ਸਮੱਗਰੀ 'ਤੇ ਜਾਓ

ਸੰਰਚਨਾਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਣਤਰਵਾਦ ਤੋਂ ਮੋੜਿਆ ਗਿਆ)

ਸੰਰਚਨਾਵਾਦ

[ਸੋਧੋ]

ਸੰਰਚਨਾਵਾਦ ਪ੍ਰਾਥਮਿਕ ਤੌਰ ਤੇ ਆਧੁਨਿਕ ਭਾਸ਼ਾ ਵਿਗਿਆਨ ਤੇ ਆਧਾਰਿਤ ਸਿਰਜੀ ਗਈ ਇੱਕ ਵਿਸ਼ੇਸ਼ ਅਧਿਐਨ ਪ੍ਰਣਾਲੀ ਹੈ। ਪ੍ਰਸਿੱਧ ਸਵਿਸ ਭਾਸ਼ਾ ਵਿਗਿਆਨੀ ਫਰਡੀਨੰਦ ਡੀ. ਸੋਸਿਊਰ (Ferdinand De Saussure) ਆਧੁਨਿਕ ਭਾਸ਼ਾ ਵਿਗਿਆਨ ਦੀ ਇਸ ਸੰਰਚਨਾਵਾਦੀ ਅਧਿਐਨ ਪ੍ਰਣਾਲੀ ਦੇ ਬਾਨੀ ਹਨ।[1] ਸੰਰਚਨਾਵਾਦ ਮੂਲ ਰੂਪ ਵਿੱਚ ਯਥਾਰਥ ਬੋਧ ਦਾ ਸਾਹਿਤ ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀਂ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂ ਜਾਰੀ ਰਹਿੰਦੀ ਹੈ।[2] ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇਂ ਢੰਗ ਅਤੇ ਵੱਖਰੇ ਸੰਦਰਭ ਵਿੱਚ ਵਿਆਖਿਆ ਕਰ ਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। Structure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ।[3] 20 ਵੀਂ ਸਦੀ ਦਾ ਕਾਲ ਨਾ ਕੇਵਲ ਭਾਰਤੀ ਚਿੰਤਨ ਵਿੱਚ ਸਗੋਂ ਵਿਸ਼ਵ ਭਰ ਦੇ ਚਿੰਤਨ ਵਿੱਚ ਵਿਸ਼ੇਸ਼ ਪ੍ਰਾਪਤੀ ਵਾਲਾ ਕਾਲ ਕਿਹਾ ਜਾ ਸਕਦਾ ਹੈ। ਸੰਰਚਨਾਵਾਦ ਦਾ ਮੁੱਢ ਸਵਿਟਜ਼ਰਲੈਂਡ ਦੇ ਭਾਸ਼ਾ ਵਿਗਿਆਨੀ ਸੋਸਿਊਰ ਦੀਆਂ ਭਾਸ਼ਾ ਬਾਰੇ ਧਾਰਨਾਵਾਂ ਤੋਂ ਬੱਝਾ ਮੰਨਿਆ ਜਾਂਦਾ ਹੈ ਲੇਕਿਨ ਬਾਅਦ ਵਿੱਚ ਰੂਸੀ ਰੂਪਵਾਦੀਆਂ ਦੇ ਸਾਹਿਤ ਦਾ ਵਿਗਿਆਨ ਲੱਭਣ ਦੇ ਯਤਨਾਂ ਅਤੇ ਚੈਕੋਸਲਵਾਕੀਆ ਦੇ ਪਰਾਗ ਭਾਸ਼ਾ ਸਕੂਲ ਦੀਆਂ ਖੋਜਾਂ ਨੇ ਇਸਨੂੰ ਵਿਕਸਿਤ ਕੀਤਾ। ਪਰ ਸੋਸਿਊਰ ਅਤੇ ਪੂਰਵੀ ਯੋਰਪ ਦੇ ਭਾਸ਼ਾ ਅਦਾਰਿਆਂ ਦਾ ਸਾਂਝਾ ਪਿਤਾ ਪੋਲੈਂਡ ਦਾ "ਕਜ਼ਾਨ ਸਕੂਲ ਔਫ ਲਿੰਗਇਸਟਿਕਸ" ਦਾ ਮੁੱਖੀ ਬੋਦੂਆਂ ਦ ਕੋਰਤਨੀ ਸੀ। ਫਰਾਂਸ ਵਿੱਚ ਸੱਠਵਿਆਂ ਦਾ ਦਹਾਕਾ ਸੰਰਚਨਾਵਾਦ ਦੇ ਸਿਖਰ ਦਾ ਸਮਾਂ ਹੈ। ਸਾਹਿਤ, ਮਾਨਵ ਵਿਗਿਆਨ, ਮਨੋਵਿਗਿਆਨ, ਦਰਸ਼ਨ, ਵਿਚਾਰਾਂ ਦੇ ਸਿਸਟਮ ਦਾ ਇਤਿਹਾਸ, ਮਾਰਕਸਵਾਦ- ਇਹਨਾਂ ਸਾਰੇ ਵਿਚਾਰ ਪ੍ਰਬੰਧਾਂ ਦਾ ਘੋਖ ਬਿੰਦੂ ਸੰਰਚਨਾਵਾਦੀ ਅਧਿਐਨ ਵਿਧੀ ਬਣ ਗਿਆ। ਸੰਰਚਨਾਵਾਦੀ ਚੇਤਨਾ ਇਹੋ ਸਿਖਾਂਦੀ ਹੈ ਕਿ ਕੋਈ ਵਿਧੀ ਸਰਬਸੰਪੰਨ ਨਹੀਂ, ਇਹ ਵਿਚਾਰ ਪੱਧਰ ਤੇ ਵਾਪਰ ਰਹੇ ਵਿਰੋਧ ਵਿਕਾਸ ਦੀ ਪ੍ਰਕਿਰਿਆ ਦੇ ਵੱਸ ਹੁੰਦੀ ਹੈ।[4]

ਸੰਰਚਨਾਵਾਦ: ਇੱਕ ਅੰਤਰ - ਅਨੁਸ਼ਾਸਨੀ ਪਹੁੰਚ ਵਿਧੀ

[ਸੋਧੋ]

ਸੰਰਚਨਾਵਾਦ ਭਾਸ਼ਾ-ਵਿਗਿਆਨ ਮਾਡਲ ਤੇ ਅਧਾਰਿਤ ਇੱਕ ਅਜਿਹੀ ਪ੍ਰਣਾਲੀ ਹੈ,ਜੇਹੜੀ ਭਾਸ਼ਾ ਤੋਂ ਇਲਾਵਾ ਦੂਸਰੇ ਗਿਆਨ-ਅਨੁਸ਼ਾਸਨ ਦੇ ਅਧਿਐਨ ਲਈ ਪ੍ਰਯੋਗ ਹੋਈ ਤੇ ਹੋ ਰਹੀ ਹੈ। ਭਾਸ਼ਾ-ਵਿਗਿਆਨਕ ਅਧਿਐਨ ਮਾਡਲ ਦੀ ਇਹ ਸੰਰਚਨਾਵਾਦੀ ਵਿਧੀ ਭਾਸ਼ਾ ਤੋਂ ਇਲਾਵਾ ਸਮਾਜ ਵਿਗਿਆਨ, ਮਾਨਵ ਵਿਗਿਆਨ, ਸਾਹਿਤ ਅਤੇ ਹੋਰ ਕਲਾਵਾਂ, ਦਰਸ਼ਨ, ਮਨੋਵਿਗਿਆਨ ਆਦਿ ਵਿੱਚ ਵਿਸ਼ੇਸ਼ ਉਚੇਚ ਨਾਲ ਲਾਗੂ ਕੀਤੀ ਗਈ ਹੈ। ਸਰੰਚਨਾਵਾਦ ਦੀ ਅੰਤਰ- ਅਨੁਸ਼ਾਸਨੀ ਪਹੁੰਚ ਵਿਭਿੰਨ ਸੰਦਰਭਾਂ ਵਿੱਚ ਸਾਂਝੇ ਅਸੂਲਾਂ ਤੇ ਆਧਾਰਿਤ ਹੈ ; ਸਰੰਚਨਾਵਾਦ ਗਣਿਤ ਵਿਗਿਆਨ ਵਿੱਚ ਵਿਖੰਡਣੀਕਰਣ/ਖਾਨਾ ਖੰਡ ਦੇ ਵਿਰੁੱਧ, ਭਾਸ਼ਾ ਵਿਗਿਆਨ ਵਿੱਚ ਇਕੋਲਿਤਰੇ ਭਾਸ਼ਾ ਵਿਗਿਆਨਕ ਵਰਤਾਰਿਆਂ ਦੇ ਕਾਲਕ੍ਰਮਿਕ ਅਧਿਐਨ ਦੇ ਵਿਰੁੱਧ ਸੰਯੁਕਤ ਭਾਸ਼ਾਈ ਸਿਸਟਮਾਂ ਦੇ ਇਕਾਲਕੀ ਅਧਿਐਨ, ਮਨੋਵਿਗਿਆਨ ਵਿੱਚ ਅਣੂਵਾਦੀ ਪ੍ਰਵਿਰਤੀ ਦੇ ਉਲਟ ਸੰਪੂਰਨਤਾ ਵੱਲ, ਅਤੇ ਅਜੋਕੀਆਂ ਦਾਰਸ਼ਨਿਕ ਬਹਿਸਾਂ ਵਿੱਚ ਸੰਰਚਨਾਵਾਦ, ਇਤਿਹਾਸਵਾਦ, ਪ੍ਰਕਾਰਜਵਾਦ, ਤੇ ਇੱਥੋਂ ਤੱਕ ਕਿ ਮਨੁੱਖੀ ਵਿਸ਼ੇ ਨਾਲ ਸਬੰਧਤ ਹਰੇਕ ਸਿੱਧਾਂਤ ਨਾਲ ਦੋ-ਚਾਰ ਹੋ ਰਿਹਾ ਹੈ। ਸੋਸਿਊਰ ਦੇ ਭਾਸ਼ਾ ਵਿਗਿਆਨਕ ਮਾਡਲ ਨੂੰ ਅੱਗੋਂ ਕਲਾਦ ਲੇਵੀ ਸਤ੍ਰਾਸ ਨੇ ਮਾਨਵ ਵਿਗਿਆਨ ਦੇ ਖੇਤਰ ਵਿਸ਼ੇਸ਼ ਕਰ ਮਿੱਥ, ਆਦਿ ਮਨੁੱਖ,ਰੀਤੀ ਰਿਵਾਜ, ਅਤੇ ਰਿਸ਼ਤਾ ਨਾਤਾ ਪ੍ਰਬੰਧ ਤੇ ਲਾਗੂ ਕਰਕੇ ਨਵੀਨ ਅਤੇ ਮੌਲਿਕ ਸਿਧਾਂਤਕ ਪਰਿਪੇਖ ਉਸਾਰਿਆ।ਸਾਹਿਤ ਦੇ ਖੇਤਰ ਵਿੱਚ ਸਰੰਚਨਾਵਾਦੀ ਪ੍ਰਣਾਲੀ ਨੂੰ ਰੋਮਨ ਜੈਕਬਸਨ ਨੇ ਪ੍ਰਵੀਨਤਾ ਸਹਿਤ ਲਾਗੂ ਕੀਤਾ। ਉਸਨੇ ਭਾਸ਼ਾ ਵਿਗਿਆਨ ਅਤੇ ਕਾਵਿ ਸ਼ਾਸਤਰ ਦੇ ਸਬੰਧ ਨੂੰ ਨਵੇਂ ਪਰਿਪੇਖ ਵਿੱਚ ਪਰਿਭਾਸ਼ਿਤ ਕਰਦਿਆਂ ਕਾਵਿ ਭਾਸ਼ਾ, ਤੁਕਾਂਤ ਅਤੇ ਧੁਨੀ ਦਾ ਕਾਵਿਕ ਸੰਦਰਭਾਂ ਵਿੱਚ ਗੰਭੀਰ ਅਧਿਐਨ ਪੇਸ਼ ਕੀਤਾ।[5]

