ਪੰਜਾਬੀ ਸੱਭਿਆਚਾਰ ਦੀ ਭੂਗੋਲਿਕ ਰੂਪ-ਰੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸਭਿਆਚਾਰ ਦਾ ਮੂਲ ਘਰ ਪੰਜਾਬ ਹੈ। ਵਿਸ਼ੇਸ਼ ਸਭਿਆਚਾਰ ਦੀ ਪ੍ਰਮਾਣਿਕ ਹੋਂਦ ਵਿਸ਼ੇਸ਼ ਭੂਗੋਲਿਕ ਖਿਤੇ ਤੋਂ ਬਿਨਾਂ ਅਸੰਭਵ ਹੈ। ਕਿਸੇ ਸਭਿਆਚਾਰ ਨੂੰ ਉਸਦੇ ਭੂਗੋਲਿਕ ਚੋਗਿਰਦੇ, ਜਲਵਾਯੂ, ਧਰਤੀ ਦੀ ਕਿਸਮ ਅਤੇ ਖਿੱਤੇ ਅਥਵਾ ਕੁਦਰਤੀ ਲੱਭਤਾਂ ਤੋਂ ਬਿਨਾਂ ਪਛਾਣਿਆਂ, ਸਮਝਿਆ ਹੀ ਨਹੀਂ ਜਾ ਸਕਦਾ ਬਲਕਿ ਇਸਦੀ ਕਲਪਨਾ ਕਰਨਾ ਵੀ ਗਲਤ ਚੇਤਨਾ ਦਾ ਪ੍ਰਮਾਣ ਹੈ। ਪੰਜਾਬੀ ਸਭਿਆਚਾਰ ਨੂੰ ਪੰਜਾਬ ਦੇ ਭੂਗੋਲਿਕ ਖਿੱਤੇ ਨਾਲੋਂ ਤੋੜ ਕੇ ਵੇਖਣਾ ਨਾ ਸੰਭਵ ਹੈ,ਨਾ ਹੀ ਵਾਜਬ, ਸਗੋਂ ਲੋੜ ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਇਸਦੇ ਸਹੀ ਭੂਗੋਲਿਕ ਅਤੇ ਇਸੇ ਅਨੁਸਾਰ ਰਾਜਸੀ ਭਾਸ਼ਾਈ ਹੱਦਾਂ ਦੀ ਢੁੱਕਵੀਂ ਨਿਸ਼ਾਨਦੇਹੀ ਕਰਨ ਦੀ ਹੈ।[1]

ਨਾਮਕਰਨ[ਸੋਧੋ]

ਪੰਜਾਬ ਦੀਆਂ ਹੱਦਾਂ ਰਾਜਸੀ ਉਥਲ-ਪੁਥਲ ਨਾਲ ਹਮੇਸ਼ਾ ਵਧਦੀਆਂ ਘਟਦੀਆਂ ਰਹੀਆਂ ਹਨ। ਓਸ ਦੇ ਅਨੁਸਾਰ ਹੀ ਪੰਜਾਬ ਦਾ ਨਾਮ ਬਦਲਦਾ ਰਿਹਾ ਹੈ। ਵੈਦਿਕ ਕਾਲ ਵਿਚ ਇਸਦਾ ਨਾਮ ਸਪਤ-ਸਿੰਧੂ ਸੀ। ਓਸ ਸਮੇਂ ਚੜਦੇ ਵੱਲ ਸਰਸਵਤੀ ਅਤੇ ਲਹਿੰਦੇ ਵੱਲ ਸਿੰਧ ਦਰਿਆ ਇਸਦੀਆਂ ਹੱਦਾਂ ਸਨ। ਵਿਚਕਾਰ ਪੰਜ ਹੋਰ ਦਰਿਆ ਸਤਲੁਜ,ਬਿਆਸ,ਰਾਵੀ,ਝਨਾਂ ਅਤੇ ਜਿਹਲਮ ਵਗਣ ਕਰਕੇ ਸੱਤ ਦਰਿਆਵਾਂ ਦੀ ਧਰਤੀ ਸਪਤ-ਸਿੰਧੂ ਅਖਵਾਈ। ਇਰਾਨੀ ਪ੍ਰਭਾਵ ਅਧੀਨ ਇਸ ਦਾ ਨਾਂ ਹਫਤ-ਹਿੰਦੂ ਪੈ ਗਿਆ। ਮਹਾਭਾਰਤ,ਅਗਨੀ ਪ੍ਰਾਣ ਅਤੇ ਬ੍ਰਾਹਮਣ ਪ੍ਰਾਣ ਗ੍ਰੰਥਾਂ ਵਿਚ ਇਸ ਲਈ ਪੰਚ-ਨਦ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ। ਅੱਜ ਵੀ ਉਸ ਇਲਾਕੇ ਨੂੰ ਜਿਥੇ ਪੰਜ ਦਰਿਆ ਸਿੰਧ ਦਰਿਆ ਵਿਚ ਡਿਗਦੇ ਹਨ, ਨੂੰ ਪੰਚ-ਨਦ ਕਿਹਾ ਜਾਂਦਾ ਹੈ। ਪੰਜਾਬ ਇਸੇ ਪੰਚ-ਨਦ ਦਾ ਫ਼ਾਰਸੀ ਰੂਪ ਹੈ। ਪੰਜਾਬ ਮੁਸਲਮਾਨਾਂ ਦੇ ਸਮੇਂ ਪ੍ਰਚਲਤ ਹੋਇਆ ਨਾਮ ਹੈ। ਪੰਜਾਬ ਅਰਥਾਤ ਪੰਜ ਦਰਿਆਵਾਂ ਦੀ ਧਰਤੀ। ਪੰਜਾਬ ਸ਼ਬਦ ਸਭ ਤੋਂ ਪਹਿਲਾਂ ਅਮੀਰ ਖ਼ੁਸਰੋ ਦੀਆਂ ਰਚਨਾਵਾਂ ਵਿਚ ਵਰਤਿਆਂ ਗਿਆ ਹੈ।[2]

ਪੰਜਾਬ ਦਾ ਭੂਗੋਲਿਕ ਚੋਗਿਰਦਾ[ਸੋਧੋ]

ਪੁਰਾਣੇ ਪੰਜਾਬ ਦਾ ਚੋਗਿਰਦਾ[ਸੋਧੋ]

