ਸਮੱਗਰੀ 'ਤੇ ਜਾਓ

ਪੰਜਾਬੀ ਸੱਭਿਆਚਾਰ ਤੇ ਅਜੋਕਾ ਸੰਕਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਿਵਰਤਨ ਕੁਦਰਤ ਦਾ ਅਟੱਲ ਨਿਯਮ ਹੈ। ਹਰੇਕ ਚੀਜ਼ ਵਿਚ ਪਰਿਵਰਤਨ ਆਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦਾ ਵਿਕਾਸ ਹੋਇਆ ਤੇ ਇਸ ਵਿੱਚ ਪਰਿਵਰਤਨ ਆਉਂਦੇ ਰਹੇ। ਇਸ ਦੇ ਵਿਕਾਸ ਤੇ ਪਰਿਵਰਤਨਾਂ ਕਾਰਨ ਅਜੋਕਾ ਪੰਜਾਬੀ ਸੱਭਿਆਚਾਰ ਹੋਂਦ ਵਿਚ ਆਇਆ ਹੈ, ਪਰੰਤੂ ਇਸ ਅਜੋਕੇ ਪੰਜਾਬੀ ਸੱਭਿਆਚਾਰ ਨੂੰ ਅਨੇਕਾਂ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਸੱਭਿਆਚਾਰ ਦੀ ਆਪਣੀ ਹੋਂਦ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਪਰੰਤੂ ਕੁਝ ਕਾਰਨਾਂ ਕਰਕੇ ਪੰਜਾਬੀ ਸੱਭਿਆਚਾਰ ਨੂੰ ਸੰਕਟ ਪੈਦਾ ਹੋ ਰਹੇ ਹਨ। ਅਜਿਹੇ ਸੰਕਟ ਇਸ ਤਰ੍ਹਾਂ ਹਨ:

ਇਸ ਵਿਚਲੀਆਂ ਕਈ ਚੀਜ਼ਾਂ ਘਟਦੀਆਂ ਜਾ ਰਹੀਆਂ ਹਨ:

ਕਿਸੇ ਵੀ ਸੱਭਿਆਚਾਰ ਨੂੰ ਉਸ ਵਿਚਲੇ ਗਿਆਨ,ਲੋਕ ਵਿਸ਼ਵਾਸਾਂ, ਇਲਾਕੇ ਦੀ ਕਲਾ, ਸਮਾਜਿਕ ਸਦਾਚਾਰ, ਸਮਾਜਿਕ ਰਸਮਾਂ,ਖੇਤਰ ਦੇ ਕਾਨੂੰਨ,ਲੋਕ ਪਹਿਰਾਵਾ,ਖਾਣ ਪੀਣ, ਮਨੁੱਖੀ ਸੁਭਾਅ ਵਿਚ ਸਾਂਝ ਆਦਿ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣਿਆ ਜਾਂਦਾ ਹੈ।ਜੇਕਰ ਅਸੀਂ ਕਿਸੇ ਆਮ ਪੰਜਾਬੀ ਵਿਅਕਤੀ ਨਾਲ ਗੱਲ ਕਰੀਏ ਕਿ ਪੰਜਾਬੀ ਸੱਭਿਆਚਾਰ ਦਾ ਅੰਗ ਕੀ ਹੈ, ਤਾਂ ਉਸ ਦਾ ਉੱਤਰ ਇਹੀ ਹੋਵੇਗਾ ਕਿ," ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ"ਭੰਗੜਾ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਹੈ। ਇਸ ਨੂੰ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ ਵਜੋਂ ਲਿਆ ਜਾ ਸਕਦਾ ਹੈ ਕਿ ਭੰਗੜਾ ਪੰਜਾਬੀ ਨਾਚ ਹੈ ਅਤੇ "ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ"ਪੰਜਾਬੀਆਂ ਦੀ ਖੁਰਾਕ ਦਾ ਇੱਕ ਅੰਗ ਹੈ, ਪਰੰਤੂ ਹੁਣ ਇਹ ਪਛਾਣ ਬਹੁਤ ਨਿਗੁਣੀ ਰਹਿ ਗਈ ਹੈ। ਡਾ. ਸ. ਸ. ਦੁਸਾਂਝ ਲਿਖਦੇ ਹਨ ਕਿ," ਭੰਗੜਾ ਹੁਣ ਸਕੂਲਾਂ ਅਤੇ ਕਾਲਜਾਂ ਦੀਆਂ ਸਟੇਜਾਂ ਲਈ ਰਹਿ ਗਿਆ ਹੈ ਇਹ ਨਾਚ ਸਧਾਰਨ ਜੀਵਨ ਦਾ ਅੰਗ ਨਹੀਂ ਰਹਿ ਗਿਆ ਹੈ।" ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ" ਸਾਡੀ ਖ਼ਾਸ ਖੁਰਾਕ ਦਾ ਅਟੁੱਟਵਾਂ ਅੰਗ ਨਾ ਰਹਿ ਕੇ ਹੁਣ ਸਾਡੇ ਸਵਾਦ ਦਾ ਹਿੱਸਾ ਬਣ ਗਿਆ ਹੈ। " ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ" ਪੰਜਾਬੀਆਂ ਦਾ ਅੱਜ ਵੀ ਮਨਭਾਉਂਦਾ ਖਾਣਾ ਹੈ, ਪਰੰਤੂ ਹਰੇ ਇਨਕਲਾਬ ਤੋਂ ਪਹਿਲਾਂ ਇਹ ਸਦਾ ਹੀ ਲੋਕਾਂ ਦੀ ਗ਼ਰੀਬੀ ਦਾ ਚਿੰਨ੍ਹ ਅਤੇ ਕਣਕ ਦੀ ਥੁੜ੍ਹ ਹੋਣ ਕਰਕੇ ਪੇਟ ਭਰਨ ਦੀ ਮਜਬੂਰੀ ਦਾ ਹਿੱਸਾ ਸੀ।