ਸੋਸਿਊਰ ਦੇ ਭਾਸ਼ਾ ਵਿਗਿਆਨਕ ਮਾਡਲ ਨੂੰ ਅੱਗੋਂ ਕਲਾਦ ਲੇਵੀ ਸਤ੍ਰਾਸ ਨੇ ਮਾਨਵ ਵਿਗਿਆਨ ਦੇ ਖੇਤਰ ਵਿਸ਼ੇਸ਼ ਕਰ ਮਿੱਥ, ਆਦਿ ਮਨੁੱਖ,ਰੀਤੀ ਰਿਵਾਜ, ਅਤੇ ਰਿਸ਼ਤਾ ਨਾਤਾ ਪ੍ਰਬੰਧ ਤੇ ਲਾਗੂ ਕਰਕੇ ਨਵੀਨ ਅਤੇ ਮੌਲਿਕ ਸਿਧਾਂਤਕ ਪਰਿਪੇਖ ਉਸਾਰਿਆ।

ਸਾਹਿਤ ਦੇ ਖੇਤਰ ਵਿੱਚ ਸਰੰਚਨਾਵਾਦੀ ਪ੍ਰਣਾਲੀ ਨੂੰ ਰੋਮਨ ਜੈਕਬਸਨ ਨੇ ਪ੍ਰਵੀਨਤਾ ਸਹਿਤ ਲਾਗੂ ਕੀਤਾ। ਉਸਨੇ ਭਾਸ਼ਾ ਵਿਗਿਆਨ ਅਤੇ ਕਾਵਿ ਸ਼ਾਸਤਰ ਦੇ ਸਬੰਧ ਨੂੰ ਨਵੇਂ ਪਰਿਪੇਖ ਵਿੱਚ ਪਰਿਭਾਸ਼ਿਤ ਕਰਦਿਆਂ ਕਾਵਿ ਭਾਸ਼ਾ, ਤੁਕਾਂਤ ਅਤੇ ਧੁਨੀ ਦਾ ਕਾਵਿਕ ਸੰਦਰਭਾਂ ਵਿੱਚ ਗੰਭੀਰ ਅਧਿਐਨ ਪੇਸ਼ ਕੀਤਾ।[6]

ਸੰਰਚਨਾਵਾਦ ਦਾ ਕੇਂਦਰੀ ਨੁਕਤਾ

[ਸੋਧੋ]

ਸੰਰਚਨਾਵਾਦ ਦਾ ਕੇਂਦਰੀ ਨੁਕਤਾ ਇਹ ਹੈ ਕਿ ਹਰ ਮਨੁੱਖੀ ਕਾਰਜ ਦੀ ਸਾਰਥਕਤਾ ਦਾ ਅਨੁਭਵ ਉਸਨੂੰ ਉਸਦੇ ਆਪਣੇ ਸਿਸਟਮ ਵਿੱਚ ਰਖਕੇ ਹੀ ਹੋ ਸਕਦਾ ਹੈ। ਸੰਰਚਨਾਤਮਕ ਵਿਸ਼ਲੇਸ਼ਣ ਦਾ ਅਧਾਰ ਉਹ ਦ੍ਰਿਸ਼ਟੀ ਹੈ ਜੋ ਕਿਸੇ ਟੈਕਸਟ ਨੂੰ ਸਜੀਵ ਇਕਾਈ ਮੰਨਦੀ ਦਾ ਵਿਸ਼ਲੇਸ਼ਣ ਪੂਰਵ- ਨਿਸ਼ਚਿਤ ਧਾਰਨਾਵਾਂ ਰਾਹੀਂ ਨਹੀਂ ਕੀਤਾ ਜਾ ਸਕਦਾ। ਸੰਰਚਨਾਵਾਦ ਪ੍ਰਮੁੱਖ ਤੌਰ ਤੇ ਇੱਕ ਅਜਿਹੀ ਵਿਧੀ ਹੈ ਜੋ ਅਧਿਐਨ ਨੂੰ ਵਸਤੂਪੂਰਵਕ ਰੱਖ ਕੇ ਇਸ ਪ੍ਰਕਿਰਿਆ ਨੂੰ ਅਧਿਏਤਾ ਦੇ ਅੰਤਰਮੁੱਖੀ ਪ੍ਰਭਾਵਾਂ ਤੋਂ ਬਚਾਈ ਰੱਖਦੀ ਹੈ।[7] ਸੰਰਚਨਾਵਾਦ ਦਾ ਆਰੰਭ ਗਿਆਨ ਅਤੇ ਵਿਗਿਆਨ-ਸ਼ਾਸ਼ਤਰ ਦੀ ਇੱਕ ਮੁੱਖ ਪ੍ਰਵਿਰਤੀ ਸੀ। ਇਹ ਸੰਰਚਨਾਵਾਂ ਬਾਰੇ ਵਿਸ਼ੇਸ਼ ਪ੍ਰਕਾਰ ਦੀ ਚਿੰਤਨ-ਪ੍ਰਣਾਲੀ ਸੀ, ਜੋ ਵਿਗਿਆਨਾਂ ਜਿਵੇਂ ਗਣਿਤ, ਮਨੋਵਿਗਿਆਨ ਆਦਿ ਵਿੱਚ ਵਧੇਰੇ ਪ੍ਰਚਲਿਤ ਹੋਈ। ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਵੀ ਸੰਰਚਨਾਵਾਦੀ ਚਿੰਤਨ ਸਾਹਮਣੇ ਆਇਆ ਪਰ ਸਮੇਂ ਦੇ ਬੀਤਣ ਨਾਲ ਸੰਰਚਨਾਵਾਦੀ ਸੰਕਲਪ ਤੇ ਚਿੰਤਨ ਸੀਮਿਤ ਅਤੇ ਸੰਕੁਚਿਤ ਰੂਪ ਧਾਰ ਗਿਆ। ਸੰਰਚਨਾਵਾਦੀ ਮੁੱਖ ਰੂਪ ਵਿੱਚ ਉਹ ਹਨ, ਜੋ ਸੰਰਚਨਾਵਾਂ ਵਿਸ਼ੇਸ਼ ਚਿੰਤਨ-ਪ੍ਰਣਾਲੀ ਦੀ ਸਾਂਝ ਵਿੱਚ ਬੱਝੇ ਹੋਏ ਹਨ, ਜਿਵੇਂ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਸੋਮਿਊਰ ਤੇ ਜੈਕਬਸਨ, ਸੰਰਚਨਾਵਾਦੀ, ਮਾਨਵਵਿਗਿਆਨ ਦੇ ਖੇਤਰ ਵਿੱਚ ਲੈਵੀ ਸਤ੍ਰਾਸ ਅਤੇ ਸੰਰਚਨਾਵਾਦੀ ਚਿਹਨ-ਵਿਗਿਆਨ ਦੇ ਖੇਤਰ ਵਿੱਚ ਗ੍ਰੇਮਾਸ ਅਤੇ ਰੋਲਾਂ ਬਾਰਤ। ਸੰਰਚਨਾਵਾਦੀਆਂ ਦਾ ਮੁੱਖ ਸਰੋਕਾਰ ਸੀ: ਮਨੁੱਖੀ ਸੰਸਾਰ ਨੂੰ ਜਾਣਨ ਦੀ ਰੂਚੀ ਜਾਂ ਯਥਾਰਥ ਦੀ ਖੋਜ, ਵਿਅਕਤੀਗਤ ਵਸਤਾਂ ਵਿੱਚ ਨਹੀਂ ਸਗੋਂ ਉਹਨਾਂ ਦੇ ਆਪਸੀ ਸੰਬੰਧਾਂ ਵਿਚ। ਉਹ ਸੰਸਾਰ ਨੂੰ ਵਸਤਾਂ ਦਾ ਨਹੀਂ ਸਗੋਂ ਤੱਥਾਂ ਦਾ ਸਮੂਹ ਮੰਨਦੇ ਹਨ। ਇਸ ਵਿੱਚ ਉਹ ਵਿਸਤਿਤ੍ਰ ਅਤੇ ਵਿਸ਼ਾਲ ਪ੍ਰਤੱਖਣਮਈ ਵਿਸ਼ਲੇਸ਼ਣ ਦੇ ਆਧਾਰ ਉੱਤੇ ਵਿਆਖਿਆਮਈ ਸੰਦਾਂ ਦੀ ਵਰਤੋਂ ਕਰਦੇ ਸਨ। ਉਹਨਾਂ ਦੀ ਮੁੱਖ ਰੁਚੀ ਵਿੱਚ ਵਸਤੂਨਿਸ਼ਠਤਾ ਦਾ ਵੱਡਾ ਆਧਾਰ ਸੀ ਜੋ ਕਿ ਚਲੀ ਆ ਰਹੀਂ ਵਿਗਿਆਨਕ ਦ੍ਰਿਸ਼ਟੀ ਹੀ ਸੀ। ਇਸੇ ਦ੍ਰਿਸ਼ਟੀ ਰਾਹੀਂ ਉਹ ਸਤਿ ਦੇ ਪਰੰਪਰਾਗਤ ਵਿਗਿਆਨਿਕ ਆਸ਼ੇ ਨਾਲ ਵੀ ਜੁੜੇ ਹੋਏ ਸਨ। ਸੰਰਚਨਾਵਾਦ ਨੇ ਸਾਹਿਤ ਅਧਿਐਨ ਨੂੰ ਵੱਧ ਤੋਂ ਵੱਧ ਵਿਗਿਆਨਕ ਲੀਹਾਂ ਉੱਤੇ ਸਥਾਪਿਤ ਕਰ ਦਿੱਤਾ ਅਤੇ ਸਿਸਟਮ ਤੇ ਸੰਬੰਧਾਂ ਦੀ ਖੋਜ ਵਲ ਰੁਚਿਤ ਕੀਤਾ। ਇਸ ਵਿਚੋਂ ਹੀ ਸ਼ਬਦ-ਵਿਵਸਥਾ ਅਤੇ ਸਾਹਿਤ-ਸਿਸਟਮ ਦੇ ਸਿਧਾਂਤ ਸਾਹਮਣੇ ਆਏ ਅਤੇ ਭਾਸ਼ਾ ਵਿਗਿਆਨ ਤੇ ਸੱਭਿਆਚਾਰ ਸਿਸਟਮ ਦੀਆਂ ਕੈਟੇਗਰੀਆਂ ਦੇ ਵਿਆਪਕ ਆਧਾਰ ਉੱਤੇ ਸੰਦ ਪ੍ਰਬਲ ਰੂਪ ਧਾਰਨ ਕਰ ਗਏ।[8]