ਪ੍ਰਾਚੀਨ ਸਮਿਆਂ ਤੋਂ ਪੰਜਾਬ ਦੀਆਂ ਭੂਗੋਲਿਕ ਹੱਦਾਂ ਇਤਿਹਾਸ - ਪ੍ਰਸਿੱਧ ਦਰਿਆਵਾਂ ਨਾਲ ਬਣੀਆ ਚਲੀਆਂ ਆ ਰਹੀਆ ਹਨ- ਲਹਿੰਦੇ ਵੱਲ ਸਿੰਧ ਦਰਿਆ ਤੇ ਚੜ੍ਹਦੇ ਵੱਲ ਜਮਨਾ। ਇਹਨਾਂ ਵਿੱਚ ਪੰਜ ਦਰਿਆ ਹੋਰ ਵਹਿੰਦੇ ਹਨ। ਪੰਜਾਬ ਦੇ ਉੱਤਰ ਵਲ ਹਿਮਾਲਾ ਪਰਬਤ ਹੈ ਜੋ ਇਸ ਨੂੰ ਕਸ਼ਮੀਰ ਤੇ ਪਠਾਣੀ ਦੇਸ਼ਾਂ ਤੋਂ ਵੱਖ ਕਰਦਾ ਹੈ। ਸਿੰਧੋ ਪਾਰ ਲਹਿੰਦੇ ਨੂੰ ਜਿਲ੍ਹਾ ਮੀਆਂਵਾਲੀ ਦੀ ਈਸੇ ਖਾਨ ਤਹਿਸੀਲ ਪੰਜਾਬ ਵਿੱਚ ਗਿਣੀ ਜਾਂਦੀ ਸੀ, ਇਸੇ ਤਰ੍ਹਾਂ ਪਾਰ ਲਹਿੰਦੇ-ਦੱਖਣ ਨੂੰ ਡੇਰਾ ਗਾਜ਼ੀਖਾਨ ਦਾ ਜਿਲ੍ਹਾ ਸੀ ਜਿਸ ਨਾਲ ਪੰਜਾਬ ਦੀ ਲਹਿੰਦੀ ਦੱਖਣੀ ਹੱਦ ਸੁਲੇਮਾਨ ਪਰਬਤ ਨੂੰ ਜਾ ਲੱਗਦੀ ਸੀ ਜੋ ਇਸਨੂੰ ਬਲੋਚਿਸਤਾਨ ਤੋਂ ਵੱਖ ਕਰਦੀ ਸੀ। ਧੁਰ ਦੱਖਣ ਲਹਿੰਦੇ ਵੱਲ ਸਿੰਧ ਦਾ ਇਲਾਕਾ ਹੈ। ਦੱਖਣ ਨੂੰ ਰਾਜਪੂਤਾਨੇ ਦੀ ਹੱਦ ਹੈ। ਚੜ੍ਹਦੇ ਵੱਲ ਜਮਨਾ ਨਦੀ ਹੈ ਅਤੇ ਉੱਤਰ-ਚੜ੍ਹਦੇ ਵੱਲ ਹਿਮਾਲਾ ਪਰਬਤ ਦੀਆਂ ਸ਼ਿਵਾਲਕ ਪਹਾੜੀਆਂ ਹਨ। [3]

ਅਜੋਕੇ ਪੰਜਾਬ ਦਾ ਚੋਗਿਰਦਾ[ਸੋਧੋ]

1947 ਵਿੱਚ ਪੰਜਾਬ ਦੀ ਵੰਡ ਹੋ ਗਈ। ਪੂਰਬੀ ਪੰਜਾਬ ਭਾਰਤ ਦਾ ਹਿੱਸਾ ਬਣ ਗਿਆ ਤੇ ਪੱਛਮੀ ਪੰਜਾਬ ਪਾਕਿਸਤਾਨ ਦਾ ਹਿੱਸਾ ਬਣ ਗਿਆ ਰਾਵੀ ਦਰਿਆ ਦਾ ਪੂਰਬੀ ਕੰਢਾ ਹੀ ਬਹੁਤ ਥਾਵਾਂ ਤੇ ਦੋਹਾਂ ਪੰਜਾਬਾਂ ਦੀ ਹੱਦ ਬਣਿਆ। 1966 ਵਿੱਚ ਭਾਰਤੀ ਪੰਜਾਬ ਦੀ ਫਿਰ ਵੰਡ ਹੋ ਗਈ। ਪੰਜਾਬ ਦੇ ਚੜ੍ਹਦੇ ਵੱਲੋਂ ਅੰਬਾਲੇ ਤੱਕ ਦਾ ਇਲਾਕਾ ਕੱਟ ਕੇ ਹਰਿਆਣਾ ਰਾਜ ਬਣ ਗਿਆ ਤੇ ਪੰਜਾਬ ਦੇ ਪਹਾੜੀ ਖੇਤਰ ਨੂੰ ਹਿਮਾਚਲ ਵਿੱਚ ਮਿਲਾ ਦਿੱਤਾ ਗਿਆ। ਅਜੋਕੇ ਭਾਰਤੀ ਪੰਜਾਬ ਦੇ 22 ਜਿਲ੍ਹੇ ਹਨ। ਸਾਰਾ ਪੰਜਾਬ ਪੰਜ ਕੁਦਰਤੀ ਦੁਆਬਿਆਂ ਵਿੱਚ ਵੰਡਿਆ ਹੋਇਆ ਦੁਆਬਾ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਨੂੰ ਕਹਿੰਦੇ ਹਨ। ਇਹਨਾਂ ਦੇ ਸੰਬੰਧਿਤ ਨਾਂ ਵੀ ਸੰਬੰਧਿਤ ਦਰਿਆਵਾਂ ਦੇ ਪਹਿਲੇ ਅੱਖਰ ਦੇ ਸੁਮੇਲ ਤੋਂ ਰੱਖੇ ਗਏ ਹਨ- ਬਿਸਤ, ਬਾਰੀ, ਰਚਨਾ, ਚਜ, ਸਿੰਧ-ਸਾਗਰ ਦੁਆਬਾ। ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਇਲਾਕਾਈ ਨਾਂ ਜੋ ਅੱਜ ਕੱਲ ਪ੍ਰਚਲਿਤ ਹਨ- ਧਨੀ, ਪੋਠੋਹਾਰੀ, ਬਾਰ (ਸਾਂਦਲ, ਗੰਝੀ, ਨੀਲ) ਮਾਝਾ, ਦੁਆਬਾ, ਮਾਲਵਾ, ਪੁਆਧ। ਧਨੀ, ਪੋਠੋਹਾਰੀ, ਬਾਰ ਦਾ ਇਲਾਕਾ ਪਾਕਿਸਤਾਨ ਦਾ ਹਿੱਸਾ ਬਣ ਗਿਆ ਤੇ ਪੁਆਧ ਹਰਿਆਣੇ ਦਾ। ਅਜੋਕੇ ਭਾਰਤੀ ਪੰਜਾਬ ਵਿੱਚ ਮਾਝਾ, ਮਾਲਵਾ, ਦੁਆਬਾ ਹੀ ਹਨ।[4]