     ਪਰ ਅਸੀਂ ਹੁਣ ਭੁਲਦੇ ਜਾ ਰਹੇ ਹਾਂ ਕਿ ਆਰਸੀ,ਸੱਗੀ ਫੁੱਲ,ਬਾਹਾਂ ਆਦਿ ਔਰਤ ਦੇ ਅਤੇ ਕੈਂਠਾ ਮਰਦ ਦੇ ਗਹਿਣੇ ਸਨ। ਸਾਡੀਆਂ ਦਾਦੀਆ ਪੜਦਾਦੀਆ ਘੱਗਰੇ ਪਹਿਨਦੀਆਂ ਸਨ ਅਤੇ ਦੀਵਟ ਉਤੇ ਦੀਵਾ ਰੱਖ ਕੇ ਕੱਤਦੀਆਂ ਸਨ। ਅੱਜ ਉਹ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਵਸਤਾਂ ਨਹੀਂ ਰਹੀਆਂ। ਅੱਜ ਹਰ ਚੀਜ਼ ਵਿਚ ਬਦਲਾਅ ਆ ਗਿਆ ਹੈ।

ਪੰਜਾਬੀ ਭਾਸ਼ਾ ਕਦੇ ਵੀ ਰਾਜ ਦਰਬਾਰ ਦੀ ਭਾਸ਼ਾ ਨਾ ਬਣ ਸਕੀ:

ਪੰਜਾਬੀ ਲੋਕਾਂ ਨੂੰ ਵਿਦੇਸ਼ੀ ਹਮਲਿਆਂ ਦਾ ਸਦਾ ਹੀ ਸਾਹਮਣਾ ਕਰਨਾ ਪਿਆ। ਉੱਤਰ ਪੱਛਮ ਵੱਲੋਂ ਭਾਰਤ ਤੇ ਜਦੋਂ ਵੀ ਕੋਈ ਹਮਲਾ ਹੁੰਦਾ, ਤਾਂ ਸਭ ਤੋਂ ਪਹਿਲਾਂ ਉਸ ਹਮਲੇ ਦੇ ਅਸਰ ਹੇਠ ਪੰਜਾਬੀ ਲੋਕ ਹੀ ਆਉਂਦੇ ਸਨ। ਡਾ. ਸ.ਸ.ਦੁਸਾਂਝ ਲਿਖਦੇ ਹਨ ਕਿ,"ਪੰਜਾਬੀ ਸੰਘਰਸ਼ ਤੇ ਬਗਾਵਤ ਵਿਚ ਆਪਣੀ ਸਮਰੱਥਾ ਦੇ ਸਿਖ਼ਰ ਤੇ ਹੁੰਦੇ ਹਨ। ਸਦਾ ਸਦਾ ਤੋਂ ਪੰਜਾਬੀਆਂ ਨੇ ਹਕੂਮਤਾਂ ਬਦਲਦੀਆਂ ਦੇਖੀਆਂ ਹਨ ਅਤੇ ਇਹਨਾਂ ਬਦਲਦੀਆਂ ਹਕੂਮਤਾਂ ਵਿਚ ਕੇਵਲ ਫੋਜਾਂ ਦੀ ਸੰਘਰਸ਼ ਨਹੀਂ ਕਰਦੀਆਂ ਰਹੀਆਂ,ਸਗੋਂ ਸਧਾਰਨ ਪੰਜਾਬੀਆਂ ਨੂੰ ਲੁੱਟ ਮਾਰ ਬਰਦਾਸ਼ਤ ਕਰਨੀ ਪਈ ਸੀ। ਸਦੀਆਂ ਤੱਕ ਪੰਜਾਬ ਵਿੱਚ ਕੋਈ ਅਜਿਹੀ ਹਕੂਮਤ ਨਾ ਆਈ, ਜਿਸ ਨੂੰ ਪੰਜਾਬੀ ਲੋਕ ਆਪਣੀ ਹਕੂਮਤ ਆਖ ਸਕਣ। ਹਾਕਮਾਂ ਤੇ ਪੰਜਾਬ ਦੇ ਲੋਕਾਂ ਵਿਚ ਸਦਾ ਹੀ ਇੱਕ ਪਾੜ ਬਣਿਆ ਰਿਹਾ ਹੈ। ਹਾਕਮ ਭਾਸ਼ਾ, ਪਹਿਰਾਵੇ ਅਤੇ ਸੱਭਿਆਚਾਰ ਪੱਖੋਂ ਲੋਕਾਂ ਨਾਲੋਂ ਵੱਖਰੇ ਹੀ ਨਹੀਂ ਹਨ, ਪੰਜਾਬੀ ਕਦੇ ਵੀ ਰਾਜ ਦਰਬਾਰ ਦੀ ਭਾਸ਼ਾ ਨਾ ਬਣ ਸਕੀ। ਇਹੀ ਕਾਰਨ ਹੈ ਕਿ ਪੰਜਾਬੀ ਸੱਭਿਆਚਾਰ ਮੁੱਢਲੇ ਤੌਰ ਤੇ ਲੋਕ ਸੱਭਿਆਚਾਰ ਹੀ ਰਿਹਾ ਹੈ।

ਪਤਵੰਤੇ ਸੱਭਿਆਚਾਰ ਦੀ ਉਸਾਰੀ ਨਹੀਂ ਹੋ ਸਕਦੀ:

ਹਰੇਕ ਸੱਭਿਆਚਾਰ ਵਿੱਚ ਸੱਭਿਆਚਾਰ ਦੀਆਂ ਦੋ ਪਰਤਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਨ੍ਹਾਂ ਵਿਚੋਂ ਇਕ ਨੂੰ ਪਤਵੰਤੇ ਸੱਭਿਆਚਾਰ ਅਤੇ ਦੂਜੀ ਨੂੰ ਲੋਕ ਸੱਭਿਆਚਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਪਤਵੰਤਾ ਸੱਭਿਆਚਾਰ ਸਦਾ ਲੋਕ ਸੱਭਿਆਚਾਰ ਦੀ ਅਗਵਾਈ ਕਰਦਾ ਹੈ।ਸਮਾਜ ਦੀ ਰਹਿਣੀ-ਬਹਿਣੀ ਦੇ ਤੌਰ ਤਰੀਕੇ ਸਿਰਜਣ ਦਾ ਕੰਮ ਸਦਾ ਹੀ ਪਤਵੰਤੇ ਸੱਭਿਆਚਾਰ ਦੁਆਰਾ ਕੀਤਾ ਜਾਂਦਾ ਹੈ, ਪਰੰਤੂ ਪੰਜਾਬੀ ਸੱਭਿਆਚਾਰ ਵਿੱਚ ਪਤਵੰਤਾ ਸੱਭਿਆਚਾਰ ਹੋਂਦ ਵਿੱਚ ਨਹੀਂ ਆ ਸਕਿਆ ਹੈ। ਇਸ ਲਈ ਇਹ ਸੱਭਿਆਚਾਰ ਮੁੱਢਲੇ ਰੂਪ ਵਿਚ ਲੋਕ ਸੱਭਿਆਚਾਰ ਹੀ ਬਣ ਕੇ ਰਹਿ ਗਿਆ ਹੈ। ਪੰਜਾਬੀ ਸੱਭਿਆਚਾਰ ਵਿੱਚ ਨਾਇਕ ਪਤਵੰਤੇ ਸਮਾਜ ਦੀ ਪ੍ਰਤਿਨਿਧਤਾ ਨਹੀਂ ਕਰਦੇ, ਸਗੋਂ ਹਾਕਮ ਜਮਾਤ ਦੇ ਪਤਵੰਤੇ ਸਮਾਜ ਦੀ ਵਿਰੋਧਤਾ ਕਰਨ ਵਾਲੇ ਹਨ।

