ਸਮੱਗਰੀ 'ਤੇ ਜਾਓ

ਲੋਕ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਸਾਹਿਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਾਨਸ ਦੀ ਸਹਿਜ-ਸੁਭਾਵਿਕ ਅਭਿਵਿਅਕਤੀ ਹੈ, ਜਿਸ ਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੋਇਆ ਹੋਵੇ। ਇਸ ਰਚਨਾ ਨਾਲ਼ ਕਿਸੇ ਵੀ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ ਤੇ ਇੱਕ ਲੋਕ-ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀਓ-ਪੀੜ੍ਹੀ ਅੱਗੇ ਚੱਲਦੀ ਹੈ। ਡਾ. ਸਤੇਂਦਰ ਅਨੁਸਾਰ, 'ਲੋਕ ਮਨੁੱਖੀ ਸਮਾਜ ਦਾ ਉਹ ਵਰਗ ਹੈ, ਜੋ ਆਭਿਜਾਤ ਸੰਸਕਾਰ ਸ਼ਾਸਤਰੀਅਤਾ, ਪੰਡਤਾਈ ਦੀ ਚੇਤਨਾ ਅਤੇ ਹੈਂਕੜ ਤੋਂ ਖਾਲੀ ਹੈ ਅਤੇ ਜੋ ਇੱਕ ਪਰੰਪਰਾ ਦੇ ਪਰਵਾਹ ਵਿੱਚ ਜ਼ਿੰਦਾ ਰਹਿੰਦਾ ਹੈ।'[1] ਹਰ ਕੌਮ ਦੇ ਸਮਕਾਲੀ ਸਾਹਿਤ ਜਾਂ ਭਾਸ਼ਾ ਦਾ ਨਿਰਣਾ ਉਸ ਦੀਆਂ ਇਤਿਹਾਸਕ ਪਰਸਥਿਤੀਆਂ ਅਧੀਨ ਆਉਂਦੇ ਸਮਾਜਿਕ ਤਾਣੇ-ਬਾਣੇ ਨੇ ਤਹਿ ਕਰਨਾ ਹੁੰਦਾ ਹੈ। ਸਮਕਾਲੀਨ ਸਾਹਿਤ ਦੇ ਸਮੇਂ ਅਤੇ ਸਥਾਨ ਦੀ ਸਥਿਤੀ ਮੁਤਾਬਿਕ ਲੋਕ ਸਾਹਿਤ ਵੀ ਆਪ ਹੁਦਰਾ ਰੂਪ ਵਟਾਉਂਦਾ ਰਿਹਾ ਹੈ। ਭਾਵੇਂ ਕਿ ਲੋਕ ਸਾਹਿਤ ਦਾ ਨਵਾਂ ਰੂਪ ਹੋਂਦ ਵਿਚ ਆ ਜਾਵੇ, ਪਰ ਇਤਿਹਾਸਕ ਸਮੇਂ ਵਿਚ ਇਸਦੀ ਆਪਣੀ ਸਥਿਤੀ ਅਤੇ ਲੋੜ ਮੁਤਾਬਿਕ ਸਾਰਥਕਤਾ ਹੁੰਦੀ ਹੈ। ਏਸੇ ਲਈ ਇਹ ਅਤੀ ਪੁਰਾਣਾ ਹੁੰਦਾ ਹੋਇਆਂ ਵੀ ਨਿਤ-ਨਵਾਂ ਬਣਿਆ ਰਹਿੰਦਾ ਹੈ।[2]

ਪਰਿਭਾਸ਼ਾ[ਸੋਧੋ]

"ਲੋਕ ਸਾਹਿਤ" ਵਰਗੇ ਸੰਕਲਪ ਨੂੰ ਸਮਝਣ ਤੋਂ ਪਹਿਲਾਂ "ਲੋਕ" ਦੇ ਅਰਥਾਂ ਨੂੰ ਸਮਝਣਾ ਜ਼ਰੂਰੀ ਪ੍ਰਤੀਤ ਹੁੰਦਾ ਹੈ। ਲੋਕ ਅਲੱਗ-ਅਲੱਗ ਅਰਥਾਂ ਵਿਚ ਵਰਤਿਆ ਜਾਣ ਵਾਲ਼ਾ ਸੰਕਲਪ ਹੈ। ਲੋਕ ਲਈ ਅਸੀਂ ਅੰਗਰੇਜ਼ੀ ਭਾਸਾ 'people', 'ਜਨ-ਸਮੂਹ', 'masses' ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਾਂ,ਪਰ ਲੋਕ ਇਹਨਾਂ ਤੋਂ ਵੱਖਰੀ ਚੀਜ਼ ਹੈ। 'Public' ਜਿਹੜੇ ਸ਼ਹਿਰੀ ਜੀਵਨ ਜਾਂਚ ਅਨੁਸਾਰ ਪਲੇ਼ ਲੋਕਾਂ ਲਈ, 'People' ਅਲੱਗ-ਅਲੱਗ ਪਛਾਣ ਵਾਲੇ਼ ਬੰਦਿਆਂ ਦੀ ਪਛਾਣ ਲਈ ਵਰਤਿਆ ਜਾਣ ਵਾਲ਼ਾ ਤੇ 'Masses' ਜਿਹੜੇ ਰਾਜਨੀਤਿਕ ਅਧਿਕਾਰਾਂ ਵਾਲੇ਼ ਲੋਕ ਹਨ, ਉਹਨਾਂ ਲਈ ਵਰਤਿਆ ਜਾਂਦਾ ਹੈ।

ਐਲਨਡੰਡੀਜ਼ ਅਨੁਸਾਰ, 'ਲੋਕ ਕੋਈ ਇਸ ਤਰ੍ਹਾਂ ਦੇ ਲੋਕਾਂ ਦਾ ਸਮੂਹ ਨਹੀਂ, ਜੋ ਅਨਪੜ੍ਹ ਹੈ, ਬਲਕਿ ਇਹ ਅਜਿਹੀ ਚੇਤਨਾਂ ਦਾ ਧਰਾਤਲ ਹੈ, ਜਿਸ ਤੋਂ ਬੰਦਾਂ ਕਦੇ ਵੀ ਮੁਕਤ ਨਹੀਂ ਹੋ ਸਕਦਾ, ਉਹ ਬੰਦੇ ਸਮੂਹਿਕ ਤਰੀਕੇ ਨਾਲ ਸੋਚਦੇ ਹਨ। ਉਹਨ੍ਹਾਂ ਵਿੱਚ ਤਰਕਸ਼ੀਲਤਾ ਹੁੰਦੀ ਹੈ।'

ਉਪਰੋਕਤ ਧਾਰਣਾ ਅਧੀਨ ਜਿੱਥੇ 'ਲੋਕ' ਸ਼ਬਦ ਵੀ ਸਮੂਹਿਕ ਚੇਤਨਾ ਨਾਲ ਜੁੜ ਰਿਹਾ ਹੈ, ਉਥੇ ਲੋਕ ਸਾਹਿਤ ਦੇ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ‘‘ਇਹ ਕਿਸੇ ਇੱਕ ਲੇਖਕ ਦੀ ਰਚਨਾ ਨਾ ਹੋ ਕੇ ਵਿਸ਼ੇਸ਼ ਸੱਭਿਆਚਾਰਕ ਸਮੂਹ ਦੀ ਰਚਨਾ ਹੁੰਦਾ ਹੈ। ਜਿਹੜਾ ਆਪਣੀ ਪ੍ਰਤਿਭਾ ਦੁਆਰਾ ਲੋਕ ਮਾਨਸਿਕਤਾ ਦੇ ਨੇੜੇ ਦੀ ਸੂਖ਼ਮ ਤੇ ਅਚੇਤ ਭਾਵਨਾਵਾਂ ਨੂੰ ਸਮਝਦਾ ਹੈ ਤੇ ਲੋਕ ਪ੍ਰਵਾਨਗੀ ਹਸਿਲ ਕਰਕੇ ਪੀੜ੍ਹੀ-ਦਰ ਪੀੜ੍ਹੀ ਅੱਗੇ ਸੰਚਾਰਦਾ ਹੈ। ਇੰਝ ਸਮੂਹਕ ਸਿਰਜਣਾ, ਲੋਕ ਰੂੜ੍ਹੀਆਂ......................ਪਰੰਪਰਾਈ ਤੱਤ ਲੋਕ ਸਾਹਿਤ ਦੇ ਲੱਛਣ ਬਣ ਜਾਂਦੇ ਹਨ।'[3]

ਲੋਕ ਸਾਹਿਤ ਰਚਨਾ[ਸੋਧੋ]

ਵਿਸ਼ਿਸ਼ਿਟ ਸਾਹਿਤ ਵਾਂਗ ਕਿਸੇ ਲੇਖਕ ਦੁਆਰਾ ਲੋਕ-ਬੋਲੀ ਵਿੱਚ ਰਚਿਆ ਸਾਹਿਤ, ਲੋਕ ਚੇਤਨਾ ਦਾ ਸਾਹਿਤ ਅਤੇ ਲੋਕ-ਪ੍ਰਿਯ ਸਾਹਿਤ, ਬਹੁਤ ਵਾਰ ਲੋਕ ਸਾਹਿਤ ਤੋਂ ਭਿੰਨ ਹਨ। ਲੋਕ ਪ੍ਰਿਯ ਸਾਹਿਤ ਆਪਣੀ ਸਾਮੱਗਰੀ ਬਹੁਤੀ ਵਾਰ ਲੋਕ ਸਾਹਿਤ ਤੋਂ ਲੈਂਦਾ ਹੈ ਅਤੇ ਲੋਕ ਪ੍ਰਿਯ ਹੋਣ ਕਾਰਨ ਇਸ ਨੂੰ ਲੋਕ ਸਾਹਿਤ ਹੀ ਸਮਝ ਲਿਆ ਜਾਂਦਾ ਹੈ। 'ਰਾਮਇਣ' 'ਮਹਾਂਭਾਰਤ' ਅਤੇ 'ਹੀਰ-ਵਾਰਿਸ ਸ਼ਾਹ' ਇਸ ਦੇ ਸੁੰਦਰ ਉਦਾਹਰਣ ਹਨ। ਲੋਕ ਸਾਹਿਤ ਦੀ ਕੋਈ ਰਚਨਾ, ਜੋ ਲੋਕ ਸਮੂਹ ਦੁਆਰਾ ਹੋਂਦ ਵਿੱਚ ਆਈ ਹੋਵੇ ਤੇ ਭਾਵੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਕ੍ਰਿਤ ਹੋਵੇ, ਲੋਕ-ਮਾਨਸ ਦੇ ਸਮਾਨ ਤੱਤਾਂ ਨਾਲ ਯੁਕਤ ਹੋ ਕੇ 'ਲੋਕ' ਦੇ ਆਪਣੇ ਹੀ ਵਿਅਕਤਿਤਵ ਦੀ ਕ੍ਰਿਤ ਸਮਝੀ ਜਾਣ ਲੱਗ ਪੈਂਦੀ ਹੈ, ਪਰ ਲੋਕ ਜੀਵਨ ਦੀ ਅਮੁੱਕ ਬਾਣੀ ਦਾ ਜੀਉਂਦਾ ਖਜ਼ਾਨਾ ਆਉਣ ਵਾਲੀ ਪੀੜ੍ਹੀ ਦੇ ਮਨ੍ਹਾਂ ਵਿੱਚ ਅੱਜ ਵੀ ਅਨੰਤ ਰੂਪ ਵਿੱਚ ਸੁਰੱਖਿਅਤ ਚਲਿਆ ਆਉਂਦਾ ਹੈ। ਦਵਿੰਦਰ ਸਤਿਆਰਥੀ ਲੋਕ ਸਾਹਿਤ ਨੂੰ ਮਨੁੱਖ ਦੇ ਹਮੇਸ਼ਾ ਜੀਊਂਦੇ ਰਹਿਣ ਦੀ ਚੇਤਨਤਾ ਦਾ ਜੀਊਂਦਾ ਜਾਗਦਾ ਸਬੂਤ ਦੱਸਦਾ ਹੈ। ਮੱਧਕਾਲੀਨ ਪੰਜਾਬੀ ਸਾਹਿਤ ਦਾ ਕੋਈ ਵੀ ਲੇਖਕ ਅਜਿਹਾ ਨਹੀਂ, ਜਿਸ ਨੇ ਚਿੰਤਨ ਵਿਸ਼ੇ ਰੂਪ ਜਾਂ ਸ਼ੈਲੀ ਆਦਿ ਪੱਖਾਂ ਤੋਂ ਲੋਕ-ਸਾਹਿਤ ਦਾ ਪ੍ਰਭਾਵ ਨਾ ਕਬੂਲਿਆ ਹੋਵੇ। ਇਸ ਤੋਂ ਅੱਗੇ ਲੋਕ ਸਾਹਿਤ ਦੀਆਂ ਵੰਨਗੀਆਂ ਦਾ ਅਧਿਐਨ ਵਿਸਤ੍ਰਿਤ ਰੂਪ ਵਿੱਚ ਅੱਗੇ ਹੈ। ਲੋਕ ਗੀਤ, ਲੋਕ ਕਥਾਵਾ, ਲੋਕ ਅਖਾਣ, ਬੁਝਾਰਤਾਂ, ਲੋਕ ਵਾਰ, ਆਦਿ ਲੋਕ ਲੋਕ ਦੀਆਂ ਵੰਨਗੀਆਂ ਹਨ:

ਲੋਕ ਸਾਹਿਤ ਰਾਹੀਂ ਕਿਸੇ ਦੇਸ਼ ਦੀ ਨੁਹਾਰ ਪੂਰੀ ਤਰ੍ਹਾਂ ਦਿਸ ਆਉਂਦੀ ਹੈ। ਪੰਜਾਬੀ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਅਧਿਐਨ ਤੋਂ ਸਾਫ਼ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਸਮਾਜਿਕ, ਸਾਹਿਤਕ ਅਤੇ ਇਤਿਹਾਸਕ ਮਹਾਨਤਾ ਵੀ ਹੈ।

ਲੋਕ ਸਾਹਿਤ ਦੀਆਂ ਵੰਨਗੀਆਂ/ਰੂਪ[ਸੋਧੋ]

ਹੇਠ ਲਿਖੀਆਂ ਲੋਕ ਸਾਹਿਤ ਦੀਆਂ ਵੰਨਗੀਆਂ ਜਾਂ ਰੂਪ ਹਨ। ਜਿਵੇਂ-

ਲੋਕ ਗੀਤ[ਸੋਧੋ]

ਪੰਜਾਬੀ ਲੋਕ ਗੀਤ ਪੰਜਾਬੀਆਂ ਦੀ ਸੁਹਜ ਤ੍ਰਿਪਤੀ ਕਰਨ ਵਾਲਾ ਅਮੀਰ ਵਿਰਸਾ ਹਨ। ਇਹ ਲੋਕ ਗੀਤ ਪੰਜਾਬੀ 'ਲੋਕ' ਜਾਂ ਲੋਕਾਂ ਦੁਆਰਾ ਰਚੀ ਗਈ ਅਜਿਹੀ ਸੁਹਜ-ਸੁਆਦ ਨਾਲ ਭਰਪੂਰ, ਲੈਅ ਬੱਧ ਰਚਨਾ ਹੁੰਦੀ ਹੈ, ਜਿਸ ਵਿੱਚ ਆਮ ਪੰਜਾਬੀਆਂ ਦੇ ਚਾਅ, ਵਲਵਲੇ, ਰੀਝਾਂ, ਦੁੱਖ-ਸੁੱਖ ਅਤੇ ਪੀੜਾਂ ਦਾ ਵਰਣਨ ਹੋਇਆ ਮਿਲਦਾ ਹੈ। ਇਹ ਲੋਕ ਗੀਤ ਵੀ ਪੰਜਾਬੀਆਂ ਦੇ ਸੁਭਾਅ ਵਾਂਗ ਹੀ ਸਰਲ ਸਾਦੇ ਤੇ ਪ੍ਰਕਿਰਤੀ ਨਾਲ ਇਕਮਿਕ ਹੋਏ ਉਹਨਾਂ ਦੇ ਦਿਲੋਂ ਪੁੰਗਰ ਕੇ ਉਹਨਾਂ ਦੇ ਬੁੱਲਾਂ 'ਤੇ ਖੇਡਦੇ ਹੋਏ, ਪੀੜ੍ਹੀ ਦਰ ਪੀੜ੍ਹੀ ਮੜਕ ਨਾਲ ਤੁਰਦੇ ਹਨ। ਪੰਜਾਬੀਆਂ ਦਾ ਸੁਭਾਅ ਲਚਕੀਲਾ ਅਤੇ ਵੰਨ ਸੁਵੰਨਤਾ ਵਾਲਾ ਹੈ। ਇਹ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ ਲੋਹਾ ਲੈਂਦੇ, ਮੇਲਿਆਂ ਵਿੱਚ ਮਸਤੀ ਨਾਲ ਨੱਚਦੇ ਝੂਮਦੇ, ਪਿਆਰ ਵਿੱਚ ਗੁਲਾਮੀ ਕਰਦੇ, ਸਖ਼ਤ ਮਿਹਨਤ ਨਾਲ ਧਰਤੀ ਦੀ ਹਿੱਕ ਵਿਚੋਂ ਅਨਾਜ ਪੈਦਾ ਕਰਦੇ, ਹਰ ਹਾਲਾਤ ਵਿੱਚ ਸਹਿਜੇ ਹੀ ਢਲ ਸਕਣ ਦੀ ਸਮਰੱਥਾ ਰੱਖਦੇ ਹਨ, ਲਹੂ ਪਸੀਨਾ ਇਕ ਕਰਕੇ ਕਮਾਈ ਕਰਨ ਵਾਲੇ ਅਤੇ ਜੰਗਾਂ ਯੁੱਧਾਂ ਵਿੱਚ ਰਹਿਣ ਵਾਲੇ ਪੰਜਾਬੀ ਇਕ ਸੁਹਜ ਭਰਿਆ ਦਿਲ ਵੀ ਰੱਖਦੇ ਹਨ। ਉਹਨਾਂ ਦੇ ਵੰਨ ਸੁਵੰਨੇ ਚਰਿੱਤਰ ਦਾ ਇਕ ਪਹਿਲੂ ਉਹਨਾਂ ਦੀ ਸੁਹਜ ਸਿਰਜਨਾ ਕਰਨ ਦੀ ਸਮਰੱਥਾ ਵਾਲਾ ਵੀ ਹੈ। ਉਹਨਾਂ ਦੇ ਇਸ ਚਰਿੱਤਰ ਬਾਰੇ ਡਾ. ਜਗੀਰ ਸਿੰਘ ਨੂਰ ਲਿਖਦੇ ਹਨ -

"ਸੁਹਜ ਦੀ ਸਿਰਜਨਾ ਕਰਨੀ, ਉਸਨੂੰ ਮਾਨਣਾ ਅਤੇ ਉਸਦੇ ਕੁਝ ਅੰਸ਼ ਪੀੜ੍ਹੀਓ ਪੀੜ੍ਹੀ ਅਗਾਂਹ ਪ੍ਰਵਾਹਮਾਨ ਕਰ ਦੇਣੇ, ਇਹਨਾਂ ਦੇ ਸਮੁੱਚੇ ਚਰਿੱਤਰ ਦੀ ਇਕ ਅਮਰ ਨਿਸ਼ਾਨੀ ਹੈ।"[4]