ਪੰਜਾਬ ਦਾ ਪ੍ਰਾਕਿਰਤਿਕ ਚੋਗਿਰਦਾ[ਸੋਧੋ]

ਪੰਜਾਬ ਦਰਿਆਵਾਂ ਦੁਆਰਾ ਸਿੰਚਤ ਵਿਸ਼ਾਲ ਮੈਦਾਨੀ ਇਲਾਕਾ ਹੈ ਜਿਸਦੀ ਮਿੱਟੀ ਅਤਿਅੰਤ ਜ਼ਰਖੇਜ ਹੈ, ਜੋ ਨਾ ਪਥਰੀਲੀ ਹੈ ਨਾ ਮੂਲੋ ਰਕੜ ਹੈ ਨਾ ਰੇਤਲੀ ਅਥਵਾ ਮਾਰੂਥਲ ਹੈ। ਇਸੇ ਸਦਕਾ ਵਿਸ਼ਾਲ ਜੰਗਲਾਂ, ਫਲਾਂ ਬਨਸਪਤੀ ਚਰਗਾਹਾ, ਫਸਲਾਂ ਪੈਦਾ ਕਰਨ ਵਿੱਚ ਇਸਦਾ ਕੋਈ ਸਾਨੀ ਨਹੀਂ ਇਸਦੀ ਭੂਗੋਲਿਕ ਸਥਿਤੀ ਇੱਕ ਪਾਸੇ ਪਰਬਤੀ ਸ੍ਰਿੰਖਲਾ ਤੇ ਦੂਸਰੇ ਪਾਸੇ ਮਾਰੂਥਲਾਂ ਵਿਚਕਾਰ ਹੋਣ ਕਾਰਣ ਅਤੇ ਮੌਨਸੂਨ ਹਵਾਵਾਂ ਦੇ ਕੁਦਰਤੀ ਰੁਖ-ਸਿਰ ਹੋਣ ਦੇ ਸਿੱਟੇ ਵਜੋਂ ਆਦਿਮ ਮਨੁੱਖ ਲਈ ਸ਼ਿਕਾਰੀ ਦੌਰ ਵਿੱਚ ਭਰਪੂਰ ਸ਼ਿਕਾਰ ਚਰਵਾਹਾਂ ਦੌਰ ਵਿੱਚ ਭਰਪੂਰ ਬਨਸਪਤੀ/ਹਰਾ, ਚਾਰਾ, ਵਾਹੀਕਾਰ ਦੌਰ ਵਿੱਚ ਭਰਪੂਰ ਫਸਲਾਂ ਦੇਣ ਦੀ ਕੁਦਰਤੀ ਨਿਹਮਤ ਕਾਰਣ ਇਹ ਖਿਤਾ ਮਨੁੱਖ ਦਾ ਆਦਿਮ ਘਰ, ਸਭਿਅਤਾ ਦਾ ਪੰਘੂੜਾ ਬਣਿਆ। ਇਥੇ ਵਿਸ਼ਾਲ ਮੈਦਾਨ ਸੰਘਣੇ ਜੰਗਲ ਢੁਕਵੀਆਂ ਚਰਗਾਹਾਂ, ਦਰਿਆਈ ਕਿਨਾਰੇ ਜੀਵਨ ਸਾਜ਼ਗਰ ਮਾਹੌਲ ਸਿਰਜਕ ਹੋਣ ਸਦਕਾ ਇਹ ਜ਼ਮੀਨ ਆਦਿਮ ਕਾਲ ਤੋਂ ਅਜੋਕੇ ਸਮੇਂ ਤੱਕ ਜਿਥੇ ਨਿਰੰਤਰ ਵਸਦੀ ਰਹੀ ਹੈ, ਉਥੇ ਇੰਨ੍ਹਾਂ ਕੁਦਰਤੀ ਬਹੁਲਤਾਵਾਂ ਕਾਰਣ ਉਜੜਦੀ ਅਤੇ ਫਿਰ ਵਸਦੀ ਵੀ ਰਹੀ ਹੈ। ਇਹ ਖਿੱਤਾ ਭਿਆਨਕ ਭੂਚਾਲਾਂ ਅਤੇ ਖੂੰਖਾਰ ਤੂਫਾਨਾਂ ਤੋਂ ਮੁਕਾਬਲਤਨ ਮੁਕਤ ਹੈ। ਇਥੇ ਹਿਲਜੁਲ ਸਿਰਫ ਬਾਹਰਲੇ ਹਮਲਾਵਰ ਹੀ ਕਰਦੇ ਆਏ ਹਨ।[5]

ਬਨਸਪਤੀ[ਸੋਧੋ]