ਸੰਰਚਨਾਵਾਦ: ਭਾਸ਼ਾ ਵਿਗਿਆਨਿਕ ਮਾਡਲ

[ਸੋਧੋ]

ਇਕਾਲਕੀ ਭਾਸ਼ਾ ਵਿਗਿਆਨਕ ਪਰਿਪੇਖ ਤੋਂ ਵਿਕਸਤ ਸਰੰਚਨਾਵਾਦੀ ਵਿਸ਼ਲੇਸ਼ਣ ਦੀ ਸਭ ਤੋਂ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਧਾਰਾ ਭਾਸ਼ਾ ਵਿਗਿਆਨ ਵਿੱਚ ਵਿਕਸਿਤ ਹੁੰਦੀ ਹੈ।ਸੰਰਚਨਾਵਾਦਾਦ ਆਧੁਨਿਕ ਭਾਸ਼ਾ ਵਿਗਿਆਨ ਦੇ ਇਕਾਲਕੀ ਸਿਧਾਂਤਾਂ ਤੇ ਅਧਾਰਿਤ ਵਿਸ਼ੇਸ਼ ਅਧਿਐਨ ਪ੍ਰਣਾਲੀ ਹੈ।ਭਾਸ਼ਾ ਦੇ ਇਤਿਹਾਸਿਕ ਅਧਿਐਨ ਉੱਤੇ ਕਿੰਤੂ ਕਰਦਿਆ ਇਸ ਦੀ ਥਾਂ ਇੱਕ ਨਵੀਨ ਸਿਸਟਮੀ/ਸੰਰਚਨਾਵਾਦੀ ਪ੍ਰਣਾਲੀ ਦਾ ਸੰਕਲਪ ਅਤੇ ਸਰੂਪ ਸੋਸਿਊਰ ਨਾਲ ਸਥਾਪਿਤ ਹੁੰਦਾ ਹੈ; ਜਿਹੜਾ ਭਾਸ਼ਾ ਦੇ ਪਰੰਪਰਾਗਤ ਸੰਕਲਪ, ਸਰੂਪ, ਵਿਕਾਸਮੂਲਕ ਸੰਰਚਨਾ ਦੇ ਬਜਾਏ ਨਵੇਂ ਇਕਾਲਕੀ ਧਰਾਤਲ ਅਨੁਸਾਰ ਭਾਵੇਂ ਸਕੰਲਪਾਂ ਰਾਹੀਂ ਇਸ ਵਿਧੀ ਨੂੰ ਨਿਖੇੜਦਾ ਤੇ ਸਥਾਪਿਤ ਕਰਦਾ ਹੈ।,[9]

ਈਕਾਲਕੀ ਅਤੇ ਕਾਲਕ੍ਰਮਿਕ (Synchronic and Diachronic)

[ਸੋਧੋ]

