ਸਮੱਗਰੀ 'ਤੇ ਜਾਓ

ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬ ਦੇ ਰਸਮ-ਰਿਵਾਜ਼: ਜਨਮ ਤੇ ਮੌਤ ਸੰਬੰਧੀ

ਭੂਮਿਕਾ[1]:ਰਸਮ-ਰਿਵਾਜ਼,ਰਹੁ-ਰੀਤਾਂ ਤੇ ਸੰਸਕਾਰ ਭਾਇਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ,ਸੱਧਰਾਂ ਤੇ ਜਜ਼ਬਿਆ ਦੀ ਤਰਜਮਾਨੀ ਕਰਦੇ ਹਨ। ਭਾਇਚਾਰਕ ਜੀਵਾਂ ਦੇ ਜਨਮ,ਮਰਨ ਤੇੇ ਵਿਆਹ-ਸ਼ਾਦੀ ਤੇੇ ਇਹਨਾਂ ਦਾ ਅਸਲੀ ਰੂਪ ਸਾਮ੍ਹਣੇੇ ਆਉਂਦਾ ਹੈ। ਜੀਵਨ-ਨਾਟਕ ਦੀਆਂ ਇਹਨਾਂ ਤਿੰਨਾਂ ਝਾਕੀਆਂ ਦੇ ਰੰਗ-ਮੰਚ ਆਮ ਤੌਰ 'ਤੇ ਸਾਡੇ ਘਰਾਂ ਦੇ ਵਿਹੜੇੇ ਹੁੰਦੇ ਹਨ। ਸਾਡੇ ਬਹੁਤ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਅਤੇ ਬਿਰਖਾਂਂ ਦੀਆਂ ਟਾਹਣੀਆਂ ਰਾਹੀਂ ਨੇੇੇਪਰੇ ਚਾੜੇ ਜ੍ਹਾਦੇ ਰਹੇੇ ਹਨ। ਮੁੁੁਢਲੇ ਮਨੁੱੱਖ ਨੂੰ ਦੈੈਵੀ ਤਾਕਤਾਂ ਦਾ ਸਾਥੋ ਜ਼ਿਆਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਅਰੰਭ ਇਹਨਾਂ ਦੈਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਕਰਕੇ ਹੋਇਆ।

ਜਨਮ ਵੇਲੇ ਦੀਆਂ ਰਸਮਾਂ:

ਗਰਭ ਸੰਸਕਾਰ: ਸਭ ਤੋਂ ਪਹਿਲਾਂ ਅਸੀਂ ਗਰਭ ਸੰਸਕਾਰ ਬਾਰੇ ਗੱਲ ਕਰਦੇ ਹਾਂ। ਪਹਿਲੇ ਸਮੇਂ ਵਿੱਚ ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇ ਜਾਂ ਸੱਤਵੇ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨਿਆ ਜਾਂ ਉਸ ਦੇ ਪੱਲੇ ਪਾਇਆ ਜਾਂਦਾ ਸੀ। ਉਹ ਇਸ ਨੂੰ ਰਿੰਨ ਕੇ ਖਾਂਦੀ ਸੀ ਤੇ ਭਾਇਚਾਰੇ ਵਿੱਚ ਵੰਡਦੀ ਸੀ। ਇਸ ਸੂਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇ ਪਤੀ- ਪਤਨੀ, ਪਤਨੀ ਦੇ ਸਹੁਰਿਆਂ ਵੱਲੋਂ ਘੱਲੇ ਹੋਏ ਕੱਪੜੇ ਪਹਿਨ ਕੇ, ਜਠੇਰਿਆਂ ਦੀ ਪੂਜਾ ਕਰਦੇ ਹਨ।

ਜਣੇਪੇ ਦੀਆਂ ਰਸਮਾਂ: ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿਛੋਂ ਬੱਚਾ ਤੇ ਜੱਚਾ ਨੂੰ ਧੂਫ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ਼ ਕੇ ਰੱਖਿਆ ਜਾਂਦਾ ਸੀ। ਜਿਹੜਾ ਦਸ ਦਿਨ ਲਗਾਤਾਰ ਜਗਦਾ ਰਹਿੰਦਾ ਸੀ। ਮੁੰਡਾ ਜੰਮਿਆ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਇਚਾਰੇ ਦੇ ਹੋਰ ਬੰਦੇ ਵਧਾਇਆਂ ਲੈ ਕੇ ਆ ਜਾਂਦੇ ਸਨ।