ਪੰਜਾਬ ਦੀ ਧਰਤੀ ਜਿਆਦਾਤਰ ਖੁਸ਼ਕ ਹੀ ਰਹੀ ਹੈ। ਇਸ ਲਈ ਇੱਥੇ ਘੱਟ ਪਾਣੀ ਮੰਗਣ ਵਾਲੇ ਪੌਦੇ ਪ੍ਰਧਾਨ ਰਹੇ ਹਨ। ਜਿਹੜੇ ਪੌਦੇ ਪੰਜਾਬ ਦੀ ਖੁਸ਼ਕ ਧਰਤੀ ਦਾ ਸਬੂਤ ਦਿੰਦੇ ਹਨ- ਅੱਕ, ਕਰੀਰ, ਜੰਡ, ਢੱਕ, ਬੇਰੀ, ਭੱਖੜਾ, ਕਿੱਕਰ, ਤੂਤ, ਪਿੱਪਲ, ਬੋਹੜ, ਟਾਹਲੀ ਆਦਿ ਪ੍ਰਮੁੱਖ ਛਾਂ ਵਾਲੇ ਦਰਖਤ ਹਨ। ਹਾੜੀ ਦੀਆਂ ਲਾਹੇਵੰਦ ਫਸਲਾਂ ਕਣਕ, ਜੌਂ, ਛੋਲੇ, ਅਲਸੀ ਆਦਿ ਹਨ। ਸਾਉਣੀ ਦੀਆਂ ਮੁੱਖ ਫਸਲਾਂ ਮੱਕੀ, ਜਵਾਰ, ਬਜਾਰਾ, ਕਪਾਹ, ਨਰਮਾ ਅਤੇ ਝੋਨਾ ਹਨ।

ਪਸ਼ੂ-ਪੰਛੀ[ਸੋਧੋ]

ਪਾਲਤੂ ਪਸ਼ੂ[ਸੋਧੋ]

ਇਸ ਖੇਤਰ ਦੇ ਪਾਲਤੂ ਪਸ਼ੂਆਂ ਵਿੱਚ ਦੁਧਾਰੂ ਪਸ਼ੂ ਗਾਂ, ਮੱਝ, ਬੱਕਰੀ ਪ੍ਰਮੁੱਖ ਹਨ। ਪਾਲਤੂ ਪਸ਼ੂ ਬਲਦ ਅਤੇ ਊਠ ਹਨ। ਘੋੜਾ ਅੱਜ ਕੱਲ ਸ਼ੌਕੀਆਂ ਰੱਖਣ ਵਾਲਾ ਪਸ਼ੂ ਹੈ। ਇਸ ਤੋਂ ਇਲਾਵਾ ਕੱਤਾ, ਬਿੱਲੀ, ਸਹਾ ਆਦਿ ਵੀ ਪਾਲਤੂ ਜਾਨਵਰ ਹਨ।

ਜੰਗਲੀ ਜਾਨਵਰ[ਸੋਧੋ]

ਜੰਗਲੀ ਜਾਨਵਰਾਂ ਵਿੱਚ ਜੰਗਲੀ ਸੂਰ, ਹਿਰਨ, ਬਾਰਾਂ ਸਿੰਘੇ, ਸਹੇ, ਗਿੱਦੜ, ਲੂੰਬੜ ਆਦਿ ਪ੍ਰਮੁੱਖ ਹਨ। ਰੀਂਗਣ ਵਾਲੇ ਜਾਨਵਰਾਂ ਵਿੱਚ ਸੱਪ, ਨਿਊਲਾ, ਕਿਰਲਾ ਆਦਿ ਪ੍ਰਮੁੱਖ ਹਨ।

ਪੰਛੀ[ਸੋਧੋ]

ਤੋਤਾ, ਕਬੂਤਰ, ਤਿੱਤਰ , ਕੁੱਕੜ ਆਦਿ ਪਾਲਤੂ ਪੰਛੀਆਂ ਵਜੋਂ ਪਾਲੇ ਜਾਂਦੇ ਹਨ। ਇਸ ਤੋਂ ਇਲਾਵਾ ਮੋਰ, ਘੁੱਗੀ, ਬਟੋਰ, ਤਿਲੀਅਰ, ਕਾਂ, ਇੱਲ, ਗਿੱਧ, ਗਰੜ, ਟਟੀਹਰੀ ਆਦਿ ਅਨੇਕ ਵੰਨਗੀ ਦੇ ਪੰਛੀ ਹਨ।

ਮੌਸਮ[ਸੋਧੋ]

ਮਈ ਜੂਨ ਅਤੇ ਜੁਲਾਈ ਦੇ ਮਹੀਨੇ ਗਰਮੀ ਦੇ ਹੁੰਦੇ ਹਨ। ਇਹਨਾਂ ਮਹੀਨਿਆਂ ਦਾ ਤਾਪਮਾਨ 35 ਡਿਗਰੀ ਤੋਂ 44 ਡਿਗਰੀ ਦੇ ਵਿਚਕਾਰ ਹੁੰਦਾ ਹੈ। ਅਗਸਤ, ਸਤੰਬਰ ਵਿੱਚ ਵਰਖਾ ਸ਼ੁਰੂ ਹੁੰਦੀ ਹੈ। ਪਰ ਤਾਪਮਾਨ ਵਿੱਚ ਜਿਆਦਾ ਕਮੀ ਨਹੀਂ ਆਉਂਦੀ। ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਤਾਪਮਾਨ ਮੱਧਮ ਰਹਿੰਦਾ ਹੈ। ਅੱਧ ਨਵੰਬਰ ਤੋਂ ਜਨਵਰੀ ਦੇ ਅੰਤ ਤੱਕ ਸਰਦੀ ਪੈਦੀ ਹੈ ਇਹਨਾਂ ਮਹੀਨਿਆਂ ਦਾ ਤਾਪਮਾਨ 18 ਤੋਂ 24 ਡਿਗਰੀ ਰਹਿੰਦਾ ਹੈ। ਇਸ ਤੋਂ ਬਾਅਦ ਫਰਵਰੀ, ਮਾਰਚ ਅਤੇ ਅਪ੍ਰੈਲ ਬਹਾਰ ਰੁੱਤ ਦੇ ਮਹੀਨੇ ਹਨ।

ਪੰਜਾਬ ਦੀ ਭੂਗੋਲਿਕ ਹਾਲਤ ਦਾ ਪੰਜਾਬੀ ਸਭਿਆਚਾਰ ਤੇ ਪ੍ਰਭਾਵ[ਸੋਧੋ]

ਕਿਸੇ ਖਿੱਤੇ ਦੀ ਭੂਗੋਲਿਕ ਹਾਲਤ ਉਸ ਖਿੱਤੇ ਦੇ ਸਭਿਆਚਾਰ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਜ਼ਰੂਰ ਪ੍ਰਭਾਵਿਤ ਕਰਦੀ ਹੈ। ਪੰਜਾਬ ਦੀ ਭੂਗੋਲਿਕ ਹਾਲਤ ਨੇ ਪੰਜਾਬੀ ਸਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ। ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਪੰਜਾਬੀ ਆਚਰਣ ਪੰਜਾਬ ਦੇ ਭੂਗੋਲਿਕ ਦੁਆਲੇ ਤੇ ਇਤਿਹਾਸਕ ਪਿਛਵਾੜੇ ਤੋਂ ਬਣਿਆ ਹੈ। ਪੰਜਾਬ ਦੇ ਦਰਿਆਵਾਂ, ਪਹਾੜਾਂ ਤੇ ਮੈਦਾਨਾਂ ਨੇ ਇਥੋਂ ਦੇ ਲੋਕਾਂ ਨੂੰ ਬਹੁਤ ਕੁੱਝ ਦਿੱਤਾ ਹੈ। ਇਹਨਾਂ ਦੇ ਦਿਲ ਦਰਿਆਵਾਂ ਜਿਹੇ ਹਨ। ਠੰਡੇ, ਡੂੰਘੇ, ਲੰਮੇ ਜਿਗਰੇ ਵਾਲੇ ਛੇਤੀ-ਛੇਤੀ ਵਲ ਨਾ ਖਾਣ ਵਾਲੇ, ਮੈਦਾਨਾਂ ਵਾਂਗ ਸਿੱਧੇ ਪੱਧਰੇ ਹੁੰਦੇ ਹਨ। ਇਥੋਂ ਦੀਆਂ ਖੁੱਲੀਆਂ ਤੇ ਨਰੋਈਆਂ ਹਵਾਵਾਂ ਨੇ ਲੋਕਾਂ ਦੇ ਦਿਲਾਂ ਵਿੱਚ ਜਿੰਦਾਦਿਲੀ ਤੇ ਤਾਜਗੀ ਪਾ ਦਿੱਤੀ। ਪੰਜਾਬੀ ਲੋਕਾਂ ਦਾ ਸਰੀਰਕ ਪੱਖੋਂ ਤਕੜਾ ਹੋਣਾ ਵੀ ਇਸਦੀ ਭੂਗੋਲਿਕ ਸਥਿਤੀ ਦਾ ਪ੍ਰਭਾਵ ਹੈ। ਪੰਜਾਬ ਕਈ ਸਦੀਆਂ ਤੱਕ ਭਾਰਤ ਦਾ ਮੁੱਖ ਦੁਆਰ ਰਿਹਾ ਹੈ। ਸਭ ਵਿਦੇਸ਼ੀ ਹਮਲਾਵਰ ਈਰਾਨੀ, ਯੂਨਾਨੀ, ਸਿਥੀਅਨ, ਹੂਨ, ਤੁਰਕ ਅਤੇ ਮੰਗੋਲ ਆਦਿ ਪੰਜਾਬ ਵਿੱਚੋਂ ਦੀ ਹੀ ਭਾਰਤ ਆਏ। ਸਭ ਤੋਂ ਪਹਿਲਾਂ ਹਮਲਾਵਰਾਂ ਦੀ ਟੱਕਰ ਪੰਜੀਬੀਆਂ ਨਾਲ ਹੁੰਦੀ ਸੀ।[6] ਇਸ ਲਈ ਪੰਜਾਬੀਆਂ ਦੇ ਖੂਨ ਵਿੱਚ ਬਲ, ਸਾਹਸ, ਸਵੈਮਾਨ, ਬਾਕੀ ਪ੍ਰਾਤਾਂ ਦੇ ਲੋਕਾਂ ਨਾਲੋ ਵਧੇਰੇ ਮਾਤਰਾ ਵਿੱਚ ਹੈ ਤੇ ਇਹ ਰਣ ਤੱਤੇ ਵਿੱਚ ਜੂਝਣ ਲਈ ਅਠਖੇਲੀਆਂ ਲੈਂਦੇ ਨਿਤਰ ਦੇ ਹਨ। ਪੰਜਾਬੀ ਸਭਿਆਚਾਰ ਉੱਤੇ ਹਮਲਾਵਰ ਬਦੇਸ਼ੀ ਕੌਮਾਂ ਦੇ ਸਭਿਆਚਾਰ ਦੇ ਅਨੇਕਾਂ ਗੁਣ-ਔਗੁਣ ਇਸਦੀ ਸਭਿਆਚਾਰ ਵੱਖਰਤਾ ਲਈ ਜੁੰਮੇਵਾਰ ਹਨ। ਜਿਸ ਕਰਕੇ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਮਿਸ਼ਰਤ ਹਨ। ਬਦੇਸ਼ੀ ਸ਼ਬਦ ਤੇ ਜੀਵਨ ਦੀਆਂ ਕਦਰਾਂ ਕੀਮਤਾਂ ਇਸਦੀ ਭਾਸ਼ਾ ਤੇ ਸਭਿਆਚਾਰ ਵਿੱਚ ਇਸ ਤਰ੍ਹਾਂ ਰਚ ਮਿਚ ਗਈਆਂ ਹਨ ਕਿ ਇਹਨਾਂ ਦੀ ਵਿੱਥ ਨਿਰੀ ਪੰਜਾਬੀ ਹੀ ਬਣ ਗਈ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਵੱਡੀਆਂ ਫੈਕਟਰੀਆਂ ਨਹੀਂ ਲਗਾਈਆਂ ਗਈਆ। ਇਸ ਕਾਰਣ ਨੇ ਪੰਜਾਬੀਆਂ ਦੀ ਆਰਥਿਕਤਾ ਤੇ ਬਹੁਤ ਮਾੜਾ ਪ੍ਰਭਾਵ ਪਾਇਆ ਹੈ। ਪੰਜਾਬ ਦੇ ਪਹਾੜਾਂ ਵਿੱਚੋ ਨਿਕਲਦੇ ਦਰਿਆਵਾਂ ਕੰਢੇ ਪੰਜਾਬ ਦਾ ਮੁੱਢਲਾ ਸਭਿਆਚਾਰ ਤੇ ਸਭਿਅਤਾ ਵਿਕਸਿਤ ਹੋਈ। ਪਹਾੜ ਇੱਥੋਂਂ ਦੇ ਪੌਣ ਪਾਣੀ ਅਤੇ ਰੁੱਤਾਂ ਨੂੰ ਪ੍ਰਭਾਵਿਤ ਕਰਦੇ ਹਨ। ਵੱਖ-ਵੱਖ ਦਰਿਆਵਾਂ ਕੰਢੇ ਵੱਖ-ਵੱਖ ਉਪ ਸਭਿਆਚਾਰ ਮਿਲਦੇ ਹਨ। ਪੰਜਾਬ ਦੀ ਧਰਤੀ ਪੱਧਰੀ ਤੇ ਉਪਜਾਊ ਹੈ ਕਿਉਂਕਿ ਇਹ ਦਰਿਆਵਾਂ ਨਾਲ ਲਿਆਂਦੀ ਗਈ ਮਿੱਟੀ ਨਾਲ ਬਣੀ ਹੈ। ਜਿਸ ਕਰਕੇ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਰਿਹਾ ਹੈ।ਪੰਜਾਬ ਦੀ ਭੂਗੋਲਿਕ ਸਥਿਤੀ ਦਾ ਇੱਥੋਂ ਦੇ ਧਰਮ, ਸਾਹਿਤ, ਭਾਸ਼ਾ, ਰੋਜੀ ਰੋਟੀ, ਖਾਣ-ਪੀਣ ਤੇ ਪਹਿਰਾਵੇ ਤੇ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਹੈ। ਪੰਜਾਬ ਦੀਆਂ ਉਪਬੋਲੀਆਂ ਦੀ ਹੋਂਦ ਵੀ ਭੂਗੋਲਿਕ ਹਾਲਤਾਂ ਨਾਲ ਸੰਬੰਧ ਰੱਖਦੀ ਹੈ। ਭੂਗੋਲਿਕ ਹੱਦਾਂ ਕਾਰਨ ਹੀ ਇੱਥੋਂ ਦੇ ਰਸਮਾਂ ਰਿਵਾਜਾਂ ਵਿੱਚ ਭਿੰਨਤਾ ਹੈ।[7]