ਮਿਲਗੋਭਾਪਣ:

ਪੰਜਾਬੀ ਸੱਭਿਆਚਾਰ ਵਿੱਚ ਕਈ ਸੱਭਿਆਚਾਰ ਦੇ ਮਿਲਣ ਕਾਰਨ ਅਜੋਕੇ ਪੰਜਾਬੀ ਸੱਭਿਆਚਾਰ ਨੂੰ ਸੰਕਟ ਪੈਦਾ ਹੋ ਰਿਹਾ ਹੈ- ਪੰਜਾਬੀ ਸੱਭਿਆਚਾਰ ਵਿੱਚ ਕਈ ਸੱਭਿਆਚਾਰ ਰਲਦੇ ਮਿਲਦੇ ਰਹੇ ਹਨ। ਪਤਵੰਤੇ ਸੱਭਿਆਚਾਰ ਦੇ ਨਾਂ ਹੋਣ ਕਾਰਨ ਪੰਜਾਬੀ ਸੱਭਿਆਚਾਰ ਵਿੱਚ ਲਗਾਤਾਰ ਬਦਲਾਅ ਆਉਂਦਾ ਰਿਹਾ ਹੈ। ਹਕੂਮਤਾਂ ਵਿਚ ਪਰਿਵਰਤਨ ਆਉਣ ਨਾਲ ਵੱਖ ਵੱਖ ਵਿਦੇਸ਼ੀ ਜਾਤੀਆਂ ਤੇ ਕਬੀਲਿਆਂ ਦੇ ਸਥਾਈ ਤੌਰ ਤੇ ਵੱਧ ਜਾਣ ਨਾਲ ਪੰਜਾਬੀ ਸੱਭਿਆਚਾਰ ਕਈ ਵਿਸ਼ਵਾਸਾਂ ਦਾ ਮਿਲਗੋਭਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਅਜੋਕਾ ਪੰਜਾਬੀ ਸੱਭਿਆਚਾਰ ਆਪਣੀ ਵੱਖਰੀ ਨੁਹਾਰ ਕਾਇਮ ਰੱਖਣ ਵਿਚ ਸਫ਼ਲ ਨਹੀਂ ਹੋ ਸਕਿਆ ਹੈ।

ਪੂਰਨ ਇਕਾਈ ਭਾਲਣਾ ਬਹੁਤ ਔਖਾਂ ਹੈ:

ਅਜੋਕੇ ਪੰਜਾਬੀ ਸੱਭਿਆਚਾਰ ਦੀ ਪੂਰਨ ਇਕਾਈ ਲੱਭਣੀ ਬਹੁਤ ਔਖੀ ਹੈ। ਜਾਤੀਆਂ ਤੇ ਧਰਮਾਂ ਕਾਰਨ ਪੰਜਾਬੀ ਲੋਕਾਂ ਦੇ ਸੱਭਿਆਚਾਰ ਵਖਰੇਵਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ। ਪੰਜਾਬੀ ਬੋਲੀ ਹੀ ਪੰਜਾਬੀ ਸੱਭਿਆਚਾਰ ਦੇ ਸੰਕਟ ਨੂੰ ਪਛਾਣਨ ਵਿੱਚ ਸਹਾਇਤਾ ਦੇ ਸਕਦੀ ਸੀ, ਪਰੰਤੂ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਲੋਕਾਂ ਦਾ ਇਕ ਵਰਗ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਮੰਨਣ ਲਈ ਤਿਆਰ ਨਹੀਂ ਹੈ। ਭਾਵੇਂ ਉਹਨਾਂ ਦਾ ਸੱਭਿਆਚਾਰ ਪੰਜਾਬੀ ਹੀ ਹੈ। ਇਹ ਗੱਲ ਵੀ ਅਜੋਕੇ ਪੰਜਾਬੀ ਸੱਭਿਆਚਾਰ ਲਈ ਸੰਕਟ ਸਿੱਧ ਹੋਈ ਹੈ।

ਸੰਕਟ ਪੈਦਾ ਹੋਣ ਦੇ ਕਾਰਨ:

ਇਹ ਗੱਲ ਵੀ ਮੰਨਣੀ ਪਵੇਗੀ ਕਿ ਅਜੋਕੇ ਪੰਜਾਬੀ ਸੱਭਿਆਚਾਰ ਦਾ ਸੰਕਟ ਮੁੱਢਲੇ ਤੌਰ ਤੇ ਲੋਕ ਸੱਭਿਆਚਾਰ ਦੀ ਪ੍ਰਭੂਤਾ ਅਤੇ ਪਤਵੰਤਾ ਸ਼੍ਰੇਣੀ ਦੀ ਪਤਵੰਤਾ ਸਿਰਜਣਾ ਦੀ ਅਸਮਰੱਥਾ ਤੋਂ ਪੈਦਾ ਹੋਇਆ ਹੈ- ਡਾ. ਸ.ਸ. ਦੁਸਾਂਝ ਲਿਖਦੇ ਹਨ ਕਿ," ਪੰਜਾਬੀ ਸੱਭਿਆਚਾਰ ਦਾ ਸੰਕਟ ਮੁੱਢਲੇ ਤੌਰ ਤੇ ਲੋਕ ਸੱਭਿਆਚਾਰ ਦੀ ਪ੍ਰਭੂਤਾ ਤੇ ਪਤਵੰਤਾ ਸ਼੍ਰੇਣੀ ਦੀ ਪਤਵੰਤਾ ਸੱਭਿਆਚਾਰ ਦੀ ਸਿਰਜਨ ਦੀ ਅਸਮਰੱਥਾ ਤੋਂ ਪੈਦਾ ਹੋਇਆ ਹੈ। ਪੰਜਾਬੀ ਖਾਣ ਪੀਣ ਤੇ ਰੱਜ ਕੇ ਜੀਣ ਦੇ ਸ਼ੋਕੀਨ ਹਨ। "ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ" ਦਾ ਅਖਾਣ ਅਹਿਮਦ ਸ਼ਾਹ ਅਬਦਾਲੀ ਦੀ ਪਾਈ ਲੁੱਟ ਨੂੰ ਹੀ ਸਾਕਾਰ ਨਹੀਂ ਕਰਦਾ, ਸਗੋਂ ਪੰਜਾਬੀਆਂ ਦੀ ਸੱਭਿਆਚਾਰਕ ਜੀਵਨ ਜਾਂਚ ਦੀ ਦੱਸ ਵੀ ਪਾਉਂਦਾ ਹੈ। ਲੋਕਾਂ ਨੂੰ ਸਦਾ ਪੱਧਰ ਤੇ ਜੀਣ ਦੀ ਸਮੱਸਿਆ ਦਾ ਇਸ ਤਰ੍ਹਾਂ ਸਾਹਮਣਾ ਕਰਨਾ ਪਿਆ ਹੈ ਕਿ ਉਹਨਾਂ ਨੂੰ ਆਪਣੇ ਸੱਭਿਆਚਾਰ ਦਾ ਵਿਕਾਸ ਕਰਨ ਦਾ ਪੂਰਾ ਸਮਾਂ ਨਾ ਮਿਲ ਸਕਿਆ।"  ਪੰਜਾਬੀ ਸੱਭਿਆਚਾਰ ਵਿੱਚ ਗੈਰ-ਕਿਰਤੀ ਪਤਵੰਤਿਆਂ ਲਈ ਸਤਿਕਾਰ ਦੀ ਥਾਂ ਹਿਕਾਰਤ ਸਮਾਅ ਗਈ। ਕਰਾੜ,ਬ੍ਰਾਹਮਣ ਵਰਗੇ ਸ਼ਬਦ ਇਸੇ ਭਾਵਨਾ ਨੂੰ ਸਾਕਾਰ ਕਰਦੇ ਹਨ।