ਮੱਧਕਾਲੀਨ ਪੰਜਾਬੀ ਕਵੀਆਂ ਵਿੱਚੋਂ ਕੋਈ ਵਿਰਲਾ ਹੀ ਹੋਵੇਗਾ, ਜਿਸ ਨੇ ਕਲਾਤਮਕ ਰੂਪ ਵਿਧਾਨ, ਸ਼ਕਤੀਸ਼ਾਲੀ ਭਾਸ਼ਾ ਅਤੇ ਆਕਰਸ਼ਕ ਰਾਗਾਂ ਤੇ ਧੁਨਾ ਲਈ ਪੰਜਾਬੀ ਲੋਕ ਗੀਤਾਂ ਤੋਂ ਸਹਾਇਤਾ ਨਾ ਲਈ ਹੋਵੇ। ਏਵਲਿਣ ਦਾ ਵਿਚਾਰ ਹੈ ਕਿ ਲੋਕ ਕਹਾਣੀਆਂ ਗਲਪ ਨੂੰ ਜਨਮ ਦਿੰਦੀਆ ਹਨ ਅਤੇ ਲੋਕ ਗੀਤ ਸਮੁੱਚੀ ਕਵਿਤਾ ਦੇ ਜਨਮ ਦਾਤਾ ਹਨ।

ਜੰਮਣ ਤੋਂ ਮੌਤ ਤਕ ਪੰਜਾਬ ਦੇ ਜੀਵਨ ਦਾ ਕੋਈ ਵੀ ਪੱਖ ਅਜੇਹਾ ਨਹੀਂ ਹੈ, ਜਿਸ ਸੰਬੰਧੀ ਲੋਕ ਗੀਤ ਉਪਲੱਬਧ ਨਾ ਹੋਵੇ। ਇਨ੍ਹਾਂ ਲੋਕ ਗੀਤਾ ਦੀ ਵਿਸ਼ਾਲ ਭਾਵਨਾ ਨੂੰ ਮੁੱਖ ਰੱਖਕੇ ਇਹ ਧਾਰਨਾ ਆਮ ਪ੍ਰਚਲਿਤ ਹੈ ਕਿ ਪੰਜਾਬੀ ਗੀਤਾਂ ਵਿੱਚ ਜੰਮਦਾ ਹੈ: ਲੋਰੀਆਂ, ਥਾਲਾਂ, ਧਮਾਲਾਂ ਵਿੱਚ ਇਸ ਦਾ ਪਾਲਣ ਪੋਸ਼ਣ ਹੁੰਦਾ ਹੈ: ਘੋੜੀਆਂ, ਸੁਹਾਗਾਂ, ਸਿੱਠਣੀਆਂ ਛੰਦਾਂ ਅਤੇ ਗਿੱਧਿਆਂ ਵਿੱਚ ਵਿਆਹਿਆ ਜਾਂਦਾ ਹੈ: ਅਤੇ ਇਸ ਦਾ ਅੰਤਿਮ ਸੰਸਕਾਰ ਵੀ ਆਲਹੁਣੀਆਂ ਤੇ ਕੀਰਨਿਆ ਦੇ ਰੂਪ ਵਿੱਚ ਗੀਤਾਂ ਰਾਹੀਂ ਹੀ ਹੁੰਦਾ ਹੈ। ਬਹੁਤ ਸਾਰੇ ਗੀਤ ਅਜਿਹੇ ਵੀ ਹਨ, ਜਿਹੜੇ ਨਿੱਤ ਪ੍ਰਤੀ ਦੇ ਕਾਰ-ਵਿਹਾਰ, ਦਿਨ-ਦਿਹਾਰ, ਹਾਰ ਸ਼ਿੰਗਾਰ, ਮਿਲਾਮ, ਵਿਛੋੜਾ, ਦੁੱਖ-ਸੁੱਖ, ਆਨੰਦ ਨਾਲ਼ ਸੰਬੰਧਿਤ ਹਨ। ਰੁੱਤਾਂ, ਮੇਲਿਆ, ਪਸ਼ੂ-ਪੰਛੀਆਂ ਅਤੇ ਰੁੱਖਾਂ ਆਦਿ ਬਾਰੇ ਵੀ ਲੋਕ-ਗੀਤ ਮਿਲੇ ਹਨ। ਪ੍ਰੀਤ ਕਹਾਣੀਆਂ ਅਤੇ ਸੂਰਮਗਤੀ ਦੇ ਪ੍ਰਸੰਗ ਵਿੱਚ ਗੀਤ ਮਿਲਦੇ ਹਨ। ਪ੍ਰੇਮ-ਭਾਵਨਾ ਨੂੰ ਪ੍ਰਗਟਾਉਣ ਵਾਲ਼ਾ ਗੀਤ ਇਉਂ ਹੈ-

 • ਕੰਨੀ ਕਾਂਟੇ ਪਾਏ ਨੇ, ਸਾਡੇ ਨਾਲੋਂ ਬਟਨ ਚੰਗੇ, ਜਿਹੜੇ ਸੀਨੇ ਨਾਲ ਲਾਏ ਹੋਏ ਨੇ।
 • ਤੇਰੀ ਸਜਰੀ ਪੈੜ ਦਾ ਰੇਤਾ ਚੁੱਕ ਚੱਕ ਲਾਵਾਂ ਹਿੱਕ ਨੂੰ।

ਲੋਕ ਗੀਤ ਵਿੱਚ ਇਸ ਦੇ ਕੁਝ ਅੱਗੇ ਰੂਪ ਗਏ ਹਨ।:-

1.ਜਨਮ ਨਾਲ ਸੰਬੰਧਿਤ ਲੋਕ ਗੀਤ

ਬੱਚੇ ਦਾ ਜਨਮ, ਖ਼ਾਸ ਕਰਕੇ ਪੁੱਤਰ ਦਾ ਜਨਮ ਘਰ ਵਿੱਚ ਲੱਖ ਖ਼ੁਸੀਆਂ ਦਾ ਸਬੱਬ ਹੁੰਦਾ ਹੈ। ਪੰਜਾਬੀ ਲੋਕ ਗੀਤ ਵਿੱਚ ਮਨੁੱਖ ਦੀ ਵੰਸ਼ ਵਧਾਉਣ ਦੀ ਲੋਚਾ ਪੁੱਤਰ ਪੈਦਾ ਹੋਣ ਨਾਲ ਪੂਰੀ ਹੁੰਦੀ ਦਿਖਾਈ ਗਈ ਹੈ। ਜਨਾਨੀ ਪੁੱਤਰ ਪੈਦਾ ਕਰਕੇ ਮਾਣ ਮਹਿਸੂਸ ਕਰਦੀ ਹੈ ਇਸੇ ਕਰਕੇ ਉਹ 'ਗੋਦੀ ਦੇ ਸ਼ਿੰਗਾਰ' ਦੇ ਰੂਪ ਵਿੱਚ ਪੁੱਤਰ ਹੀ ਚਾਹੁੰਦੀ ਹੈ। ਮਰਦ 'ਪੁੱਤਰ ਮਿੱਠੇ ਮੇਵੇ' ਕਹਿ ਕੇ ਪੁੱਤਰ ਦੀ ਲੋਚਾ ਕਰਦਾ ਹੈ। ਭੈਣਾਂ ਆਪਣੀ ਸਮਾਜਿਕ ਸੁਰੱਖਿਆ ਲਈ ਰੱਬ ਤੋਂ ਵੀਰ ਮੰਗਦੀਆਂ ਹੋਈਆਂ ਕਹਿੰਦੀਆਂ ਹਨ - 'ਦੋ ਵੀਰ ਦੇਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ'। ਪੁੱਤਰ ਦੇ ਜਨਮ ਦੀ ਖ਼ੁਸ਼ੀ ਪੰਜਾਬੀ ਮਨ ਲੋਕ ਗੀਤਾਂ ਰਾਹੀਂ ਵਿਅੱਕਤ ਕਰਦਾ ਹੈ।

ਹਰਿਆ ਨੀ ਮਾਏ

ਹਰਿਆ ਨੀ ਮਾਏ, ਹਰਿਆ ਨੀ ਭੈਣੇ, ਹਰਿਆ ਤੇ ਭਾਗੀਂ ਭਰਿਆ

ਜਿਤ ਦਿਹਾੜੇ ਮੇਰਾ, ਹਰਿਆ ਨੀ ਜੰਮਿਆ

ਸੋਈਓ ਦਿਹਾੜਾ ਭਾਗੀਂ ਭਰਿਆ।

ਜੰਮਦੜਾ ਹਰਿਆ ਪੱਟ ਨੀ ਵਲੇਟਿਆ ਕੁੱਛੜ ਦਿਉ ਇਨ੍ਹਾਂ ਦਾਈਆਂ

ਮਾਈਆਂ ਤੇ ਦਾਈਆਂ ਨਾਲੇ ਸਕੀਆਂ ਭਰਜਾਈਆਂ

ਹੋਰ ਚਾਚੇ ਤਾਏ ਦੀਆਂ ਜਾਈਆਂ

ਕੀ ਕੁਝ ਦੇਣਾ ਇਹਨਾਂ ਦਾਈਆਂ ਤੇ ਮਾਈਆਂ ?

ਕੀ ਕੁਝ ਸੱਕੀਆਂ ਭਰਜਾਈਆਂ ?

ਉਪਰੋਕਤ ਲੋਕ ਗੀਤ ਵੀ ਜਨਮ ਨਾਲ ਸੰਬੰਧਿਤ ਹੈ। ਜਿਸਦੇ ਵਿਸ਼ੇ-ਵਸਤੂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਲੋਕ ਗੀਤ ਕੇਵਲ ਮੁੰੰਡੇ ਦੇ ਜਨਮ ਨਾਲ ਸੰਬੰਧਿਤ ਹੈ, ਕੁੁੁੜੀ ਦੇ ਜਨਮ ਨਾਲ ਨਹੀਂ। ਇਹ ਲੋਕ ਗੀਤ ਸੰਬੋਧਨੀ ਵਿਧੀ ਦੁਆਰਾ ਨਿੱਗਦੇ ਰਿਸ਼ਤਿਆਂ ਜਿਵੇਂ 'ਮਾਏ' ਅਤੇ 'ਭੈਣੇ' ਨੂੰ ਸੰਬੋਧਿਤ ਹੈ।

ਪੰਜਾਬੀ ਭਾਈਚਾਰੇ ਵਿੱਚ ਪੁੱਤਰ ਦੀ ਪੈਦਾਇਸ਼ ਲੱਖਾਂ ਖ਼ੁਸੀਆਂ ਅਤੇ ਖੇੜਿਆਂ ਦੀ ਆਮਦ ਦਾ ਚਿੰਨ੍ਹ ਹੈ। ਪੁੱਤਰ ਜਨਮ ਦੀ ਅਸੀਮ ਖ਼ੁਸ਼ੀ ਆਪਣੇ ਅਤਿ ਨਿਕਟ ਰਿਸ਼ਤੇਦਾਰਾਂ ਨਾਲ ਸਾਂਝੀ ਕਰਦੀ, ਮਾਂ ਦੀ ਵੇਦਨਾ ਇਸ ਗੀਤ ਦਾ ਵਿਸ਼ਾ ਹੈ। ਪੁੱਤਰ ਦਾ ਜਨਮ ਘਰ ਲਈ ਭਾਗਾਂ ਭਰਿਆ ਹੈ। ਨਵ-ਜਨਮੇ ਪੁੱਤਰ ਦੀ ਚਾਵਾਂ ਅਤੇ ਮਲਾਰਾਂ ਨਾਲ ਪਾਲਣਾ ਅਤੇ ਖ਼ੁਸ਼ੀ ਵਿੱਚ ਪੈਸੇ ਅਤੇ ਕੱਪੜੇ ਵੰਡਣ ਦੀ ਰਵਾਇਤ ਦਾ ਜ਼ਿਕਰ ਇਸ ਲੋਕ ਗੀਤ ਵਿੱਚ ਕੀਤਾ ਗਿਆ ਹੈ। ਪੰਜਾਬੀ ਪੇਂਡੂ ਜੀਵਨ ਜਾਂਚ ਦੀ ਬੱਚੇ ਨੂੰ ਪਛਾਣ ਕਰਵਾਉਣ ਦੇ ਸੰਕੇਤ, ਇਸ ਦੀ ਸੰਰਚਨਾ ਵਿਚੋਂ ਦ੍ਰਿਸ਼ਟੀਗੋਚਰ ਹੁੰਦੇ ਹਨ। ਪਹਿਲੀਆਂ ਦੋ ਸਤਰਾਂ ਵਿੱਚ ਹੀ 'ਜੱਟ ਪੁੱਤਰ' ਨੂੰ ਪ੍ਰਕਿਰਤੀ ਦੀਆਂ ਵਸਤੂਆਂ ਨੂੰ ਧਰਤੀ ਵਿਚੋਂ ਕੱਢ ਕੇ ਕਿਵੇਂ ਘਰ ਵਿੱਚ ਸੰਭਾਲਣਾ ਹੈ, ਦੀ ਜਾਂਚ ਦੱਸੀ ਗਈ ਹੈ। ਪ੍ਰਕਿਰਤੀ ਨੂੰ ਘਰ ਦੀ ਲੋੜ ਅਤੇ ਖਾਸ ਕਰਕੇ ਪੇਟ ਦੀ ਲੋੜ ਦੀ ਪੂਰਤੀ ਦੀ ਚੀਜ਼ ਬਣਾਉਣ ਦੀ ਜਾਂਚ ਸਹਿਜੇ ਹੀ ਦੱਸੀ ਗਈ ਹੈ। ਜਿਵੇਂ- ਬਾਵਾ ਕਣਕ ਲਿਆਵੇਗਾ।

ਬਾਵੀ ਬਹਿ ਕੇ ਛੱਟੇਗੀ,

ਛੱਟ ਭੜੋਲੇ ਪਾਵੇਗੀ।

ਇਸ ਵਿੱਚ ਅਬੋਧ ਬਾਲਕ ਨੂੰ ਮਨੋਰੰਜਨ ਦੇਣ ਦੇ ਨਾਲ-ਨਾਲ ਸਭ ਤੋਂ ਜ਼ਰੂਰੀ ਚੀਜ਼ 'ਗੁੱਲੀ' ਭਾਵ ਰੋਟੀ ਪੈਦਾ ਕਰਨ ਦਾ ਗੁਰ ਵੀ ਦੱਸਿਆ ਗਿਆ ਹੈ। 'ਕਣਕ' ਧਰਤੀ ਵਿਚੋਂ ਪੈਦਾ ਕੀਤੀ ਜਾਣ ਵਾਲੀ ਉਹ ਜਿਣਸ ਹੈ ਜੋ ਜੱਟ ਸ੍ਰੇਣੀ ਦਾ ਆਰਥਿਕ ਸਰੋਤ ਵੀ ਹੈ ਤੇ ਸਰੀਰਕ ਲੋੜ ਪੂਰੀ ਕਰਨ ਦਾ ਪਹਿਲਾਂ ਤੇ ਮਹੱਤਵਪੂਰਨ ਸਾਧਨ ਵੀ ਹੈ।

ਬੋਲੀ

ਬੋਲੀਆਂ ਜਾਂ ਬੋਲੀ ਕਾਵਿ ਰੂਪ ਵਿੱਚ ਥੋੜੇ ਜਿਹੇ ਸ਼ਬਦਾਂ ਵਿੱਚ ਬੜੇ ਸੰਜਮ ਨਾਲ਼ ਦਿਲ ਦੀਆਂ ਭਾਵਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਬੋਲੀ ਮਨੁੱਖੀ ਮਨ ਵਿਚਲੇ ਕਿਸੇ ਇਕਹਿਰੇ ਭਾਵ ਨੂੰ ਪ੍ਰਗਟ ਕਰਦੀ ਹੈ। ਬੋਲੀ ਪਹਿਲਾਂ ਇੱਕ ਤੁਕੀ ਸਤਰ ਵਿੱਚ ਹੁੰਦੀ ਸੀ, ਇਸ ਲਈ ਲਈ ਬੋਲੀ ਦਾ ਪੁਰਾਣਾ ਨਾਂ ‘ਇੱਕ ਤੁਕੀਆ’ ਸੀ। ਬੋਲੀ ਸ਼ਬਦ ਬੋਲ ਤੋਂ ਲਿਆ ਗਿਆ ਹੈ, ਜਿਸ ਵਿੱਚ ਬੱਝਵੇਂ ਵਾਕ ਦਾ ਉਚਾਰਨ ਹੁੰਦਾ ਹੈ। ਵਣਜਾਰਾ ਬੇਦੀ ਅਨੁਸਾਰ, “ਬੋਲੀ ਵਿੱਚ ਅਖਾਣ ਵਾਂਗ, ਲੈਅ ਦਾ ਹੋਣਾ ਜ਼ਰੂਰੀ ਹੈ। ਜੇ ਬੋਲੀ ਵਿੱਚ ਲੈਅ(ਰਿਦਮ) ਨਹੀਂ ਹੋਵੇਗਾ ਤਾਂ ਉਹ ਸਾਧਾਰਨ ਜਿਹਾ ਫ਼ਿਕਰਾ ਬਣ ਜਾਵੇਗੀ। ” ਬੋਲੀਆਂ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ।

ਨਿੱਕੀ ਬੋਲੀ[ਸੋਧੋ]

ਨਿੱਕੀ ਬੋਲੀ ਦੋ ਸਤਰੀ ਹੁੰਦੀ ਹੈ। ਇਸ ਵਰਗ ਦੀਆਂ ਬੋਲੀਆਂ ਦਾ ਕੇਂਦਰੀ ਲੱਛਣ ਇਹ ਹੈ ਕਿ ਇਨ੍ਹਾਂ ਦੀ ਦੂਜੀ ਤੁਕ ਕੋਈ ਪ੍ਰਚੱਲਿਤ ‘ਤੋੜਾ’ ਹੁੰਦੀ ਹੈ। ਤੋੜਾ ਬੋਲੀ ਦੀ ਅੰਤਿਮ ਸਤਰ ਹੁੰਦੀ ਹੈ। ਜਿਸ ਦੇ ਦੂਹਰੇ ਤੀਹਰੇ ਦੁਹਰਾਓ ਵਿੱਚੋਂ ਬੋਲੀ ਨੂੰ ਵਿਭਿੰਨ ਗਤੀਸ਼ੀਲ ਉਚਾਰਾਂ ਵਿੱਚ ਗਾ ਕੇ ਭਾਵ ਨੂੰ ਸੰਘਣਾ ਕੀਤਾ ਜਾਂਦਾ ਹੈ। ਡਾ. ਨਾਹਰ ਸਿੰਘ ਅਨੁਸਾਰ, “ ਨਿੱਕੀ ਬੋਲੀ ਗਿੱਧੇ ਨਾਲ ਸੰਬੰਧਿਤ ਲਗਭਗ ਦੋ ਸਤਰਾਂ ਵਾਲ਼ਾ ਅਜਿਹਾ ਗੀਤ ਰੂਪ ਹੈ, ਜਿਸ ਦੀ ਸਤਰ ਰੂੜ੍ਹ ਤੁਕ ਤੁਕਾਂਤ ਹੁੰਦੀ ਹੈ ਜਾਂ ਰੂੜ੍ਹ ਤੁਕ ਦੇ ਪ੍ਰਕਾਰ ਵਿੱਚੋਂ ਆਉਂਦੀ ਸਹਿਜ ਤੁਕ ਹੁੰਦੀ ਹੈ। ਇਸ ਦੀ ਦੂਸਰੀ ਤੁਕ ਤੋੜਾ ਹੁੰਦਾ ਹੈ। ਪਹਿਲੀ ਸਤਰ ਦੇ ਤੋੜੇ ਵਿਚਾਲ਼ੇ ਭਾਵ ਇਕਾਗਰਤਾ ਜਾਂ ਥੀਮਕ ਨਿਰੰਤਰਤਾ ਦੀ ਕੋਈ ਸ਼ਰਤ ਨਹੀਂ ਹੁੰਦੀ। ” ਇਨ੍ਹਾਂ ਬੋਲੀਆਂ ਨੂੰ ਗਾਉਣ ਲਈ ਕੁੜੀਆਂ ਦੋ ਟੋਲੀਆਂ ਬਣਾ ਲੈਂਦੀਆਂ ਹਨ। ਇੱਕ ਟੋਲੀ ਪਹਿਲੀ ਤੁਕ ਪਹਿਲੀ ਤੁਕ ਬੋਲਦੀ ਹੈ ਅਤੇ ਗਿੱਧਾ ਪਾਉਂਦੀ ਹੈ। ਦੂਜੀ ਤੁਕ ਦੂਜੀ ਟੋਲੀ ਬੋਲਦੀ ਹੈ ਅਤੇ ਗਿੱਧਾ ਪਾਉਂਦੀ ਹੈ, ਪਰ ਨੱਚਿਆਂ ਨਹੀਂ ਜਾਂਦਾ।