ਆਧੁਨਿਕ ਭਾਸ਼ਾ ਵਿਗਿਆਨ ਵਿੱਚ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਬਾਨੀ ਸੋਸਿਊਰ ਨੇ ਭਾਸ਼ਾਈ ਅਧਿਐਨ ਦੀਆਂ ਪਰੰਪਰਾਗਤ ਪ੍ਰਣਾਲੀਆਂ ਦਾ ਖੰਡਨ ਕਰਦਿਆਂ ਪ੍ਰਚਲਿਤ ਇਤਿਹਾਸਿਕ ਭਾਸ਼ਾ ਵਿਗਿਆਨ ਦੀ ਥਾਂ ਸੰਰਚਨਾਤਮਕ ਅਧਿਐਨ ਨੂੰ ਦਿੱਤੀ।[9] ਇਹ ਮਹੱਤਵਪੂਰਨ ਪਰ ਵਿਵਾਦ-ਗ੍ਰਸਤ ਧਾਰਨਾ ਸੋਸਿਊਰ ਦੀ ਸਿਨਕ੍ਰੋਨੀ-ਡਾਇਕ੍ਰੋਨੀ ਦੁਕੜੀ ਬਾਰੇ ਹੈ। ਉਸ ਅਨੁਸਾਰ ਭਾਸ਼ਾ ਦਾ ਵਿਸ਼ਲੇਸ਼ਣ ਕਿਸੇ ਕਾਲ ਵਿੱਚ ਉਸ ਦੇ ਮੌਜੂਦਾ ਸਿਸਟਮੀ ਰੂਪ ਸਿਨਕ੍ਰੋਨੀ ਦਾ ਹੀ ਹੋਣਾ ਚਾਹੀਦਾ ਹੈ। ਭਾਸ਼ਾ ਵਿੱਚ ਇਤਿਹਾਸਿਕ ਤੋਰ ਤੇ ਜੋ ਪਰਿਵਰਤਨ ਆਉਂਦੇ ਰਹੇ ਹਨ ਉਹਨਾਂ ਵਲ ਧਿਆਨ ਦੇਣ ਦੇਣ ਦੀ ਜਰੂਰਤ ਇਸ ਲਈ ਨਹੀਂ ਕਿਉਂਕਿ ਮੁੱਖ ਗੱਲ ਤਾਂ ਮੂਲ ਸਿਸਟਮ ਹੈ। ਸਿਨਕ੍ਰੋਨੀ-ਡਾਇਕ੍ਰੋਨੀ ਦੀ ਦੁਕੜੀ ਨੇ ਉਹਨਾਂ ਸੰਰਚਨਾਵਾਦੀਆਂ ਨੂੰ, ਜਿਹਨਾਂ ਦਾ ਰੁਝਾਨ ਰੂਪਵਾਦ ਵੱਲ ਰਿਹਾ ਹੈ, ਸਿਧਾਂਤਕ ਸ਼ਕਤੀ ਦਿੱਤੀ, ਜਦਕਿ ਸਿਨਕ੍ਰੋਨੀ ਨੂੰ ਡਾਇਕ੍ਰੋਨੀ ਤੋਂ ਬਿਲਕੁਲ ਵੱਖ ਕਰਕੇ ਵੇਖਣਾ ਸਿਧਾਂਤਕ ਤਰੁੱਟੀ ਹੈ। ਇਸ ਗੱਲ ਨੂੰ ਰੂਸੀ ਭਾਸ਼ਾ ਵਿਗਿਆਨੀ ਰੋਮਨ ਜਾਕੋਬਸਨ ਨੇ ਤੁਰੰਤ ਨੋਟ ਕੀਤਾ ਅਤੇ ਸੋਸਿਊਰ ਦੀ ਧਾਰਨਾ ਨੂੰ ਸਹੀ ਸੇਧ ਦਿੱਤੀ।[10] ਸੋਸਿਊਰ ਨੇ ਇਸ ਅਧਿਐਨ ਬਲ ਦੇ ਨਿਖੇੜੇ ਨੂੰ ਇਕਾਲਿਕ ਅਤੇ ਕਾਲਕ੍ਰਮਿਕ, ਰਾਹੀਂ ਦਰਸਾ ਕੇ ਭਾਸ਼ਾ ਦਾ ਇਕਾਲਕੀ ਅਧਿਐਨ ਕਰਨ ਦੀ ਲੋੜ, ਮਹੱਤਾ ਅਤੇ ਵਿਸ਼ੇਸ਼ ਵਿਧੀ ਨੂੰ ਸਥਾਪਿਤ ਕੀਤਾ। ਸੋਸਿਊਰ ਅਨੁਸਾਰ ਇਕਾਲਕੀ ਤੇ ਕਾਲਕ੍ਰਮਿਕ ਦ੍ਰਿਸ਼ਟੀਆਂ ਦਾ ਵਿਰੋਧ ਨਿਰਪੇਖ ਹੈ ਅਤੇ ਇਹਨਾਂ ਵਿੱਚ ਅਦਾਨ-ਪ੍ਰਦਾਨ ਸੰਭਵ ਨਹੀਂ। ਇਥੋਂ ਤਕ ਕਿ ਕਾਲਕ੍ਰਮਿਕ ਤਥ ਸੁਤੰਤਰ ਘਟਨਾ ਹੈ, ਵਿਸ਼ੇਸ਼ ਇਕਾਲਿਕ ਪਰਿਣਾਮ ਜਿਹੜਾ ਇਸ ਤੋਂ ਸ਼ੁਰੂ ਜਾਂ ਪੈਦਾ ਹੁੰਦਾ ਹੈ, ਇਸ ਨਾਲੋਂ ਬਿਲਕੁਲ ਅਸੰਬੰਧਿਤ ਹੁੰਦਾ ਹੈ। ਇਵੇਂ ਹੀ ਸੋਸਿਊਰ ਇਹ ਵੀ ਮੰਨਦਾ ਹੈ ਕਿ ਕਾਲਕ੍ਰਮਿਕ ਪਰਿਪੇਖ ਵਰਤਾਰੇ ਨਾਲ ਜੂਝਦਾ ਹੈ, ਜੋ ਕਿ ਸਿਸਟਮ ਨਾਲ ਸੰਬੰਧਿਤ ਨਹੀਂ ਹੁੰਦਾ, ਭਾਵੇਂ ਕਿ ਉਹ ਇਹਨਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸੋਸਿਊਰ ਚਿੰਤਨ ਦੀਆਂ ਅਵਿਗਿਆਨਿਕ ਧਾਰਣਾਵਾਂ ਵੀ ਹਨ, ਜਿਹੜੀਆਂ ਸਿਸਟਮ ਅਤੇ ਵਿਕਾਸ ਦੇ ਪਰਸਪਰ ਸੰਬੰਧਾਂ ਨੂੰ ਸਮਝਣੋ ਅਸਮਰਥਾਂ ਅਗੋਂ ਸਿਸਟਮ ਦੀ ਅਕਾਲਿਕਤਾ ਅਤੇ ਨਿਰਪੇਖ ਸਤਾ ਤਕ ਤਾਂ ਪਹੁੰਚਦੀ ਹੋਈ ਮੂਲੋਂ ਕੁਰਾਹੇ ਪੈ ਜਾਂਦੀ ਹੈ। ਭਾਵੇਂ ਵਿਹਾਰਿਕ ਅਧਿਐਨ ਵਿੱਚ ਸੋਸਿਊਰ ਕਾਲਕ੍ਰਮਿਕ ਅਧਿਐਨ ਦੀ ਲੋੜ ਬਾਰੇ ਚੇਤੰਨ ਸੀ। jean piajet ਨੇ ਸੰਰਚਨਾ ਅਤੇ Genes ਦੇ ਲਾਜ਼ਮੀ ਪਰਸਪਰ ਅਧਾਰਿਤ ਹੋਣ ਨੂੰ ਮੰਨਿਆ ਹੈ ਜਦ ਕਿ ਸੋਸਿਊਰ ਦੀ ਧਾਰਣਾ ਹਾਸੋਹੀਣੀ ਹੈ। ਇਸੇ ਪ੍ਰਸੰਗ ਵਿੱਚ ਮਿਸ਼ੈਲ ਫੂਕੋ ਦਾ ਇਹ ਕਥਨ ਕਿ ਸੰਰਚਨਾ/ਵਿਕਾਸ ਵਿਰੋਧਤਾ ਨਾ ਤਾਂ ਇਤਿਹਾਸ ਖੇਤਰ ਅਤੇ ਨਾ ਹੀ ਸੰਭਾਵਨਾ ਸਾਹਿਤ ਸੰਰਚਨਾਤਮਕ ਵਿਧੀ ਦੀ ਪਰਿਭਾਸ਼ਾ ਲਈ ਸਾਰਥਕ ਹੈ। ਮੂਲ ਰੂਪ ਵਿੱਚ ਆਧੁਨਿਕ ਭਾਸ਼ਾ ਵਿਗਿਆਨ ਨੂੰ ਨਿਰੋਲ ਇਕਾਲਿਕ ਅਤੇ ਕਲਾਕ੍ਰਮਿਕ ਦੀ ਸੰਪੂਰਣ ਵਿਰੋਧਤਾ ਸਥਾਪਿਤ ਕਰ ਕੇ ਸ਼ਪੱਸ਼ਟ ਭਾਂਤ ਇਕਾਲਿਕ ਅਧਿਐਨ ਦੀ ਬੁਨਿਆਦੀ ਪ੍ਰਾਥਮਿਕਤਾ ਅਤੇ ਉਚਿਤਤਾ ਨੂੰ ਪ੍ਰਵਾਨ ਕੀਤਾ ਅਤੇ ਦੋਹਾਂ ਅਧਿਐਨਾਂ ਦੇ ਖੇਤਰ ਵਿਧੀਆਂ ਅਤੇ ਸਾਰਥਕਤਾ ਨੂੰ ਨਿਖੇੜਦਿਆਂ ਭਾਸ਼ਾ ਦੇ ਇੱਕ ਸਿਸਟਮੀ ਅਧਿਐਨ ਨੂੰ ਸਥਾਪਿਤ ਕੀਤਾ। ਭਾਸ਼ਾ ਦੇ ਕਾਲਮੁਕਤ ਪ੍ਰਾਪਤ ਪ੍ਰਵਚਨ ਦਾ ਇਸ ਦੇ ਸੰਗਠਨਕਾਰੀ ਨਿਯਮਾਂ, ਸੰਬੰਧਾਂ ਅਤੇ ਤੱਤਾਂ ਦੇ ਅਧਿਐਨ ਨੂੰ ਇਕਾਲਿਕ ਕਿਹਾ ਗਿਆ ਹੈ, ਜਿਹੜਾ ਭਾਸ਼ਾ ਦੇ ਵਿਭਿੰਨ ਅੰਗਾਂ [ਧ੍ਵਨੀ, ਸ਼ਬਦ, ਵਾਕ] ਪਰਿਵਰਤਨਾਂ ਦੀਆਂ ਦਿਸ਼ਾਵਾਂ [ਧ੍ਵਨੀ, ਅਲੋਪਣ, ਸਿਰਜਣ ਸ਼ਬਦ ਰੂਪਾਂ, ਵਿਆਕਰਣ ਉਪਵਰਗਾਂ ਵਿੱਚ ਪਰਿਵਰਤਨ ਆਏ] ਪਰਿਵਰਤਨ ਦੀ ਪ੍ਰਕ੍ਰਿਆ ਅਤੇ ਪਰਿਵਰਤਨ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਰਿਹਾ ਹੈ, ਕਾਲਕ੍ਰਮਿਕ ਅਧਿਐਨ ਵਿਸ਼ੇਸ਼ ਸਮਾਜਿਕ ਇਤਿਹਾਸਿਕ ਸੰਦਰਭ ਵਿੱਚ ਵਿਕਾਸ ਪਰਿਵਰਤਨ ਅਤੇ ਇਸ ਅਮਲ ਦਾ ਅਧਿਐਨ ਹੈ। ਸੋਸਿਊਰ ਨੇ ਕਾਲਕ੍ਰਮਿਕ ਅਧਿਐਨ ਦੀ ਲੋੜ ਦੀ ਨਿਗੂਣੀ ਸਾਰਥਕਤਾ ਨੂੰ ਸਵੀਕਾਰ ਜਰੂਰ ਕੀਤਾ, ਪਰ ਇਸ ਦੀ ਕੇਂਦਰੀ ਸਤਾ ਨੂੰ ਅਸਵਿਕਾਰ ਕਰਕੇ ਇਕਾਲਿਕ ਅਧਿਐਨਾਂ ਨੂੰ ਕੇਂਦਰੀ ਸੱਤਾ ਪ੍ਰਦਾਨ ਕੀਤੀ। ਉਸ ਦੇ ਸਾਰੇ ਭਾਸ਼ਾਈ ਸੰਕਲਪ ਤੇ ਸੰਕਲਪਗਤ ਨਿਖੇੜੇ ਅਤੇ ਸਿਧਾਂਤਿਕ ਸਥਾਪਨਾਵਾਂ ਇਸੇ ਸੰਦਰਭ ਵਿੱਚ ਹੀ ਸਹੀਂ ਅਰਥਾਂ ਵਿੱਚ ਸਮਝੀਆਂ ਜਾ ਸਕਦੀਆਂ ਹਨ। ਇਕਾਲਿਕ ਪਰਿਪੇਖ self regularity ਦੇ ਨਿਯਮ ਤੇ ਆਸ਼ਰਿਤ ਹੈ, ਜਦਕਿ ਕਾਲਕ੍ਰਮਿਕ ਵਿਸ਼ੇਸ਼ ਵਿਕਾਸ ਅਤੇ ਘਟਨਾ ਚੱਕਰ ਤੇ, ਇਵੇਂ ਹੀ ਸੋਸਿਊਰ ਅਨੁਸਾਰ ਇਕਾਲਕੀ ਭਾਸ਼ਾ ਪ੍ਰਤੀ ਰੁਚਿਤ ਹੈ, ਜਦਕਿ ਕਾਲਕ੍ਰਮਕੀ ਉਚਾਰ/ਬੋਲਣ ਪ੍ਰਤਿ/ ਇਕਾਲਕੀ ਅਧਿਐਨ ਤਾਰਕਿਕ ਅਤੇ ਮਨੋਵਿਗਿਆਨ ਸੰਬੰਧਾਂ ਬਾਰੇ ਤੇ ਕਾਲਕ੍ਰਮਿਕ ਵਾਰੀ ਸਿਰ ਸਿਰਜਣਾ ਨਾਲ ਇਵੇਂ ਇਕਾਲਿਕ ਪਰਿਪੇਖ ਇਕੋ ਲੜੀ ਵਾਰ ਤੱਤਾਂ ਨੂੰ ਪਛਾਣਦਾ ਹੈ। ਇਕਾਲਕੀ ਸਹਿਹੋਂਦੀ ਪ੍ਰਬੰਧ ਹੈ, ਜਦ ਕਿ ਕਾਲਕ੍ਰਮਕੀ ਬਦਲਣਸ਼ੀਲ/ਬਦਲਦੇ ਤੱਤਾਂ ਦਾ ਪ੍ਰਬੰਧ; ਪਰ ਕਾਲਕ੍ਰਮਿਕ ਸਮੇਂ ਦੇ ਵਰਤਾਰੇ ਦੇ ਅੰਤਰਗਤ ਇਕੋ ਤੱਤ ਦੇ ਬਦਲਦੇ ਸਰੂਪ ਦਾ ਅਧਿਐਨ ਕਰਦਾ ਹੈ।[11]

ਸੰਰਚਨਾਵਾਦ ਦੇ ਕੁਝ ਸੰਕਲਪ

[ਸੋਧੋ]

ਸੰਰਚਨਾਵਾਦ ਦਾ ਕੇਂਦਰੀ ਸੰਕਲਪ ਸੰਰਚਨਾ (structure) ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇਂ ਢੰਗ ਅਤੇ ਵੱਖਰੇ ਸੰਧਰਭ ਵਿੱਚ ਵਿਆਖਿਆ ਕਰਕੇ ਸਿਧਾਂਤਕ ਚੌਖਟਾ ਸਿਰਜਿਆ ਗਿਆ ਹੈ। Structure ਸ਼ਬਦ ਦਾ ਮੂਲ ਧਾਤੂ Latin 'Struere' ਹੈ, ਜਿਸਦਾ ਅਰਥ 'to build' ਹੈ। ਅੰਗਰੇਜ਼ੀ ਵਿੱਚ ਇਹ 'the way something is constructed' ਜਾਂ 'the relations which hold amongst the elements of a given whole' ਦੇ ਅਰਥਾਂ ਦਾ ਸੂਚਕ ਹੈ।

ਇਹ ਦਿਲਚਸਪ ਤੱਥ ਹੈ ਕਿ ਸੰਰਚਨਾਵਾਦ ਦੇ ਬਾਨੀ ਚਿੰਤਕ ਸੋਸਿਊਰ ਨੇ Structure ਸ਼ਬਦ ਦਾ ਪ੍ਰਯੋਗ ਨਹੀਂ ਕੀਤਾ, ਸਗੋਂ system ਨੂੰ ਨਵੇਂ ਸੰੰਕਲਪਾਗਤ ਅਰਥਾਂ ਵਿੱਚ ਵਿਸਤਾਰ ਹੈ। ਪ੍ਰਸਿੱਧ ਸੰਰਚਨਾਵਾਦੀ ਮਨੋਵਿਗਿਆਨੀ Jean Piajet ਨੇ ਸੰਰਚਨਾ ਸੰਕਲਪ ਦੀ ਅਧਿਕ ਢੁੱਕਵੀਂ ਅਤੇ ਸਮਗਰ ਵਿਆਖਿਆ ਕੀਤੀ ਹੈ।[12]

ਉਸਨੇ ਸੰਰਚਨਾ ਦੇ ਲੱਛਣ ਮੰਨੇ ਹਨ -

  1. ਸੰਪੂਰਨਤਾ (Wholeness)
  2. ਰੂਪਾਂਤਰਣ (Transformation)
  3. ਸਵੈ - ਚਾਲਕਤਾ (Self Regulations)

ਲਾਂਗ ਅਤੇ ਪੈਰੋਲ

[ਸੋਧੋ]

ਸੋਸਿਊਰ ਨੇ ਭਾਸ਼ਾਈ ਸਿਸਟਮ ਦੇ ਦੋ ਕੇਂਦਰੀ ਅੰਗ ਸਵੀਕਾਰ ਕਰਕੇ ਭਾਸ਼ਾ ਦੇ ਸੰਗਠਨ ਨੂੰ ਪਰਿਭਾਸ਼ਿਤ ਕੀਤਾ ਹੈ। ਭਾਸ਼ਾ ਦੇ ਇਸ ਸਿਸਟਮ ਨੂੰ, ਜਿਸਦੀ ਇਸਦੇ ਬੋਲਣ ਅਤੇ ਵਰਤਣ ਵਾਲਿਆਂ ਨੂੰ ਅਚੇਤ ਸਮਝ ਹੁੰਦੀ ਹੈ, ਸੋਸਿਊਰ ਨੇ 'ਲਾਂਗ' ਸ਼ਬਦ ਦਿੱਤਾ ਹੈ। ਇਸ ਸੰਕਲਪ ਦਾ ਵਿਰੋਧੀ ਜੁੱਟ 'ਪੈਰੋਲ' ਹੈ, ਜਿਸ ਤੋਂ ਭਾਵ ਹੈ ਭਾਸ਼ਾ ਦਾ ਵਿਅਕਤੀਗਤ ਪ੍ਰਯੋਗ। ਲਾਂਗ ਅਮੂਰਤ ਹੈ, ਭਾਸ਼ਾ ਦੀ ਸੂਝ ਹੈ। ਪੈਰੋਲ ਭਾਸ਼ਾ ਨੂੰ ਵਰਤਣ ਦਾ ਕਾਰਜ ਹੈ, ਸਥੂਲ ਹੈ, ਜੋ ਦ੍ਰਿਸ਼ਟੀਪਾਤ ਹੋ ਸਕਦਾ ਹੈ। 'ਆਪਹੁਦਰੇ' ਸੰਕਲਪ ਵਾਂਗ' ਲੈਂਗ-ਪੈਰੋਲ' ਦੇ ਸੰਕਲਪੀ ਵਿਰੋਧੀ ਜੁੱਟ ਨੂੰ ਵੀ ਰਤਾ ਸੋਸਿਊਰ ਤੋਂ ਪਾਰ ਜਾ ਕੇ ਸਮਝਣ ਦੀ ਲੋੜ ਹੈ। ਲੈਂਗ ਨਿਰੰਤਰ ਵਾਪਰ ਰਿਹਾ ਪਰ ਅਬਦਲ ਸਿਸਟਮ ਨਹੀਂ। 'ਪੈਰੋਲ' ਕਿਉਂਕਿ ਮਨੁੱਖੀ ਕਾਰਜਸ਼ੀਲਤਾ ਦੀ ਉਪਜ ਹੈ ਜੋ ਪਰਿਵਰਤਨ ਮੁਖੀ ਸੁਭਾਅ ਦਾ ਹੈ, ਇਸ ਲਈ ਹੌਲੇ- ਹੌਲੇ 'ਲਾਂਗ' ਵਿੱਚ ਵੀ ਤਬਦੀਲੀ ਲਿਆਂਦਾ ਹੈ। ਲਾਂਗ ਤੇ ਪੈਰੋਲ ਵਿਚਕਾਰ ਦਵੰਦ ਦਾ ਰਿਸ਼ਤਾ ਹੈ। ਉਨ੍ਹੀਵੀਂ ਸਦੀ ਦੀ ਸਾਹਿਤਕ ਲਾਂਗ ਅੱਜ ਦੀ ਸਾਹਿਤਕ ਲਾਂਗ ਵਾਂਗ ਨਹੀਂ ਸੀ, ਇਸ ਵਿੱਚ ਕਿਤੇ ਨਾ ਕਿਤੇ ਪਰਿਵਰਤਨ ਜਰੂਰ ਆਇਆ ਹੈ। ਇਹ ਮਨੁੱਖ ਹੀ ਹੈ ਜਿਸ ਨੇ ਆਪਣੀਆਂ ਲੋੜਾਂ ਖਾਤਰ ਭਾਸ਼ਾ ਅਤੇ ਇਸਦਾ ਸਿਸਟਮ ਸਿਰਜਿਆ ਹੈ। ਇਹ ਸਿਰਜਣ ਕਾਰਜ ਹੌਲੇ-ਹੌਲੇ ਪਰ ਲਗਾਤਾਰ, ਕਿਸੇ ਨਾ ਕਿਸੇ ਪੱਧਰ ਉੱਤੇ, ਜਾਰੀ ਰਹਿੰਦਾ ਹੈ। ਅਸੀਂ ਕਿਸੇ ਪ੍ਰਭਾਵਸ਼ਾਲੀ ਲੇਖਕ ਬਾਰੇ ਕਹਿ ਦਿੰਦੇ ਹਾਂ ਕਿ ਉਸਨੇ ਭਾਸ਼ਾ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕੀਤਾ। ਇਸਦੇ ਅਸਲ ਅਰਥ ਕੀ ਹਨ ? ਇਸਦਾ ਭਾਵ ਹੈ ਕਿ ਉਸ ਸਿਰਜਕ ਨੇ ਭਾਸ਼ਾ ਨਾਲ ਜੁੜਕੇ ਪਹਿਲਾਂ ਨਾਲੋਂ ਵੱਖਰੀ ਤਰ੍ਹਾਂ ਦਾ ਪੈਰੋਲ ਉਤਪੰਨ ਕੀਤਾ। ਹੌਲੇ- ਹੌਲੇ ਇਹ ਸੰਭਾਵਨਾਵਾਂ ਲਾਂਗ ਦਾ ਅੰਗ ਬਣ ਜਾਦੀਆਂ ਹਨ। ਤਦ ਹੀ ਅਸੀਂ ਕਿਸੇ ਰਚਨਾ ਦੀ ਭਾਸ਼ਾ ਨੂੰ ਪੜਕੇ ਕਹਿ ਦਿੰਦੇ ਹਾਂ ਕਿ ਇਹ ਅਜੋਕਾ ਭਾਸ਼ਾ ਪ੍ਰਯੋਗ ਨਹੀਂ। ਭਾਵੇਂ ਮੂਲ ਰੂਪ ਭਾਸ਼ਕ ਸੰਰਚਨਾ ਦੇ ਨਿਯਮ ਉਹੀ ਹੁੰਦੇ ਹਨ, ਪਰ ਭਾਸ਼ਕ ਪ੍ਰਯੋਗ, ਅਥਵਾ ਸਾਹਿਤਕ ਜਾਂ ਸਿਰਜਤ ਭਾਸ਼ਾ ਦੀ ਲਾਂਗ ਵਿੱਚ ਅੰਤਰ ਆ ਜਾਂਦਾ ਹੈ ਜੋ ਪੈਰੋਲ ਦੀ ਪੱਧਰ ਤੇ ਕਾਰਜਸ਼ੀਲਤਾ ਦਾ ਸਿੱਟਾ ਹੈ। ਜਨਮ ਸਾਖੀਆਂ ਦੇ ਲਾਂਗ ਅਤੇ ਅਜੋਕੀ ਵਾਰਤਕ ਦੇ ਲਾਂਗ ਵਿੱਚ ਅੰਤਰ ਹੈ।