ਗੁੜ੍ਹਤੀ: ਬੱਚੇ ਦੇ ਜਨਮ ਤੋਂ ਇਕਦਮ ਬਾਅਦ ਕੋਈ ਚੀਜ਼ (ਗੁੜ, ਸ਼ਹਿਦ ਜਾਂ ਦੁੱਧ ਆਦਿ) ਉਸਦੇ ਮੂੰਹ ਨੂੰ ਲਾਈ ਜਾਂ ਚਟਾਈ ਜਾਂਦੀ ਸੀ, ਉਸ ਰਸਮ ਨੂੰ ਗੁੜ੍ਹਤੀ ਦੇਣ ਵਾਲ਼ੇ ਬੰਦੇ ਦੇ ਸੁਭਾਅ ਜਿਹਾ ਹੀ ਹੋਵੇਗਾ।

ਪੰਜਵੀਂ-ਨਾਉਂਣ: ਜਣੇਪੇ ਤੋਂ ਪੰਜ ਦਿਨ ਪਿੱਛੋਂ 'ਪੰਜਵੀਂ-ਨ੍ਹਾਉਣ' ਦੀ ਰੀਤ ਸੀ। ਪੰਜਵੇ ਦਿਨ ਮਾਂਵਾਂ ਪਾਣੀ ਵਿੱਚ ਸੇਂਜੀ, ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਨ੍ਹਾਉਂਦੀਆਂ ਸਨ। ਇਹ 'ਪੰਜਵੀ ਨ੍ਹਾਉਣ' ਦਾਈ ਕਰਾਉਂਦੀ ਸੀ। ਨ੍ਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁੱਝ ਨਕਦੀ ਰਖਾ ਲੈਂਦੀ ਸੀ, ਜਿਹੜੀ ਬਾਅਦ ਵਿੱਚ ਉਸੇ ਨੂੰ ਦੇ ਦਿੱਤੀ ਜਾਂਦੀ ਸੀ।

ਛਟੀ: ਛੇਵੇਂ ਦਿਨ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਆਈ ਜਾਂਦੀ ਸੀ। ਇਸ ਰਾਤ ਨੂੰ ਪੰਜਾਬ ਵਿੱਚ 'ਛਟੀ'।ਕਹਿੰਦੇ ਸਨ। ਇਸ ਵੇਲੇ ਮਾਂ ਰੱਜ ਕੇ ਖਾਂਦੀ ਸੀ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਹ ਜਿੰਨਾ ਨੀਅਤ ਭਰ ਕੇ ਖਾਏਗੀ, ਓਨੀ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ।

ਬਾਹਰ ਵਧਾਉਂਣ:ਪੰਜਾਬ ਵਿੱਚ 'ਬਾਹਰ ਵਧਾਉਣ' ਦੀ ਰਸਮ ਤੇਰ੍ਹਵੇ ਦਿਨ ਕੀਤੀ ਜਾਂਦੀ ਸੀ। ਮੁੰਡਾ ਹੋਵੇ ਤਾਂ ਇਸੇ ਸਮੇਂ ਸਾਰੇ ਲਾਗੀ ਤੋਂਹਫੇ ਲੈ ਕੇ ਵਧਾਇਆ ਦੇਣ ਆਉਂਦੇ ਸਨ। ਸ਼ਾਮ ਨੂੰ ਬੱਚੇ ਦੀ ਮਾਂ ਜਣੇਪੇ ਤੋਂ ਪਿੱਛੋਂ ਪਹਿਲੀ ਵਾਰੀ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਸੀ। ਬਾਹਰੋਂ ਚੰਗੇ ਸ਼ਗਨਾਂ ਵਾਸਤੇ ਉਹ ਹਰਾ ਘਾਹ ਪੁੱਟ ਲਿਆਉਂਦੀ ਸੀ।