ਟੈਲੀਵਿਜ਼ਨ ਤੇ ਫਿਲਮਾਂ:

ਸਿਨਮੇ ਨੇ ਵੀ ਪੰਜਾਬੀ ਸੱਭਿਆਚਾਰ ਲਈ ਸੰਕਟ ਪੈਦਾ ਕਰ ਦਿੱਤਾ ਹੈ। ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ ਜੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਹੋਣ।ਆਮ ਕਰਕੇ ਭਾਰਤੀ ਫ਼ਿਲਮਾਂ ਪੱਛਮੀ ਫਿਲਮਾਂ ਦੀ ਨਕਲ ਹੁੰਦੀਆਂ ਹਨ। ਇਹਨਾਂ ਫਿਲਮਾਂ ਨੂੰ ਦੇਖ ਕੇ ਲੋਕ ਪੰਜਾਬੀ ਸੱਭਿਆਚਾਰ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਭਗ ਟੈਲੀਵਿਜ਼ਨ ਨੇ ਵੀ ਪੰਜਾਬੀ ਸੱਭਿਆਚਾਰ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਅੱਜ ਟੈਲੀਵਿਜ਼ਨ ਉੱਤੇ ਪੰਜਾਬੀ ਸੱਭਿਆਚਾਰ ਦੇ ਨਾਂ ਉੱਤੇ ਬਹੁਤ ਕੁਝ ਗ਼ਲਤ ਪੇਸ਼ ਕੀਤਾ ਜਾ ਰਿਹਾ ਹੈ, ਨਾਂ ਨੂੰ ਤਾਂ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਹੈ,ਪਰ ਵਿਚ ਪੋਪ ਡਾਂਸ,ਅੱਧ ਨੰਗੇ ਜਿਸਮ ਅਤੇ ਹੋਰ ਕਈ ਕੁਝ ਸਿੱਪੀਆਂ ਵਰਗਾ ਹੁੰਦਾ ਹੈ। ਚੰਗੀ ਸਿੱਖਿਆ ਦੇਣ ਦੀ ਜਗ੍ਹਾ ਊਲ ਜਲੂਲ ਪ੍ਰੋਗਰਾਮ ਹੀ ਪੇਸ਼ ਕੀਤੇ ਜਾਂਦੇ ਹਨ। ਅੱਜ ਕੱਲ੍ਹ ਦੀ ਪੀੜ੍ਹੀ ਇਨ੍ਹਾਂ ਪ੍ਰੋਗਰਾਮਾਂ ਤੋਂ ਚੰਗਾ ਨਹੀਂ ਸਿੱਖਦੀ ਸਗੋਂ ਮਾੜੀ ਗੱਲ ਵੱਲ ਹੀ ਧਿਆਨ ਦਿੰਦੀ ਹੈ।

ਪੰਜਾਬੀ ਸਾਹਿਤ ਦੀ ਘਾਟ:

ਪੰਜਾਬੀ ਸਾਹਿਤ ਵਿੱਚ ਬਹੁਤ ਹੀ ਘੱਟ ਸ਼ਾਹਕਾਰ ਲਿਖੇ ਗਏ ਹਨ। ਬਹੁਤੀਆਂ ਸਾਹਿਤਿਕ ਕਿਰਤਾਂ ਦੂਜੀਆਂ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਪੰਜਾਬੀ ਸਾਹਿਤ ਦੀਆਂ ਰਚਨਾਵਾਂ ਦੀ ਘਾਟ ਵੀ ਪੰਜਾਬੀ ਸੱਭਿਆਚਾਰ ਲਈ ਇਕ ਸੰਕਟ ਸਿੱਧ ਹੋ ਰਹੀ ਹੈ।

ਲੋਕ ਸੱਭਿਆਚਾਰ ਦੀ ਨਿਰ- ਉਤਸਾਹਿਕਤਾ:

ਸਿੱਖਾਂ ਦੀ ਪਤਵੰਤਾ ਸ਼੍ਰੇਣੀ ਦੇ ਵੇਲੇ ਦੀ ਸਰਕਾਰ ਦੀ ਸਰਪ੍ਰਸਤੀ ਕਬੂਲ ਕਰ ਲਈ ਅਤੇ ਟੇਢੇ ਮੇਢੇ ਢੰਗ ਨਾਲ ਲੋਕ ਸੱਭਿਆਚਾਰ ਨੂੰ ਨਿੰਦਣਾ ਵੀ ਸ਼ੁਰੂ ਕਰ ਦਿੱਤਾ। ਸਿੱਖ ਧਰਮ ਦੀ ਨਵੇਂ ਸਿਰਿਉਂ ਵਿਆਖਿਆ ਕਰਕੇ ਪਤਵੰਤਾ ਸੱਭਿਆਚਾਰ ਸਿਰਜਣ ਦੇ ਯਤਨ ਵੀ ਕੀਤੇ। ਵੇਲੇ ਦੀ ਹਕੂਮਤ ਪੰਜਾਬੀ ਸੱਭਿਆਚਾਰ ਦਾ ਪਾਸਾਰਾ ਚਾਹੁੰਦੀ ਸੀ ਅਤੇ ਸਿੱਖ ਪਤਵੰਤਾ ਸ਼੍ਰੇਣੀ ਉਸ ਹਕੂਮਤ ਨੂੰ ਆਪਣਾ ਸਰਪ੍ਰਸਤ ਸਵੀਕਾਰ ਕਰ ਚੁੱਕੀ ਸੀ। ਸਿੱਖ ਪਤਵੰਤਾ ਸ਼੍ਰੇਣੀ ਕੋਲ਼ ਰਾਜ ਸੱਤਾ ਦੀ ਅਣਹੋਂਦ ਕਾਰਨ ਪਤਵੰਤਾ ਸੱਭਿਆਚਾਰ ਦੀ ਸਿਰਜਣਾ ਦਾ ਕੰਮ ਸਿਰੇ ਨਾ ਚੜ੍ਹ ਸਕਿਆ।

    ਡਾ. ਜੋਗਿੰਦਰ ਸਿੰਘ ਕੈਰੋਂ ਨੇ ਲਗਭਗ ਇਕ ਹੀ ਗੱਲ ਆਖੀ ਹੈ ਕਿ,"ਜਦੋਂ ਹਾਕਮ ਜਮਾਤ ਕਿਸੇ ਕੁਟਿਲ ਨੀਤੀ ਰਾਹੀਂ,ਸੰਚਾਰ ਮਾਧਿਅਮਾਂ, ਵਿੱਦਿਅਕ ਅਦਾਰਿਆਂ, ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਕਰਮਚਾਰੀਆਂ ਰਾਹੀਂ ਆਪਣੇ ਸੱਭਿਆਚਾਰ ਦੀ ਭਾਸ਼ਾ,ਧਰਮ ਤੇ ਜੀਵਨ ਵਿਹਾਰ ਨੂੰ ਦੂਜੇ ਸੱਭਿਆਚਾਰ ਉੱਪਰ ਠੋਸਣ ਦਾ ਯਤਨ ਕਰਨ ਲੱਗੇ ਤਾਂ ਕਈ ਸੰਕਟ ਪੈਦਾ ਹੋਣੇ ਲਾਜ਼ਮੀ ਹਨ।"

ਧਰਮ ਤੇ ਸੱਭਿਆਚਾਰ ਦੀ ਰਲਗੱਡਤਾ:

ਪੰਜਾਬੀ ਸੱਭਿਆਚਾਰ ਇੱਕ ਹੋਰ ਸੰਕਟ ਦਾ ਵੀ ਸ਼ਿਕਾਰ ਹੋ ਰਿਹਾ ਹੈ ਕਿ ਕਈ ਵਾਰ ਪੰਜਾਬੀ ਸੱਭਿਆਚਾਰ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਰਲਗੱਡ ਕਰ ਦਿੱਤਾ ਜਾਂਦਾ ਹੈ।ਅਜਿਹਾ ਹੋਣ ਉਤੇ ਪੰਜਾਬੀ ਸੱਭਿਆਚਾਰ ਦੀ ਪਛਾਣ ਕੇਵਲ ਇਕ ਧਰਮ ਦੇ ਲੋਕਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ। ਡਾ. ਆਰਸੀ ਅਨੁਸਾਰ,"ਪੰਜਾਬੀ ਵਿਚ ਪੰਜਾਬੀ ਸੱਭਿਆਚਾਰ ਅਤੇ ਧਰਮ ਨੂੰ ਰਲਗੱਡਾ ਕੀਤਾ ਜਾ ਰਿਹਾ ਹੈ ਅਤੇ ਸਿਆਸੀ ਪੱਖ ਤੋਂ ਆਪਣੇ ਆਪ ਉੱਲੂ ਸਿੱਧੇ ਕੀਤੇ ਜਾ ਰਹੇ ਹਨ।"