ਸੋਸਿਊਰ ਲੈਂਗ ਨੂੰ ਸਮੂਹਿਕ ਅਤੇ ਵਿਆਪਕ ਵਰਤਾਰਾ ਮੰਨਦਾ ਹੈ। ਇਹ ਸਮਾਜਿਕ ਪ੍ਰਬੰਧ ਵੀ ਹੈ। ਪੰਜ ਜਾਂ ਛੇ ਸਾਲ ਦੀ ਉਮਰ ਵਿੱਚ ਕੋਈ ਵੀ ਵਿਅਕਤੀ ਚੇਤ ਜਾਂ ਅਚੇਤ ਰੂਪ ਵਿੱਚ ਆਪਣੀ ਮਾਤ ਭਾਸ਼ਾ ਦਾ ਨੇਮ ਪ੍ਰਬੰਧ ਨੂੰ ਸਿੱਖ ਲੈਂਦਾ ਹੈ। ਉਹ ਭਾਸ਼ਾ ਵਿੱਚ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ ਤੇ ਦੂਜਿਆਂ ਦੇ ਵਿਚਾਰ ਸੁਣ ਸਕਦਾ ਹੈ। ਭਾਵੇਂ ਕਿ ਅਜਿਹਾ ਵਿਅਕਤੀ ਆਪਣੀ ਮਾਤ ਭਾਸ਼ਾ ਦੇ ਵਿਆਕਰਣ ਨੇਮ ਵਿਧਾਨ ਤੋਂ ਜਾਣੂ ਨਹੀਂ ਹੁੰਦਾ।

ਜਿਵੇਂ ;

ਰਾਮ ਅਸਮਾਨ ਵਲ ਦੇਖ ਰਿਹਾ ਹੈ। ਜੋ ਠੀਕ ਵਾਕ ਹੈ। ਜੇਕਰ ਅਸੀਂ ਇਵੇਂ ਕਹੀਏ ਕਿ ਅਸਮਾਨ ਦੇਖ ਰਿਹਾ ਹੈ ਰਾਮ। (ਜੋ ਕਿ ਗਲ਼ਤ ਵਾਕ ਹੈ)।

ਸੋ ਠੀਕ ਵਾਕ ਪ੍ਰਬੰਧ ਹੀ ਲੈਂਗ ਹੈ। ਦੂਜੇ ਪਾਸੇ ਭਾਸ਼ਾ ਦੇ ਸਮਾਜਿਕ ਪ੍ਰਬੰਧ ਵਿੱਚ ਜਦੋਂ ਕੋਈ ਵਿਅਕਤੀ ਨਿੱਜੀ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੈ ਭਾਵ ਵਿਅਕਤੀਗਤ ਰੂਪ ਵਿੱਚ ਬਦਲ ਰੂਪ ਵਿੱਚ ਪੇਸ਼ ਕਰਦਾ ਹੈ ਉਹ ਪੈਰੋਲ ਹੈ। ਪਰੰਤੂ ਇਹ ਸਭ ਕੁਝ ਭਾਸ਼ਾ ਦੇ ਨੇਮ ਪ੍ਰਬੰਧ ਅਧੀਨ ਹੀ ਹੋਣਾ ਚਾਹੀਦਾ ਹੈ।[13]

ਵਾਕਕ੍ਰਮਕ ਅਤੇ ਸਹਿਚਾਰੀ ਸੰਬੰਧ

[ਸੋਧੋ]

ਸੰਰਚਨਾਵਾਦੀ ਅਧਿਐਨ ਵਿਧੀ ਦਾ ਇੱਕ ਮਹੱਤਵਪੂਰਣ ਉਪਵਰਗ ਵਾਕਕ੍ਰਮਕ ਅਤੇ ਸਹਿਚਾਰੀ ਸੰਬੰਧਾਂ ਦਾ ਹੈ। ਵਾਕਕ੍ਰਮਕ ਸੰਬੰਧਾਂ ਤੋਂ ਭਾਵ ਭਾਸ਼ਾਈ ਸੰਰਚਨਾ ਵਿਚਲੇ ਰੇਖਾਕਿਕ ਅਰਥਾਤ ਲੜੀਵਾਰ ਸੰਬੰਧਾਂ ਤੋਂ ਹੈ। ਇਹ ਭਾਸ਼ਾਈ ਤੱਤ ਇੱਕ ਨਿਰੰਤਰ ਕ੍ਰਮ ਵਿੱਚ ਉਚਰਿਤ ਲੜੀ ਵਾਂਗ ਨਿਯੰਤਰਿਕ ਹੁੰਦੇ ਹਨ, ਅਰਥਾਤ ਇਹਨਾਂ ਦਾ ਇੱਕ order of succesioy ਹੁੰਦਾ ਹੈ, ਜਿਸ ਵਿੱਚ ਇਕੋ ਸਮੇਂ ਸਾਧਾਰਨ ਪ੍ਰਯੋਗ ਵਿੱਚ ਇਕੋ ਵਰਗ ਦੇ ਦੋ ਤੱਤਾਂ ਦੇ ਦੁਹਰਾਉ ਦੀ ਸਹਿਜ ਸੰਭਾਵਨਾ ਨਹੀਂ ਹੁੰਦੀ। ਇਹ ਹਮੇਸ਼ਾ ਦੋ ਜਾਂ ਅਧਿਕ ਜੁੜਵੀਆਂ ਇਕਾਇਆਂ ਰਾਹੀਂ ਘੜਿਆ ਜਾਂਦਾ ਹੈ। ਸਹਿਚਾਰੀ ਸੰਬੰਧ ਉਹ ਹੁੰਦੇ ਹਨ, ਜੋ ਵਿਭਿੰਨ ਭਾਸ਼ਾਈ ਇਕਾਈਆਂ ਵਿੱਚ ਕ੍ਰਮਿਕ ਅਤੇ ਰੇਖਾਕਿਕ ਦੇ ਉਲਟ ਭਾਸ਼ਾਈ ਸੰਗਠਨ ਦੇ ਮਨੁੱਖੀ ਮਨ ਵਿੱਚ ਉਕਰੀ ਯਾਦ ਵਿਚਲੇ ਅਮੂਰਤ ਨਿਯਮਾਂ ਰਾਹੀਂ ਵਿਉਂਤੇ/ਸਿਰਜੇ ਗਏ ਹੁੰਦੇ ਹਨ, ਜਿਹੜੇ ਵਿਸ਼ੇਸ਼ ਭਾਸ਼ਾ ਵਿਗਿਆਨਿਕ ਵਰਗ ਜਾਂ ਉਪਵਰਗਾਂ ਵਿੱਚ ਸੁਨਿਯਮਤ ਕੀਤੇ ਗਏ ਹੁੰਦੇ ਹਨ, ਜਿਵੇਂ ਕ੍ਰਿਆਵਾਂ, ਨਾਂਵ, ਪੜਨਾਂਵ ਆਦਿ ਦੇ ਵਿਭਿੰਨ ਪ੍ਰਤਿ-ਬਦਲ/ਵਾਕ-ਕ੍ਰਮਕ ਸੰਬੰਧ ਲੇਟਵੇਂ ਰੁਖ ਹੁੰਦੇ ਹਨ, ਜਦਕਿ ਸਹਿਚਾਰੀ ਸੰਬੰਧ ਖੜੇ ਰੂਪ ਹੁੰਦੇ ਹਨ। ਵਾਕ ਕ੍ਰਮਕੀ ਸੰਬੰਧ ਸੰਯੋਜਨ ਦੀਆਂ ਸੰਭਾਵਨਾਵਾਂ ਉਜਾਗਰ ਕਰਦੇ ਹਨ। ਵਾਕ- ਕ੍ਰਮਕੀ ਸੰਬੰਧਾਂ ਦਾ ਆਧਾਰ ਵਾਕ-ਅੰਸ਼ੀ, ਵਾਕ ਜਾਂ ਇੱਕ ਸੰਰਚਨਾ ਦੀ ਤਰਤੀਬ ਸੰਬੰਧੀ ਹੈ ਇਸ ਕਰਕੇ ਵਾਕ-ਕ੍ਰਮਕੀ ਸੰਬੰਧ ਲਾਜ਼ਮੀ ਤੌਰ ਤੇ ਵਾਕ-ਵਿਗਿਆਨ ਦੇ ਸੰਕਲਪ ਦਾ ਧਾਰਣੀ ਹੈ, ਜਦਕਿ ਸਹਿਚਾਰੀ ਸੰਬੰਧ ਇੱਕ ਉਪਵਰਗ, ਵਰਗ ਜਾਂ ਸਿਸਟਮ ਬਾਰੇ ਹੁੰਦੇ ਹਨ, ਜਿਵੇਂ ਕ੍ਰਿਆਵਾਂ ਨਾਂਵ, ਪੜਨਾਂਵ, ਸੰਯੋਜਕ ਆਦਿ। ਇਵੇਂ ਹੀ ਵਾਕ-ਕ੍ਰਮਕੀ ਸੰਬੰਧ ਅਰਥ ਸਿਰਜਣ ਦੇ generative process ਦੇ ਲੱਛਣ ਦਾ ਧਾਰਣੀ ਹੈ, ਅਤੇ ਸਹਿਚਾਰੀ ਸੰਬੰਧ ਭਾਸ਼ਿਕ ਇਕਾਈਆਂ ਦੇ ਅਰਥਾਂ ਦੇ ਵਖਰੇਵੇਂ ਮੂਲਕ ਲੱਛਣ ਦਾ ਸੂਚਕ ਹੈ। ਵਾਕ-ਕ੍ਰਮਕੀ ਸੰਬੰਧ ਅਧਿਕਤਰ ਸੰਰਚਨਾਵੀ ਧਰਾਤਲ ਤੇ ਵਿਚਰਦੇ ਹਨ, ਜਦਕਿ ਸਹਿਚਾਰੀ ਸੰਬੰਧ ਸਿਸਟਮ ਦੀ ਪੱਧਰ ਤੇ ਵਾਕ-ਕ੍ਰਮਕੀ ਸੰਬੰਧਾਂ ਦੀ ਸਰੂਪ ਸਹਿਹੋਂਦਮੂਲਕ ਹੈ, ਜਦੋਂ ਕਿ ਸਹਿਚਾਰੀ ਸੰਬੰਧ ਵੰਡਮੂਲਕ ਹੁੰਦੇ ਹਨ। ਵਾਕ ਕ੍ਰਮਕੀ ਸੰਬੰਧ ਸੰਯੋਜਨੀ ਜੁਟ ਹੁੰਦੇ ਹਨ, ਪਰ ਸਹਿਚਾਰੀ ਸੰਬੰਧ ਵਖਰੇਵੇਂ ਦੇ ਜੁੱਟ ਹੁੰਦੇ ਹਨ।[14]

