ਫੁਕੂਸ਼ੀਮਾ ਰੀਐਕਟਰ ਲੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੁਕੂਸ਼ੀਮਾ ਪ੍ਰਮਾਣੂ ਪਲਾਂਟ ਵਿੱਚ ਲੀਕੇਜ ਦੇ ਖਤਰੇ ਨੂੰ ਕਾਬੂ ਕਰਨ ਲਈ ਜੂਝ ਰਹੇ ਵਿਗਿਆਨਕਾਂ ਨੇ ਕੁਝ ਕਾਮਯਾਬੀ ਹਾਸਲ ਕੀਤੀ, ਲੇਕਿਨ ਰਿਐਕਟਰ ਨੰਬਰ ਤਿੰਨ ਵਿੱਚ ਫਿਰ ਤਾਪਮਾਨ ਵਧ ਕੇ ਰੇਡੀਓਐਕਟਿਵ ਗੈਸਾਂ ਨੂੰ ਹਵਾ ਵਿੱਚ ਛੱਡੇ ਜਾਣ ਦੀ ਖਬਰ ਹੈ। ਐਤਵਾਰ ਦੁਪਹਿਰ ਨੂੰ ਆਯੋਜਤ ਪ੍ਰੈਸ ਮਿਲਣੀ ਵਿੱਚ ਜਾਪਾਨ ਦੀ ਪ੍ਰਮਾਣੂ ਅਤੇ ਉਦਯੋਗਿਕ ਸੁਰੱਖਿਆ ਏਜੰਸੀ ਦੇ ਬੁਲਾਰੇ ਹਿਦੇਹਿਕੋ ਨਿਸ਼ਿਯਾਮਾ ਨੇ ਕਿਹਾ ਕਿ ਰਿਐਕਟਰ ਨੰਬਰ ਤਿੰਨ ਵਿੱਚ ਓਵਰਹੀਟਿੰਗ ਦੇ ਕਾਰਨ ਕੁਝ ਰੇਡੀਓਐਕਟਿਵ ਗੈਸਾਂ ਨੂੰ ਛੱਡਣਾ ਪਵੇਗਾ। ਤ੍ਰਾਸਦੀ ਤੋਂ ਬਚਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਇਸ ਕਾਰਨ ਟੋਕੀਓ ਪਾਵਰ ਕੰਪਨੀ ਅਤੇ ਸੈਲਫ ਡਿਫੈਂਸ ਫੋਰਸਿਜ ਦੇ ਮੁਲਾਜ਼ਮਾਂ ਵਲੋਂ ਰਿਐਕਟਰ ਦੇ ਕੂਲਿੰਗ ਸਿਸਟਮ ਤੱਕ ਬਿਜਲੀ ਪਹੁੰਚਾਉਣ ਦੇ ਯਤਨਾਂ ਨੂੰ ਵੀ ਝਟਕਾ ਲੱਗੇਗਾ। ਗੌਰਤਲਬ ਹੈ ਕਿ 11 ਮਾਰਚ ਨੂੰ ਆਈ ਸੁਨਾਮੀ ਦੇ ਬਾਅਦ ਤੋਂ ਹੀ ਜਾਪਾਨ ਦੇ ਫੁਕੁਸ਼ਿਮਾ ਪ੍ਰਮਾਣੂ ਸੰਯੰਤਰ ਤੋਂ ਵਿਕਿਰਣ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। 300 ਕੁਸ਼ਲ ਇੰਜੀਨੀਅਰ ਅਤੇ ਵਿਗਿਆਨਕ ਜਾਨ ਦੀ ਬਾਜ਼ੀ ਲਗਾ ਕੇ ਯੂਕ੍ਰੇਨ ਦੇ ਚਰਨੋਬਿਲ ਪ੍ਰਮਾਣੂ ਹਾਦਸੇ ਦੇ ਬਾਦ ਤੋਂ ਇਸ ਸਭ ਤੋਂ ਵੱਡੇ ਪ੍ਰਮਾਣੂ ਹਾਦਸੇ ਨੂੰ ਰੋਕਣ ਦਾ ਯਤਨ ਕਰ ਰਹੇ ਹਨ। ਪਰ 11 ਮਾਰਚ, 2011 ਨੂੰ ਰਿਕਟਰ ਪੈਮਾਨੇ ’ਤੇ 9 ਤੀਬਰਤਾ ਦਾ ਭੂਚਾਲ,ਸੁਨਾਮੀ ਤੇ ਪਰਮਾਣੂ ਰਿਐਕਟਰਾਂ ’ਚ ਧਮਾਕੇ ਹੋਏ। ਇੰਨੀ ਤਬਾਹੀ ਇੰਨੀ ਮਾਰ ‘ਜਪਾਨ ਪਰਮਾਣੂ ਤਬਾਹੀ ਦੀ ਕਗਾਰ ’ਤੇ ਜਪਾਨ ਦੀ ਤ੍ਰਾਸਦੀ ਸਦੀਆਂ ਤੱਕ ਲੋਕ ਯਾਦ ਰੱਖਣਗੇ ਅਤੇ ਭੁਗਤਣਗੇ ਵੀ’ ਅਖ਼ਬਾਰਾਂ ਦੀਆਂ ਸੁਰਖੀਆਂ ਦਿਲ ਕੰਬਾਅ ਦਿੰਦੀਆਂ ਹਨ। ਜਪਾਨ ਸਰਕਾਰ ਆਪਣੇ ਵੱਲੋਂ ਪੂਰੀ ਸੁਹਿਰਦਤਾ ਨਾਲ ਹੋਰ ਨੁਕਸਾਨ ਤੋਂ ਬਚਾਅ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਪਰ ਖ਼ਤਰਾ ਹੈ ਕਿ ਹੋਰ-ਹੋਰ ਵਧਦਾ ਜਾਂਦਾ ਹੈ। ਪਰਮਾਣੂ ਰਿਐਕਟਰਾਂ ’ਚੋਂ ਰਿਸਾਅ ਉੱਪਰੰਤ ਆਲੇ-ਦੁਆਲੇ ਦੇ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ। ਫਿਰ ਵੀ ਸੈਂਕੜੇ ਵਿਅਕਤੀ ਰੇਡੀਏਸ਼ਨਾਂ ਦੀ ਮਾਰ ਹੇਠ ਆ ਚੁੱਕੇ ਹਨ। ਹਰ ਵਿਅਕਤੀ ਸਹਿਮ ’ਚ ਹੈ। ਡਰ ਹੈ ਕਿ ਕਿਤੇ ਪ੍ਰਮਾਣੂ ਵਿਕਰਣ ਹਵਾ ਤੇ ਪਾਣੀ ’ਤੇ ਸਵਾਰ ਹੋ ਕੇ ਉਹਨਾਂ ਤੱਕ ਨਾ ਪਹੁੰਚ ਜਾਵੇ। ਭੂਚਾਲ ਨਾਲ 4 ਇੰਚ ਧਰਤੀ ਧਸ ਗਈ ਹੈ ਅਤੇ ਦੀਪ 8 ਇੰਚ ਧਸ ਗਏ ਹਨ। ਲੱਖਾਂ ਲੋਕ ਆਪਣਿਆਂ ਤੋਂ ਵਿਛੜ ਗਏ ਹਨ, ਬੇਘਰ ਹੋ ਗਏ ਹਨ ਅਤੇ ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਹਨ। ਦੱਖਣ-ਪੱਛਮ ਜਪਾਨ ਵਿੱਚ ਸ਼ਿਨਮੋਡਕ ਜਵਾਲਾਮੁਖੀ ਫਟਣ ਮਗਰੋਂ ਹਵਾ ਵਿੱਚ 4 ਕਿਲੋਮੀਟਰ ਉੱਪਰ ਤੱਕ ਫੈਲ ਗਿਆ ਹੈ। ਸਮੁੰਦਰ ਰਾਖ਼ਸ਼ ਬਣ ਗਿਆ ਹੈ, ਲਹਿਰਾਂ ਦੀ ਅਜਿਹੀ ਤਾਨਾਸ਼ਾਹੀ ਕਿ ਹਰ ਚੀਜ਼ ਦਾ ਵਜੂਦ ਮਿੱਟੀ ’ਚ ਮਿਲ ਗਿਆ। ਜਿਸ ਮੈਟਰੋ ’ਤੇ ਜਪਾਨ ਨੂੰ ਨਾਜ਼ ਸੀ ਉਹ ਤਹਿਸ-ਨਹਿਸ ਹੋ ਗਈ। ਪੂਰੇ ਦੇ ਪੂਰੇ ਸ਼ਹਿਰ ਹਿਲ ਗਏ, ਸੰਸਦ ’ਚ ਸਾਂਸਦਾਂ ਦੇ ਸਾਹ ਰੁਕ ਗਏ। ਹਜ਼ਾਰਾਂ ਖੜ੍ਹੀਆਂ ਕਾਰਾਂ ਅਗਨੀ ਭੇਟ ਹੋ ਗਈਆਂ ਹਨ। ਭਾਵੇਂ ਹਵਾਈ ਮਦਦ ਨਾਲ ਲੋਕਾਂ ਦਾ ਬਚਾਅ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ। ਵਿਦੇਸ਼ੀ ਮੁਲਕ, ਵਿਦੇਸ਼ੀ ਏਜੰਸੀਆਂ ਮਦਦ ਲਈ ਆ ਗਈਆਂ ਹਨ। ਮੁਸੀਬਤ ਜ਼ਦਾ ਲੋਕਾਂ ਨੂੰ ਖਾਣਾ ਅਤੇ ਪੀਣ ਦਾ ਪਾਣੀ ਉਪਲਬਧ ਨਹੀਂ ਹੈ, ਹਰ ਪਾਸੇ ਤ੍ਰਾਹ-ਤ੍ਰਾਹ ਹੋ ਰਹੀ ਹੈ।

ਜਾਪਾਨ ਵਿੱਚ ਭੂਚਾਲ ਅਤੇ ਸੁਨਾਮੀ ਦੇ ਬਾਅਦ ਫੈਲ ਰਿਹਾ ਪ੍ਰਮਾਣੂ ਖਤਰਾ ਖਤਰਨਾਕ ਰੂਪ ਲੈ ਰਿਹਾ ਹੈ। ਫੁਕੁਸ਼ਿਮਾ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਰੇਡੀਏਸ਼ਨ ਅਤੇ ਖਤਰਨਾਕ ਰਸਾਇਣਾਂ ਦਾ ਮਾਤਰਾ ਜ਼ਿਆਦਾ ਹੋ ਗਈ ਹੈ। ਫੁਕੁਸ਼ਿਮਾ ਸ਼ਹਿਰ ਵਿੱਚ ਸਪਲਾਈ ਹੋਣ ਵਾਲੇ ਪਾਣੀ ਵਿੱਚ ਰੇਡੀਓਐਕਟਿਵ ਆਇਓਡੀਨ ਦੀ ਮਾਤਰਾ ਸੁਰੱਖਿਅਤ ਪੱਧਰ ਤੋਂ ਵੱਧ ਪਾਈ ਗਈ ਹੈ। ਟੋਕੀਓ ਸਮੇਤ ਫੁਕੁਸ਼ਿਮਾ ਦੇ ਕਈ ਗੁਆਂਢੀ ਸ਼ਹਿਰਾਂ ਤੋਂ ਵੀ ਅਜਿਹੀਆਂ ਹੀ ਖਬਰਾਂ ਹਨ। ਸਥਿਤੀ ਵਿਗੜਣ ‘ਤੇ ਪ੍ਰਸ਼ਾਸਨ ਲੋਕਾਂ ਨੂੰ ਟੂਟੀਆਂ ਦਾ ਪਾਣੀ ਨਾ ਪੀਣ ਦਾ ਆਦੇਸ਼ ਵੀ ਦੇ ਸਕਦਾ ਹੈ। ਫੁਕੁਸ਼ਿਮਾ ਵਿੱਚ ਸਬਜ਼ੀਆਂ ਅਤੇ ਦੁੱਧ ਵਿੱਚ ਰੇਡੀਏਸ਼ਨ ਦੀ ਮਾਤਰਾ ਪਹਿਲਾਂ ਹੀ ਸੁਰੱਖਿਅਤ ਲੈਵਲ ਤੋਂ ਜ਼ਿਆਦਾ ਰਿਕਾਰਡ ਕੀਤਾ ਜਾ ਚੁੱਕਾ ਹੈ। ਰੇਡੀਏਸ਼ਨ ਜਾਪਾਨ ਤੋਂ ਬਾਹਰ ਵੀ ਫੈਲ ਰਿਹਾ ਹੈ। ਇਹ ਅਮਰੀਕਾ ਦੇ ਕੈਲੇਫੋਰਨੀਆ ਤੱਕ ਪਹੁੰਚ ਗਿਆ ਹੈ।

ਭੂਚਾਲ ਅਤੇ ਸੁਨਾਮੀ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਾਪਾਨੀ ਪੁਲਸ ਦਾ ਕਹਿਣਾ ਹੈ ਕਿ ਭੂਚਾਲ ਅਤੇ ਸੁਨਾਮੀ ਨਾਲ ਇਕੱਲੇ ਮਿਆਮੀ ਪਰਫੈਕਚਰ ਵਿੱਚ 28000 ਲੋਕ ਮਾਰੇ ਗਏ ਹਨ ਯਾ ਲਾਪਤਾ ਹਨ।