ਸਿੱਟਾ:

ਉਪਰੋਕਤ ਵਿਆਖਿਆ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਜੋਕੇ ਪੰਜਾਬੀ ਸੱਭਿਆਚਾਰ ਦੇ ਸੰਕਟ ਦੇ ਕਈ ਕਾਰਨ ਹਨ। ਅੰਤ ਵਿੱਚ ਅਸੀਂ ਡਾ. ਸ.ਸ ਦੁਸਾਂਝ ਦੇ ਸ਼ਬਦਾਂ ਵਿਚ ਕਹਿ ਸਕਦੇ ਹਾਂ, "ਪੰਜਾਬੀ ਸੱਭਿਆਚਾਰ ਦਾ ਮੂਲ ਸੰਕਟ ਪੰਜਾਬੀ ਦਾ ਪਤਵੰਤਾ ਸੱਭਿਆਚਾਰਕ ਸਿਰਜਣ ਦਾ ਸੰਕਟ ਹੈ। ਪੰਜਾਬੀ ਭਾਸ਼ਾ,ਰਾਜ ਭਾਸ਼ਾ ਅਤੇ ਵਿਦਿਆ ਦੇ ਮਾਧਿਅਮ ਦੀ ਭਾਸ਼ਾ ਉਨੀ ਦੇਰ ਤੱਕ ਸਵੀਕਾਰ ਨਹੀਂ ਕੀਤੀ ਜਾ ਸਕਦੀ,ਜਿੰਨੀ ਦੇਰ ਤੱਕ ਪੰਜਾਬੀ ਦੀ ਪਤਵੰਤਾ ਸ਼੍ਰੇਣੀ ਲਈ ਸੱਭਿਆਚਾਰਕ ਸੰਤੁਸ਼ਟੀ ਦੇ ਸਾਧਨ ਪੈਦਾ ਨਹੀਂ ਕੀਤੇ ਜਾਂਦੇ। ਪੰਜਾਬੀ ਦਾ ਸਾਰਾ ਸਾਹਿਤ ਸਥਾਪਤੀ ਵਿਰੋਧੀ ਸਾਹਿਤ ਹੈ। ਸਥਾਪਤੀ ਪੱਖੀ ਸਾਹਿਤ ਜਾਂ ਰਚਨਾ ਦੀ ਹੋਂਦ ਸਦਾ ਹੀ ਓਪਰੀ ਤੇ ਰੜਕਦੀ ਰਹਿੰਦੀ ਹੈ। ਪੰਜਾਬੀ ਸਾਹਿਤ ਵਿੱਚ ਇੱਕ ਵੀ ਨਾਇਕ ਪਤਵੰਤਾ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਨ ਵਾਲਾ ਨਹੀਂ। ਪੰਜਾਬੀ ਸੱਭਿਆਚਾਰ ਮੁੱਢਲੇ ਰੂਪ ਵਿਚ ਸਥਾਪਤੀ ਦਾ ਵਿਰੋਧੀ ਹੈ, ਇਸ ਲਈ ਉਸ ਦੀ ਸਥਾਪਤੀ ਦੀ ਹੋਂਦ ਲੱਭਣੀ ਕਠਿਨ ਹੈ।"

ਹਵਾਲੇ:

1.ਗੁਰਬਖਸ਼ ਸਿੰਘ ਫਰੈਂਕ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ।

2.ਗੁਰਦਿਆਲ ਸਿੰਘ ਕੋਟ ਭਾਈ, ਪੰਜਾਬ ਵਿੱਚ ਜਾਤ ਤੇ ਪੇਸ਼ਾ: ਬਦਲਦੇ ਰੁਝਾਨ।

3. ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ, ਸੰਪਾਦਕ ਪ੍ਰੋ. ਸੈਰੀ ਸਿੰਘ ਰੂਹੀ ਪ੍ਰਕਾਸ਼ਨ ਅੰਮ੍ਰਿਤਸਰ।