ਚਿੰਨ੍ਹ:ਚਿੰਨ੍ਹਕ ਅਤੇ ਚਿੰਨ੍ਹਤ

[ਸੋਧੋ]

ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋਂ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।[15] ਸੋਸਿਊਰ ਨੇ ਭਾਸ਼ਾ ਵਿੱਚ ਚਿੰਨ੍ਹ ਦੀ ਗੱਲ ਤੋਰੀ। ਚਿੰਨ੍ਹ ਦਾ ਸੰਕਲਪ ਬਾਦ ਵਿੱਚ ਸੰਰਚਨਾਵਾਦ ਦਾ ਮੁੱਖ ਆਧਾਰ ਬਣਿਆ। ਸੋਸਿਊਰ ਨੇ ਕਿਹਾ ਕਿ ਭਾਸ਼ਕ ਚਿਹਨ, ਚਿਹਨਕ ਅਤੇ ਚਿਹਨਤ ਦਾ ਸੁਮੇਲ ਹੈ। ਚਿਹਨਕ ਧੁਨੀ-ਸਮੂਹ ਹੈ, ਸ਼ਬਦ ਦਾ ਉਚਾਰ ਪੱਖ। ਚਿਹਨਤ ਉਹ ਬਿੰਬ ਜਾਂ ਸੰਕਲਪ ਹੈ ਜੋ ਧੁਨੀ ਸਮੂਹ ਦੇ ਉਚਾਰੇ ਗਏ ਜਾਂ ਲਿਖਤ ਰੂਪ ਨੂੰ ਪੜਕੇ ਪੈਦਾ ਹੁੰਦਾ ਹੈ। ਚਿਹਨ ਦਾ ਬਿੰਬ ਜਾਂ ਸੰਕਲਪ ਨਾਲ ਰਿਸ਼ਤਾ ਰਵਾਇਤ ਤੋਂ ਪ੍ਰਾਪਤ ਹੋਇਆ ਹੈ। ਇਹ ਰਿਸ਼ਤਾ ਮੂਲ ਰੂਪ ਵਿੱਚ ਆਪ ਹੁਦਰਾ ਹੈ। ਸਾਰੇ ਚਿਨ੍ਹਾਂ ਦੇ ਬਿੰਬਾਂ ਜਾਂ ਸੰਕਲਪਾ ਨਾਲ ਰਿਸ਼ਤੇ ਆਪ ਹੁਦਰੇ ਹੋਣ ਕਰਕੇ ਅਤੇ ਰਵਾਇਤ ਰਾਹੀਂ ਸਾਡੀ ਸਿਮਰਤੀ ਦਾ ਹਿੱਸਾ ਬਣ ਜਾਣ ਕਾਰਣ ਅਸਲ ਮਹੱਤਵ ਚਿਹਨਤੀ ਸਮੱਗਰੀ ਦਾ ਨਹੀੰ ਸਗੋਂ ਭਾਸ਼ਾ ਦੇ ਸਿਸਟਮ ਅਨੁਕੂਲ ਰਿਸ਼ਤਿਆਂ 'ਚ ਬੱਝੇ ਚਿਹਨਾਂ ਦਾ ਹੈ, ਕਿਉਂਕਿ ਇਹ ਰਿਸ਼ਤੇ ਹੀ ਹਨ ਜੋ ਉਹਨਾਂ ਦੀ ਹਸਤੀ ਦੀ ਰੂਪਰੇਖਾ ਨੂੰ, ਅਰਥਾਤ ਉਹਨਾਂ ਦੇ ਮੁੱਲਾਂ ਨੂੰ ਨਿਸ਼ਚਿਤ ਕਰਦੇ ਹਨ। ਇਹ ਗੱਲ ਉਪਰੇ ਢੰਗ ਨਾਲ ਭਾਵੇਂ ਸਾਧਾਰਨ ਜਿਹੀ ਜਾਪੇ, ਪਰ ਚੂੰਕਿ ਭਾਸ਼ਾ ਨੂੰ ਇਸ ਤਰ੍ਹਾਂ ਦੇਖਣ ਸਮਝਣ ਦੇ ਅਸੀਂ ਆਦੀ ਨਹੀਂ, ਇਸ ਦੀਆਂ ਅੰਤਰੀਵੀਂ ਬਾਰੀਕੀਆਂ ਵਲ ਸਾਡਾ ਕਦੇ ਧਿਆਨ ਹੀ ਨਹੀਂ ਗਿਆ। ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਅਰਥਾਂ ਦਾ ਆਪਣਾ ਸੰਗਠਨ ਹੈ। ਵਾਕ ਬਣਤਰ ਅਨੁਕੂਲ, ਅਸੀਂ ਇਹਨਾਂ ਦੀ ਵਿਅਕਤੀਗਤ ਚਿਹਨਤੀ ਸਮੱਗਰੀ, ਜਿਸ ਤਰਤੀਬ ਨਾਲ ਪ੍ਰਗਟ ਹੁੰਦੀ ਹੈ, ਉਸ ਤਰਤੀਬ ਅਨੁਸਾਰ ਗ੍ਰਹਿਣ ਨਹੀਂ ਕਰਦੇ, ਸਗੋਂ ਸਮੁੱਚੇ ਵਾਕ ਦੇ ਪਾਠ ਤੋਂ ਬਾਅਦ ਹੀ ਅਸੀਂ ਵਰਤੇ ਗਏ ਚਿਹਨਾਂ ਦੀ ਸਮੱਗਰੀ ਨੂੰ ਸੰਰਚਿਤ ਕਰਦੇ ਹਾਂ, ਜਿਸਦਾ ਭਾਵ ਇਹ ਹੈ ਕਿ ਚਿਹਨਤੀ ਸਮੱਗਰੀ ਦੀ ਸੰਰਚਨਾ ਦਾ ਆਧਾਰ ਵਾਕ ਸੰਰਚਨਾ ਦਾ ਚਿਹਨਤੀ ਸਮੱਗਰੀ ਦੀ ਸੰਰਚਨਾ ਪ੍ਰਕਿਰਿਆ ਨਾਲ ਜੋ ਰਿਸ਼ਤਾ ਹੈ ਉਹ ਸਮਝ ਲਈਏ ਤਾਂ ਇਸਨੂੰ ਮਾਡਲ ਮੰਨਕੇ ਵੱਡੇ ਆਕਾਰ ਵਾਲੀ ਟੈਕਸਟ ਦੀ ਘੋਖ-ਪਰਖ ਵਿਗਿਆਨਿਕ ਅਤੇ ਵਸਤੂ ਪਰਕ ਵਿਧੀ ਰਾਹੀਂ ਕਰ ਸਕਦੇ ਹਾਂ। ਚਿਹਨਕ ਅਤੇ ਚਿਹਨਤ ਦਾ ਰਿਸ਼ਤਾ ਆਪ ਹੁਦਰਾ ਹੈ, ਇਹ ਸੋਸਿਊਰ ਨੇ ਕਿਹਾ। ਅਸੀਂ ਇਸਨੂੰ ਤਰਕਪੂਰਨ ਢੰਗ ਨਾਲ ਵਿਸਤਾਰ ਦੇ ਸਕਦੇ ਹਾਂ। ਆਪਹੁਦਰਾਪਣ ਸਿਰਫ਼ ਭਾਸ਼ਾ ਦੇ ਇਸ ਆਰੰਭ ਰੂਪ, ਅਰਥਾਤ ਵਸਤਾਂ ਦੇ ਨਾਮਕਰਨ ਤੱਕ ਸੀਮਤ ਨਹੀਂ। ਭਾਸ਼ਕ ਪ੍ਰਕਿਰਿਆ ਵਿੱਚ ਆਪਹੁਦਰਾਪਣ ਹਮੇਸ਼ਾ ਚਲਦਾ ਰਹਿੰਦਾ ਹੈ। ਭਾਸ਼ਾ ਦਾ ਮੁੱਖ ਪ੍ਰਾਬਲ ਮੈਟਿਕਸ ਭਾਸ਼ਕ ਚਿਹਨਾਂ ਦਾ ਸੀਮਤ ਗਿਣਤੀ ਵਿੱਚ ਹੋਣਾ ਹੈ। ਚਿਹਨ ਵਸਤਾਂ ਦੇ ਨਿਰਵਿਸ਼ੇਸ਼ ਰੂਪ ਲਈ ਵਰਤੇ ਜਾਂਦੇ ਹਨ। ਵਸਤਾਂ ਦੇ ਵਿਸ਼ੇਸ਼ਗਤ ਰੂਪ ਲਈ ਚਿਹਨਾਂ ਦੇ ਨਵੇਂ ਜੋੜ ਮਿਲਾਪ ਪੈਦਾ ਕੀਤੇ ਜਾਂਦੇ ਹਨ। ਇਸ ਜੋੜ ਮਿਲਾਪ ਪਿਛੇ ਕੁਝ ਨਿਯਮ ਹਨ, ਪਰ ਇਹਨਾਂ ਦਾ ਸਥੂਲ ਰੂਪ 'ਆਪਹੁਦਰੇਪਣ' ਨਾਲ ਜੁੜਿਆ ਹੋਇਆ ਹੈ। ਇਹ ਸੰਚਾਰ ਦੀ ਹਰ ਦਿਨ ਵੱਧਦੀ ਲੋੜ ਕਰਕੇ ਹੁੰਦਾ ਹੈ ਜਦੋਂ ਮਨੁੱਖ ਅਮੂਰਤ ਸੰਕਲਪਾਂ ਨੂੰ ਰੂਪਬੱਧ ਕਰਨਾ ਚਾਹੁੰਦਾ ਹੈ। ਉਹ ਪ੍ਰਾਪਤ ਚਿਹਨਾਂ ਦੇ ਰਿਸ਼ਤਿਆਂ ਨੂੰ ਕਈ ਪ੍ਰਕਾਰ ਦੇ ਜੋੜ-ਤੋੜ ਢੰਗਾਂ ਨਾਲ ਆਪਣੇ ਲਕਸ਼ ਦੀ ਪ੍ਰਾਪਤੀ ਦੇ ਨੇੜੇ-ਤੇੜੇ ਪੁੱਜਦਾ ਹੈ। ਪਰ ਭਾਸ਼ਾ ਹੈ ਕਿ ਇਸਦਾ ਪ੍ਰਯੋਜਨੀ ਰੂਪ ਕਦੇ ਵੀ ਉਸ ਸੀਮਾ ਤੱਕ ਨਹੀਂ ਪੁੱਜਦਾ ਜਿੱਥੇ ਮਨੁੱਖ ਦੀ ਤਸੱਲੀ ਹੁੰਦੀ ਹੋਵੇ। ਕੁਝ ਨਾ ਕੁਝ ਫਿਰ ਵੀ ਅਜਿਹਾ ਰਹਿ ਜਾਂਦਾ ਹੈ ਜਿਸਨੂੰ ਅਸੀਂ ਅਣਕਿਹਾ ਕਹਿੰਦੇ ਹਾਂ ਪਰ ਸਿਰਜਤ ਭਾਸ਼ਕ ਪ੍ਰਕਿਰਿਆ ਪ੍ਰਾਪਤ ਚਿਹਨਾਂ ਨਾਲ ਨਿਰੰਤਰ ਜੂਝਦੀ ਰਹਿੰਦੀ ਹੈ। ਇਹੀ ਇਸਦਾ ਆਪਹੁਦਰਾਪਣ ਹੈ, ਜਿਸਦਾ ਭਾਵ ਭਾਸ਼ਾ ਦੇ ਨਿਯਮਾਂ ਤੋਂ ਬਾਹਰ ਜਾਣਾ ਨਹੀਂ। ਜੇ ਸੰਚਾਰ ਕਰਨਾ ਹੈ ਤਾਂ ਸਿਸਟਮ ਅਧੀਨ ਤਾਂ ਰਹਿਣਾ ਹੀ ਪਵੇਗਾ।[16]