ਪੰਜਾਬੀ ਸਭਿਆਚਾਰ ਦੀ ਭੂਗੋਲਿਕ ਹੱਦ-ਬੰਦੀ[ਸੋਧੋ]

ਅਜੋਕੇ ਸਮੇਂ ਦੌਰਾਨ ਜੇਕਰ ਪੰਜਾਬੀ ਸਭਿਆਚਾਰ ਦੀ ਭੂਗੋਲਿਕ ਹੱਦ-ਬੰਦੀ ਦੀ ਗੱਲ ਕਰੀਏ ਤਾਂ ਇਹ ਇੱਕ ਵਾਦ-ਵਿਵਾਦ ਵਾਲੇ ਮਸਲੇ ਦੇ ਰੂਪ ਵਿੱਚ ਸਾਹਮਣੇ ਆਉਣ ਵਾਲਾ ਮਸਲਾ ਹੈ। ਇਸ ਮਸਲੇ ਤੇ ਵੱਖ-ਵੱਖ ਵਿਦਵਾਨਾਂ ਦੀ ਰਾਇ ਵੱਖ-ਵੱਖ ਹੈ।

ਵਰਤਮਾਨ ਭਾਰਤੀ ਪੰਜਾਬ ਦਾ ਵਿਚਾਰ[ਸੋਧੋ]

ਡਾ. ਗੁਰਖਖ਼ਸ਼ ਸਿੰਘ ਫਰੈਂਕ ਭਾਰਤੀ ਪੰਜਾਬ ਨੂੰ ਹੀ ਪੰਜਾਬੀ ਸੱਭਿਆਚਾਰ ਦਾ ਭੂਗੋਲਿਕ ਖਿੱਤਾ ਮੰਨਦਾ ਹੈ। ਉਸ ਅਨੁਸਾਰ, “ਅਸੀਂ ਪੰਜਾਬੀ ਸੱਭਿਆਚਾਰ ਦਾ ਭੂਗੋਲਿਕ ਚੌਖਟਾ ਉਹੀ ਮੰਨਾਂਗੇ, ਜੋ ਇਸ ਵੇਲੇ ਭਾਰਤੀ ਪੰ ਹਾਜਾਬ ਦਾ ਹੈ, ਬਾਕੀ ਸਾਰਾ, ਇਸ ਦਾ ਏਥੋਂ ਤੱਕ ਪੁਜਣ ਦਾ ਇਤਿਹਾਸ ਹੈ।” ਜੇਕਰ ਅਸੀਂ ਫ਼ਰੈਂਕ ਦੀ ਉੱਪਰੋਕਤ ਧਾਰਨਾ ਨੂੰ ਮੰਨ ਲਈਏ ਕਿ ਹੁਣ ਦਾ ਸੱਭਿਆਚਾਰ ਹੀ ਪੰਜਾਬੀ ਸੱਭਿਆਚਾਰ ਹੈ, ਤਾਂ 1947 ਤੋਂ ਪਹਿਲਾਂ ਦਾ ਪੂਰਾ ਇਤਿਹਾਸ ਬਦਲ ਜਾਵੇਗਾ ਅਤੇ ਘੱਟੋ-ਘੱਟ ਦੋ ਸੱਭਿਆਚਾਰ ਹੋਂਦ ਵਿੱਚ ਆਉਣਗੇ, ਇੱਕ ਭਾਰਤੀ ਪੰਜਾਬੀ ਸਭਿਆਚਾਰ, ਦੂਸਰਾ ਪਾਕਿਸਤਾਨੀ ਪੰਜਾਬੀ ਸੱਭਿਆਚਾਰ ਅਤੇ ਜੇਕਰ ਇਹ ਦੋ ਸੱਭਿਆਚਾਰ ਰਾਜਨੀਤਕ ਤੌਰ `ਤੇ ਅਲੱਗ-ਅਲੱਗ ਹੋ ਗਏ ਤਾਂ ਜਾਹਰ ਹੈ ਕਿ ਅਸੀਂ ਇਹ ਵੀ ਮੰਨਣ ਲੱਗ ਪਵਾਂਗੇ ਕਿ ਅਸਲ ਵਿੱਚ ਪੰਜਾਬੀ ਸੱਭਿਆਚਾਰ ਸਿੱਖ ਪ੍ਰਧਾਨ ਸੱਭਿਆਚਾਰ ਹੈ। ਜੋ ਕਿ ਪੰਜਾਬੀ ਸੱਭਿਆਚਾਰ ਬਾਰੇ ਕੋਈ ਤਾਰਕਿਕ ਧਾਰਨਾ ਨਹੀਂ ਹੈ। ਡਾ.ਗੁਰਭਗਤ ਸਿੰਘ ਵੀ ਪੰਜਾਬੀ ਸੱਭਿਆਚਾਰ ਨੂੰ ਸਿੱਖ-ਪ੍ਰਧਾਨ ਸੱਭਿਆਚਾਰ ਮੰਨਦਾ ਹੈ। ਜੇਕਰ ਅਸੀਂ ਪੰਜਾਬੀ ਸੱਭਿਆਚਾਰ ਨੂੰ ਸਿੱਖ- ਪ੍ਰਧਾਨ ਸੱਭਿਆਚਾਰ ਮੰਨਾਂਗੇ, ਤਾਂ ਫਿਰ ਅਸੀਂ ਭਾਰਤੀ ਸੱਭਿਆਚਾਰ ਨੂੰ ਹਿੰਦੂ ਪ੍ਰਧਾਨ ਸੱਭਿਆਚਾਰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੇ। ਫਿਰ ਪੰਜਾਬੀ ਸੱਭਿਆਚਾਰ ਹਿੰਦੂ-ਪ੍ਰਧਾਨ ਸੱਭਿਆਚਾਰ ਦੇ ਅਧੀਨ ਹੋਵੇਗਾ। ਜੇ ਅਸੀਂ ਇਸ ਗੱਲ ਤੋਂ ਇਨਕਾਰੀ ਹਾਂ ਤਾਂ ਸਾਡਾ ਪੰਜਾਬੀ ਸੱਭਿਆਚਾਰ ਨੂੰ ਸਿੱਖ- ਪ੍ਰਧਾਨ ਸੱਭਿਆਚਾਰ ਕਹਿਣਾ ਵੀ ਗ਼ਲਤ ਹੈ। ਕਿਉਂਕਿ ਹਿ ਕਹਿਣਾ ਇਸ ਦੀ ਵੰਨ-ਸੁਵੰਨਤਾ ਤੋਂ ਇਨਕਾਰ ਕਰਨਾ ਹੈ। ਪਰ ਵੰਨ-ਸੁਵੰਨਤਾ ਪੰਜਾਬੀ ਸੱਭਿਆਚਾਰ ਦਾ ਨਿਖੜਵਾ ਲੱਛਣ ਹੈ।[8]

