ਪੰਜਾਬੀ ਲੋਰੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਲੋਰੀਆਂ ਪੰਜਾਬੀ ਲੋਕ ਸਾਹਿਤ ਦਾ ਅੰਗ ਹਨ।

ਚੀਚੀ ਚੀਚੀ ਕੋਕੋ ਖਾਵੇ
ਦੁੱਧ ਮਲਾਈਆਂ ਕਾਕਾ ਖਾਵੇ
ਕਾਕੇ ਦੀ ਘੋੜੀ ਖਾਵੇ
ਘੋੜੀ ਦਾ ਵਛੇਰਾ ਖਾਵੇ


ਕਾਕੇ ਦੀ ਕੱਛ ਵਿਚ
ਗੋਹ ਬੜਗੀ
ਮੈਂ ਲੱਗੀ ਕੱਢਣ
ਇਕ ਹੋਰ ਬੜਗੀ


ਏਥੇ ਮੇਰੀ ਖੰਡ ਸੀ
ਏਥੇ ਮੇਰਾ ਘਿਉ ਸੀ
ਏਥੇ ਮੇਰਾ ਦੁੱਧ ਸੀ।
ਏਥੇ ਮੇਰੀ ਮਧਾਣੀ ਸੀ
ਕਾਕੇ ਦਾ ਘਰ ਲੱਭਦਿਆਂ
ਲੱਭਦਿਆਂ ਲੱਭ ਗਿਆ,


ਆਲੀਓ-ਪਾਲੀਓ,
ਇਕ ਕੱਟਾ ਸੀ,
ਇਕ ਵੱਛਾ ਸੀ,
ਦੋ ਮੱਝਾਂ ਸੀ
ਦੋ ਗਾਈਆਂ ਸੀ
ਸਾਡਾ ਰਤਨਾ
ਚਾਰਨ ਗਿਆ ਸੀ,
ਪੈਰੀਂ ਲਾਲ ਮੌਜੇ ਸੀ
ਹੱਥ ਵਿੱਚ ਖੂੰਡੀ ਸੀ,
ਸਿਰ ਤੇ ਭੂੰਗੀ ਸੀ,
ਕਿਸੇ ਨੇ ਸਾਡਾ ਰਤਨਾ
ਵੇਖਿਆ ਹੋਵੇ,
ਆਹ ਜਾਂਦੀ ਪੈੜ,
ਆਹ ਜਾਂਦੀ


ਸੌਂ ਜਾ ਕਾਕਾ ਤੂੰ
ਤੇਰੀ ਕੱਛ ਵਿੱਚ ਬੜਗੀ ਜੂੰ
ਕੱਢਣ ਤੇਰੀਆਂ ਮਾਸੀਆਂ
ਕਢਾਉਣ ਵਾਲ਼ਾ ਤੂੰ


ਸੌਂ ਜਾ ਕਾਕਾ ਤੂੰ
ਤੇਰੀ ਬੋਦੀ ਵਿੱਚ ਬੜਗੀ ਜੂੰ
ਕੱਢਣ ਤੇਰੀਆਂ ਮਾਸੀਆਂ ?
ਕਢਾਵੇਂ ਕਾਕਾ ਤੂੰ


ਸੌਂ ਜਾ ਮੇਰੇ ਪੁੱਤਾ
ਨਾਨਕਿਆਂ ਨੂੰ ਜਾਵਾਂਗੇ
ਝੱਗਾ ਚੁੰਨੀ ਲਿਆਵਾਂਗੇ
ਨਾਨੀ ਦਿੱਤਾ ਘਿਓ
ਜੀਵੇ ਮੇਰਾ ਪਿਓ


ਹੂੰ ਵੇ ਮੱਲਾ ਹੂੰ ਵੇ
ਤੇਰੀ ਬੋਦੀ ’ਚ ਪੈਗੀ ਜੂੰ ਵੇ
ਇਕ ਮੈਂ ਕੱਢਾਂ ਇੱਕ ਤੂੰ ਵੇ
ਕੱਢਣ ਵਾਲ਼ਾ ਕੀ ਕਰੇ
ਕੁਪੱਤਾ ਵੀਰਾ ਤੂੰ ਵੇ


ਲੋਰੀ ਲੋਰੀ ਲੱਪਰੇ
ਮੁੰਡਿਆਂ ਨੂੰ ਘਿਓ ਦੇ ਝੱਕਰੇ


ਜੰਗਲ ਸੁੱਤੇ ਪਹਾੜ ਸੁੱਤੇ,
ਸੁੱਤੇ ਸਭ ਦਰਿਆ।
ਕਾਕਾ ਮੇਰਾ ਅਜੇ ਵੀ ਜਾਗੇ,
ਨੀ ਨੀਂਦੇ ਵਿਹਲੀਏ ਆ।
ਚੁੱਲ੍ਹੇ ਦੇ ਵਿੱਚ ਅੱਗ ਵੀ ਸੁੱਤੀ,
ਸੁੱਤੇ ਚੰਨ ਤੇ ਤਾਰੇ।
ਸੁੱਤੀ ਹੋਈ ਤਵੇ ਦੇ ਉੱਤੇ,
ਨੀਂਦਰ ਸੈਨਤਾਂ ਮਾਰੇ।