ਭੇਲੀ: ਮੁੰਡਾ ਹੋਵੇ ਤਾਂ ਬਹੁਤੀ ਥਾਂਈ ਇਸੇ ਦਿਹਾੜੇ ਦਾਦਕਿਆਂ ਨੂੰ ਨਾਈ ਦੇ ਹੱਥ ਦੱਭ, ਖੰਮ੍ਹਣੀ ਤੇ ਗੁੜ ਦੀ ਭੇਲੀ ਭੇਜਦੇ ਹਨ। ਥੋੜ੍ਹਾ ਬਹੁਤ ਸ਼ਗਨ ਬਾਕੀ ਅੰਗਾਂ-।ਸਾਕਾਂ ਨੂੰ ਵੀ ਭੇਜਿਆ ਜਾਂਦਾ ਹੈ।

ਛੂਛਕ:ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ 'ਛੂਛਕ' ਭੇਜਣ ਦਾ ਰਿਵਾਜ਼ ਆਮ ਹੈ। ਮੁੰਡੇ ਦੇ ਜਨਮ ਤੋਂ ਪਿੱਛੋਂ ਆਉਣ ਵਾਲ਼ੀ ਲੋਹੜੀ ਉੱਤੇ ਮੁੰਡੇ-ਕੁੜੀਆਂ ਭੇਲੀ ਮੰਗ ਕੇ ਖਾਂਦੇ ਹਨ।

ਨਾਮ- ਸੰਸਕਾਰ:ਪੰਜਾਬ ਵਿੱਚ 'ਨਾਂ ਰੱਖਣ' ਵਾਸਤੇ ਕੋਈ 'ਨਾਮ - ਸੰਸਕਾਰ' ਨਹੀਂ ਮਨਾਇਆ ਜਾਂਦਾ। ਕਈ ਵਾਰ ਭਰਾਈ ਜਿਹੜਾ ਨਾਂ ਦੱਸ ਦੇਵੇ ਰੱਖ ਲੈਂਦੇ ਤੇ ਕਈ ਵਾਰ ਆਪਣੇ- ਆਪਣੇ ਧਾਰਮਿਕ ਗ੍ਰੰਥ ਦਾ ਕੋਈ ਪੰਨਾ ਪਿੰਡ ਦੇ ਗ੍ਰੰਥੀ, ਮੋਲਵੀ ਜਾਂ ਪੰਡਤ ਤੋਂ ਖੁਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲੈਂਦੇ ਹਨ।

ਮੁੰਡਨ- ਸੰਸਕਾਰ: ਹਿੰਦੂ ਪਰਿਵਾਰ ਵਿੱਚ ' ਮੁੰਡਨ ਸੰਸਕਾਰ' ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਸੀ।ਆਮ ਤੋਂਰ ਤੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ। ਜਿੱਥੇ ਦੀ ਬੱਚੇ ਦੇ ਮਾਪਿਆਂ ਨੇ ਸੁੱਖ ਸੁਖੀ ਹੋਵੇ।

ਜਨੇਊ: ਮੁੰਡਨ ਤੋਂ ਪਿੱਛੋਂ, 'ਜਨੇਊ' ਪਹਿਨਣ' ਤੱਕ ਪੰਜਾਬ ਦੇ ਹਿੰਦੂ ਆਮ ਤੌਰ ਤੇ ਹੋਰ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕਰਦੇ।

ਵਿਆਹ ਦੀਆਂ ਰਸਮਾਂ:

ਰੋਕਣ[2]: ਮੁੰਡੇ-ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜ੍ਹੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ,"ਰੋਕਣ" ਜਾਂ "ਠਾਕਣ" ਦੀ ਰਸਮ ਹੁੰਦੀ ਹੈ। ਪਹਿਲੇਂਂ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਇਆ ਭੇਜ ਦਿੰਦੇ ਸਨ। ਜਿਸ ਦਾ ਭਾਵ ਇਹ ਹੁੰਦਾ ਸੀ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ, ਨਾਤਾ ਪੱਕਾ ਹੈ। ਪਰ ਹੁਣ ਇਸ ਦੇ ਵੀ ਰੂਪ ਬਦਲ ਰਹੇ ਹਨ।