ਗਲੋਬਲ ਪੰਜਾਬ ਦਾ ਵਿਚਾਰ[ਸੋਧੋ]

ਡਾ. ਅਮਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਸੱਭਿਆਚਾਰ ਨੂੰ ਭੂਗੋਲ ਨਾਲ ਜੋੜ ਕੇ ਵੇਖਣ ਦੀ ਜ਼ਰੂਰਤ ਨਹੀਂ ਹੈ। ਸੱਭਿਆਚਾਰ ਭੂਗੋਲ ਤੋਂ ਬਿਨਾਂ ਵੀ ਹੁੰਦਾ ਹੈ। ਭਾਰਤ ਵਿੱਚ ਹੀ ਛੋਟੇ-ਛੋਟੇ ਪੰਜਾਬ ਵਸੇ ਹੋਏ ਹਨ। ਜਿਵੇਂ ਤਰਾਈ ਦਾ ਇਲਾਕਾ ਇਸ ਤਰ੍ਹਾਂ ਕਈ ਹੋਰ ਵਿਦਵਾਨ ਵੀ ਪੰਜਾਬੀ ਸੱਭਿਆਚਾਰ ਨੂੰ ਭੂਗੋਲਿਕ ਸੰਕਲਪ ਨਾ ਮੰਨਦੇ ਹੋਏ, ਇਸ ਨੂੰ ‘ਕੌਮਾਂਤਰੀ` ਜਾਂ ‘ਪਰਾ-ਭੂਗੋਲਿਕ` ਸੱਭਿਆਚਾਰ ਕਹਿੰਦੇ ਹਨ। ਜੇਕਰ ਡਾ. ਗਰੇਵਾਲ ਪੰਜਾਬੀ ਸੱਭਿਆਚਾਰ ਨੂੰ ‘ਗਲੋਬਲ` ਸੱਭਿਆਚਾਰ ਕਹਿੰਦਾ ਹੈ, ਤਾਂ ਫ਼ਿਰ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਇਸ ਨੂੰ ਪੰਜਾਬੀ ਕਿਉਂ ਕਿਹਾ ਜਾਵੇ ? ‘ਗਲੋਬਲ` ‘ਕੋਮਾਂਤਰੀ` ਜਾਂ ‘ਪਰਾ-ਭੂਗੋਲਿਕ` ਕਿਉਂ ਨਹੀਂ। ਇਸ ਉਹ ਸਾਰੇ ਲੋਕ ਸ਼ਾਮਿਲ ਕਿਉਂ ਨਾ ਕਰ ਲਏ ਜਾਣ ਜਿਹੜੇ ਧਰਤੀ ਦੇ ਕਿਸੇ ਖਾਸ ਟੁਕੜੇ ਨਾਲ ਨਹੀਂ ਬੱਝੇ ਹੋਏ, ਜਿਵੇਂ ਕਿ ‘ਟੱਪਰੀ ਵਾਸ`।

ਸਾਂਝੇ ਪੰਜਾਬ ਦਾ ਵਿਚਾਰ[ਸੋਧੋ]