 • ਅੱਕ ਦੀ ਜੜ੍ਹ ਵਿੱਚ ਢੱਕ ਜੰਮ ਪਿਆ, ਢੱਕ ਜੜ੍ਹ ਵਿੱਚ ਗੋਭੀ,
ਮੜਕ ਬਥੇਰੀ ਸੀ, ਰੰਗ ਕਾਲ਼ੇ ਨੇ ਡੋਬੀ।

 • ਰਾਈ ਵੇ ਰਾਈ ਵੇ ਰਾਈ ਵੇ,
ਮੇਰੀ ਨਾਜ਼ੁਕ ਜਿੰਦੜੀ ਲੜ ਬੁਢੜੇ ਦੇ ਲਾਈ ਵੇ।
ਲੰਮੀ ਬੋਲੀ[ਸੋਧੋ]

ਲੰਮੀ ਬੋਲੀ ਵਿੱਚ ਇਕਹਿਰਾ ਥੀਮ ਨਹੀਂ ਹੁੰਦਾ ਹੈ। ਥੀਮ ਪੱਖੋਂ ਇਸ ਬੋਲੀ ਦੇ ਤਿੰਨ ਪੜ੍ਹਾ ਹਨ – ਪਹਿਲੀਆਂ ਦੋ ਤੁਕਾਂ, ਅਗਲੀਆਂ ਦੋ ਤੁਕਾਂ ਅਤੇ ਤੋੜਾ। ਬੋਲੀ ਕਾਰ ਪਹਿਲੀਆਂ ਦੋ ਸਤਰਾਂ ਵਿੱਚ ਆਮ ਤੋਂ ਵਿਸ਼ੇਸ਼ ਉੱਤੇ ਕੇਂਦਰਿਤ ਹੁੰਦਾ ਹੈ ਅਤੇ ਅੰਤਿਮ ਤੁਕ ਵਿੱਚ ਇਕਾਗਰ ਭਾਵ ਉੱਤੇ ਦੁਹਰਾਓ ਦੀ ਪ੍ਰਕਿਰਿਆ ਰਾਹੀਂ ਕੇਂਦਰਿਤ ਹੁੰਦਾ ਹੈ। ਡਾ. ਨਾਹਰ ਸਿੰਘ ਅਨੁਸਾਰ, “ ਲੰਮੀ ਸਮਤੁਕਾਂਤਕ ਤੁਕਾਂ ਵਾਲ਼ਾ ਅਜਿਹਾ ਗੀਤ ਹੈ ਜਿਸ ਦੀ ਹਰ ਤੁਕ ਆਪਣੀ ਥਾਵੇਂ ਸੰਪੂਰਨ ਥੀਮਕ ਇਕਾਈ ਹੁੰਦੀ ਹੈ ਤੇ ਅੰਤ ਵਿਸ਼ੇਸ਼ ਤੋੜੇ ਉੱਤੇ ਹੁੰਦਾ ਹੈ। ਤੋੜਾ ਭਾਵ ਤੇ ਉਚਾਰ ਦੋਹਾਂ ਪੱਖਾਂ ਤੋਂ ਬੋਲੀ ਦੀ ਕੰਗਰੋੜ ਹੈ। ਬੋਲੀ ਦੀਆਂ ਤੁਕਾਂ ਵਿਅਕਤੀਗਤ ਤੇ ਤੋੜਾ ਸਮੂਹਕ ਸੁਭਾਅ ਦਾ ਲਖਾਇਕ ਹੁੰਦਾ ਹੈ। ਇਹ ਵਿਅਕਤੀ ਤੇ ਸਮੂਹ ਵਿਚਾਲ਼ੇ, ਉਚਾਰ ਤੇ ਗਾਇਣ ਵਿਚਾਲ਼ੇ, ਬੋਲ ਤੇ ਨਾਚ ਵਿਚਾਲ਼ੇ ਸੰਪਰਕ ਕੜੀ ਹੈ। ਤੋੜੇ ਵਿੱਚ ਭਾਵ ਅੱਤ ਇਕਾਗਰ ਤੇ ਦੁਹਰਾਓ ਦੀ ਪ੍ਰਕਿਰਿਆ ਵਿੱਚ ਪੇਸ਼ ਹੁੰਦਾ ਹੈ। ਬੋਲੀ ਦਾ ਥੀਮ ਕਦਮ ਦਰ ਕਦਮ ਤੇ ਬਦਲਦਾ ਹੋਇਆ ਥੀਮਕ ਵਿਕਾਸ ਦੀ ਲੜੀ ਵਿੱਚ ਵੀ ਹੋ ਸਕਦਾ ਹੈ ਤੇ ਥੀਮਕ ਖਿੰਡਾਓ ਦੀ ਸਥਿਤੀ ਵਿੱਚ ਵੀ ਸੰਭਵ ਹੈ। ਲੰਮੀ ਬੋਲੀ ਮਲਵਈ ਲੋਕ-ਕਾਵਿ ਦੀ ਵਿਲੱਖਣ ਪਛਾਣ ਹੈ। ”

*ਸੋਟੀ – ਸੋਟੀ – ਸੋਟੀ

ਬੀਨ ਵਜਾ ਜੋਗੀਆ ਤੈਨੂੰ ਦੇਊਂਗੀ ਮੱਕੀ ਦੇ ਰੋਟੀ

ਪਤਲੇ ਜੇ ਲੱਕ ਵਾਲ਼ਿਆਂ ਤੈਨੂੰ ਆਦਤ ਪੈ ਗਈ ਖੋਟੀ

ਮੂਹਰੇ ਘੋੜਾ ਮਿੱਤਰਾਂ ਦਾ, ਮਗਰ ਫੁੱਲਾਂ ਆਲ਼ੀ ਬੋਤੀ

ਮੇਲਣ ਮੁੰਡਿਆਂ ਨੇ ਡਿਗਦੀ ਚੁਬਾਰਿਓਂ ਬੋਚੀ।

ਭੰਗੜੇ ਦੀਆਂ ਬੋਲੀਆਂ[ਸੋਧੋ]

ਡਾ. ਬਿਕਰਮ ਸਿੰਘ ਘੁੰਮਣ ਨੇ ਭੰਗੜੇ ਦੀਆਂ ਬੋਲੀਆਂ ਦੀਆਂ ਅਲੱਗ ਸ਼੍ਰੇਣੀ ਬਣਾਈ ਹੈ। ਉਨ੍ਹਾਂ ਅਨੁਸਾਰ, “ ਬਣਤਰ ਦੇ ਪੱਖ ਤੋਂ ਭੰਗੜੇ ਦੀਆਂ ਬੋਲੀਆਂ ਤੇ ਟੱਪਿਆਂ ਵਿੱਚ ਅੰਤਰ ਨਹੀਂ। ਅੰਤਰ ਕੇਵਲ ਇਨ੍ਹਾਂ ਹੈ ਕਿ ਭੰਗੜੇ ਦੀਆਂ ਬੋਲੀਆਂ ਵਿੱਚ ਆਪਣੇ ਭਾਵਾਂ ਨੂੰ ਰਾਗ ਵਿੱਚ ਪੇਸ਼ ਕਰਨ ਅਤੇ ਕਾਫ਼ੀਆ ਮੇਲਣ ਲਈ ਸਾਡੇ ਨਿੱਤ ਦੇ ਜੀਵਨ ਦੀ ਕਿਸੇ ਚੀਜ਼ ਜ ਦਾ ਸਹਾਰਾ ਲਿਆ ਜਾਂਦਾ ਹੈ। ” ਭੰਗੜੇ ਦੀਆਂ ਬੋਲੀਆਂ ਲੰਮੀਆਂ ਹੁੰਦੀਆਂ ਹਨ। ਔਰਤਾਂ ਜੇ ਗੀਤ ਸਮੇਂ ਢੋਲਕੀ ਵਜਾਉਂਦੀਆਂ ਹਨ ਤਾਂ ਮਰਦ ਢੋਲ।

*ਬਾਰ੍ਹੀਂ ਬਰਸੀਂ ਖੱਟਣੇ ਨੂੰ ਚੱਲਿਆ,

ਖੱਟ ਕੇ ਲਿਆਂਦੇ ਪਾਵੇ,

ਹੌਲ਼ੀ ਹੌਲ਼ੀ ਨੱਚ ਕੁੜੀਏ,

ਮੇਰਾ ਲੱਕ ਨਾ ਮਰੋੜਾ ਖਾਵੇ।

ਜਾਂ

*ਬਾਬਲੇ ਨੇ ਵਰ ਟੋਲਿਆ,

ਜਿਹਨੂੰ ਪੱਗ ਨਾ ਬੰਨ੍ਹਣੀ ਆਵੇ।

'ਟੱਪੇ'[ਸੋਧੋ]

ਚੰਨ ਬੱਦਲਾਂ ਵਿੱਚ ਆ ਨੀ ਗਿਆ,
ਕੱਚਿਆਂ ਨੇ ਕੱਚ ਕੀਤਾ
ਸਾਡੇ ਪੱਕੇ ਨੂੰ ਵਟਾ ਨੀ ਗਿਆ

ਠੰਡੀ ਛਾਂ ਹੋਵੇ ਏਸ ਰੁੱਖ ਦੀ,
ਕਿੱਥੇ ਮਹੀਂਵਾਲ ਮੇਰਾ
ਸੋਹਣੀ ਮੱਛੀਆਂ ਨੂੰ ਰਾਹ ਪੁੱਛਦੀ।

ਟੱਪੇ ਵੀ ਲੋਕ ਗੀਤ ਦੀ ਇੱਕ ਰੂਪ ਹੈ ਜੋ ਬਹੁਤ ਹੀ ਮਕਬੂਲ ਰੂਪ ਹੈ। ਇਹ ਜ਼ਿੰਦਗੀ ਦੇ ਆਮ ਦੁੱਖ- ਮੇਲੇ, ਤਿਉਹਾਰ, ਰਸਮਾਂ ਰੀਤਾਂ ਵਿੱਚ ਆਦਿ ਲਏ ਜਾਂਦੇ ਹਨ ਜੋ ਆਪਣੇ ਮਨ-ਪੰਚਾਵੇ ਲਈ ਆਮ ਲੋਕਾਂ ਨੂੰ ਇਹਨਾਂ ਰਾਹੀਂ ਸਿੱਖਿਆ ਵੀ ਦਿੱਤੀ ਜਾਂਦੀ ਹੈ।

2.ਵਿਆਹ ਨਾਲ ਸੰਬੰਧਿਤ ਲੋਕ-ਗੀਤ

ਪੰਜਾਬੀ ਲੋਕ ਗੀਤ ਪੰਜਾਬੀਆਂ ਦੇ ਜੀਵਨ ਦੇ ਹਰ ਮੌਕੇ ਤੇ ਉਹਨਾਂ ਦੇ ਅੰਗ-ਸੰਗ ਰਹਿੰਦੇ ਹਨ। ਉਹਨਾਂ ਦੇ ਜੀਵਨ ਵਿਚਲਾ ਹਰੇਕ ਪਲ ਲੋਕ ਗੀਤਾਂ ਦੇ ਅੰਗ-ਸੰਗ ਵਿਚਰਦਾ ਹੈ। ਪੰਜਾਬੀ ਭਾਵੇਂ ਕੰਮਕਾਰ ਵਿੱਚ ਰੁੱਝਾ ਹੋਵੇ, ਭਾਵੇਂ ਮੇਲੇ ਵਿੱਚ ਘੁੰੰਮਦਾ ਹੋਵੇ, ਭਾਵੇਂ ਭੰੰਗੜੇ ਦੇ ਪਿੜ ਵਿੱਚ ਹੋਵੇ, ਭਾਵੇਂ ਬੇਲਿਆਂ ਵਿੱਚ ਆਪਣੀ ਪ੍ਰੇਮਿਕਾ ਦੇ ਸਾਥ ਵਿੱਚ ਬੈਠਾ ਹੋਵੇ, ਭਾਵੇਂ ਜੰਗ ਦੇ ਮੈਦਾਨ ਵਿੱਚ ਜੂਝਦਾ ਹੋਵੇ, ਇਥੋਂ ਤੱਕ ਕਿ ਭਾਵੇਂ ਉਹ ਆਪਣੀ ਜ਼ਿੰਦਗੀ ਦੀ ਅੰਤਿਮ ਯਾਤਰਾ ਦੇ ਰਾਹਾਂ ਤੇ ਪਿਆ ਹੋਵੇ, ਇਹ ਲੋਕ ਗੀਤ ਹਮੇਸ਼ਾ ਪੰਜਾਬੀਆਂ ਦੇ ਹਮਸਾਥ ਹੋ ਕੇ ਵਿਚਰੇ ਹਨ। ਜ਼ਿੰਦਗੀ ਦੇ ਉਦਾਸ ਪਲਾਂ ਵਿੱਚ ਜਿੱਥੇ ਇਹ ਲੋਕ ਗੀਤ ਉਨ੍ਹਾਂ ਦੇ ਮਨ ਦਾ ਧਰਵਾਸ ਬਣਦੇ ਹਨ, ਉੱਥੇ ਖ਼ੁਸ਼ੀ ਦੇ ਮੌਕਿਆਂ ਵਿੱਚ ਵੀ ਇਹ ਪੰਜਾਬੀਆਂ ਦੇ ਵਿਹੜੇ ਦੀ ਰੌਣਕ ਬਣਦੇ ਹਨ। ਖ਼ੁਸ਼ੀ ਦਾ ਮੌਕਾ ਲੋਕ ਗੀਤਾਂ ਦੀਆਂ ਸੁਰੀਲਿਆਂ ਧੁਨਾਂ ਤੋਂ ਬਿਨਾਂ ਫਿੱਕਾ ਅਤੇ ਅਧੂਰਾ ਹੀ ਲੱਗਦਾ ਹੈ।

ਹਰੇਕ ਵਿਅਕਤੀ ਦੇ ਜੀਵਨ ਵਿਚਲੇ ਕੁਝ ਹੁਸੀਨ ਪਲਾਂ ਵਿੱਚ ਵਿਆਹ ਵਿਚਲੇ ਪਲ ਵੀ ਸ਼ਾਮਿਲ ਹੁੰਦੇ ਹਨ। ਵਿਆਹ ਵਰਗਾ ਖ਼ੁਸ਼ੀ ਦਾ ਮੌਕਾ ਲੋਕ-ਗੀਤਾਂ ਬਿਨਾਂ ਕਿਆਸਿਆ ਵੀ ਨਹੀਂ ਜਾ ਸਕਦਾ। ਵਿਆਹ ਨਾਲ ਸੰਬੰਧਿਤ ਅਨੇਕਾਂ ਰਸਮਾਂ ਹਨ ਅਤੇ ਹਰੇਕ ਰਸਮ ਲਈ ਕਈ-ਕਈ ਲੋਕ ਗੀਤ ਮਿਲਦੇ ਹਨ। ਵਿਆਹ ਨਾਲ ਸੰਬੰਧਿਤ ਲੋਕ ਗੀਤਾਂ ਵਿੱਚ ਸਿੱਠਣੀਆਂ, ਛੰਦ-ਪਰਾਗੇ, ਸੁਹਾਗ, ਘੋੜੀਆਂ, ਆਦਿ ਲੋਕ ਕਾਵਿ ਰੂਪ ਸ਼ਾਮਿਲ ਹੁੰਦੇ ਹਨ। ਲੋਕ ਰੰਗ ਪੁਸਤਕ ਵਿੱਚ ਵਿਆਹ ਨਾਲ ਸੰਬੰਧਿਤ ਲੋਕ ਗੀਤਾਂ ਵਿੱਚ ਸੁਹਾਗ ਅਤੇ ਸਿੱਠਣੀਆਂ ਸ਼ਾਮਿਲ ਹਨ ਜਿਵੇਂ- ਦੇਵੀਂ ਵੇ ਬਾਬਲਾ ਉਸ ਘਰੇ, ਬਾਬਲ ਦੇ ਮਹਿਲਾ ਓਹਲੇ, ਸਾਡਾ ਚਿੜੀਆਂ ਦਾ ਚੰਬਾ, ਅੱਜ ਦੀ ਦਿਹਾੜੀ ਰੱਖ ਡੋਲੀ, ਅਤੇ ਸਿੱਠਣੀਆਂ।

 • ਘੋੜੀਆਂ

'ਘੋੜੀਆਂ' ਲੋਕ ਗੀਤਾਂ ਵਿੱਚ ਕੇਵਲ ਵਿਆਹ ਵਾਲੇ ਮੁੰਡੇ ਦੇ ਪਰਿਵਾਰ ਖਾਨਦਾਨ ਆਦਿ ਦੀ ਪ੍ਰਸ਼ੰਸਾ ਤੇ ਵਡਿਆਈ ਹੀ ਕੀਤੀ ਗਈ ਹੁੰਦੀ ਹੈ ਜਾਂ ਫਿਰ ਵਿਆਂਹਦੜ ਦੀ ਸੁੰਦਰਤਾ ਦੀ ਤਾਰੀਫ਼ ਹੀ ਹੋਈ ਮਿਲਦੀ ਹੈ।

ਲੜਕੇ ਦੇ ਵਿਆਹ ਨਾਲ਼ ਸੰਬੰਧਿਤ ਸ਼ਗਨਾਂ ਵਿੱਚੋਂ ਘੋੜੀਆਂ ਦਾ ਗਾਏ ਜਾਣਾ ਬਹੁਤ ਜ਼ਰੂਰੀ ਹੈ। ਘੋੜੀਆਂ ਮੂਲ ਰੂਪ ‘ਵਿਆਹ ਦੇ ਗੀਤ’ ਹਨ, ਜਿਨ੍ਹਾਂ ਦਾ ਗਾਉਣ ਸ਼ਾਦੀ ਤੋਂ ਅੱਠ ਦਸ ਦਿਨ ਪਹਿਲਾਂ ਹੀ ਆਰੰਭ ਹੋ ਜਾਂਦਾ ਹੈ। ਜੰਞ ਦੀ ਰਵਾਨਗੀ ਸਮੇਂ ਜਦੋਂ ਲਾੜਾ ਸਿਹਰਾ ਬੰਨ ਕੇ, ਕਲਗੀ ਲਾ ਕੇ ਘੋੜੀ ਤੇ ਸਵਾਰ ਹੁੰਦਾ ਹੈ। ਤਾਂ ਉਸ ਵੇਲੇ ਵੀ ਘੋੜੀਆਂ ਗਾਈਆ ਜਾਦੀਆਂ ਹਨ।

