਨਾ ਦਾ ਸੁਮੇਲ ਅਲੌਕਿਕ ਸ਼ਕਤੀ ਦਾ ਸੰਚਾਰ ਕਰਦਾ ਹੈ। ਜਿਸ ਤੋਂ ਬਦਰੂਹਾਂ ਡਰ ਕੇ ਭੱਜ ਜਾਂਦੀਆਂ ਹਨ। ਜਾਗੋ ਬਾਰੇ ਇਹ ਵੀ ਧਾਰਨਾ ਪ੍ਰਚੱਲਿਤ ਹੈ ਕਿ ਮੁਲਤਾਨ ਦੇ ਹਿੰਦੂਆਂ ਵਿੱਚ ਵਿਆਹ ਤੋੰ ਇੱਕ ਦਿਨ ਪਹਿਲੀ ਰਾਤ ਜਦੋਂ ਲਾੜੇ ਜਾਂ ਲਾੜੀ ਨੂੰ ਮਹਿੰਦੀ ਲਗਾਈ ਜਾਂਦੀ ਸੀ, ਉਸ ਸਾਰੀ ਰਾਤ ਔਰਤਾਂ ਸਾਰੀ ਜਾਗਦੀਆਂ ਸਨ ਅਤੇ ਵਿਆਹ ਦੇ ਗੀਤ ਗਾਉਂਦੀਆਂ ਸਨ। ਮੁਲਤਾਨ ਵਿੱਚ ਔਰਤਾਂ ਦੀ ਇਸ ਰਸਮ ਨੂੰ ‘ਜਾਗ’ ਵੀ ਕਿਹਾ ਜਾਂਦਾ ਸੀ। ਮਾਲਵੇ ਵਿੱਚ ਇਹੋ ਜਾਗ ‘ਜਾਗੋ’ ਦੇ ਨਾਂ ਨਾਲ ਪ੍ਰਚੱਲਿਤ ਹੋ ਗਿਆ। ਪੁਰਾਣੇ ਸਮਿਆਂ ਵਿੱਚ ਜਦੋਂ ਬਰਾਤ ਕਈ ਕਈ ਦਿਨ ਰਹਿੰਦੀ ਸੀ, ਉਦੋਂ ਬਰਾਤ ਦੇ ਜਾਣ ਤੋਂ ਬਾਅਦ ਔਰਤਾਂ ਸਾਰੀ ਸਾਰੀ ਰਾਤ ਨੱਚਦੀਆਂ ਗਾਉਂਦੀਆਂ ਅਤੇ ਸਵਾਂਗ ਭਰਦੀਆਂ ਸਨ। ਕਈਆਂ ਦਾ ਵਿਸਵਾਸ ਹੈ ਕਿ ਇਸ ਰਸਮ ਤੋਂ ਹੀ ਜਾਗੋ ਦੀ ਰਸਮ ਪ੍ਰਚੱਲਿਤ ਹੋ ਗਈ। ਇੱਕ ਹੋਰ ਧਾਰਨਾ ਅਨੁਸਾਰ ਵਿਆਹੁਲੇ ਗਿੱਧੇ ਦੀ ਸ਼ੁਰੂਆਤ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਜਾਗੋ ਕੱਢਣ ਤੋਂ ਹੁੰਦੀ ਹੈ। ਵਿਆਹ ਆਈਆਂ ਔਰਤਾਂ ਤੇ ਮੁਟਿਆਰਾਂ ਟੋਕਣੀ ਉੱਤੇ ਗੁੰਨੇ ਹੋਏ ਆਟੇ ਨਾਲ਼ ਥਾਲੀ ਟਿਕਾ ਕੇ ਇਸ ਵਿੱਚ ਘਿਉ ਦੇ ਦੀਵੇ ਜਗਾਉਂਦੀਆਂ ਹਨ। ਘਿਉ ਦੇ ਦੀਵਿਆਂ ਦੀ ਗਿਣਤੀ ਪੰਜ, ਸੱਤ ਜਾਂ ਗਿਆਰਾਂ ਰੱਖੀ ਜਾਂਦੀ ਹੈ। ਇਸ ਘਿਉ ਦੇ ਦੀਵਿਆਂ ਦੇ ਹਿੰਦਸਿਆਂ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਅਕਸਰ ਲਾੜੇ ਦੀ ਮਾਮੀ ਦੇ ਸਿਰ ਤੇ ਟੋਕਣੀ ਨੂੰ ਰੱਖਿਆ ਜਾਂਦਾ ਹੈ ਅਤੇ ਨਾਨਕਿਆਂ ਦਾਦਕਿਆਂ ਦਾ ਸਮੂਹ ਪਿੰਡ ਦੀਆਂ ਵਿੱਚ ਘੁੰਮਦਾ ਹੈ। ਵਿਆਹੁਲੇ ਗਿੱਧੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਪ੍ਰਕਿਰਿਆ ਰਾਹੀਂ ਔਰਤਾਂ ਅਤੇ ਮੁਟਿਆਰਾਂ ਮਾਨਸਿਕ ਤੌਰ 'ਤੇ ਤਿਆਰ ਹੋ ਜਾਂਦੀਆਂ ਹਨ। ਜਾਗੋ ਕੱਢਣ ਸਮੇਂ ਨਾਨਕਿਆਂ ਵੱਲੋਂ ਆਈਆਂ ਮੇਲਣਾਂ ਜਿਵੇਂ ਮਾਮੀ ਅਤੇ ਮਾਸੀ ਦਾ ਖ਼ਾਸ ਮਹੱਤਵ ਹੁੰਦਾ ਹੈ। ਬਾਕੀ ਲੋਕ ਵੀ ਮੇਲ ਆਈਆਂ ਮਾਸੀਆਂ ਅਤੇ ਮਾਮੀਆਂ ਨੂੰ ਨੱਚਦੀਆਂ ਵੇਖਣਾ ਚਾਹੁੰਦੇ ਹਨ। ਕਈ ਵਾਰ ਪਿੰਡ ਦੇ ਹੋਰ ਲੋਕ ਵੀ ਦਰਸ਼ਕ ਦੇ ਤੌਰ 'ਤੇ ਜਾਗੋ ਵਿੱਚ ਸ਼ਾਮਿਲ ਹੋ ਜਾਂਦੇ ਹਨ।