ਸਗਾਈ: ਵਰ ਲੱਭ ਕੇ ਨਾਤਾ ਤੈਅ ਹੋ ਜਾਣ ਤੋਂ ਪਿਛੋਂ "ਕੁੜਮਾਈ" ਜਾਂ "ਸਗਾਈ" ਦੀ ਰਸਮ ਹੁੰਦੀ ਹੈ। ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਖੰੰਮ੍ਹਣੀ, ਰੁਪਇਆ, ਪੰਜ ਮਿਸਰੀ ਦੇੇ ਕੂਜੇੇ,ਪੰਜ ਛੁਹਾਰੇ, ਕੇਸਰ ਆਦਿ ਦੇ ਕੇੇ ਮੁੰਡੇ ਦੇੇ ਘਰ ਨੂੰ ਘੱਲ ਦਿੰੰਦੇ ਹਨ। ਮੁੰਡੇ ਵਾਲ਼ਿਆਂ ਨੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਿੱਚ ਸੱਦਾ ਭੇਜਿਆ ਹੁੁੰਦਾ ਸੀ। ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂੂਰੀ ਵਿੱਚ ਮੁੁੰਡੇ ਨੂੰ ਚੌਂਕੀ ਤੇ ਬਿਠਾ ਲੈਂਂਦੇ ਅਤੇ ਨਾਈ ਆਪਣੇ ਨਾਲ ਲਿਆਂਦੀਆਂ ਚੀਜ਼ਾ ਉਸ ਦੀ ਝੋੋਲੀ ਵਿੱਚ ਪਾਕੇ ਕੇਸਰ ਦਾ ਟਿੱੱਕਾ ਉਸ ਦੇ ਮੱਥੇੇ ਉਤੇ ਲਾ ਦਿੰੰਦਾ। ਕੁੜੀ ਦਾ ਬਾਪ ਜਾਂ ਵਿਚੋਲਾ ਪੱੱਲੇ ਵਾਲ਼ੀਆ ਚੀਜ਼ਾ ਵਿਚੋਂ ਇੱਕ ਛੁੁੁਹਾਰਾ ਮੁੰੰਡੇ ਦੇ ਅਜਿਹੇ ਹਾਣੀਆ ਨੂੰ ਦਿੱਤੇ ਜਾਦੇਂ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋੋਣ ਦੀ ਆਸ ਹੁੰਦੀ।

ਮੁੰੰਡੇ ਵਾਲ਼ੇ ਨਾਈ ਦੇ ਹੱਥ ਮੰਗੇਤਰ ਕੁੜੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲ਼ੀ, ਖੰਡ, ਚੌਲ਼, ਛੁਹਾਰੇ ਤੇ ਨਕਦੀ ਆਦਿ ਘੱਲਦੇ। ਕੁੜੀ ਆਪਣੇ ਘਰ ਨ੍ਹਾਂ- ਧੋ, ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵੱਲ ਮੂੰਹ ਕਰ ਕੇ ਪੀੜੇ ਤੇ ਬੈਠ ਜਾਂਦੀ ਪਿੰਡ ਦੀ ਨਾਇਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੂੰਹ ਵਿੱਚ ਪਾ ਦਿੰਦੀ ਅਤੇ ਇਸ ਤਰਾਂ ਉਸ ਦੀ ਵੀ ਸਗਾਈ ਹੋਂ ਜਾਦੀ।

ਸਾਹਾ ਕਢਾਉਣਾ: ਮੰਗਣੀ ਤੋਂ ਪਿੱਛੋ ਕਿਸੇ ਸ਼ੁੱਭ ਮਹੀਨੇ ਦੀ ਤਿਥ ਤੇ ਘੜੀ ਵਿਆਹ ਲਈ ਨਿਯਤ ਕਰ ਲਈ ਜਾਂਦੀ ਹੈ। ਇਸ ਨੂੰ "ਸਾਹਾ ਕਢਾਉਣਾ" ਕਿਹਾ ਜਾਂਦਾ ਹੈ।