ਦੁਰ ਦੁਰ ਕੁੱਤਿਆ
ਜੰਗਲ ਸੁੱਤਿਆ
ਜੰਗਲ ਪਈ ਲੜਾਈ
ਜੀਵੇ ਮੁੰਡੇ ਦੀ ਤਾਈ
ਲਾਲ ਨੂੰ ਲੋਰੀ ਦੇਵਾਂ
ਸੌਂ ਜਾ ਮੇਰੇ ਪੁੱਤਿਆ।
ਨਾਨਕਿਆਂ ਨੂੰ ਜਾਵਾਂਗੇ
ਝੱਗਾ ਚੁੰਨੀ ਲਿਆਵਾਂਗੇ
ਨਾਨੀ ਦਿੱਤਾ ਘਿਉ
ਜੀਵੇ ਲਾਲ ਦਾ ਪਿਉ
ਲਾਲ ਨੂੰ ਲੋਰੀ ਦੇਵਾਂ
ਸੌਂ ਜਾ ਮੇਰੇ ਪੁੱਤਿਆ।
ਜੰਗਲੀ ਕਾਨੇ
ਜੀਉਣ ਕਾਕੇ ਦੇ ਮਾਮੇ
ਮਾਮਿਆਂ ਦੇ ਲੱਕ ਲਾਚੇ
ਚਾਚਿਆਂ ਕੀਤੀ ਵਾਹੀ
ਜੀਊਣ ਕਾਕੇ ਦੇ ਭਾਈ
ਲਾਲ ਨੂੰ ਲੋਰੀ ਦੇਵਾਂ
ਸੌਂ ਜਾ ਮੇਰੇ ਪੁੱਤਿਆ


ਆਖੋ ਲਾਅਲਾ ਅੱਲਾ ਅੱਲ੍ਹਾ ਮੁਹੰਮਦ ਰਸੂਲ ਅੱਲ੍ਹਾ
ਅੱਲ੍ਹਾ ਈ ਅੱਲ੍ਹਾ ਕਰਿਆ ਕਰੋ
ਖ਼ਾਲੀ ਦਮ ਨਾਂ ਭਰਿਆ ਕਰੋ
ਹਰਦਮ ਰੱਬ ਤੋਂ ਡਰਿਆ ਕਰੋ
ਕਲਮਾ ਨਬੀ ਦਾ ਪੜ੍ਹਿਆ ਕਰੋ
ਆਖੋ ਲਾਅਲਾ ਅੱਲਾ ਅੱਲ੍ਹਾ ਮੁਹੰਮਦ ਰਸੂਲ ਅੱਲ੍ਹਾ
ਦਿਨ ਚੜ੍ਹਿਆ ਭਾਗੀਂ ਭਰਿਆ
ਨਬੀ ਪਾਕ ਮੱਕੇ ਵਿੱਚ ਵੜਿਆ
ਉਨ੍ਹੀਂ ਵੜਦਿਆਂ ਕਲਮਾ ਭਰਿਆ
ਪੜ੍ਹੋ ਲਾਅਲਾ ਅੱਲਾ ਅੱਲ੍ਹਾ ਮੁਹੰਮਦ ਰਸੂਲ ਅੱਲ੍ਹਾ


ਅੱਲ੍ਹੜ ਬਲ੍ਹੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ
ਛੱਟ ਭੜੋਲੇ ਪਾਵੇਗੀ
ਬਾਵੀ ਮਨ ਪਕਾਵੇਗੀ
ਬਾਵਾ ਬਹਿ ਕੇ ਖਾਵੇਗਾ
ਅਲ੍ਹੜ ਬਲ੍ਹੜ ਬਾਵੇ ਦਾ
ਬਾਵਾ ਕਪਾਹ ਲਿਆਵੇਗਾ
ਬਾਵੀ ਬਹਿ ਕੇ ਕੱਤੇਗੀ
ਪ੍ਰੇਮਾਂ ਪੂਣੀਆਂ ਵੱਟੇਗੀ
ਗੋਡੇ ਹੇਠ ਲੁਕਾਵੇਗੀ
ਬਾਵਾ ਖਿੜ ਖਿੜ ਹੱਸੇਗਾ