ਘੋੜੀ ਚੜ੍ਹ ਬੰਨਿਆ ਤੈਨੂੰ ਬਾਪੂ ਬੁਲਾਵੇ
ਮੈਂ ਸਦਕੇ ਵੀਰਾ ਮਾਂ ਸ਼ਗਨ ਮਨਾਵੇ
ਮੈਂ ਸਦਕੇ ਵੀਰਾ, ਦਾਣਾ ਮੋਤੀਆਂ ਖਾਵੇ।

ਨਿੱਕੀ ਨਿੱਕੀ ਬੋਂਦੀ ਨਿੱਕਾ-ਨਿੱਕਾ ਮੀਂਹ ਵਰੇ, ਮਾਂ ਵੇ ਸੁਗਰਾਜ ਤੇਰੇ ਸ਼ਗਨ ਕਰੇ, ਦਸਾਂ ਦੀ ਬੋਰੀ ਤੇਰਾ ਬਾਪ ਫੜੇ, ਵੀਰਾਂ ਦੀ ਜ਼ੋੜੀ ਤੇਰੇ ਨਾਲ ਚੜ੍ਹੇ, ਨੀਲੀ ਨੀਲੀ ਘੋੜੀ ਮੇਰਾ ਨਿੱਕਾਂ ਚੜ੍ਹੇ, ਭੈਣ ਸੁਹਾਰਾਜ ਤੇਰੀ ਵਾਂਗ ਫੜੇ, ਪੀਲ਼ੀ ਪੀਲ਼ੀ ਦਾਲ਼ ਤੇਰੀ ਘੋੜੀ ਚਰੇ, ਭਾਬੀ ਸਹਾਗਨ ਤੈਨੂੰ ਸੁਰਮਾ ਪਾਵੇ, ਰੱਤਾ-ਰੱਤਾ ਡੋਲਾ ਮਹਿਲੀ ਆ ਵੜੇ, ਮਾਂ ਵੇ ਸੁਹਾਗਨ ਪਾਣੀ ਵਾਰ ਪੀਵੇ, ਨਿੱਕੀ ਜੇਹੀ ਬੰਨੋ ਪੈਰ ਫਮਕ ਧਰੇ, ਨਿੱਕੀ ਜੇਹੀ ਬੰਨੋ ਪੀੜ੍ਹੇ ਬੈਠੀ ਸੱਜੇ।

 • ਸੁਹਾਗ

ਸੁਹਾਗ ਦਾ ਸ਼ਬਦਿਕ ਅਰਥ ਹੈ, 'ਖ਼ੁਸ਼-ਨਸੀਬੀ ਆਥਣਾ ਚੰਗੇ ਭਾਗ। ਲੋਕ ਸਾਹਿਤ ਦੇ ਸੰਦਰਭ ਵਿੱਚ ਸੁਹਾਗ ਤੋਂ ਭਾਵ ਅਜਿਹੇ ਸੁਭਾਗੇ ਲੋਕ ਗੀਤ ਹਨ, ਜਿਹੜੇ ਲੜਕੀ ਦੇ ਵਿਆਹ ਨਾਲ਼ ਸੰਬੰਧਿਤ ਹਨ। ਜਿਵੇਂ ਮੁੰਡੇ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਨਾਲ਼ ਸੰਬੰਧਿਤ ਜਾਣ ਦਾ ਰਿਵਾਜ਼ ਹੈ। ਇਸੇ ਤਰ੍ਹਾਂ ਕੁੜੀ ਦੇ ਵਿਆਹ ਦੇ ਕੁਝ ਦਿਨ ਪਹਿਲਾਂ ਰਾਤ ਦੇ ਖਾਣੇ ਤੋਂ ਪਿੱਛੋ ਔਰਤਾਂ ਦੁਆਾਰਾ ‘ਸੁਹਾਗ’ ਗਾਣੇ ਆਰੰਭ ਕਰ ਦਿੰਦੀਆਂ ਹਨ। ਇਹ ਸਿਲਸਿਲਾ ਵਿਆਹ ਤੋਂ ਇੱਕ ਦਿਨ ਪਹਿਲਾਂ ਤਕ ਜਾਰੀ ਰਹਿੰਦਾ ਹੈ।

ਡਾ.ਜਗੀਰ ਸਿੰਘ ਨੂਰ 'ਸੁਹਾਗ' ਬਾਰੇ ਲਿਖਦੇ ਹਨ- ''ਸੁਹਾਗ ਕੁੜੀ ਦੇ ਹਾਵਾਂ-ਭਾਵਾਂ, ਮਨੋਵੇਗਾਂ, ਸ਼ੁਭਕਾਮਨਾਵਾਂ, ਅਸੀਸੜੀਆਂ, ਚੰਗੇ ਜੀਵਨ ਸਾਥੀ ਅਤੇ ਘਰ ਪ੍ਰਾਪਤੀ ਪ੍ਰਤੀ ਲੋਚਾ, ਉਮੰਗਾਂ, ਖੁਸ਼ਹਾਲ ਵੱਸਣ ਦੀ ਕਾਮਨਾ, ਮਾਂ-ਪਿਓ ਦੇ ਘਰ ਲਈ ਚੰਗੀ ਭਾਵਨਾ, ਸਹੁਰੇ ਘਰ ਦੀ ਖੁਸ਼ਹਾਲੀ ਲਈ ਚੇਸ਼ਟਾ ਅਤੇ ਅਰਜੋਈ ਆਦਿ ਤੋਂ ਛੁੱਟ ਮਾਪਿਆਂ ਦੇ ਘਰ ਦਾ ਉਦਰੇਵਾਂ ਵਿਛੋੜਾ ਤੇ ਮੁੜ ਮਿਲਣ ਕਿ ਨਾ ਮਿਲਣ ਦਾ ਸੰਸਾ, ਸਭ ਕੁਝ ਪਿਆਰ ਵਿੱਚ ਪਰੁੱਤਾ ਹੋਇਆ ਵਰਣਿਤ ਹੁੰਦਾ ਹੈ।''[5]

ਕੁੜੀ ਦੇ ਵਿਆਹ ਨਾਲ ਸੰਬੰਧਿਤ ਇਕ ਹੋਰ ਗੀਤ 'ਬਾਬਲ ਦੇ ਮਹਿਲਾ ਓਹਲੇ ਕਿਉਂ ਖੜੀ'। ਇਸ ਸੁਹਾਗ ਵਿੱਚ ਦੁਹਰਾਓ ਮੂਲਕ ਜੁਗਤ ਰਾਹੀਂ ਧੀ ਦੇ ਭਾਵਾਂ ਦੀ ਪੇਸ਼ਕਾਰੀ ਹੋਈ ਹੈ। ਬਹੁਤ ਹੀ ਸਰਲ ਸਧਾਰਨ ਬਣਤਰ ਵਾਲਾ ਇਹ ਸੁਹਾਗ ਸਮਾਜਿਕ ਰਿਸ਼ਤਾ-ਨਾਤਾ ਪ੍ਰਬੰਧ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਸ ਗੀਤ ਦਾ ਮੂਲ ਪਾਠ ਇਸ ਤਰ੍ਹਾਂ ਹੈ-

ਨੀ ਬੀਬੀ ਬਾਬਲ ਦੇ ਮਹਿਲਾਂ ਉਹਲੇ ਕਿਉਂ ਖੜੀ

ਮੈਂ ਤਾਂ ਵੇਖਾਂ ਸਵਰੀਏ ਜੀ ਦੀ ਚਾਲ

ਸਵਰੀਏ ਆਵੇ ਹਸਤ ਚੜ੍ਹੀ

ਬਾਬਲ ਆਉਂਦਿਆਂ ਸੱਜਣਾ ਦੇ ਧੋਇਉ ਪੈਰ

ਤੇ ਹੇਠ ਵਛਾਇਉ ਖੇਸ ਦਰੀ

ਚਿੱਟੜੇ ਧਰਿਉ ਅੱਗੇ ਥਾਲ

ਜਲੇਬੀ ਪਾਇਓ ਖੰਡ ਰਸੀ

ਨੀ ਬੀਬੀ ਮਾਮੇ ਦੇ ਮਹਿਲਾਂ ਉਹਲੇ ਕਿਉਂ ਖੜੀ

ਮੈਂ ਤਾਂ ਵੇਖਾਂ ਸਵਰੀਏ ਜੀ ਦੀ ਚਾਲ

"ਲੋਕ-ਗੀਤ ਗਾਉਣ ਲਈ ਰਚੇ ਜਾਂਦੇ ਹਨ। ਇਸੇ ਲਈ ਇਨ੍ਹਾਂ ਵਿੱਚ ਸ਼ਬਦਾਂ ਨੂੰ ਲੈਅ ਤੇ ਤਾਲ ਵਿੱਚ ਗੁਨਿਆ ਹੁੁੰਦਾ ਹੈ। ਹਰ ਗੀਤ ਇਕ ਖਾਸ ਸੁਰ ਤੇ ਲੈਅ ਵਿੱਚ

ਗਾਇਆ ਜਾਂਦਾ ਹੈ ਤੇ ਸੁਰ ਤੋਂ ਸੱਖਣਾ ਗੀਤ ਇੰਝ ਲੱਗਦਾ ਹੈ ਜਿਵੇਂ ਰੂਹ ਬਿਨਾਂ ਜਿਸਮ ਹੋਵੇ।"

ਇਸੇ ਹੀ ਸ੍ਰੇਣੀ ਦਾ ਇਕ ਹੋਰ ਲੋਕ ਗੀਤ 'ਸਾਡਾ ਚਿੜੀਆਂ ਦਾ ਚੰਬਾ' ਵੀ ਲੋਕ ਗੀਤ ਪੁਸਤਕ ਵਿੱਚ ਸ਼ਾਮਿਲ ਹੈ। ਡੋਲੀ ਸਮੇਂ ਗਾਇਆ ਜਾਣ ਵਾਲਾ ਇਹ ਲੋਕ ਗੀਤ ਕਰੁਣਾ ਰਸ ਭਰਪੂਰ ਹੈ ਇਸ ਗੀਤ ਦਾ ਅਧਿਐਨ ਕਰਨ ਤੋਂ ਪਹਿਲਾਂ ਗੀਤ ਦਾ ਮੂਲ ਪਾਠ ਦੇਖ ਲੈਣਾ ਜ਼ਰੂਰੀ ਹੈ :-

ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ,
ਸਾਡੀ ਲੰਬੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਦਾ,
ਇਕ ਇੱਟ ਪੁਟਾ ਦੇਵਾ, ਧੀਏ ਘਰ ਜਾ ਆਪਣੇ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੂ,
ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ।

 • ਸਿੱਠਣੀਆਂ

ਸਿੱਠਣੀਆਂ ਰਾਹੀਂ ਕਾਵਿਮਈ ਢੰਗ ਨਾਲ ਇਕ ਦੂਜੇ ਨੂੰ ਮਜ਼ਾਕ ਕਰਨ ਦੀ ਖੁੱਲ੍ਹ ਸਾਡੇ ਸਮਾਜ ਵੱਲੋਂ ਦਿੱਤੀ ਗਈ ਹੈ। ਜਿਸ ਨਾਲ ਦੂਜਿਆਂ ਨੂੰ ਆਪਣੀਆਂ ਕਮੀਆਂ ਪੇਸ਼ੀਆਂ ਦਾ ਅਹਿਸਾਸ ਵੀ ਹੋ ਜਾਵੇ ਅਤੇ ਰਿਸ਼ਤੇਦਾਰਾਂ ਵਿਚਲੇ ਸੰਬੰਧ ਵੀ ਖੁਸ਼ਗਵਾਰ ਰਹਿਣ ਅਤੇ ਵਿਆਹ ਵਰਗਾ ਮੌਕਾ ਹਾਸੇ ਮਜ਼ਾਕ ਅਤੇ ਨੋਕ-ਝੋਕ ਵਰਗਾ ਮਾਹੌਲ ਸਿਰਜ ਕੇ ਯਾਦਗਾਰ ਵੀ ਬਣ ਜਾਵੇ।

ਇਹ ਸਿੱਠਣੀਆਂ ਨਵੇਂ ਰਿਸ਼ਤੇਦਾਰਾਂ ਦੇ ਸੁਭਾਅ, ਰੰਗ ਢੰਗ, ਬਾਹਰੀ ਦਿੱਖ, ਪਹਿਰਾਵੇ ਅਤੇ ਸਰੀਰਕ ਬਣਤਰ ਆਦਿ ਦੀਆਂ ਊਣਤਾਈਆਂ ਨੂੰ ਅਧਾਰ ਬਣਾ ਕੇ ਦਿੱਤੀਆਂ ਜਾਂਦੀਆਂ ਹਨ।

ਸਿੱਠਣੀ, ਵਿਆਹ ਨਾਲ਼ ਸੰਬੰਧਿਤ ਪੰਜਾਬੀ ਲੋਕ ਗੀਤਾਂ ਦਾ ਅਜਿਹਾ ਰੂਪ ਹੈ, ਜਿਸ ਦਾ ਮਨੋਰਥ ਵਿਅੰਗ, ਕਟਾਖਸ ਜਾਂ ਸਖੋਲੀਆ ਅੰਦਾਜ਼ ਵਿੱਚ ਤਨਜ਼ ਰਾਹੀਂ ਸਰੋਤਿਆ ਦਾ ਦਿਲ ਪ੍ਰਚਾਉਣ ਹੈ। ਪੁਰਾਣੇ ਸਮਿਆਂ ਵਿੱਚ ਜਦ ਮਨ ਪ੍ਰਚਾਵ ਦੇ ਸਾਧਨ ਬਹੁਤ ਹੀ ਸੀਮਿਤ ਸਨ ਤਾਂ ਵਿਆਹ ਦੇ ਸ਼ਗਨਾਂ ਵਿੱਚ ਸਿੱਠਣੀਆ ਮਨੋਰੰਜਨ ਦੇ ਪੱਖ ਤੋਂ ਵਿਸ਼ੇਸ਼ ਭੁਮਿਕਾ ਨਿਭਾੳਂਦੀਆਂ ਹਨ। ਲੋਕ ਸਾਹਿਤ ਦੇ ਨਜ਼ਰੀਏ ਤੋਂ ਸਿੱਠਣੀ ਇਹੋ ਜਿਹਾ ਖੁਲ੍ਹਾ ਖਲਾਸਾ ਗੀਤ ਹੈ, ਜਿਸ ਵਿੱਚ ਵਿਅੰਗ ਤੇ ਬੜੇ ਸੁਲਝੇ ਹੋਏ ਢੰਗ ਨਾਲ਼ ਵਿਆਹ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਨੂੰ ਗਾਲ਼੍ਹਾਂ ਕੱਢਿਆਂ ਜਾਦੀਆਂ ਹਨ।

ਸਿੱਠਣੀਆਂ ਵਿੱਚ ਜ਼ਿਆਦਾਤਰ ਵਿਆਹੁਣ ਆਏ ਮੁੰਡੇ ਦੀ ਮਾਂ, ਪਿਓ, ਭੈਣ, ਜੀਜੇ, ਭਰਾਵਾਂ ਆਦਿ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਠਣੀਆਂ ਵਿਚੋਂ ਕੁਝ ਸਿੱਠਣੀਆਂ ਨਾਨਕਿਆਂ ਤੇ ਦਾਦਕਿਆਂ ਵਿਚਕਾਰ ਹਨ ਅਤੇ ਕੁਝ ਬਰਾਤੀਆਂ ਨੂੰ ਦਿੱਤੀਆਂ ਗਈਆਂ ਹਨ। ਜਿਵੇਂ ਕਿ ਇਸ ਸਿੱਠਣੀ ਵਿੱਚ ਬਰਾਤੀਆਂ ਜ਼ਿਆਦਾ ਖਾਣ ਦੀ ਆਦਤ ਨੂੰ ਮਜ਼ਾਕ ਬਣਾਇਆ ਗਿਆ ਹੈ -

ਨੀ ਗੱੜਪੂ ਆਏ

ਵੱਡੇ ਵੱਡੇ ਬੁਰਕ ਚਲਾਏ

ਨੀ ਗੱੜਪੂ ਆਏ

ਬੁਢੜੇ ਖੰਗੜ ਆਏ.......

ਗੰਜੇ ਖੁਰਕਣ ਆਏ ਨੀ ਗੜੱਪੂ ਆਏ ...... ਇਸੇ ਤਰ੍ਹਾਂ ਲਾੜੇ ਦੀ ਭੈਣ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ। ਇਸ ਕਾਵਿ ਰੂਪ ਵਿੱਚ ਇੱਥੋਂ ਤੱਕ ਖੁੱਲ੍ਹ ਲੈ ਲਈ ਜਾਂਦੀ ਹੈ ਕਿ ਲਾੜੇ ਦੀ ਭੈਣ ਨੂੰ ਉਸਦੇ ਚਰਿੱਤਰ ਨੂੰ ਅਧਾਰ ਬਣਾ ਕੇ ਮਜ਼ਾਕ ਕਰ ਲਿਆ ਜਾਂਦਾ ਹੈ ਪਰ ਇਸਦਾ ਗੁੱਸਾ ਨਹੀਂ ਕੀਤਾ ਜਾਂਦਾ ਜਿਵੇਂ -

ਮਿਰਚਾਂ ਦਾ ਬੂਟਾ ਤੇ ਹਰੀ ਏ ਕਿਆਰੀ

ਲੈ ਲਾੜੇ ਦੀ ਭੈਣ ਦੁੱਧ ਮੰਗੇ ਪੁੱਤ ਮੰਗੇ,

ਨਵੀਂ ਮੰਗੇ ਯਾਰੀ।

ਸਾਡੇ ਵਿਹੜੇ ਮਾਦਰੀ, ਮੁੰਡੇ ਦੀ ਭੈਣ ਬਾਂਦਰੀ,
ਢੋਲ ਸਿਰ ਢਮ ਕੇਰੇ ਢੱਡੇ, ਵੰਨ ਸੁਵੰਨੇ ਆਏਵੀ,
ਲਾੜਾ ਤੇ ਸਰਬਾਲਾ ਦੋਵੇਂ, ਭੈਣ ਨਾਲ਼ ਲਿਆਦੇ ਵੀ,
ਵੇ ਜੀਜਾ ਭੈਣ ਨੂੰ ਨਚਾ ਲੈ ਇਮਲੀ ਦੇ ਹੇਠ।

ਸੋ ਸਿੱਠਣੀਆਂ ਸਰਲ ਸਾਦੀ ਤੇ ਲੋਕ ਬੋਲੀ ਵਿੱਚ ਲਿਖਿਆ ਅਜਿਹਾ ਕਾਵਿ ਰੂਪ ਹੈ ਜੋ ਖੁੱਲ੍ਹੇ ਰੂਪ ਅਤੇ ਇਕਹਰੀ ਬਣਤਰ ਵਾਲਾ ਹੁੰਦਾ ਹੈ। ਇਹ ਕਾਵਿ ਰੂਪ ਵਿੱਚ ਸੰਗੀਤਕ ਲੈਅ ਦਾ ਖਿਆਲ ਤਾਂ ਰੱਖਿਆ ਜਾਂਦਾ ਹੈ ਪਰ ਇਹ ਕਿਸੇ ਨਿਸ਼ਚਿਤ ਛੰਦ ਤੇ ਆਕਾਰ ਦਾ ਨਹੀਂ ਹੁੰਦਾ।