ਲਗਨ: ਇਸ ਤੋਂ ਪਿੱਛੋ ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਣ ਤਾਂ ਕੁੜੀ ਵਾਲ਼ੇ 'ਸਾਹੇ ਦੀ ਚਿੱਠੀ' ਜਾਂ 'ਲਗਨ' ਲਿਖਾਉਂਦੇ ਹਨ। ਚਿੱਠੀ ਨੂੰ ਦੱਭ, ਚੌਲ਼, ਹਲ਼ਦੀ, ਖੰਮ੍ਹਣੀ ਆਦਿ ਵਿੱਚ ਲਪੇਟ ਕੇ ਨਾਈ, ਪੰਡਿਤ ਜਾਂ ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲ਼ਿਆਂ ਨੂੰ ਭੇਜਿਆ ਜਾਂਦਾ ਹੈ।

ਵਿਆਹ ਦੀਆਂ ਤਿਆਰੀਆਂ: ਸਾਹੇ ਦੀ ਚਿੱਠੀ ਤੋਂ ਪਿੱਛੋ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਦੀਂਆਂ ਹਨ। ਕੁੜੀ ਵਾਲੇ ਭਾਇਚਾਰੇ ਵਿੱਚ ਮੌਲੀ ਜਾਂ ਰੂੰ ਕੱਤਣ ਤੇ ਪੀਹਣ ਲਈ ਦਾਣੇ ਵੰਡ ਦਿੰਦੇ, ਅੱਜ-ਕੱਲ੍ਹ ਅਜਿਹੇ ਕੰਮ ਮਸ਼ੀਨਾਂ ਤੇ ਕਰਾ ਲਏ ਜਾਂਦੇ ਹਨ। ਫੇਰ ਵੀ ਕੁੜੀ ਦਾ ਵਿਆਹ ਸਾਰੇ ਭਾਇਚਾਰੇ ਦਾ ਕੰਮ ਸਮਝਿਆ ਜਾਂਦਾ ਹੈ। ਮੁੰਡੇ ਵਾਲੇ ਵੀ ਘਰ ਵਰੀ ਆਦਿ ਤਿਆਰ ਕਰਨ ਲੱਗ ਜਾਂਦੇ ਹਨ।

ਥੜ੍ਹੇ ਪਾਉਂਣਾ: ਜਿਸ ਦਿਨ ਤੋ ਲਗਨ ਭੇਜ ਦਿੱਤਾ ਜਾਂਦਾ ਹੈ, ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ, ਕਿਸੇ ਨਾਲ ਹੱਸਣਾ,ਬੋਲਣਾ, ਤੇ ਕੰਮ ਕਰਨਾ ਮਨ੍ਹਾ ਹੋ ਜਾਂਦਾ ਹੈ। ਇਸ ਨੂੰ "ਸਾਹੇ ਲੱਤ ਬੰਨਣਾ" ਜਾਂ "ਥੜੇ ਪਾਉਣਾ" ਕਹਿੰਦੇ ਹਨ।

ਕੜ੍ਹਾਹੀ: ਸੱਤ ਜਾਂ ਨੌਂ ਦਿਨ ਪਹਿਲਾਂ "ਕੜ੍ਹਾਹੀ ਚੜ੍ਹਾਈ" ਜਾਂਦੀ ਸੀ। ਵਿਆਂਹਦੜ ਦੀ ਮਾਂ ਇਸ ਕੜ੍ਹਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਜਾਦੀ ਤੇ ਉਹਨਾ ਨੂੰ ਵਿਆਹ ਦਾ ਦਿਨ ਦੱਸ ਆਉਂਦੀ। ਤੇ ਉਹ 'ਨਾਨਕੀ ਛੱਕ ' ਤਿਆਰ ਕਰਨ ਲੱਗ ਜਾਂਦੇ।