ਤੇਰਾ ਹੋਰ ਕੀ ਚੁੰਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾ ਤੇਰੀਆਂ ਅੱਖਾਂ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਧੁੰਨੀ
ਊਂ ਊਂ ਊਂ
ਮੇਰੀ ਆਸ ਮੁਰਾਦ ਪੁੰਨੀ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੇ ਪੈਰ
ਊਂ ਊਂ ਊਂ
ਤੇਰੇ ਸਿਰ ਦੀ ਮੰਗਾਂ ਖ਼ੈਰ
ਤੇਰਾ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਗਾਨੀ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਨਾਨੀ
ਲੋਰੀ ਲਕੜੇ ਊਂ ਊਂ
ਤੇਰੀ ਮਾਂ ਸਦਕੜੇ ਊਂ ਊਂ।


ਬੋਲ ਬੋਲ ਨੀ ਨੀਂਦਰੇ ਦੀਏ ਪਰੀਏ
ਕਾਕੇ ਦਾ ਵਿਆਹ, ਅਸੀਂ ਕਦੋਂ ਕਰੀਏ
ਊਂ ਊਂ ਊਂ...
ਬੋਲ ਬੋਲ ਨੀ ਸੁੱਤੀਏ ਨੀਂਦਰੇ
ਰਾਜੇ ਦੇ ਪੁੱਤਰ ਕੀ ਖਾਂਦੇ ਨੇ
ਊਂ ਊਂ ਊਂ...
ਦੁਰ ਦੁਰ ਕੁੱਤਿਆ, ਜੰਗਲ ’ਚ ਸੁੱਤਿਆ
ਜੰਗਲ ਪਈ ਲੜਾਈ, ਨੀਂਦਰ ਨੱਸੀ ਨੱਸੀ ਆਈ।
ਜੰਗਲ ਸੁੱਤੇ ਪਹਾੜ ਸੁੱਤੇ, ਸੁੱਤੇ ਸਭ ਦਰਿਆ
ਅਜੇ ਜਾਗਦਾ ਸਾਡਾ ਕਾਕਾ, ਨੀਂਦਰੇ ਛੇਤੀ ਛੇਤੀ ਆ


ਅਲ੍ਹੜ ਬਲ੍ਹੜ ਬਾਵੇ ਦਾ, ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ, ਮਾਂ ਪੂਣੀ ਕੱਤੇਗੀ
ਬਾਵੀ ਮੱਨ ਪਕਾਵੇਗੀ, ਕਾਕਾ ਖਿੜ ਖਿੜ ਹੱਸੇਗਾ


ਲੋਰੀ ਵੇ ਲੋਰੀ ਦੁੱਧ ਦੀ ਕਟੋਰੀ
ਪੀ ਲੈ ਨਿੱਕਿਆ, ਲੋਕਾਂ ਤੋਂ ਚੋਰੀ।


ਚੁੰਮਾਂ ਤੇਰੀਆਂ ਅੱਖਾਂ, ਤੈਨੂੰ ਸਾਈਂ ਦੀਆਂ ਰੱਖਾਂ
ਤੇਰਾ ਹੋਰ ਕੀ ਚੁੰਮਾਂ…
ਚੁੰਮਾਂ ਤੇਰੇ ਪੈਰ, ਤੇਰੇ ਸਿਰ ਦੀ ਮੰਗਾਂ ਖ਼ੈਰ
ਤੇਰਾ ਹੋ ਕੀ ਚੁੰਮਾਂ।
ਲੋਰਮ ਲੋਰੀ ਦੁੱਧ ਕਟੋਰੀ
ਪੀ ਲੈ ਨਿੱਕਿਆ
ਲੋਕਾਂ ਤੋਂ ਚੋਰੀ
ਲੋਰੀ ਲਕੜੇ ਊਂ ਊਂ
ਤੇਰੀ ਮਾਂ ਸਦਕੜੇ ਊਂ ਊਂ


ਸਾਡਾ ਕੁੱਕੂ ਰਾਣਾ ਰੋਂਦਾ
ਹਾਏ ਮੈਂ ਮਰਗੀ ਰੋਂਦਾ
ਨਾ ਰੋ ਮਾਂ ਦੇ ਲਾਲ ਖਜ਼ਾਨਿਆਂ ਵੇ
ਮਾਂ ਦੀ ਗੋਦੀ ਬੋਦੀ ਵੇ
ਪਿਓ ਦੀ ਫੜਿਓ ਬੋਦੀ ਵੇ
ਮੇਰਾ ਕੁੱਕੂ ਰਾਣਾ ਰੋਂਦਾ
ਹਾਏ ਮੈਂ ਮਰਗੀ ਰੋਂਦਾ


ਕੁਕੜੂੰ ਘੜੂੰ ਤੇਰੀ ਬੋਦੀ
ਤੇਰੀ ਬੋਦੀ ਵਿੱਚ ਜੂੰ
ਕੱਢਣ ਵਾਲ਼ੀਆਂ ਭਾਬੀਆਂ
ਕਢਾਉਣ ਵਾਲ਼ਾ ਤੂੰ
ਕੁਕੜੂੰ ਘੜੂੰ।