ਜਾਗੋ ਇੱਕ ਪ੍ਰਤੀਕ ਦੇ ਰੂਪ ਵਿੱਚ

[ਸੋਧੋ]

ਜਾਗੋ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਉੱਪਰ ਲਗਾਈਆਂ ਪਾਬੰਦੀਆਂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਔਰਤਾਂ ਉੱਪਰ ਲਗਾਈਆਂ ਬੰਦਿਸ਼ਾਂ ਅਤੇ ਪਾਬੰਦੀਆਂ ਨੂੰ ਘੱਟ ਕਰਨ ਲਈ ਜਾਗੋ ਵਰਗੇ ਮੌਕੇ ਹੋਂਦ ਵਿੱਚ ਆਏ ਹਨ। ਇਹੋ ਕਾਰਨ ਹੈ ਕਿ ਜਾਗੋ ਕੱਢਣ ਵੇਲ਼ੇ ਔਰਤਾਂ ਅਤੇ ਮੁਟਿਆਰਾਂ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ ਅਤੇ ਅਰਮਾਨਾਂ ਦਾ ਇਜ਼ਹਾਰ ਕਰਦੀਆਂ ਹਨ। ਉਹ ਇਸ ਸਮੇਂ ਨੈਤਿਕਤਾ ਦੀਆਂ ਹੱਦਾਂ ਨੂੰ ਵੀ ਤੋੜ ਦਿੰਦੀਆਂ ਹਨ। ਅਜਿਹੇ ਸਮੇਂ ਉਹਨਾਂ ਵਿਚਲੀ ‘ਸੁਤੰਤਰ’ ਔਰਤ ਜਾਗ ਪੈਂਦੀ ਹੈ। ਜਿਵੇਂ ਇਸ ਨਾਲ਼ ਸੰਬੰਧਿਤ ਜਾਗੋ ਵਿੱਚ ਔਰਤਾਂ ਦੁਆਰਾ ਗਾਈ ਜਾਂਦੀ ਇਹ ਬੋਲੀ ਹੈ: ਉੱਚੇ ਬੁਰਜ ਖੜੋਤਿਆ ਵੇ ਸੱਜਣਾਂ ਪੱਗ ਬੰਨ੍ਹਦਾ ਤੇ ਚਿਣ ਚਿਣ ਕੇ ਆਊਗੀ ਮੌਤ ਮਰ ਜਾਵੇਂਗਾ ਚੋਬਰਾ ਭੁੰਜੇ ਰੁਲਣਗੇ ਤੇਰੇ ਖੇਸ ਵੇ ਵੇ ਕੀ ਭਾਣਾ ਵਰਤਿਆ ਮੇਰੀ ਨਾ ਚੱਲਦੀ ਕੋਈ ਪੇਸ਼ ਵੇ। ਇਸ ਬੋਵੀ ਤੋਂ ਇਲਾਵਾ ਜਾਗੋ ਵਿੱਚ ਔਰਤਾਂ ਹੋਰ ਬੋਲੀਆਂ ਵਿੱਚ ਤਾਅਨੇ, ਮਿਹਣੇ, ਹਾਸੇ ਮਖੌਲ ਵਾਲ਼ੀਆਂ ਬੋਲੀਆਂ ਗਾ ਕੇ ਆਪਣੀਆਂ ਦੱਬੀਆਂ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ। ਜਾਗੋ ਕੱਢਣ ਸਮੇਂ ਔਰਤਾਂ ਅਤੇ ਮੁਟਿਆਰਾਂ ਜਿਹੜੇ ਗੀਤ ਗਾਉਂਦੀਆਂ ਅਤੇ ਤਮਾਸ਼ੇ ਕਰਦੀਆਂ ਹਨ, ਇਹਨਾਂ ਗੀਤਾਂ ਅਤੇ ਤਮਾਸ਼ਿਆਂ ਵਿੱਚ ਉਹਨਾਂ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ, ਇੱਛਾਵਾਂ, ਲੋੜਾਂ ਅਤੇ ਅਰਮਾਨਾਂ ਦੀ ਪੂਰਤੀ ਦ੍ਰਿਸ਼ਟੀਗੋਚਰ ਹੁੰਦੀ ਹੈ। ਜਾਗੋ ਸਮੇਂ ਔਰਤਾਂ ਆਪਣੇ ਸੰਕਲਪਾਤਮਕ ਰੂਪ ਵਿੱਚੋਂ ਬਾਹਰ ਨਿੱਕਲ ਕੇ ਨਿਰੋਲ ਔਰਤਾਂ ਹੁੰਦੀਆਂ ਹਨ ਅਤੇ ਜਾਗੋ ਉੱਪਰ ਬਲ਼ਦੇ ਚਿਰਾਗ਼ ਉਸ ਅੰਦਰਲੇ ਹਨੇਰੇ ਨੂੰ ਦੂਰ ਕਰਨ ਦੇ ਪ੍ਰਤੀਕ ਬਣ ਜਾਂਦੇ ਹਨ। ਜਾਗੋ ਦੇ ਜ਼ਰੀਏ ਔਰਤਾਂ ਆਪਣੇ ਬਾਵਾਂ ਰਾਹੀਂ ਆਪਣੇ ਮਨ ਅੰਦਰ ਦੱਬੇ ਅਰਮਾਨਾਂ ਨੂੰ ਬਾਹਰ ਕੱਢਣ ਦਾ ਯਨ ਕਰਦੀਆਂ ਹਨ। ਇਸੇ ਤਰ੍ਹਾਂ ਜਾਗੋ ਕੱਢਣ ਦੌਰਾਨ ਬਲ਼ਦੇ ਦੀਵਿਆਂ ਵਿੱਚ ਤੇਲ ਪਾਉਣ ਦਾ ਪ੍ਰਤੀਕ ਸਮੂਹ ਔਰਤਾਂ ਦੀ ਮਨੋਦਸ਼ਾ ਨੂੰ ਪ੍ਰਗਟ ਕਰਦਾ ਹੈ। ਜਾਗੋ ਕੱਢਣ ਸਮੇਂ ਔਰਤਾਂ ਘਰ ਦੇ ਚੁੱਲ੍ਹੇ ਢਾਹੁੰਦੀਆਂ ਹਨ ਜਿਸ ਨੂੰ ਮਰਦ ਪ੍ਰਧਾਨ ਸਮਾਜ ਵੱਲੋਂ ਉਸਾਰੇ ਗਏ ਪਰਿਵਾਰਿਕ ਸੰਗਠਨ ਦੀ ਪਹਿਲੀ ਕੜੀ ਨੂੰ ਤੋੜ ਕੇ ਸਮਾਜਿਕ ਬੰਧਨਾਂ ਤੋੰ ਮੁਕਤ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ ਤੇ ਖੁਰਲੀਆਂ ਨੂੰ ਤੋੜਨਾ ਵੀ ਮਰਦ ਵੱਲੋਂ ਉਸਾਰਿਆ ਗਿਆ ਸਮਾਜਿਕ ਪ੍ਰਬੰਧ ਨੂੰ ਤੋੜਨ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਇਸੇ ਤਰ੍ਹਾੰ ਘਰਾਂ ਦੇ ਪਰਨਾਲ਼ੇ ਢਾਹੁਣਾ ਖੂਹ ਦੀਆਂ ਟਿੰਡਾਂ ਖੂਹ ਵਿੱਚ ਖੂਹ ਵਿੱਚ ਸੁੱਟਣਾ ਆਦਿ ਪ੍ਰਤੀਕ ਵੀ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦੁਆਰਾ ਸਮਾਜਿਕ ਸੰਗਠਨ ਦੀ ਉਲੰਘਣਾ ਕਰਦੇ ਨਜ਼ਰ ਆਉਂਦੇ ਹਨ। ਮਰਦ ਵੱਲੋੰ ਉਸਾਰੇ ਗਏ ਖੇਤੀਬਾੜੀ ਅਤੇ ਉਪਜੀਵਕਾ ਦੇ ਸਾਧਨਾਂ ਨੂੰ ਤਬਾਹ ਕਰਨ ਦਾ ਮਤਲਬ ਮਰਦ ਪ੍ਰਧਾਨ ਸਮਾਜ ਵਿਰੁੱਧ ਬਗ਼ਾਵਤ ਦੀ ਨਿਸ਼ਾਨੀ ਹੈ। ਇਹੋ ਕਾਰਨ ਹੈ ਕਿ ਜਾਗੋ ਦੇ ਗੀਤਾਂ ਅਤੇ ਤਮਾਸ਼ਿਆਂ ਵਿੱਚ ਪ੍ਰਯੁਕਤ ਹੋਏ ਚਿੰਨ੍ਹ ਅਤੇ ਪ੍ਰਤੀਕ ਮਾਜਿਕ ਵਿਰੋਧ ਵਾਲ਼ੇ ਤੇ ਕ੍ਰਾਂਤੀਕਾਰੀ ਹੁੰਦੇ ਹਨ।