ਵਟਣਾ: ਵਿਆਹ ਤੋਂ ਪਹਿਲਾਂ ਵੱਡੀ ਰੀਤ ਕੇਵਲ ਵਟਣੇ ਜਾਂ ਮਾਂਈਏ ਦੀ ਹੁੰਦੀ ਸੀ। ਬੰਨੜੇ ਜਾਂ ਬੰਨੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਂਆ ਫੜ ਕੇ ਪੀਲ਼ੀ ਚਾਦਰ ਦਾ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ। ਇੱਕ ਠੂਠੀ ਵਿੱਚ ਤੇਲ, ਪਾਣੀ ਤੇ ਹਲਦੀ ਮਿਲ਼ਾ ਕੇ ਵਟਣਾ ਤਿਆਰ ਕੀਤਾ ਹੁੰਦਾ। ਇਹ ਵਟਣਾ ਘਾਹ ਦੀ ਗੁੱਟੀ ਨਾਲ ਲਾ-ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲ਼ ਦੀ ਲਿਟ ਨੂੰ ਲਾਇਆ ਜਾਂਦਾ। ਇਹ ਵਿਆਹ ਵਾਲੇ ਦਿਨ ਤੱਕ ਲੱਗਦਾ ਰਹਿੰਦਾ ਸੀ।

ਨਾਨਕਾ-ਮੇਲ: ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ-ਸਾਕ ਪਹੁੰਚਣੇ ਸ਼ੁਰੂ ਹੋ ਜਾਦੇਂ ਹਨ। ਸਭ ਤੋਂ ਵਧੇਰਾ ਮੇਲ਼ ਨਾਨਕਿਆਂ ਦਾ ਹੁੰਦਾ ਹੈ, ਜਿਹੜੇ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਬਿਸਤਰੇ, ਪਲੰਘ, ਬਰਤਨ ਤੇ ਕੱਪੜੇ-ਲੀੜੇ ਲੈ ਕੇ ਫੜਿਆ ਹੁੰਦਾ ਹੈ। ਬਾਕੀ ਮੇਲ਼, ਚੋਹਲ ਕਰਦਾ ਤੇ ਬੰਬੀਹਾ ਬੁਲਾਉਂਦਾ ਪਿੰਡ ਦੀ ਜੂਹ ਵਿੱਚ ਵੜਦਾ ਹੈ।

ਘੋੜੀ: ਦੂਜੇ ਦਿਨ ਚੰਨ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵਟਣਾ ਮਲ਼ ਕੇ ਕੇ ਨੁਹਾ ਦਿੰਦੇ ਹਨ। ਨੁਹਾ ਕੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ। ਇਸ ਤੋਂ ਪਿਛੋਂ ਮੁੰਡੇ ਦੇ ਸਿਰ ਤੇ ਸਿਹਰਾ ਬੰਨ੍ਹ ਦਿੰਦੇ ਹਨ। ਸਰਬਾਲ੍ਹੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸਿਹਰਾ ਬੰਨਿਆਂ ਜਾਂਦਾ ਹੈ। ਇਸ ਤੋਂ ਪਿੱਛੋਂ 'ਘੋੜੀ' ਦੀ ਰੀਤ ਹੁੰਦੀ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ 'ਸੁਰਮਾ ਪੁਆਈ' ਲੈ ਲੈਦੀਂ ਹੈ। ਉਸ ਤੋਂ ਪਿੱਛੇ ਉਸ ਦੀ ਭੈਣ ਵਾਗ ਫੜਦੀ ਹੈ

ਮਿਲਣੀ: ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿੱਚ ਪਹੁੰਚਣ ਤੇ 'ਮਿਲਣੀ' ਹੁੰਦੀ ਹੈ। ਮਿਲਣੀ ਤੋਂ ਪਿੱਛੋ ਜੰਨ ਡੇਰੇ ਪਹੁੰਚ ਜਾਂਦੀ ਹੈ। ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ

ਲਾਵਾਂ:ਵਿਆਹ ਵਿੱਚ ਲਾਵਾਂ ਦੀ ਰਸਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾਂ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ। ਪਰ ਇਹਨਾਂ ਰਸਮਾਂ ਵਿੱਚ ਥਾਂ-ਥਾਂ ਤੇ ਰਿਵਾਜ ਅਨੁਸਾਰ ਤਬਦੀਲੀ ਕੀਤੀ ਜਾਂਦੀ ਹੈ। ਸੁਹਾਗ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ -ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ ਸਮੇਂ ਚਾਰ ਲਾਵਾਂ ਲੈਦੀਂ ਹੈ।