 • ਲੋਰੀਆਂ

'ਲੋਰੀ' ਇਕ ਅਜਿਹਾ ਲੋਕ ਕਾਵਿ ਰੂਪ ਹੈ, ਜੋ ਬੱਚੇ ਦੇ ਪਾਲਣ ਪੋਸ਼ਣ ਦੌਰਾਨ ਗਾਇਆ ਜਾਂਦਾ ਹੈ। ਇਹ ਮਾਂ ਦੁਆਰਾ ਆਪਣੇ ਬੱਚੇ ਲਈ ਗਾਇਆ ਗਿਆ ਅਜਿਹਾ ਮਿੱਠੀ ਰਸੀਲੀ ਸੁਰ ਵਾਲਾ ਗੀਤ ਹੈ, ਜੋ ਸੰਬੋਧਨੀ ਸ਼ੈਲੀ ਵਿੱਚ ਗਾਇਆ ਜਾਂਦਾ ਹੈ। ਮਾਂ ਆਪਣੇ ਨਿੱਕੇ ਨਵਜਾਤ ਬੱਚੇ ਨੂੰ ਵਰਾਉਣ, ਪ੍ਰਚਾਉਣ ਤੇ ਲਾਡ ਲਡਾਉਣ ਲਈ ਇਸ ਕਾਵਿ ਰੂਪ ਦੀ ਵਰਤੋਂ ਕਰਦੀ ਹੈ। ਲੋਰੀਆਂ ਬੱਚੇ ਨੂੰ ਝੂਲਣੇ ਵਿੱਚ ਪਾ ਕੇ, ਗੋਦੀ ਵਿੱਚ ਪਾ ਕੇ, ਬਾਹਵਾਂ ਵਿਚ ਲੈ ਕੇ ਜਾਂ ਮੋਢੇ ਲਾ ਕੇ ਦਿੱਤੀਆਂ ਜਾਂਦੀਆਂ ਹਨ। ਡਾ. ਜਗੀਰ ਸਿੰਘ ਨੂਰ ਲੋਰੀ ਕਾਵਿ ਰੂਪ ਬਾਰੇ ਲਿਖਦੇ ਹਨ -

"ਜਦੋਂ ਨਵਜਾਤ ਬੱਚਾ ਜਰਾਂ ਕੁ ਹੋਸ਼ ਸੰਭਾਲਣ ਦੇ ਸਮੱਰਥ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਂ ਜਾਂ ਕਿਸੇ ਹੋਰ ਪਾਲਕ ਇਸਤਰੀ ਦੇ ਹੱਥਾਂ ਦੀ ਛੂਹ ਅਤੇ ਆਵਾਜ਼ ਦੀ ਪਛਾਣ ਕਰਦਾ ਹੈ। ਅਜਿਹੇ ਪਛਾਣ ਸੂਚਕਾਂ ਦੀ ਅਣਹੋਂਦ ਵਿੱਚ ਉਹ ਰੋਂਦਾ ਹੈ ਤੇ ਪਰਚੌਣੀ ਚਾਹੁੰਦਾ ਹੈ- ਇਹ ਅਵਸਥਾ ਉਸਦੇ ਦੁਆਰਾ ਪਹਿਲੀ ਕਿਸਮ ਦੇ ਦਿਲ-ਪ੍ਰਚਾਵੇ ਜਾਂ ਮਨੋਰੰਜਨ ਦੀ ਮੰਗ ਕਰਨ ਦੀ ਹੁੰਦੀ ਹੈ, ਸੋ ਉਸ ਵਕਤ ਜਿਸ ਕਾਵਿ ਰੂਪ ਨਾਲ ਬੱਚੇ ਨੂੰ ਸੁਸਤਾਇਆ ਜਾਂ ਪਰਚਾਇਆ ਜਾਂਦਾ ਹੈ, ਉਹ ਹੈ ਲੋਰੀ।"

ਲੋਰੀਆ ਪੰਜਾਬ ਦੇ ਅਜਿਹਾ ਲੋਕ ਗੀਤ ਹਨ, ਜਿਹੜੇ ਮਾਂ ਜਾ ਭੈਣ ਦੁਆਰਾ ਰੋਂਦੇ ਬੱਚੇ ਚੁੱਖ ਕਰਾੳਣ, ਪ੍ਰਚਾਉਣ ਅਤੇ ਮਲਾਉਣ ਲਈ ਗਾਏ ਜਾਦੇ ਹਨ। ਲੋਕ ਗੀਤ ਪੰਜਾਬ ਦੇ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਹਨ।

“ਜੰਮਣ ਤੋਂ ਮੌਤ ਤਕ ਪੰਜਾਬ ਦੇ ਜੀਵਨ ਦਾ ਕੋਈ ਵੀ ਪੱਖ ਅਜਿਹਾ ਨਹੀਂ ਹੈ, ਜਿਸ ਸੰਬੰਧੀ ਲੋਕ ਗੀਤ ਉਪਲਬਧ ਨਾ ਹੋਣ। ਇਨ੍ਹਾਂ ਲੋਕ ਗੀਤਾਂ ਦੀ ਵਿਸ਼ਾਲ ਭਾਵਨਾ ਨੂੰ ਮੁੱਖ ਰੱਖ ਕੇ ਇਹ ਧਾਰਨਾ ਪ੍ਰਚੱਲਿਤ ਹੈ ਕਿ ਪੰਜਾਬੀ ਗੀਤਾਂ ਵਿੱਚ ਜੰਮਦਾ ਹੈ : ਲੋਰੀਆਂ, ਖਾਲ਼ਾਂ, ਧਮਾਲਾਂ ਵਿੱਚ ਇਸ ਦਾ ਪਾਲਨ ਪੋਸ਼ਣ ਹੁੰਦਾ ਹੈ। ਘੋੜੀਆਂ, ਸੁਹਾਗ, ਸਿੱਠਣੀਆਂ, ਛੰਦਾਂ ਅਤੇ ਗਿੱਧਿਆਂ ਵਿੱਚ ਵਿਆਹਿਆਂ ਜਾਂਦਾ ਹੈ ਅਤੇ ਇਸ ਦਾ ਅੰਤਿਮ ਸੰਸਕਾਰ ਵੀ ਅਲਾਹੁਣੀਆਂ ਅਤੇ ਕੀਰਨਿਆਂ ਦੇ ਰੂਪ ਵਿੱਚ ਗੀਤਾਂ ਰਾਹੀਂ ਹੀ ਹੁੰਦਾ ਹੈ।”

“ਲੋਰੀਆਂ ਪੰਜਾਬ ਦੇ ਅਜਿਹੇ ਲੋਕ ਗੀਤ ਹਨ, ਜਿਹੜੇ ਜਾਂ ਭੈਣ ਦੁਆਰਾ ਰੋਂਦੇ ਬੱਚੇ ਨੂੰ ਚੁੱਪ ਕਰਾਉਣ, ਪ੍ਰਚਾਉਣ ਅਤੇ ਸਲਾਉਣ ਲਈ ਗਾਏ ਜਾਂਦੇ ਹਨ।”

ਲੋਰੀ ਦਾ ਅਰਥ

“ਪੰਜਾਬੀ ਸ਼ਬਦ ਲੋਰੀ ਨੂੰ ਲੋਰ ਦੇ ਅਰਥਾਂ ਵਿੱਚ ਵੀ ਸਮਝਿਆ ਜਾ ਸਕਦਾ ਹੈ। ਲੋਰ ਤੋਂ ਭਾਵ ਸਰੂਰ ਹੈ। ਲੋਰੀ ਬੱਚੇ ਨੂੰ ਉਸ ਦੀਆਂ ਸੁਚੇਤ ਸਰਗਰਮੀਆਂ ਤੋਂ ਹਟਾ ਕੇ ਉਸ ਨੂੰ ਸਰੂਰ ਵਿੱਚ ਲੈ ਜਾਂਦੀ ਹੈ ਅਤੇ ਮਾਨਸਿਕ ਤੌਰ ਤੇ ਬੱਚਾ ਸਸਤਾਉਣ ਲੱਗ ਜਾਂਦਾ ਹੈ। ਪੰਜਾਬੀ ਤੇ ਹਿੰਦੀ ਸ਼ਬਦ ਲੋਰੀ ਅੰਗਰੇਜ਼ੀ ਸ਼ਬਦ Lullaby ਸ਼ਬਦ ਦਾ ਸੰਬੰਧ Dullness ਨਾਲ਼ ਜੁੜਦਾ ਹੈ। ਭਾਰਤੀ ਯੂਰਪੀ Dullness ਭਾਸ਼ਾਵਾਂ ਦੇ ਆਪਸੀ ਸੰਬੰਧਾਂ ਦੇ ਹਵਾਲੇ ਨਾਲ਼ ਲੋਰੀ, ਲੱਲਅੱਬੀ ਗੀਤ ਅੰਗਰੇਜ਼ੀ ਸ਼ਬਦ ਲੁਲਲ, ਹਿੰਦੀ ਸ਼ਬਦ ਲੱਲਾ ਆਦਿ ਦੀ ਸਾਂਝ ਤਲਾਸ਼ ਕੀਤੀ ਜਾ ਸਕਦੀ ਹੈ। ਅੰਗਰੇਜ਼ੀ ਸ਼ਬਦ ਲੁਲ ਦੇ ਅਰਥ ਬੱਚੇ ਨੂੰ ਸੁਸਤ ਕਰਨ ਦੇ ਹਨ ਹਿੰਦੀ ਸ਼ਬਦ ਲੱਲਾ ਤੋਂ ਭਾਵ ਲਾਡਲਾ ਹੁੰਦੇ ਹਨ।”

ਲੋਰੀ ਦੀਆਂ ਪਰਿਭਾਸ਼ਾਵਾਂ

- ਸੁਖਦੇਵ ਮਾਧੋਪੁਰੀ ਅਨੁਸਾਰ, “ਮਾਵਾਂ ਆਪਣਿਆਂ ਨੂੰ ਪ੍ਰਚਾਉਣ ਲਈ ਮਧੁਰ ਸੁਰ ਅਤੇ ਲੈਅ ਵਿੱਚ ਜਿਹੜੇ ਗੀਤ ਗਾਉਂਦੀਆਂ ਇਨ੍ਹਾਂ ਨੂੰ ਲੋਰੀ ਆਖਦੇ ਹਨ।” - ਜੀਤ ਸਿੰਘ ਜੋਸ਼ੀ ਅਨੁਸਾਰ, “ਲੋਰੀ ਮਮਤਾ ਭਿੱਜੇ ਬੋਲ ਹੁੰਦੇ ਹਨ। ਮਾਂ ਬੱਚੇ ਨੂੰ ਮਧੁਰ ਸੁਰ ਵਿੱਚ ਜੋ ਗੀਤ ਸੁਣਾਉਂਦੀ ਹੈ, ਉਹ ਲੋਰੀ ਹੈ।”

ਪ੍ਰਕਿਰਿਆ ਅਤੇ ਪ੍ਰਕਾਰਜ

“ਛੋਟੇ ਬੱਚਿਆਂ ਦਾ ਮਨ ਪ੍ਰਚਾਉਣ ਰੋਂਦਿਆਂ ਨੂੰ ਵਰਾਉਣ ਲਈ ਜਾਂ ਉਨ੍ਹਾਂ ਨੂੰ ਸੁਆਉਣ ਲਈ ਮਾਵਾਂ, ਭੈਣਾਂ, ਤਾਈਆਂ, ਚਾਚੀਆਂ, ਮਾਸੀਆਂ ਗੋਦ ਵਿੱਚ ਬਿਠਾ ਕੇ ਹਿਲਾਉਂਦੀਆਂ ਹੋਈਆਂ ਨਾਲ਼ੋ ਨਾਲ਼ ਲੋਰੀਆਂ ਦਿੰਦੀਆਂ ਹਨ। ਇਨ੍ਹਾਂ ਲੋਰੀਆਂ ਵਿੱਚ ਉਨ੍ਹਾਂ ਦੀਆਂ ਸੱਧਰਾਂ ਤੇ ਰੀਝਾਂ ਉਲੀਕੀਆਂ ਹੁੰਦੀਆਂ ਹਨ। ਇਨ੍ਹਾਂ ਲੋਰੀਆਂ ਦਾ ਢੰਗ ਸੰਬੋਧਨੀ ਹੁੰਦਾ ਹੈ। ਇਨ੍ਹਾਂ ਦੀਆਂ ਤੁਕਾਂ ਵੀ ਨਿੱਕੀਆਂ ਨਿੱਕੀਆਂ ਹੁੰਦੀਆਂ ਹਨ। ਹਰ ਤੁਕ ਪਿੱਛੇ ਕੁੱਝ ਅਜਿਹੇ ਸਵਰ ਮੂੰਹੋਂ ਕੱਢੇ ਜਾਂਦੇ ਹਨ, ਜਿਨ੍ਹਾਂ ਦੇ ਕੋਈ ਅਰਥ ਨਹੀਂ ਹੁੰਦੇ ਪਰ ਇਨ੍ਹਾਂ ਵਿੱਚੋਂ ਸੰਗੀਤ ਜ਼ਰੂਰ ਝਾਕਦਾ ਹੈ।”

“ਕਾਕੜਿਆ ਬਲਾਕੜਿਆ, ਟਾਹਲੀ ਤੇਰੇ ਬੱਚੇ ਊਂ, ਊਂ, ਊਂ।

ਨਾਨਾ ਤੇਰਾ ਢੋਲ ਵਜਾਵੇ, ਨਾਨੀ ਤੇਰੀ ਨੱਚੇ, ਊਂ, ਊਂ, ਊਂ।”

“ਮਾਂ ਅਤੇ ਭੈਣ ਦੀਆਂ ਰੀਝਾਂ ਦਾ ਪ੍ਰਗਟਾਵਾ ਇਨ੍ਹਾਂ ਲੋਰੀਆਂ ਵਿੱਚ ਪੂਰੀ ਤਰ੍ਹਾਂ ਹੋ ਸਕਦਾ ਹੈ। ਕਾਕਾ ਇਨ੍ਹਾਂ ਲੋਰੀਆਂ ਵਿੱਚ ਗੁਲਾਹ ਦਾ ਫੁੱਲ, ਮੱਖਣ ਦਾ ਚੰਨ, ਰਾਤਾਂ ਦਾ ਲਾੜਾ, ਦੇਸ਼ ਦਾ ਰਾਜਾ, ਸੋਨੇ ਦਾ ਪੰਘੂੜਾ ਝੂਟਣ ਵਾਲ਼ਾ ਅਤੇ ਚਾਂਦੀ ਦੀਆਂ ਪੌੜੀਆਂ ਚੜ੍ਹਨ ਵਾਲ਼ਾ ਕਾਕਾ ਬਾਵਾ ਜਾਂ ਲਾਲ ਹੈ। ਇਨ੍ਹਾਂ ਲੋਰੀਆਂ ਦੀ ਚੋਖੀ ਗਿਣਤੀ ‘ਅੱਲ੍ਹੜ ਬੱਲ੍ਹੜ ਬਾਵੇ ਦਾ’ ਦੀ ਹੈ।” ਉਦਾਹਰਨ ਵੇਖੋ :

“ਅੱਲ੍ਹੜ ਬੱਲ੍ਹੜ ਬਾਵੇ ਦਾ, ਬਾਵਾ ਕਣਕ ਲਿਆਵੇਗਾ,

ਬਾਵੀ ਬਹਿ ਕੇ ਛੱਟੇਗੀ, ਸੌ ਰੁਪਈਆ ਵੱਟੇਗੀ।”

ਭਰਾਈਆਂ ਤੇ ਖੁਸਰਿਆਂ ਦੀਆਂ ਲੋਰੀਆਂ

“ ਪੁੱਤਰ ਦੇ ਜਨਮ ਦੇ ਪਹਿਲੇ ਸਾਲ ਵਿੱਚ ਕਈ ਤਿਉਹਾਰ ਅਜਿਹੇ ਆਉਂਦੇ ਹਨ ਜਿਨ੍ਹਾਂ ਦਾ ਮੰਤਵ ਸਾਰੇ ਭਾਈਚਾਰੇ ਦਾ ਇਕੱਠੇ ਹੋ ਕੇ ਜਸ਼ਨ ਮਨਾਉਣਾ ਹੈ। ਸਾਲ ਵਿੱਚ ਇੱਕ ਦੋ ਵਾਰੀ ਭਰਾਈ ਛਿੰਝਾਂ ਤੇ ਵਾਢੀਆਂ ਦੇ ਢੋਲਾਂ ਤੋਂ ਵਿਹਲੇ ਹੋ ਕੇ ਗਲ਼ੀ ਗਲ਼ੀ ਫਿਰਦੇ, ਨਵੇਂ ਜੰਮੇ ਪੁੱਤਰਾਂ ਵਾਲ਼ੇ ਘਰੀਂ ਜਾਂਦੇ ਤੇ ਢੋਲ ਦਾ ਖੜਾਕ ਸੁਣ ਕੇ ਪਲਾਂ ਵਿੱਚ ਗਲੀ ਮੁਹੱਲੇ ਦੇ ਅੰਞਾਣਿਆਂ, ਸਿਆਣਿਆ ਦਾ ਪਿੜ ਬੱਝ ਜਾਂਦਾ ਸੀ। ਭਰਾਈ ਢੋਲ ਤੇ ਵਿਰਲਾ ਵਿਰਲਾ ਡੱਗਾ ਮਾਰਦੇ ਤੇ ਬਾਲਾਂ ਨੂੰ ਚੁੱਕ ਕੇ ਲੋਰੀਆਂ ਦਿੰਦੇ ਸਨ। ਉਨ੍ਹਾਂ ਦਾਣੇ ਗੁੜ੍ਹ ਤੇ ਕੱਪੜੇ ਦਿੱਤੇ ਜਾਂਦੇ ਸਨ। ” “ਉਨ੍ਹੀਂ ਸੌ ਸੰਤਾਲੀ ਦੀ ਵੰਡ ਕਾਰਨ ਬਹੁਤ ਸਾਰੇ ਭਰਾਈ ਪਾਕਿਸਤਾਨ ਵਿੱਚ ਚਲੇ ਗਏ ਤੇ ਲੋਰੀਆਂ ਦਾ ਰਿਵਾਜ ਕਾਫ਼ੀ ਘੱਟ ਗਿਆ। ਪਰ ਥੋੜ੍ਹੀ ਦੇਰ ਮਗਰੋਂ ਭਰਾਈਆਂ ਦੀ ਥਾਂ ਖੁਸਰਿਆਂ ਨੇ ਲੈ ਲਈ। ”

“ ਲੈ ਲਾ ਲੈ ਲਾ ਵੇ, ਕਾਕਾ ਲੋਰੀਆਂ,

ਲੈ ਲਾ ਲੈ ਲਾ ਵੇ, ਚੰਦਾ ਲੋਰੀਆਂ,

ਇਹ ਲੋਰੀ ਤੇਰੀ ਦਾਦੀ ਦੁਆਵੇ,

ਬਾਬਾ ਵੰਡੇ ਦੰਮਾਂ ਦੀਆਂ ਬੋਰੀਆਂ,

ਲੈ ਲਾ ਲੈ ਲਾ ਵੇ, ਕਾਕਾ ਲੋਰੀਆਂ। ”