ਡਾ.ਵਿਸ਼ਵਨਾਥ ਤਿਵਾੜੀ ਅਤੇ ਡਾ.ਨਾਹਰ ਸਿੰਘ ਦਾ ਕਹਿਣਾ ਹੈ ਕਿ ਪੰਜਾਬੀ ਸੱਭਿਆਚਾਰ ਦਾ ਭੂਗੋਲਿਕ ਖਿੱਤਾ ਸਿਰਫ਼ ਹੁਣ ਵਾਲਾ ਹੀ ਨਹੀਂ ਹੈ। ਇਸ ਵਿੱਚ ਦਿੱਲੀ ਤੋਂ ਲੈ ਕੇ ਅਟਕ ਦਰਿਆ ਤੱਕ ਦਾ ਇਲਾਕਾ ਸ਼ਾਮਿਲ ਹੈ। ਇਨ੍ਹਾਂ ਅਨੁਸਾਰ ਪੰਜਾਬੀ ਸੱਭਿਆਚਾਰ ਸਾਂਝਾ ਪੰਜਾਬੀ ਸੱਭਿਆਚਾਰ ਹੈ। ਕਿਉਂਕਿ ਪੰਜਾਬ ਦੀਆਂ ਹੱਦਾਂ ਕਈ ਵਾਰ ਬਦਲਦੀਆਂ ਰਹੀਆਂ ਹਨ। ਇਹ ਕਦੇ ਈਰਾਨ ਨਾਲ ਜੁੜ ਜਾਂਦਾ ਰਿਹਾ ਹੈ ਅਤੇ ਕਦੇ ਦਿੱਲੀ ਨਾਲ। ਪੰਜਾਬ ਦਾ ਨਾਮਕਰਣ ਅਤੇ ਇਸ ਦੀਆਂ ਭੂਗੋਲਿਕ ਹੱਦਾਂ ਕਦੇ ਵੀ ਸਥਿਰ ਨਹੀਂ ਰਹੀਆਂ, ਇਹ ਸਦਾ ਬਦਲਦੀਆਂ ਰਹੀਆਂ ਹਨ। ਡਾ. ਫ਼ਰੈਂਕ ਦਾ ਸੰਕਲਪ ਨੇਸ਼ਨ ਸਟੇਟ ਦੀ ਧਾਰਨਾ ਨੂੰ ਮੰਨ ਕੇ ਚਲਦਾ ਹੈ। ਨੇਸ਼ਟ ਸਟੇਟ ਦਾ ਸੰਕਲਪ ਇੱਕ ਰਾਜਸੀ ਆਰਥਿਕ ਸੰਕਲਪ ਹੈ। ਰਾਜਸੀ ਆਰਥਿਕ ਹਿੱਤਾਂ ਦੇ ਨਾਲ ਹੀ ਰਾਜ ਹੋਂਦ ਵਿੱਚ ਆਉਂਦੇ ਹਨ ਅਤੇ ਇਹਨਾਂ ਹਿੱਤਾਂ ਦੇ ਸਾਂਝੇ ਹੋਣ ਨਾਲ ਇਹਨਾਂ ਰਾਜਾਂ ਵਿੱਚ ਇਕੱਠੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਤਰਕ ਦੀ ਰੋਸ਼ਨੀ ਵਿੱਚ ਭਾਰਤੀ ਉਪ-ਮਹਾਂਦੀਪ ਵਿੱਚ ਭਵਿੱਖਤ ਰਾਜਨੀਤਮਕ ਤਬਦੀਲੀਆਂ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।ਰਾਜਮੋਹਨ ਗਾਂਧੀ ਅਨੁਸਾਰ ਵੀ ਦੇਸ਼ ਵੰਡ ਭਾਵੇਂ ਛੇ ਦਹਾਕੇ ਬੀਤ ਗਏ ਹਨ। ਪਰ ਦੋਹਾਂ ਪੰਜਾਬਾਂ ਵਿੱਚ ਪੰਜਾਬੀਅਤ ਹਾਲੇ ਵੀ ਕਾਇਮ ਹੈ। ਰਾਜ ਮੋਹਨ ਗਾਂਧੀ ਵੀ ਪੰਜਾਬ ਦਾ ਭੂਗੋਲਿਕ ਖਿੱਤਾ ਸਿੰਧ ਦਰਿਆ ਤੋਂ ਲੈ ਕੇ ਜਮਨਾ ਦਰਿਆ ਤੱਕ ਦੇ ਇਲਾਕੇ ਨੂੰ ਮੰਨਦਾ ਹੈ। ਬਾਕੀ ਵਿਦਵਾਨਾਂ ਦੇ ਮੁਕਾਬਲੇ ਸਾਂਝੇ ਪੰਜਾਬ ਦਾ ਵਿਚਾਰ ਦੇਣ ਵਾਲੇ ਵਿਦਵਾਨਾਂ ਦੇ ਵਿਚਾਰ ਨੂੰ ਹੀ ਜਿਆਦਾ ਪ੍ਰਮਾਣਿਕ ਮੰਨਿਆ ਜਾਂਦਾ ਹੈ।[9]

ਹਵਾਲੇ[ਸੋਧੋ]

  1. ਡਾ. ਜਸਵਿੰਦਰ, ਸਿੰਘ. ਪੰਜਾਬੀ ਸਭਿਆਚਾਰ: ਪਛਾਣ ਚਿੰਨ੍ਹ. ਗਰੇਸ਼ੀਅਸ਼ ਪਟਿਆਲਾ. p. 119.
  2. ਸਭਿਆਚਾਰ ਮੁੱਢਲੀ ਜਾਣ-ਪਛਾਣ. pp. 98–99.
  3. ਮੁੱਖ ਸੰਪਾਦਕ ਮਹਿੰਦਰ ਸਿੰਘ, ਰੰਧਾਵਾ. ਪੰਜਾਬ. ਭਾਸ਼ਾ ਵਿਭਾਗ ਪੰਜਾਬ. p. 1.
  4. ਮੁੱਖ ਸੰਪਾਦਕ ਮਹਿੰਦਰ ਸਿੰਘ, ਰੰਧਾਵਾ. ਪੰਜਾਬ. ਭਾਸ਼ਾ ਵਿਭਾਗ ਪੰਜਾਬ. p. 2.
  5. ਡਾ. ਜਸਵਿੰਦਰ, ਸਿੰਘ. ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ. ਗਰੇਸ਼ੀਅਸ਼ ਪਟਿਆਲਾ. p. 121.
  6. ਤੇਜਾ, ਸਿੰਘ. ਸਹਿਜ ਸੁਭਾ. p. 2.
  7. ਤੇਜਾ, ਸਿੰਘ. ਸਹਿਜ ਸੁਭਾ. p. 2.
  8. ਡਾ. ਗੁਰਬਖਸ਼ ਸਿੰਘ, ਫਰੈਂਕ (1986). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. p. 120.
  9. ਰਾਜਮੋਹਨ ਗਾਂਧੀ, ਅਨੁਵਾਦਕ ਹਰਪਾਲ ਸਿੰਘ ਪੰਨੂ. ਪੰਜਾਬ ਔਰੰਗਜੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ. p. 6.