ਵਰੀ: ਫਿਰ "ਵਰੀ" ਹੁੰਦੀ ਹੈ। ਜਿਹੜੀਆਂ ਵੀ 'ਵਰੀ' ਲੈ ਕੇ ਆਏ ਹੋਣ, ਥਾਲ਼ੀਆ, ਟੋਕਰਿਆ ਵਿੱਚ ਖਿਲਾਰ ਕੇ ਬੰਦ ਦੀ ਬੰਦ ਕੁੜੀ ਵਾਲ਼ਿਆਂ ਦੇ ਘਰ ਲਿਆਂਉਂਦੇ ਹਨ।

ਦਾਜ ਜਾਂ ਖੱਟ:ਇਸੇ ਤਰਾਂ ਜੰਨ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲ਼ੇ ਮੁੰਡੇ ਵਾਲ਼ਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲ਼ਾ 'ਦਾਜ' ਤੇ 'ਖੱਟ' ਵਿਖਾਉਂਦੇ ਹਨ।

ਡੋਲੀ:[3] ਇਸ ਤੋਂ ਪਿੱਛੋਂ ਜੰਨ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ, ਕੁਰਲਾਉਂਦੀ ਨੂੰ ਡੋਲ਼ੇ ਜਾਂ ਰੱਥ ਵਿੱਚ ਬਿਠਾ ਆਉਂਦਾ ਹੈ।

ਵਾਰਨੇ-ਵਾਰਨਾ:ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਸ਼ਗਨਾ ਦੀ ਥਾਲੀ ਲੈ ਕੇ ਨੂੰਹ-ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਉਤੇ ਉਹ ਪਾਣੀ ਨਾਲ਼ "ਵਾਰਨੇ ਵਾਰਦੀ" ਹੈ। ਉਹ ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ। ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ।

ਛਟੀ ਖੇਡਣਾ: ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾ, ਸ਼ਹੀਦਾ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ ਕਈ ਥਾਵਾਂ ਉੱਤੇ ਇਸ ਸਮੇਂ ਛਟੀ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵਹੁਟੀ ਇੱਕ ਦੂਜੇ ਦੇ ਸੱਤ- ਸੱਤ ਛਟੀਆਂ ਮਾਰਦੇ ਹਨ। ਇਸ ਸ਼ਾਮ ਉਹ "ਕੰਗਣਾ" ਖੇਲਦੇ ਹਨ।

ਪੇਟੀ ਖੁਲ੍ਹਾਈ: ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ 'ਦਿਖਾਵਾ' ਦਿਖਾਈਆ ਜਾਂਦਾ ਹੈ। ਬਹੂ ਦੀ ਛੋਟੀ ਨਣਾਨ ਪੇਟੀ ਖੋਲ੍ਹਦੀ ਹੈ ਤੇ "ਪੇਟੀ ਖੁਲ੍ਹਾਈ" ਦਾ ਮਨਭਾਉਂਦਾ ਸੂਟ ਕੱਢ ਲੈਂਦੀ ਹੈ।

ਵਿਆਹ ਦੀਆਂ ਇਨ੍ਹਾਂ ਰਸਮਾਂ ਵਿੱਚ ਹੁਣ ਕਿਤੇ-ਕਿਤੇ ਤਬਦੀਲੀ ਆ ਗਈ ਹੈ।

ਹਵਾਲੇ

[ਸੋਧੋ]
  1. ਸ੍ਰੀ ਗੁਲਜਾਰ, ਸੰਧੂ (2015). ਪੰਜਾਬ ਦੇ ਰਸਮ ਰਿਵਾਜ਼.
  2. ਸੰਧੂ, ਸ੍ਰੀ ਗੁਲਜਾਰ (2015). ਪੰਜਾਬ ਦੇ ਰਸਮ ਰਿਵਾਜ਼.
  3. ਡਾ.ਬਰਿੰਦਰ, ਕੌਰ. ਪੰਜਾਬੀ ਸੱਭਿਆਚਾਰ.