ਰੁਣੇਚਾ ਲੋਰੀ

“ਰਾਜਸਥਾਨ ਭੂ ਖੇਤਰ ਵਿੱਚ ਵਿਚਰਦੇ ਬਹੁਤੇ ਗਾਡੀ ਲੁਹਾਰ ਰੁਣੇਚਾ ਸਥਿਤ ‘ਡਾਲੀ ਬਾਈ’ ਦੀ ਸਮਾਧੀ ਹਾਮਲਾ ਇਸਤਰੀਆਂ ਨੂੰ, ਜਾਣ ਨਵਜਾਤ ਸ਼ਿਸ਼ੂਆਂ ਨੂੰ, ਆਈ ਲਾਚਾ ਅਤੇ ‘ਖੇਤਲਾ’ ਨਿਮਿਤ ਲੋਰੀ ਦੇਣ ਲਈ ਲੈ ਕੇ ਜਾਂਦੇ ਹਨ। ਇਸ ਸਮੇਂ ਹਾਮਲਾ ਇਸਤਰੀ ਜਾਂ ਨਵਜਾਤ ਸ਼ਿਸ਼ੂ ਸਮੇਤ ਮਾਂ ਅਤੇ ਬੱਚਾ ਸਮਾਧੀ ਦੇ ਥੜ੍ਹੇ ਨੇੜੇ ਰੱਤ ਜਗਾ ਕੱਟਦੇ ਸਨ। ਦੂਜੇ ਦਿਨ ਸਵੇਰੇ ਭਾਟ ਗਮੰਤਰੀ, ਜਨਮ ਲੈਣ ਵਾਲ਼ੇ, ਜਾਂ ਜਨਮ ਲੈ ਚੁੱਕੇ ਬੱਚੇ ਨੂੰ ਲੋਰੀ ਸੁਣਾਉਂਦੇ ਹਨ। ਜਿਸ ਦੇ ਇਵਜ਼ ਵਿੱਚ ਮਾਮਿਆਂ ਵੱਲੋਂ ਵਿੱਤ ਅਨੁਸਾਰ ਇਵਜ਼ਾਨਾ ਦਿੱਤਾ ਜਾਂਦਾ ਹੈ। ”

“ ਹੇ ਮੇਰੇ ਬੱਚੇ,

ਤੂੰ ਮੇਰੀ ਕੁੱਖ ਵਿੱਚ ਕਿਉਂ ਆਇਆ,

ਮੇਰੀ ਕੁੱਖ ਤਾਂ

ਚਿਤੌੜ ਦੀ ਧਰਤੀ ਤੇ

ਜੌਹਰ ਦੀ ਅੱਗ ਵਿੱਚ ਹੀ

ਸੜ ਗਈ ਸੀ। ”

[6]

'ਮਾਹੀਆ'[ਸੋਧੋ]

‘ਮਾਹੀਆ’ ਪੰਜਾਬੀ ਦਾ ਸਭ ਤੋਂ ਵੱਧ ਗਾਏ ਜਾਣ ਵਾਲਾ ਲੋਕ ਗੀਤ ਹੈ। ਆਕਾਰ ਵਿੱਚ ਬਹੁਤ ਛੋਟਾ ਪਰਤੂ ਸਾਰੇ ਪੰਜਾਬ ਵਿੱਚ ਅਤਿ ਹਰਮਨ ਪਿਆਰਾ ਗੀਤ ਹੈ। ਮਾਹੀਆ ਮਾਹੀ ਤੋਂ ਬਣਿਆ ਹੈ ਅਤੇ ਮਾਹੀ ਦੇ ਸ਼ਬਦੀ ਅਰਥ ਮੱਝਾਂ ਚਾਰਨ ਵਾਲਾ ਜਾਂ ਵਾਗੀ। ਜਿਵੇਂ ਰਾਝਾਂ ਅਤੇ ਮਹੀਵਾਲ ਪਾਲੀ/ਮਾਹੀ ਹੁੰਦੇ ਹੋਏ ਵੀ ਪ੍ਰੀਤਮ ਦੀ ਅਜਾਮਤ ਦਾ ਰੂਪ ਧਾਰਨ ਕਰ ਚੁੱਕੇ ਹਨ, ਇਸ ਪ੍ਰਕਾਰ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਇਹ ਲੋਕ ਗੀਤ ਦੀ ਅਜੇਹੀ ਸਿਨਫ਼/ਕਿਸਮ ਹੈ, ਜਿਸ ਦਾ ਨਾਇਕ ‘ਮਾਹੀਆ’ ਹੈ।

ਦੋ ਪੱਤਰਾਂ ਅਨਾਰਾਂ ਦੇ
ਸਾਡੇ ਬੰਨੇ ਆ ਬੈਠੇ,
ਕਬੂਤਰ ਯਾਰਾਂ ਦੇ।
ਕੋਈ ਸਾਵੇ ਰੁਖ ਮਾਹੀਆ
ਪੀਂਘ ਵਿਛੋੜੇ ਦੀ,
ਝੂਟੇ ਦਿੰਦੇ ਨੇ ਦੁੱਖ ਮਾਹੀਆ।

ਢੋਲਾ[ਸੋਧੋ]

ਢੋਲਾ ਜਾਂ ਢੋਲਾ ਪੰਜਾਬੀ ਵਿੰਚ ਪ੍ਰੀਤਮ ਅਥਵਾ ਮਹਿਬੂਬ ਦਾ ਪ੍ਰਤੀਕ ਹੈ। ਜਿਨ੍ਹਾਂ ਗੀਤਾਂ ਵਿੱਚ ਢੋਲੇ ਦਾ ਬਾਰ ਬਾਰ ਜ਼ਿਕਰ ਆਵੇ ਅਤੇ ਪ੍ਰੀਤਮ ਦੀ ਪ੍ਰਸੰਸਾ ਕੀਤੀ ਗਈ ਹਵੇ, ਉਨਾਂ ਨੂੰ ਢੋਲੇ ਕਿਹਾ ਜਾਂਦਾ ਹੈ।

  ਪੰਜਾਬ ਦੇ ਹੋਰ ਬਹੁਤ ਸਾਰੇ ਗੀਤਾਂ ਵਾਂਗ ਢੋਲਾ ਵੀ ਔਰਤ ਦੇ ਜਜਬਿਆਂ ਦਾ ਪ੍ਰਗਟਾਵਾ ਕਰਦਾ ਹੈ। ਮੁੱਢਲੇ ਰੂਪ ਵਿਚ ਇਹ ਪਿਆਰ ਦੇ ਗੀਤ ਹਨ ਅਤੇ ਵਸਲ ਦੇ ਟਾਕਰੇ ਤੇ ਵਿਛੋੜੇ ਜੁਦਾਈ ਤੇ ਹਿਜਰ ਦੇ ਭਾਵ ਇਨਾਂ ਵਿਚ ਰੂਪਮਾਨ ਹੁੰਦੇ ਹਨ।

ਢੋਲੇ ਦੀ ਪਰਿਭਾਸ਼ਾ

ਅਫਜਲ ਪ੍ਰਵੇਜ ਅਨੁਸਾਰ,"ਢੋਲਾ ਦੀ ਕੋਈ ਇਕ ਤਕਨੀਕ ਨਹੀਂ ਸਗੋਂ ਹਰ ਉਹ ਗੀਤ ਜਿਸ਼ ਵਿਚ ਢੋਲਾ ਨੂੰ ਮੁਖਾਤਿਬ ਕੀਤਾ ਗਿਆ ਹੋਵੇ ਉਹ ਢੋਲਾ ਹੈ ਉਹਨਾਂ ਨੇ ਢੋਲੇ ਦਾ ਮੁਖਾਤਿਬ ਇਸ ਪ੍ਰਕਾਰ ਦਿੱਤਾ ਹੈ-

          ਬਾਕਿਆਂ ਵੇ ਮਾਹਿਆ ਮਰ ਗਈ ਆ ਵਰਾਗੇ ਨਾਲ             
          ਇਸ ਗਲੋਂ ਰੋਨੀ ਆ ਮਾਹੀ ਕਦੀ ਨਾ ਪੁਛਿਆ ਹਾਲ

ਢੋਲੇ ਦੀ ਲੋਕ ਪਰੰਪਰਾ

ਢੋਲ ਢੋਲਕ ਨਾਲ ਗਾਇਆ ਜਾਣ ਵਾਲਾ ਲੋਕ ਗੀਤ ਹੈ ਬਾਰ ਦੇ ਇਲਾਕੇ ਵਿਚ ਊ਼ਠ ਤੇ ਸਵਾਰ ਲੋਕ ਕਈ-ਕਈ ਮੀਲ ਤੱਕ ਢੋਲੇ ਗਾਉਦੇਂ ਜਾਦੇਂ ਹਨ ਢੋਲੇ ਦੀਆਂ ਲਾਉਣਾ,ਮੁਹਾਵਰਾ ਸੰਕੇਤ ਕਰਦਾ ਹੈ ਕਿ ਢੋਲਾ ਪੂਰਨ ਮੌਜ ਮਸਤੀ ਦਾ ਗੀਤ ਹੈ-

      " ਬਾਜਾਰ ਵਿਕੇਂਦੀ ਖੰਡ ਵੇ
       ਤੂੰ ਮਿਸਰੀ ਤੇ ਮੈਂ ਗੁਲਕੰਦ ਵੇ
       ਦੋਵੇਂ ਚੀਜਾਂ ਮਿੱਠੀਆਂ ਵੇ ਢੋਲਾ"         

"ਜਨਾਬ ਏ.ਡੀ.ਇਜ਼ਾਜ਼ ਨੇ ਆਪਣੀ ਪੁਸਤਕ ਚਾਜ਼ੇ ਛੱਤੇ ਵਿਚ ਢੋਲਿਆ ਨੂੰ ਗਾਏ ਜਾਣ ਦੇ ਤਿੰਨ ਢੰਗਾ ਦੀ ਰਵਾਨੀ,ਰਗੀ ਅਤੇ ਉਤਲਾ ਧੁਰ ਬਾਰੇ ਲਿਖਿਆ ਹੈ।ਢੋਲਾ ਸੁਣਾਓੁਣ ਵਾਲੇ ਇਨ੍ਹਾਂ ਵਿਚੋਂ 'ਰਗੀ' ਢੰਗ ਦੀ ਵਰਤੋਂ ਵਧੇਰੇ ਕਰਦੇ ਹਨ।"

 1. ਸ਼ੈਲੀ

ਢੋਲਾ ਕਈ ਸ਼ੈਲੀਆਂ ਵਿਚ ਪ੍ਰਚਲਿਤ ਹੈ। ਪੋਠੋਹਾਰ ਵਿਚ ਪ੍ਰਚਲਿਤ ਢੋਲੇ ਰੂਪ ਤੇ ਲੈਅ ਵਿਚ ਸਾਂਦਲ ਬਾਰ ਦੇ ਜਾਂਗਲੀਆਂ ਦੇ ਢੋਲਿਆਂ ਨਾਲ ਵੱਖਰੇ ਹਨ।ਪੋਠੋਹਾਰੀ ਢੋਲਿਆਂ ਦਾ ਇਕ ਬਝਵਾਂ ਰੂਪ–ਵਿਧਾਨ ਹੈ। ਇਹ ਪੰਜ ਸਤਰਾਂ ਦੇ ਹੁੰਦੇ ਹਨ ਅਤੇ ਦੇ ਟੁਕੜੀਆਂ ਵਿਚ ਵੰਡੇ ਹੁੰਦੇ ਹਨ। ਪਹਿਲੀ ਟੁਕੜੀ ਤਿੰਨ ਸਤਰਾਂ ਦੀ ਹੁੰਦੀ ਹੈ, ਜਿਸ ਵਿਚ ਪਹਿਲੀਆਂ ਦੋ ਸਤਰਾਂ ਦਾ ਤੁਕਾਂਤ ਮਿਲਦਾ ਹੈ, ਤੀਜੀ ਦਾ ਨਹੀਂ। ਟੁਕੜੀ ਦੋ ਸਤਰਾਂ ਦੀ ਹੁੰਦੀ ਹੈ। ਪਹਿਲੀ ਟੁਕੜੀ ਦੇ ਪ੍ਰਭਾਵ ਨੂੰ ਗੂੜਾ ਕਰਦੀ ਹੈ ਤੇ ਬਿਜਲੀ ਦੀ ਲਿਸ਼ਕ ਵਾਂਗ ਚਕਾਚੋਂਦ ਕਰ ਜਾਂਦੀ ਹੈ।” ਇਹ ਦੂਜੀ ਟੁਕੜੀ ਢੋਲੇ ਦੀ ਇਕਾਈ ਦਾ ਬੱਝਵਾਂ ਹੁੰਦਿਆਂ ਵੀ ਭਾਵ ਵਿਚ ਸੁੰਤਤਰ ਤੇ ਸੰਪੂਰਨ ਹੋਣ ਕਰਕੇ, ਕਿਸੇ ਵੀ ਢੋਲੇ ਦੀ ਪਹਿਲੀ ਕਲੀ ਨਾਲ ਲੱਗ ਕੇ ਗਾਂਈ ਜਾ ਸਕਦੀ ਹੈ। ਇਹ ਦੂਜੀ ਕਲੀ, ਕਿਸੇ ਢੋਲੇ ਦਾ ਹਿੱਸਾ ਹੁੰਦਿਆਂ ਵੀ ਹਰ ਢੋਲੇ ਨਾਲ ਨਿਸ਼ਚਿਤ ਨਹੀਂ, ਇਹ ਜਿੱਥੇ ਢੁੱਕ ਜਾਵੇ, ਢਕਾ ਕੇ ਗਾ ਲਈ ਜਾਂਦੀ ਹੈ –

      ਮੇਰੇ ਢੋਲਾ ਤੇ ਮੈਂ ਹਾਣੀ
      ਢੋਲੇ ਕੰਧਾਂ ਤੋਂ ਮੰਗਿਆਂ ਪਾਣੀ
      ਦੁੱਧ ਚ’ਦੇਸਾਂ ਜੀਵੇ ਢੋਲਾ
      ਢੋਲ ਰੰਗਲਾ
      ਚਿੱਟੀ ਤੇਰਾ ਪਗੜੀ ਗੁਲਾਬੀ ਸ਼ਮਲਾ।

ਪੋਠੋਹਾਰੀ ਢੋਲੇ ਆਮ ਤੌਰ ਉੱਤੇ ਪਹਾੜੀ ਵਿੱਚ ‘ਕਹਿਰਵਾਂ’ ਤਾਲ ਵਿਚ ਗਾਏ ਜਾਂਦੇ ਹਨ, ਪਰ ਕੁਝ ਢੋਲੇ ਤਿਲੰਗ ਤੇ ਭੈਰਵੀ ਵਿਚ ਗਾ ਲਏ ਜਾਂਦੇ ਹਨ। “ਸਾਂਦਲ ਬਾਰ ਵਿਚ ਪ੍ਰਚਲਿਤ ਢੋਲਿਆਂ ਦਾ ਕੋਈ ਬਝਵਾਂ ਰੂਪ–ਵਿਧਾਨ ਅਤੇ ਇਨ੍ਹਾਂ ਦੀ ਲੈਅ ਪੋਠੋਹਾਰੀ ਢੋਲਿਆਂ ਨਾਲੋਂ ਵੱਖਰੀ ਹੈ। ਇਹ ਇਕੱਠ ਵਿੱਚ ਗਾਇਆਂ ਜਾਂਦਾ ਹੈ। ਕੰਨਾਂ ਤੇ ਹੱਥ ਧਰਕੇ ਲੰਮੀ ਜਿਹੀ ਹੇਕ ਨਾਲ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਵੈਰਾਗ ਵਿਚ ਆ ਕੇ ਕੋਈ ਵੈਣ ਪਾ ਰਿਹਾ ਹੋਵੇ, ਕਿਸੇ ਮੁਟਿਆਰ ਦੇ ਦੱਬੇ ਹੋਏ ਅਰਮਾਨਾਂ ਦਾ ਚਿੱਤਰ ਖਿੱਚ ਰਿਹਾ ਹੁੰਦਾ ਹੈ। ”ਜਾਂਗਲੀ ਢੋਲੇ ਦੀ ਮਿਠਾਸ ਕੱਚੇ ਦੁੱਧ ਵਰਗੀ ਹੁੰਦੀ ਹੈ।

     ਕੰਨਾਂ ਨੂੰ ਸੋਹਣੇ ਬੂੰਦੇ 
     ਸਿਰ ਤੇ ਛੱਤੇ ਨੇ ਲਾਡੇ।
     ਕੇਡੀ ਰਿਹਾੜ ਕਰੇਂਦੇ ਨੇ
     ਨੀਂਦਰ ਕੱਚੀ ਦੇ ਜਾਗੇ।
     ਸੁੱਤੀ ਸੁਫਨਾ ਵਾਚਿਆ
     ਮਾਹੀ ਮਿਲਿਆ ਏ ਖਾਬੇ।
     ਅਭੜ ਭਾਂਦੇ ਹੱਥ ਸੇਜਾਂ ਤੇ ਸਾਰੇ
     ਢੋਲਾ ਕੋਲ ਹੋਵੇ ਤਾਂ ਜਾਗੇ।
ਅਲਾਹੁਣੀਆਂ[ਸੋਧੋ]

ਅਲਾਹੁਣੀ ਤੋਂ ਭਾਵ ਸਲਾਘਾ ਅਥਵਾ ੳਸਤੱਤੀ। ਇਸ ਦਾ ਅਰਥ ਵਿਸਥਾਰ ਹੋਇਆ ਜਦ ਕਿਸੇ ਪ੍ਰਣਾਣੀ ਦੀ ਮ੍ਰਿਤੂ ਹੋ ਜਾਏ ਤਾਂ ਸਦੀਵੀ ਵਿਛੋੜਾ ਦੇ ਗਏ ਵਿਅਕਤੀ ਦੇ ਗੁਣ ਕ੍ਰਮ ਦੱਸਣ ਵਾਲੇ ਜਿਹੜੇ ਕਰੁਣਾਮਈ ਤੇ ਸੋਗ ਗੀਤ ਇਸਤਰੀਆਂ ਦੁਆਰਾ ਅਲਾਪੇ ਜਾਂਦੇ ਹਨ, ਪੰਜਾਬੀ ਵਿੱਚ ਉਨ੍ਹਾਂ ਨੂੰ ਅਲਾਹੁਣੀਆਂ ਕਿਹਾ ਜਾਂਦਾ ਹੈ।

ਬੁੱਢਾ ਤਾਂ ਬਹਿੰਦਾ ਕੁਰਸੀ ਡਾਹ
ਹਾਏ ਨੀ ਬੁੱਢੜਾ ਮਰਨੀ ਗਿਆ
ਬੁੱਢਡੀ ਰੰਡੀ ਕਰ ਨੀ ਗਿਆ।

ਲੋਕ ਕਹਾਣੀਆਂ/ਲੋਕ ਕਥਾਵਾਂ[ਸੋਧੋ]