ਮਾਨਵ ਵਿਗਿਆਨਕ ਪੱਖ ਤੋਂ ਜਾਗੋ ਦਾ ਮਤਲਬ

[ਸੋਧੋ]

ਅਜੋਕੇ ਦੌਰ ਵਿੱਚ ਜਾਗੋ ਕੱਢਣ ਦੀ ਰਹੁ ਰੀਤ ਦਾ ਨਿਭਾਅ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਦੀ ਰੋਟੀ ਖਾਣ ਤੋਂ ਬਾਅਦ ਕੀਤਾ ਜਾਂਦਾ ਹੈ। ਜਾਗੋ ਕੱਢਣਾ ਵਿਆਹ ਮੌਕੇ ਇਕੱਤਰ ਔਰਤਾਂ ਲਈ ਹਾਸੇ ਮਖੌਲ ਤੇ ਮਨ ਪ੍ਰਚਾਵੇ ਦਾ ਸਾਧਨ ਮੰਨਿਆ ਜਾਂਦਾ ਹੈ। ਪਰੰਤੂ ਮਾਨਵ ਵਿਗਿਆਨਕ ਪੱਖ ਤੋਂ ਜਾਗੋ ਕੱਢਣ ਪਿੱਛੇ ਧਰਨਾ ਹੈ, ਜਾਗੋ ਦਾ ਸਰੂਪ ਦੇਖ ਕੇ ਬਦਰੂਹਾਂ ਜਾਂ ਭੈੜੀਆਂ ਆਤਮਾਵਾਂ ਪਿੰਡ ਜੂਹ, ਗਲ਼ੀ ਮੁਹੱਲਿਆਂ ਤੇ ਸ਼ਰੀਕੇ ਭਾਈਚਾਰੇ ਦੇ ਘਰਾੰ ਤੋਂ ਦੂਰ ਚਲੀਆਂ ਜਾਂਦੀਆਂ ਹਨ ਅਤੇ ਨਵ ਵਿਆਹੀ ਜੋੜੀ ਨੂੰ ਉਹ ਦੁੱਖ ਨਹੀਂ ਦੇ ਸਕਦੀਆਂ। ਜਾਗੋ ਵਿੱਚ ਗਾਗਰ ਦੇ ਮੂੰਹ ਤੇ ਰੱਖੇ ਚਾਰ ਦੀਵੇ ਚਾਰ ਦਿਸ਼ਾਵਾਂ ਦਾ ਸੂਚਕ ਹਨ ਦੀਵੇ ਦੀ ਰੌਸ਼ਨੀ ਚਾਰਾਂ ਦਿਸ਼ਾਵਾਂ ਤੋਂ ਭੈੜੀ ਆਤਮਾ ਨੂੰ ਰੋਕ ਕੇ ਰੱਖੇਗੀ। ਜਾਗੋ ਵਿੱਚ ਵਰਤਿਆ ਦੀਵਾ ਰੌਸ਼ਨੀ ਦਾ ਪ੍ਰਤੀਕ ਹੈ। ਗਾਗਰ ਕਾਇਆ ਦਾ ਅਤੇ ਦੀਵੇ ਦਾ ਬਲਣਾ ਅਗਨੀ ਦੇਵਤੇ ਦਾ ਪ੍ਰਤੀਕ ਹੈ। ਇਹਨਾੰ ਦਾ ਤਿੰਨਾਂ ਦਾ ਸੁਮੇਲ ਅਲੌਕਿਕ ਸ਼ਕਤੀ ਦਾ ਸੰਚਾਰ ਕਰਦਾ ਮੰਨਿਆ ਗਿਆ ਹੈ।

ਜਾਗੋ ਵਿੱਚ ਆਏ ਪਰਿਵਰਤਨ

[ਸੋਧੋ]

ਪੁਰਾਤਨ ਸਮੇਂ ਦੀ ਜਾਗੋ ਤੇ ਅੱਜ ਕੱਲ੍ਹ ਜਾਗੋ ਵਿੱਚ ਬਹੁਤ ਪਰਿਵਰਤਨ ਆ ਗਏ ਹਨ। ਤ੍ਰੀਮਤਾਂ ਦੇ ਸਿਰਾਂ ਤੇ ਰਵਾਇਤੀ ਦੀਵਿਆਂ ਵਾਲ਼ੀ ਜਾਗੋ ਦੀ ਥਾਂ ਚੁੱਪ ਚੁਪੀਤੇ ਜਨਮ ਦਿਨ ਵਾਲ਼ੇ ਕੇਕ ਵਰਗੀ ਜਾਅਲੀ ਜਿਹੀ ਜਾਗੋ ਵਿੱਚ ਲੱਗੇ ਬਿਜਲੀ ਲਾਟੂ ਜਗਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਸ ਮਾਡਰਨ ਜਾਗੋ ਦੇ ਭਾਰ ਹੇਠਾਂ ਬੋਲੀਆਂ ਅਜੇ ਵੀ ਓਹੀ ਹਨ:

ਵੇ ਸਰਦਾਰੋ, ਲੰਬੜਦਾਰੋ

ਜਾਗੋ ਵਿੱਚੋਂ ਤੇਲ ਮੁੱਕਿਆ

ਇਹ ਹੋਕਰਾ ਸੁਣ ਕੇ ਪਹਿਲਾਂ ਲੋਕ ਆਪਣੇ ਘਰ ਆਈ ਜਾਗੋ ਦੀ ਟੋਲੀ ਦਾ ਸਵਾਗਤ ਸਤਿਕਾਰ ਕਰਦੇ, ਜਾਗੋ ਦੇ ਦੀਵਿਆਂ ਵਿੱਚ ਤੇਲ ਪਾ ਕੇ ਆਪਣੀ ਸਾੰਝ ਵਧਾਉਂਦੇ ਅਤੇ ਲੋਕਾਂ ਅਤੇ ਲੋਕਾਂ ਦਾ ਖਾਣ ਲਈ ਮਿੱਠਾ ਸਲੂਣਾ ਪਏਸ਼ ਕਰਦੇ ਹਨ। ਹੁਣ ਲਾਟੂਆਂ ਵਾਲ਼ੀ ਜਾਗੋ ਵਿੱਚ ਤੇਲ ਤਾਂ ਨਹੀਂ ਪਰ ਬੈਟਰੀ ਜ਼ਰੂਰ ਪਾਈ ਜਾ ਸਕਦੀ ਹੈ।

ਵੇ ਸਰਦਾਰੋ, ਲੰਬੜਦਾਰੋ

ਜਾਗੋ ਵਿੱਚ ਮੁੱਕੀ ਬੈਟਰੀ

ਇਕੱਲੀ ਜਾਗੋ ਹੀ ਨਹੀਂ,ਵਿਆਹ ਦੀਆੰ ਤਕਰੀਬਨ ਸਾਰੀਆਂ ਰਸਮਾਂ ਵਿੱਚੋਂ ਚਮਕ ਗ਼ਾਇਬ ਹੋ ਰਹੀ ਹੈ।

ਸਹਾਇਕ ਪੁਸਤਕਾਂ:

 1. ਵਿਆਹ ਦੀਆਂ ਰਸਮਾਂ – ਡਾ. ਰੁਪਿੰਦਰਜੀਤ ਗਿੱਲ
 2. ਪੰਜਾਬ ਦੀ ਲੋਕ ਨਾਟ ਪਰੰਪਰਾ ਤੇ ਪੰਜਾਬੀ ਨਾਟਕ – ਡਾ. ਰਵੇਲ ਸਿੰਘ
 3. ਵਿਆਹ ਦੀਆਂ ਰਹੁ ਰੀਤਾਂ ਤੇ ਪੰਜਾਬੀ ਲੋਕ ਗੀਤ (ਮਾਨਵ ਵਿਗਿਆਨਕ ਅਧਿਐਨ) – ਡਾ. ਅਮਰਜੀਤ ਸਿੰਘ ਗਿੱਲ।

ਲੋਕ ਸਾਜ

[ਸੋਧੋ]

ਲੋਕ ਗਾਇਕੀ ਉਂਜ ਤਾਂ ਬਿਨ੍ਹਾਂ ਸਾਜਾ ਤੋਂ ਹੀ ਰੰਗ ਕਾਇਮ ਰੱਖ ਸਕਦੀ ਹੈ। ਪਰ ਕਿਸੇ ਵਿਸ਼ੇਸ਼ ਅਵਸਰ ਉੱਤੇ ਢੋਲ, ਢੋਲਕੀ, ਘੜਾ, ਇਕਤਾਰਾ, ਅਲਗੋਜ਼ੇ, ਵੰਝਲੀ, ਢੱਡ, ਸਾਰੰਗੀ, ਰਬਾਰ, ਡਫਲੀ ਤੇ ਕਾਟੋ ਆਦਿ ਲੋਕ-ਸਾਜ਼ਾ ਦੀ ਵੰਨਗੀ ਹੈ।

ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਲੋਕ-ਕਲਾਵਾਂ ਵਿੱਚ ਲੋਕ-ਨਾਟ ਕਲਾ ਦੀ ਆਪਣੀ ਨਵੇਕਲੀ ਵਿਲੱਖਣਤਾ ਹੈ ਜੋ ਲੋਕਾਂ ਦੇ ਮਨੋਰੰਜਨ ਦਾ ਇੱਕ ਸਾਧਨ ਹੈ।ਭਾਵੇਂ ਅਜੋਕੇ ਯੁੱਗ ਵਿੱਚ ਟੈਲੀਵਿਜ਼ਨ ਆਦਿ ਨਾਲ ਇਸ ਪਰੰਪਰਾ ਨੂੰ ਸ਼ਹਿਰੀ ਵਰਗ ਦੇ ਲੋਕ ਬਹੁਤਾ ਪਸੰਦ ਨਹੀਂ ਕਰਦੇ ਹਨ, ਪਰ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਇਹ ਅਜੇ ਵੀ ਉਸੇ ਤਰ੍ਹਾਂ ਭਾਗ ਹੈ।ਲੋਕੀ ਇਨ੍ਹਾਂ ਦਾ ਪੂਰਾ ਰਸ ਮਾਣਦੇ ਹਨ। ਇਨ੍ਹਾਂ ਦੀ ਜੀਵੰਤ ਹੋਂਦ ਦਾ ਪ੍ਰਗਟਾਵਾਂ ਨਕਲੀਆਂ ਤੇ ਰਾਸਧਾਰੀਆ ਦੇ ਟੁਲਾਂ ਦਾ ਪੰਜਾਬ ਵਿੱਚ ਵਿਚਰਨਾ ਇਸਦੀ ਪ੍ਰਤੱਖ ਮਿਸਾਲ ਹੈ।ਲੋਕ-ਨਾਟ ਪਰੰਪਰਾ ਦੀ ਸਾਡੇ ਆਧੁਨਿਕ ਸਾਹਿਤਕ ਨਾਟਕ ਨੂੰ ਵੀ ਬਹੁਤ ਵੱਡੀ ਦੇਣ ਹੈ। ਇਸ ਅਮੀਰ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ। ਲੋਕ-ਨਾਟ ਕਿਸੇ ਲੋਕਧਾਰਾ ਦਾ ਵਡਮੁੱਲਾ ਖਜਾਨਾ ਹੁੰਦੇ ਹਨ। ਪੰਜਾਬ ਵਿੱਚ ਨਾਟ-ਪਰੰਪਰਾ ਨੂੰ ਉਤਸਾਹਿਤ ਕਰਨਾ ਸਮੇਂ ਦੀ ਲੋੜ ਹੈ। ਸਹਾਇਕ ਪੁਸਤਕਾਂ: 1. ਬਲਬੀਰ ਸਿੰਘ ਪੂੰਨੀ, ਲੋਕ ਧਰਾ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ। 2. ਆਚਾਰੀਆ ਚੰਦਰ ਪ੍ਰਕਾਸ਼ ਸਿੰਘ, ਹਿੰਦੀ ਨਾਟਕ ਸਾਹਿਤਯ ਔਰ ਰੰਗ ਮੰਚ ਕੀ ਮੀਮਾਂਸਾ 3. ਪੰਜਾਬ ਦਾ ਲੋਕ ਵਿਰਸਾ, ਕਰਨੈਲ ਸਿੰਘ ਥਿੰਦ 4. ਪੰਜਾਬੀ ਲੋਕ ਸਾਹਿਤ ਸ਼ਾਸਤਰ, ਡਾ. ਜਸਵਿੰਦਰ

ਹਵਾਲੇ

[ਸੋਧੋ]
 1. 1.0 1.1 1.2 ਬਲਬੀਰ ਸਿੰਘ ਪੂਨੀ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ ਨੰ: 94
 2. 2.0 2.1 ਬਲਬੀਰ ਸਿੰਘ ਪੂਨੀ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ 95
 3. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲਾ, ਪੰਨਾ ਨ -125
 4. 4.0 4.1 ਬਲਬੀਰ ਸਿੰਘ ਪੂਨੀ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ ਨੰ:96
 5. ਡਾ. ਜੀਤ ਸਿੰਘ ਜੋਸ਼ੀ, ਸੱਭਿਆਚਾਰ ਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ-2, ਲੁਧਿਆਣਾ, ਪੰਨਾ ਨੰ: 365
 6. ਡਾ. ਜੀਤ ਸਿੰਘ ਜੋਸ਼ੀ, ਸੱਭਿਆਚਾਰ ਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ-2, ਲੁਧਿਆਣਾ, ਪੰਨਾ ਨੰ: 365