ਲੋਕ ਕਹਾਣੀ ਤੋਂ ਭਾਵ ਅਜਿਹਾ ਪਰੰਪਰਾਗਤ ਬਿਰਤਾਂਤ ਹੈ ਜਿਸ ਵਿੱਚ ਲੋਕ ਮਾਨਸ ਦੀ ਅਭਿਗਿਅਕਤੀ ਹੋਵੇ ਅਤੇ ਲੋਕ ਸਮੂਹ ਨੇ ਜਿਸ ਨੂੰ ਪ੍ਰਵਾਨਗੀ ਦੇ ਕੇ ਪੀੜ੍ਹੀ ਅੱਗੇ ਤੋਰਿਆ ਹੋਵੇ। ਪੰਜਾਬੀ ਲੋਕ ਕਹਾਣੀ ਵਧੇਰੇ ਕਰਕੇ ਵਾਤਕ ਵਿੱਚਮਿਲਦੀਆਂ ਹਨ, ਪਰ ਕੁਝ ਭਾਗ ਕਵਿਤਾ ਵਿੱਚ ਵੀ ਹੈ।ਇਨ੍ਹਾਂ ਕਹਾਣੀਆਂ ਦੀ ਸਿਰਜਨਾ ਵਿੱਚ ਬੇ-ਮਹਾਰੀ ਕਲਪਨਾ ਅਤੇ ਅਦਭੁੱਤ ਹੋਂਦ ਤੋ਼ ਛੁੱਟ ਕਥਾਨਕ ਰੂੜੀਆਂ ਅਤੇ ਉਪਯੋਗ ਦ੍ਰਿਸ਼ਟੀ ਦਾ ਹੱਥ ਵੀ ਹੁੰਦਾ ਹੈ। ਪੰਜਾਬੀ ਲੋਕ ਕਹਾਣੀਆਂ ਦੀ ਵੱਡੀ ਵਿਸ਼ੇਸ਼ਤਾਂ ਇਨ੍ਹਾਂ ਦੇ ਵਿਸ਼ੇ, ਰੂਪ ਘਟਨਾਵਾਂ, ਪਾਤਰ ਆਦਿ ਪੱਖਾਂ ਤੋਂ ਵੰਨ ਸੁਵੰਨਤਾ ਹੈ। ਪੰਜਾਬੀ ਲੋਲ ਕਹਾਣੀਆਂ ਉੱਤਰ ਇੱਕ ਪੇਤਲੀ ਝਾਤ ਤੋਂ ਸਹਿਜੇਹੀ ਇਸ ਸਿੱਟੇ ਤੇ ਪੁੱਜੀਦਾ ਹੈ। ਕਿ ਜੋ ਕੁਝ ਵੀ ਲੋਕ ਚੇਤਨਾਂ ਅਤੇ ਲੋਕ ਕਲਪਨਾ ਦੀ ਪਕੜ ਵਿੱਚ ਆ ਸਕਦਾ ਹੈ, ਉਹ ਸਭ ਕੁਝ ਇਨ੍ਹਾਂ ਕਹਾਣੀਆਂ ਵਿੱਚ ਸਮੋ ਲਿਆ ਗਿਆ ਹੈ।ਇਨ੍ਹਾਂ ਦਾ ਸਮਾ ਸਤਿਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਤਕ ਫੈਲਿਆ ਹੋਇਆ। ਪੰਜਾਬੀ ਲੋਕ ਕਹਾਣੀਆਂ ਦੀ ਪ੍ਰਕਿਰਤੀ, ਸੁਭਾਓੁ, ਵਿਸ਼ੇ, ਪਾਤਰਾਂ, ਘਟਲਾਵਾਂ ਆਦਿ ਨੂੰ ਮੁੱਖ ਰੱਖਦੇ ਹੋਇਆ ਇਨ੍ਹਾਂ ਨੂੰ ਹੇਠ ਲਿਖੀਆ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:

1.ਮਿਥਕ ਕਥਾਵਾਂ 2.ਦੰਤ ਕਥਾਵਾਂ 3.ਪਸ਼ੁ/ਪੰਛੀ ਕਹਾਣੀਆਂ 4.ਨੀਤੀ ਕਥਾਵਾਂ 5.ਪਰੀ ਕਹਾਣੀਆਂ 6. ਬੁਝਾਵਨ ਕਹਾਣੀਆਂ 7.ਪ੍ਰੇਤ ਕਥਾਵਾਂ ਦੁਆਰਾ ਦਰਪੋਤੀ ਦੀਪ ਬੇ-ਪਤੀ, ਪਰਮਾਤਮਾ ਜਿਵੇਂ ਦਰਯੋਕਨ ਦੀ ਹੰਕਾਰ ਤੋੜ ਦਾ ਹੈ।

ਜਨਮੇਜਾ ਅਤੇ ਪਰੀਛਤ ਬਾਰੇ ਪ੍ਰਸੰਗ, ਦਾਈ ਪੂਤਨਾ ਦੀ ਮੁਕਤੀ, ਕੁਬਿਜਾ ਕੁੱਬ ਦੂਰ ਹੋਣਾ, ਬਿਦਰ ਦੇ ਘਰੋਂ ਸਦਾਮਾ ਦੀ ਮਿੱਤਰਤਾ, ਚੰਦ੍ਰਾਵਲੀ ਜਾਂ ਦੀ ਦੀ ਗੋਪੀ ਨਾਲ ਪਿਆਰ, ਅਤੇ ਸੁਰਗਾਂ ਵਿੱਚ ਕਲਾਪ-ਬ੍ਰਿਛਾਂ ਲਿਆ ਕੇ ਗੋਪੀ ਸਤਭਾਮਾ ਦੀ ਇੱਛਾ ਪੁਰੀ ਕਰਨੀ ਆਦਿ ਮਿੱਥਕ ਕਥਾਵਾਂ ਹਨ।

ਮਿਥਕ ਕਥਾਵਾਂ[ਸੋਧੋ]

 • ਮਿਥਕ ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੂਗ ਵਿੱਚ ਵਾਪਰੀਆਂ ਘਟਨਾਵਾ ਤੋਂ ਹੈੇ, ਜਿਹੜੀ ਲੋਕਾਂ ਦੀਆਂ ਅਲੋਕਿਕ ਪਰੰਪਰਾਵਾ ਨਾਲ ਜੁੜੀਆਂ ਹੋਣ ਅਤੇ ਉਨ੍ਹਾਂ ਦੇ ਦੇਵਤਿਆ ਪ੍ਰਾਚੀਨ ਯੋਧਿਆਂ, ਧਾਰਮਿਕ ਵਿਸ਼ਵਾਸਾਂ ਅਤੇ ਸਾਂਸਕ੍ਰਿਤਕ ਗੁਣਾਂ ਨਾਲ ਸੰਬੰਧਿਤ ਹੋਣ। ਅੰਗ੍ਰੇਜੀ ਅਜਿਹਹੀਆਂ ਕਥਾਵਾਂ ਨੂੰ ਮਿਥਸ ਆਖਦੇ ਹਨ ਮਿਥਕ ਕਥਾਵਾਂ ਸ਼ੁੱਧ ਰੂਪ ਵਿੱਚ ਲੋਕ ਮਾਨਸ ਦੀ ਅਭਿਗਿਅਕਤੀ ਹਨ। ਇਨ੍ਹਾਂ ਵਿੱਚ ਕਾਲਪਨਿਕ ਨਿਰੂਪਰਣ ਸ਼ਕਤੀ ਦੀ ਕੋਈ ਸੀਮਾ ਨਹੀਂ ਹੁੰਦੀ, ਘਟਨਾਵਾਂ ਅਤਿਕਥਣੀ ਅਤੇ ਸ਼ਰਧਾਯਕਤ ਭੈ ਨਾਲ ਭਰੀਆ ਹੋਈਆ ਹੁੰਦੀਆਂ ਹਨ। ਅਸਲ ਵਿੱਚ ਮਿਥਕ ਕਥਾਵਾਂ ਵਿੱਚ ਕੁਝ ਵੀ ਅਸੰਭਵ ਨਹੀਂ ਹੁੰਦਾ ਇਹਨਾਂ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਗਿਆ ਹੈ।
  • ਪੌਰਾਣਿਕ ਭਗਤਾਂ, ਰਿਸ਼ੀਆਂ, ਮੁਨੀਆਂ ਅਤੇ ਮਿਥਕ ਰਾਜਿਆ ਬਾਰੇ
  • ਰਾਮ ਚੰਦਰ ਅਥਾਵਾਂ ਰਾਮਇਣ ਸੰਬੰਧੀ।
  • ਮਹਾਭਾਰਤ ਅਤੇ ਭਗਵਾਨ ਕ੍ਰਿਸ਼ਨ ਬਾਰੇ
  • ਦੇਵਿਤਿਆ ਅਤੇ ਦੈਤਾਂ ਨਾਲ ਸੰਬੰਧਿਤ
  • ਪੌਰਾਣਿਕ ਭਗਤਾਂ, ਰਿਸ਼ੀਆਂ, ਮੁਨੀਆਂ ਅਤੇ ਮਿਥਕ ਰਾਜਿਆਂ
  • ਰਾਜਾ ਹਰੀਸ਼ ਚੰਦਰ ਦੀ ਕਥਾ, ਗੋਤਮ ਅਹੱਲਿਆ ਪ੍ਰਸੰਗ, ਦੁਰਾਬਾਸਾ ਰਿਸ਼ੀ, ਬਲਿਰਾਜਾ, ਅੱਜ ਰਾਜਾ ਅਤੇ ਰਾਜਾ ਜਣਕ ਬਾਰੇ ਕਹਾਣੀਆ ਰਾਜਾ ਭਗੀਰਥ, ਰਿਸ਼. ਬਿਆਸ, ਸੁਕਦੇਵ ਰਿਸ਼ੀ, ਨਾਰਦ ਅਤੇ ਵਿਸ਼ਵਾਮ੍ਰਿਤ ਬਾਰੇ ਮਿਥਕ ਕਥਾਵਾਂ ਪ੍ਰਚੱਲਿਤ ਹਨ।
  • ਰਮਾਇਣ ਨਾਲ ਸੰਬੰਧਤ ਕੁਝ ਕਥਾਵਾਂ ਜਿਵੇਂ ਮਤਰੇਈ ਮਾਂ ਦੇ ਆਖੇ ਰਾਮ ਚੰਦਰ ਲੂੰ ਬਨਵਾਸ ਲਛਮਣ ਦੁਆਰਾ ਸਰੂਪਨਖਾਂ ਦਾ ਨੱਕ ਕੱਟੇ ਜਾਣਾ, ਰਾਵਣ ਅਤੇ ਹਨੂਮਾਣ ਬਾਰੇ ਕਥਾਵਾਂ ਤੋਂ ਛੂੱਟ ਕੁੰਭਕਰਨ, ਬਾਲੀ,ਤਾਰਕਾ ਅਤੇ ਮਰੀਚ, ਆਦਿ ਬਾਰੇ ਕਹਾਣੀਆਂ ਪ੍ਰੱਚਲਿਤ ਹਨ।
  • ਮਹਾਂਭਾਰਤ ਨਾਲ ਸੰਬੰਧਿਤ, ਦੁਰਯੋਧਨ ਦੁਆਰਾ।

ਦੰਤ ਕਥਾਵਾਂ[ਸੋਧੋ]

ਪੰਰਪਰਾਗਤ ਬਿਰਤਾਂਤ ਵਿੱਚ ਜਦ ਦੇਵੀ ਦੇਵਤਿਆ ਦੀ ਥਾਂ ਮਨੂੱਖ ਪ੍ਰੇਵਸ਼ ਕਰਦੇ ਹਨ। ਅਤੇ ਮਿਥਕ ਗੁਣਾ ਨੂੰ ਮਨੁੱਖ ਨਾਲ ਜੋੜ ਦਿੱਤਾ ਜਾਂਦਾ ਹੈ। ਦੰਡ ਕਥਾ ਵਿੱਚ ਦੇਵਤਿਆ ਅਤੇ ਅਰਧ ਦੇਵਤਿਆ ਦੀ ਥਾਂ ਇਤਿਹਾਸਕ ਅਤੀ ਆਰਧ ਇਤਿਹਾਸਕ ਵਿਅਕਤੀ ਦੇ ਕਾਰਨਾਮਿਆ ਨੂੰ ਆਪਣੇ ਮਨੋਰਥ ਦੀ ਸਿਧੀ ਲਈ ਵਰਤਿਆ ਜਾਂਦਾ ਹੈ ਇਸ ਵਿੱਚ ਸੰਤਾਂ ਮਹਾਤਮਾਵਾਂ, ਪੀਰਾਂ ਫ਼ਕੀਰਾਂ, ਇਤਿਹਾਸਕ ਯੋਧਿਆ ਅਤੇ ਰਾਜਿਆਂ ਨਾਲ ਸੰਬੰਧਿਤ ਪ੍ਰੀਤ ਕਥਾਵਾਂ ਜਿਵੇਂ ਹੀਰ ਰਾਂਝਾਂ, ਸੰਸੀ ਪੁੰਨੂੰ ਸ਼ੀਰੀ ਫਰਿਆਦ, ਲੈਲਾ ਮਜਨੂੰ ਅਤੇ ਯੂਸਫ਼ ਜੂਲੈਖਾਂ ਆਦਿ ਤੀਰਥ ਅਸਥਾਨਾਂ, ਮੰਦਰਾ, ਪਹਾੜਾ ਗੁਫਾਵਾ ਆਦਿ ਬਾਰੇ ਤਬਾਹ ਹੋਏ ਕਿਲੇ੍ਹ, ਤਲਾਅ/ਸਰੋਵਰ, ਦਰਿਆ, ਪੁਰਾਤਨ ਇਮਾਰਤਾਂ ਬੁੱਤਾਂ ਆਦਿ ਬਾਰੇ ਮਨੁਖੀ ਬੋਲੀ,, ਰਹੁ ਰੀਤਾਂ ਅਤੇ ਸਦਾਚਾਰਕ ਨਿਯਮਾਂ ਸੰਬੰਧੀ ਦੱਬੇ ਹੋਏ ਖਜ਼ਾਨਿਆ ਸੰਬੰਧੀ ਦੰਤ ਕਥਾਵਾਂ ਪ੍ਰਚੱਲਿਤ ਹਨ।

ਪਸ਼ੂ- ਪੰਛੀ ਕਹਾਣੀਆਂ: ਇਨ੍ਹਾਂ ਕਹਾਣੀਆਂ ਦੇ ਮੁੱਖ ਪਾਤਰ ਪਸ਼ੂ-ਪੰਛੀ ਹਨ। ਪਸ਼ੂ ਪੰਛੀਆਂ ਦਾ ਮਾਨਵੀਕਰਨ ਕਰਕੇ ਇਨ੍ਹਾ ਕਹਾਣੀ ਵਿੱਚ ਉਨ੍ਹਾਂ ਨੂੰ ਮਨੂਖਾਂ ਵਾਂਗ ਸੋਚਦੇ,ਕੰਮ ਕਰਦੇ ਬੋਲਦੇ, ਨੱਚਦੇ ਕੁਦਦੇ ਵਿਖਾਇਆ ਗਿਆ ਹੈ। ਮਨੁੱਖਾਂ ਨੇ ਵੱਖ-ਵੱਖ ਪਸ਼ੂ ਪੰਛੀਆਂ ਨੂੰ ਜਿਹੜੀਆ ਵਿਸ਼ੇਸ਼ ਖਾਸੀਅਤ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ਅਨੁਸਾਰ ਉਹ ਕਾਰਜ ਕਰਦੇ ਹਨ, ਜਿਵੇਂ ਕਾ ਸਿਆਣਾ ਹੈ, ਲੂਮੜੀ ਚਾਲਕ, ਸ਼ੇਰ ਬਹਾਦਰ ਹੈ ਅਤੇ ਬਘਿਆੜ ਲਾਲਚੀ ਆਦਿ।

ਨੀਤੀ ਕਥਾਵਾਂ[ਸੋਧੋ]

ਨੀਤੀ ਕਥਾਵਾਂ ਵਿੱਚ ਪਸ਼ੂ ਪੰਛੀਆਂ ਨੂੰ ਮਨੁੱਖਾਂ ਵਾਲੇ ਗੁਣ ਪ੍ਰਦਾਨ ਕਰਦੇ ਵਿਅੰਗਮਈ ਉੱਕਤੀ ਦੁਆਰਾ ਮਾਨਵਜਾਤੀ ਨੂੰਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਆਮ ਤੌਰ ਤੇ ਅਜੇਹੀਆਂ ਕਹਾਣੀਆਂ ਦੇ ਦੋ ਭਾਗ ਹੁੰਦੇ ਹਨ। ਪਹਿਲੇ ਹਿੱਸੇ ਵਿੱਚ ਵਾਰ ਤਾਂ ਦੇ ਨਾਲ-ਨਾਲ ਉਦੇਸ਼ ਨੂੰ ਉਦਾਹਰਨ ਸਹਿਤ ਸਮਝਿਆ ਜਾਂਦਾ ਹੈ ਅਤੇ ਦੂਜੇ ਹਿੱਸੇ ਵਿੱਚ ਉਪਦੇਸ਼ਾਤਮਕ ਕਥਨ ਦਾ ਵਿਵਰਨ ਲੋਕੋਕਤੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ‘ਲੂੰਮੜੀ ਤੇ ਅੰਗੂਰ` ਦੀ ਕਹਾਣੀ ਵਿੱਚ ਲੂੰਮੜੀ ਦੀ ਅੰਗੂਰਾਂ ਦੇ ਗੁੱਛੇ ਤਕ ਪੁੱਜਣ ਦੀ ਅਸਮਰਥਾ ਬਾਰੇ ਦਸ ਕੇ ਅੰਤ ਵਿੱਚ ਇੱਕ ਲੋਕੋਕਤੀ ਆਉਂਦੀ ਹੈ।

 • ਦਾਖੈ ਹੱਥ ਨਾ ਅੱਪੜੇ, ਆਖੈ ਥੂਹ ਕਉੜੀ।

ਸ਼ੇਰ, ਘੋੜਾ, ਹਾਥੀ, ਗਿੱਦੜ, ਲੂੰਮੜੀ, ਕਾਂ, ਬਿੱਲੀ, ਚੂਹਾ, ਤੋਤਾ ਮੌਰ ਆਦਿ ਇਨ੍ਹਾਂ ਕਹਾਣੀਆਂ ਦੇ ਪਾਤਰ ਹਨ। ਹਰ ਕਹਾਣੀ ਦੇ ਅੰਤ ਵਿੰਚ ਕੋਈ ਨਾ ਕੋਈ ਸਮਾਜਕ, ਸਦਾਚਾਰਕ, ਧਾਰਮਿਕ ਜਾਂ ਰਾਜਨੀਤਿਕ ਉਪਦੇਸ਼ ਦਿੱਤਾ ਗਿਆ ਹੈ।

ਪਰੀ ਕਥਾਵਾਂ[ਸੋਧੋ]

ਪਰੀ ਕਥਾਵਾਂ ਪੰਜਾਬੀ ਲੋਕ ਕਹਾਣੀਆਂ ਦੀ ਬਹੁਤ ਦਿਲਚਸਪ ਸ੍ਰੇਣੀ ਹੈ ਪਰੀਆਂ ਤੋਂ ਇਲਾਵਾਂ ਇਨ੍ਹਾਂ ਦੇ ਪਾਤਰ ਬਾਦਸ਼ਾਹ, ਸਹਿਜਾਦੇ ਅਤੇ ਸੌਦਾਗਰ ਵੀ ਹੁੰਦੇ ਹਨ। ਹਰ ਪ੍ਰਕਾਰ ਦੀਆਂ ਅਲਹੌਣੀਆਂ ਅਤੇ ਅਸੰਭਵ ਗੱਲਾ ਇਨ੍ਹਾਂ ਕਥਾਵਾਂ ਵਿੱਚ ਵਾਪਰਦੀਆਂ ਹਨ।

ਪ੍ਰੇਤ ਕਥਾਵਾਂ[ਸੋਧੋ]

ਜਿਨ, ਭੂਤ, ਪ੍ਰੇਤ, ਬੋਣੈ, ਭੂਤਨੀਆਂ, ਛੈਵਾਂ ਅਤੇ ਚੜੇਲਾਂ, ਆਦਿ ਅਮਾਨਵੀ ਪਾਤਰਾ ਨਾਲ ਜੁੜੀਆਂ ਰਹੱਸਮਈ ਜੁਗਤ ਦੀਆਂ ਚਮਤਕਾਰੀ ਘਟਨਾਵਾਂ ਨਾਲ ਸੰਬੰਧਿਤ ਪਰੰਪਰਾਗਤ ਬਿਰਤਾਂਤ ਨੂੰ ਪ੍ਰੇਤ ਕਥਾਵਾਂ ਦੀ ਲੜੀ ਵਿੱਚ ਰੱਖਿਆ ਜਾ ਸਕਦਾ ਹੈ।

ਬੁਝਾਵਨ ਕਥਾਵਨ[ਸੋਧੋ]

ਮਿਥਕ ਕਥਾਵਾਂ, ਦੰਤ ਕਥਾਵਾਂ ਜਾਂ ਪਰੀ ਕਹਾਣੀਆਂ ਵਾਂਗ ਬੁਝਾਵਨ ਕਥਾਵਾਂ ਕਿਸੇ ਵੱਖਰੇ ਖੇਤਰ ਦੀਆਂ ਕਹਾਣੀਆਂ ਵਾਂਗ ਬੁਝਾਵਨ ਕਥਾਵਾਂ ਕਿਸੇ ਵੱਖਰੇ ਖੇਤਰ ਦੀਆਂ ਕਹਾਣੀਆਂ ਨਹੀਂ ਹਨ। ਵਾਸਤਵ ਵਿੱਚ ਬੁਝਾਵਨ ਕਥਾ ਵਿੱਚ ਕੋਈ ਨੀਤੀ ਦੀ ਗੱਲ ਸਮਝਾਈ ਗਈ ਹੁੰਦੀ ਹੈ ਕਿਸੇ ਦੂਜੀ ਕਹਾਣੀ ਵਿੱਚ ਪਹੇਲੀਆਂ ਸ਼ਰਤਾਂ ਦੇ ਰੂਪ ਵਿੱਚ ਆਉਂਦੀਆਂ ਹਨ ਅਤੇ ਕਿਸੇ ਕਥਾ ਵਿੱਚ ਅਜਿਹੇ ਪ੍ਰਸ਼ਨ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦਾ ਉੱਤਰ ਤਲਾਸ ਕਰਨਾ ਹੁੰਦਾ ਹੈ।

ਪੰਜਾਬੀ ਬੁਝਾਰਤਾਂ[ਸੋਧੋ]

ਬੁਝਾਰਤ ਜਾਂ ਬਾਤ ਦਾ ਸ਼ਬਦ ਸਾਹਮਣੇ ਆਉਂਦੀਆਂ ਹੀ ਸਾਡੀ ਕਲਪਨਾ ਸਾਨੂੰ ਬਚਪਨ ਵਿੱਚ ਲੈ ਜਾਂਦੀ ਹੈ। ਜਦੋਂ ਹਰ ਬੱਚਾ ਆਪਣੇ ਬਜੁਰਗ ਪਾਸੋਂ ਹੁੰਗਾਰੇ ਵਾਲੀਆਂ ਲੰਮੀਆਂ-ਲੰਮੀਆਂ ਬਾਤਾਂ ਸੁਣਨ ਜਾਂ ਬੁਝਾਰਤਾਂ ਨੂੰ ਬੁੱਝਣ ਦੀ ਪ੍ਰਕਿਰਿਆ ਵਿੱਚੋ ਗੁਜ਼ਰਿਆ ਸੀ। ਅਕਾਰ ਦੀ ਦ੍ਰਿਸ਼ਟੀ ਤੋਂ ਬੁਝਾਰਤ ਅਖਾਣ ਦੇ ਵਧੇਰੇ ਨੇੜੇ ਹੈ। ਕਈ ਵਾਰ ਅਖਣਾ ਅਤੇ ਬੁਝਾਰਤਾ ਨੂੰ ਲੋਕ ਗੀਤ ਸਮਝ ਲਿਆ ਜਾਂਦਾ ਹੈ, ਜੋ ਠੀਕ ਨਹੀਂ। ਲੋਕ ਗੀਤ ਗਾਏ ਜਾਂਦੇ ਹਨ: ਅਖਾਣਾਦੀ ਢੁੱਕਵੇ ਰੂਪ ਵਿੱਚ ਲਿਖਤੀ ਜਾਂ ਅਲਿਖਤੀ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ। ਅਤੇ ਬੁਝਾਰਤਾਂ ਪਾਈਆ ਜਾਂਦੀਆਂ ਹਨ। ਇਹ ਵਾਰਤਕ ਵਿੱਚ ਵੀ ਮਿਲਦੀਆਂ ਹਨ, ਪਰ ਬਹੁਤੀਆਂ ਬੁਝਾਰਤਾਂ ਤੁਕਾਂਤ ਵਿੱਚ ਹੁੰਦੀਆਂ ਹਨ। ਇਹ ਇੱਕ ਤੁਕੀ ਦੋ ਤੁਕੀ, ਬਹੁ ਤੁਕੀਆਂ ਬੁਝਾਰਤਾਂ ਵੀ ਹੁੰਦੀਆਂ ਹਨ।

 • ਬਾਤ ਪਾਵਾਂ ਬਤੋਲੀ ਪਾਵਾਂ ਸੁਣ ਤੇ ਭਾਈ ਹਕੀਮਾਂ
 • ਲੱਕੜੀਆਂ ਚੋਂ ਪਾਣੀ ਕੱਢਾ ਚੁੱਕ ਬਣਾਵਾਂ ਢੀਮਾ
 • ਇੱਕ ਬੁਝਾਰਤ ਪਾਵਾਂ, ਸਿਰ ਕੱਟ ਕੇ ਲੂਣ ਲਾਵਾਂ
 • ਜੇ ਖਾਵਾਂ ਤੇ ਪਛਤਾਵਾਂ ਨਾ ਖਾਵਾਂ ਤੇ ਪਛਤਾਵਾਂ

ਕਾਲੀ ਹਾਂ ਪਰ ਕਾਂ ਨਹੀਂ ਲੰਮੀ ਹਾਂ ਪਰ ਡੋਰ ਨਹੀਂ ਬੰਨ੍ਹੀ ਜਾਂਦੀ ਹਾਂ ਪਰ ਪਸ਼ੂ ਨਹੀਂ।

ਪੰਜਾਬੀ ਅਖਾਣ[ਸੋਧੋ]

‘ਅਖਾਣ` ਲੋਕ ਸਾਹਿਤ ਦਾ ਅਜੇਹਾ ਰੂਪ ਹਨ, ਜਿਨ੍ਹਾਂ ਵਿੱਚ ਲੋਕ ਜੀਵਨ ਦੇ ਲੰਮੇ ਤਜਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਦੁਆਰਾ ਬਹੁਤ ਹੀ ਸੰਖੇਪ ਪਰੰਤੂ ਢੁਕਵੀ ਸ਼ੈਲੀ ਰਾਹੀਂ ਵਾਕਾਂ/ਤੁਕਾਂ ਦੇ ਰੂਪ ਵਿੱਚ ਪ੍ਰਗਟਾਇਆ ਗਿਆ ਹੁੰਦਾ ਹੈ। ਅਖਾਣ ਲਈ ਪੰਜਾਬੀ ਵਿੱਚ ਅਖੌਤ ਲੋਕੋਕਤੀ ਅਤੇ ਕਹਾਵਤ ਉਰਦੂ ਵਿੱਚ ਅਖਾਣ ਦੇ ਸਮਾਨਾਰਥਕ ਸ਼ਬਦ ਹਨ ਪੰਜਾਬੀ ਵਿੱਚ ਹਜ਼ਾਰਾ ਦੀ ਸੰਖਿਆਂ ਵਿੱਚ ਅਖਾਣ ਮਿਲਦੇ ਹਨ, ਪਰ ਬਣਤਰ ਦੀ ਦ੍ਰਿਸ਼ਟੀ ਤੋਂ ਕੋਈ ਵੀ ਇੱਕ ਵਿਸ਼ੇਸ਼ ਰੂਪ ਨਿਸ਼ਚਿਤ ਨਹੀਂ ਹੈ। ਦੋ ਸ਼ਬਦੇ, ਤਿੰਨ ਸ਼ਬਦੇ, ਚਾਰ ਸ਼ਬਦੇ ਅਖਾਣਾਂ ਤੋਂ ਲੈ ਕੇ ਇੱਕ ਤੁਕੇ, ਦੋ ਤੁਕੇ, ਅੱਠ ਜਾ ਦਸ ਤੁਕੇ ਅਖਾਣ ਵੀ ਮਿਲਦੇ ਹਨ।

 • ਦੋ ਸ਼ਬਦੇ- ਵਾਹੀ ਪਾਤਸ਼ਾਹੀ
 • ਤਿੰਨ ਸ਼ਬਦੇ- ਮਾਵਾਂ ਠੰਡੀਆਂ ਛਾਵਾਂ
 • ਚਾਰ ਸ਼ਬਦੇ- ਔਰਤਾਂ ਘਰ ਦੀਆਂ ਦੌਲਤਾਂ

ਇਹ ਲੋਕਾਂ ਦੀ ਜ਼ਿੰਦਗੀ ਦਾ ਨਿਚੋੜ ਹਨ। ਇਨ੍ਹਾਂ ਵਿੰਚ ਸਿਆਖਣ ਤਾਂ ਹੁੰਦੀ ਹੀ ਹੈ। ਪਰ ਬਹੁਤੀ ਵਾਰ ਉਪਦੇਸ਼ ਵੀ ਲੁਕਿਆ ਹੁੰਦਾ ਹੈ।

 • ਜਿਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ।

ਲੋਕ ਵਾਰਾਂ[ਸੋਧੋ]

ਪੰਜਾਬੀ ਸਾਹਿਤ ਵਿੱਚ ਵਾਰਾਂ ਦੀ ਪਰੰਪਰਾ ਨਾ ਕੇਵਲ ਬਹੁਤ ਪੁਰਾਣੀ ਹੈ ਸਗੋਂ ਇਨ੍ਹਾਂ ਦੀ ਰਚਨਾ ਅੱਜ ਵੀ ਹੁੰਦੀ ਹੈ। ਵਾਰ ਯੁੱਧ ਸੰਬੰਧੀ ਉਹ ਕਾਵਿ ਰਚਨਾ ਹੈ ਜਿਸ ਵਿੱਚ ਸੂਰਬੀਰਤਾ ਦਾ ਵਰਣਨ ਹੁੰਦਾ ਹੈ। ਇਹ ਲੋਕ ਵਾਰਾਂ ਨੇ ਹੀ ਪੰਜਾਬੀ ਵਾਰ ਦੀ ਨੀਂਹ ਪਕੇਰੀ ਕੀਤੀ ਹੈ। ਲੋਕ ਵਾਰਾਂ ਦਾ ਸੰਬੰਧ ਲੋਕਧਾਰਾ ਨਾਲ ਹੋਣ ਕਰਕੇ, ਇਨ੍ਹਾਂ ਦਾ ਸਰੂਪ ਲੋਕ ਕਾਵਿ ਵਾਲਾ ਬਣਿਆ ਹੈ। ਇਹ ਵਾਰਾਂ ਠੇਠ ਪੰਜਾਬੀ, ਰੂਪ ਵਿੱਚ ਭੱਟਾ, ਮਰਾਸੀਆਂ, ਡੂੰਮਾ ਦੁਆਰਾ ਗਾਈਆਂ ਜਾਦੀਆਂ ਸਨ ਅਤੇ ਮੌਖਿਕ ਰੂਪ ਵਿੱਚ ਸਾਡੇ ਕੋਲ ਪਹੁੰਚੀਆਂ, ਇਨ੍ਹਾਂ ਵਿੱਚ ਬਹਾਦਰੀ ਦਾ ਜਸ ਗਾਇਨ ਕੀਤਾ ਜਾਂਦਾ ਸੀ ਲੋਕ ਸਾਹਿਤ ਵਿੱਚ ਨੌ ਲੋਕ ਵਾਰਾ ਮਿਲਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 11 ਵਾਰਾਂ ਵਿੰਚੋਂ 9 ਵਾਰਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਲੋਕ ਵਾਰਾਂ ਦੀ ਧੁਨੀ ਤੇ ਗਾਉਣ ਦਾ ਉਦੇਸ਼ ਦਿੱਤਾ ਗਿਆ ਹੈ।

ਸਹਾਇਕ ਪੁਸਤਕਾਂ[ਸੋਧੋ]

 1. ਸੋਹੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕ-ਧਾਰਾ ਵਿਸ਼ਵ ਕੋਸ, ਜਿਲਦ ਸੱਤਵੀਂ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2010, ਪੰਨਾ 1825।
 2. ਡਾ. ਨਾਹਰ ਸਿੰਘ, ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ, ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, 1983, ਪੰਨਾ 169।
 3. ਡਾ. ਨਾਹਰ ਸਿੰਘ, ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ, ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, 1983, ਪੰਨਾ 180।
 4. ਬਿਕਰਮ ਸਿੰਘ ਘੁੰਮਣ, ਪੰਜਾਬੀ ਲੋਕ ਕਾਵਿ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ, 1992, ਪੰਨਾ 177।

 1. ਪੰਜਾਬੀ ਲੋਕ-ਸਾਹਿਤ ਸ਼ਾਸ਼ਤਰ ਡਾ. ਜਸਵਿੰਦਰ ਸਿੰਘ
 2. ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਕਰਨੈਲ ਸਿੰਘ ਥਿੰਦ
 3. ਪੰਜਾਬ ਦਾ ਲੋਕ ਵਿਰਸਾ, ਕਰਨੈਲ ਸਿੰਘ ਥਿੰਦ
 4. ਪੰਜਾਬੀ ਸਾਹਿਤ ਦਾ ਇਤਿਹਾਸ, ਧਰਮ ਸਿੰਘ ਅਤੇ ਹਿਰਦੇ ਜੀਤ ਸਿੰਘ ਭੋਗਲ।
 5. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ, 1996, ਪੰਨਾ 159।
 6. ਡਾ. ਜੀਤ ਸਿੰਘ ਜੋਸ਼ੀ, ਸਭਿਆਚਾਰ ਅਤੇ ਲੋਕਧਾਰ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ 2- ਲਾਜਪਤ ਨਗਰ, ਮਾਰਕੀਟ ਲੁਧਿਆਣਾ, 2004 ਪੰਨਾ 240।
 7. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ, 1996, ਪੰਨਾ 160।
 8. ਡਾ. ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕਧਾਰ, ਨੈਸ਼ਨਲ ਬੁੱਕ ਟਰੱਸਟ, ਇੰਡੀਆ ਨਵੀਂ ਦਿੱਲੀ, 1971 ਪੰਨਾ 210।
 9. ਡਾ. ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕਧਾਰ, ਨੈਸ਼ਨਲ ਬੁੱਕ ਟਰੱਸਟ, ਇੰਡੀਆ ਨਵੀਂ ਦਿੱਲੀ, 1971 ਪੰਨਾ 211

ਹਵਾਲੇ[ਸੋਧੋ]

 1. लोक साहित्य विज्ञान, डा० सत्येन्द्र, पृष्ठ-03
 2. " ਜਗਬੀਰ ਸਿੰਘ", ਪੰਜਾਬੀ ਸਾਹਿਤ ਦਾ ਇਤਿਹਾਸ ਆਦਿ-ਕਾਲ ਭਗਤੀ ਕਾਲ, ਪੰਨਾ-8
 3. ਡਾ. ਸੁਰਜੀਤ ਸਿੰਘ, ‘‘ਲੋਕਧਾਰਾ ਦੀ ਸਿਰਜਣ ਪ੍ਰਕਿਰਿਆ", ਲੋਕਧਾਰਾ ਦੀ ਭੂਮਿਕਾ (ਸੰਪਾਦਕ. ਡਾ ਭੁਪਿੰਦਰ ਸਿੰਘ ਖਹਿਰਾ, ਡਾ. ਸੁਰਜੀਤ ਸਿੰਘ, ਪਟਿਆਲਾ, ਪੰਨਾ ਨੰ.35
 4. ਡਾ. ਰੁਪਿੰਦਰ ਕੌਰ, ਗਿੱਲ. ਲੋਕ ਸਾਹਿਤ : ਵਿਹਾਰਕ ਅਧਿਐਨ. ਅੰਮ੍ਰਿਤਸਰ: ਕੇ.ਜੀ. ਗ੍ਰਾਫ਼ਿਕਸ. p. 13. ISBN 978-93-87711-30-3.
 5. ਡਾ. ਰੁਪਿੰਦਰ ਕੌਰ, ਗਿੱਲ. ਲੋਕ ਸਾਹਿਤ : ਵਿਹਾਰਕ ਅਧਿਐਨ. ਅੰਮ੍ਰਿਤਸਰ: ਕੇ.ਜੀ. ਗ੍ਰਾਫ਼ਿਕਸ. p. 24. ISBN 978-93-87711-30-3.
 6. 1. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ (ਭਾਗ ਪਹਿਲਾ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਪੰਨਾ 116। 2. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ (ਭਾਗ ਪਹਿਲਾ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਪੰਨਾ 141। 3. ਸੰਦੀਪ ਕੌਰ / ਡਾ. ਸੁਰਜੀਤ ਸਿੰਘ, ਲੋਰੀ, ਮੈਗਜ਼ੀਨ ਆਲੋਚਨਾ, ਅੰਕ 8, ਪੰਨਾ 18। 4. ਸੁਖਦੇਵ ਮਾਧਪੁਰੀ, ਲੋਕ ਗੀਤਾਂ ਦੀਆਂ ਕੂਲ੍ਹਾਂ : ਸਗਨਾਂ ਦੇ ਗੀਤ, ਯੂਨੀਸਟਾਰ ਬੁਕਸ, ਪੰਨਾ 15। 5. ਜੀਤ ਸਿੰਘ ਜੋਸ਼ੀ, ਲੋਕ ਧਾਰਾ ਅਤੇ ਪੰਜਾਬੀ ਲੋਕ ਧਾਰਾ, ਵਾਰਿਸ ਸ਼ਾਹ ਫ਼ਾਉਂਡੇਸ਼ਨ ਪੰਨਾ 226। 6. ਡੱਗੋ ਠਮਾਣਾ, ਸਾਡਾ ਪਿੰਡ ਇੱਕ ਸਰਵਪੱਖੀ ਅਧਿਐਨ, ਪ੍ਰਿੰਟ ਵੈਨ 146 ਇੰਡਸਟਰੀਅਲ ਫੋਕਲ ਪੁਆਇੰਟ, ਪੰਨਾ 271। 7. ਡੱਗੋ ਠਮਾਣਾ, ਸਾਡਾ ਪਿੰਡ ਇੱਕ ਸਰਵਪੱਖੀ ਅਧਿਐਨ, ਪ੍ਰਿੰਟ ਵੈਨ 146 ਇੰਡਸਟਰੀਅਲ ਫੋਕਲ ਪੁਆਇੰਟ, ਪੰਨਾ 171। 8. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ (ਭਾਗ ਪਹਿਲਾ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਪੰਨਾ 142। 9. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ (ਭਾਗ ਪਹਿਲਾ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਪੰਨਾ 142। 10. ਐਨ ਕੌਰ, ਬੋਲ ਪੰਜਾਬਣ ਦੇ, ਜਿਲਦ ਪਹਿਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਪੰਨਾ 29। 11. ਉਹੀ। 12. ਉਹੀ, ਪੰਨਾ 30। 13. ਕਿਰਪਾਲ ਕਜ਼ਾਕ, ਗਾਡੀ ਲੁਹਾਰ ਕਬੀਲੇ ਦਾ ਸਭਿਆਚਾਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ। 14. ਉਹੀ।