ਸੰਰਚਨਾਵਾਦ:ਬੁਨਿਆਦੀ ਸੀਮਾਵਾਂ

[ਸੋਧੋ]

(ੳ) ਇਤਿਹਾਸ ਵਿਰੋਧੀ ਦ੍ਰਿਸ਼ਟੀਕੋਣ

: ਸੰਰਚਨਾਵਾਦ ਦੀ ਸਭ ਤੋ ਬੁਨਿਆਦੀ ਸੀਮਾ ਇਸ ਅਧਿਐਨ ਮਾਡਲ ਵਿਚ ਇਤਿਹਾਸਿਕ ਪਰਿਪੇਖ ਨੂੰ ਛੁਟਿਆਉਣ/ਤਿਆਗਣ ਦੀ ਹੈ।ਸੋਸਿਊਰ ਨੇ ਆਪਣੇ ਜੀਵਨ ਕਾਲ ਵਿੱਚ ਇੱਕ ਕਿਤਾਬ ਛਪਵਾਈ ਜੋ ਮੂਲ ਰੂਪ ਵਿੱਚ ਭਾਸ਼ਾ ਦੇ ਇਤਿਹਾਸਕ ਪਹਿਲੂ ਨਾਲ ਸਬੰਧਤ ਸੀ, ਪਰ ਅਗਲੀ(ਮੌਤ ਤੋਂ ਬਾਅਦ ਪ੍ਰਕਾਸ਼ਿਤcourse in general linguistics)ਪੁਸਤਕ ਵਿਚ ਉਹ ਇਤਿਹਾਸਿਕ ਪਹੁੰਚ ਸੰਬੰਧੀ ਕਈ ਅੰਤਰ-ਵਿਰੋਧੀ ਧਾਰਨਾਵਾਂ ਪੇਸ਼ ਕਰਦਾ ਹੋਇਆ ਅੰਤਿਮ ਰੂਪ ਵਿੱਚ ਗੈਰ-ਇਤਿਹਾਸਿਕ ਪਹੁੰਚ ਵਜੋਂ ਇਕਾਲਕੀ ਅਧਿਐਨ ਨੂੰ ਨਾ ਸਿਰਫ ਕੇਂਦਰੀ ਮਹੱਤਤਾ ਦਿੰਦਾ ਹੈ, ਸਗੋ ਇਸਨੂੰ ਵਿਗਿਆਨਿਕ ਅਧਿਐਨ ਪ੍ਰਵਾਨਦਾ ਹੈ।ਇਹ ਪ੍ਰਵਿਰਤੀ ਬਾਅਦ ਦੇ ਸੰਰਚਨਾਵਾਦੀਆਂ ਵਿੱਚ ਇੰਨੀ ਪ੍ਰਬਲ ਹੋਈ ਕਿ ਕਾਲ ਮੁਕਤ ਅਧਿਐਨ ਵਿਚ ਇਤਿਹਾਸਕ ਪਰਿਪੇਖ ਦੇ ਸੰਪੂਰਣ ਨਿਸ਼ੇਧ ਅਤੇ ਨਵੇਂ ਅਕਾਲਿਕ ਸੰਦਰਭਾਂ ਵਿਚ ਸਥਾਨੀਕ੍ਰਿਤ ਅਧਿਐਨ ਵਿਚ ਬਦਲ ਗਿਆ ਇਤਿਹਾਸ ਨੂੰ ਸਿਰਫ਼ ਕਾਲ-ਕ੍ਰਮਿਕ ਵਰਤਾਰੇ ਅਤੇ ਇਸ ਤੋਂ ਅੱਗੇ ਘਟਨਾਵਾਂ ਦੇ ਕ੍ਰਮ ਤੱਕ ਘਟਾ ਦੇਣਾ ਗੈਰ ਵਿਗਿਆਨਕ ਪਹੁੰਚ ਹੈ।ਇਸੇ ਕਾਰਣ ਹੀ ਸਰੰਚਨਾਵਾਦ ਨੂੰ 'ਭਟਕੇ ਹੋਏ ਫਰਾਂਸੀਸੀ ਖੱਬੇ ਪੱਖੀ ਬੁੱਧੀਜੀਵੀਆਂ ਦਾ ਦਰਸ਼ਨ ਕਿਹਾ ਗਿਆ, ਜਿਸ ਦੇ ਮੁੱਖ ਤਿੰਨ ਥੀਮ ਹਨ...denial of history, denial of subject, denial of individual and pressimistic view of the future of western society.ਇਤਿਹਾਸਿਕ ਪਰਿਪੇਖ ਨੂੰ ਅਧਿਐਨ ਵਿਧੀ ਚੋ ਖਾਰਜ ਕਰਨ ਦੇ ਜਿਹਿ ਪਰਿਣਾਮ ਨਿਕਲੇ ਉਹਨਾਂ ਵਿਚੋਂ ਕੁਝ ਇਹ ਹਨ:

(1) ਕਿਸੇ ਵੀ ਸਿਰਜਣਾ ਨੂੰ ਇਤਿਹਾਸਿਕ ਪਰਿਪੇਖ ਨਾਲੋਂ ਸੰਪੂਰਣ ਵਿਛੂਨਣਾ।

(2) ਵਿਭਿੰਨ ਅਨੁਸ਼ਾਸਨਾ ਦੇ ਇਤਿਹਾਸ ਦਾ ਮੂਲੋ ਤਿਆਗ ਅਤੇ ਇਸ ਦੀ ਮਹੱਤਤਾ ਤੋਂ ਇਨਕਾਰੀ ਹੋਣਾ।

(3) ਕਾਲਿਕ ਪਹਿਲੂ ਦੀ ਥਾਂ ਸਥਾਨੀਕ੍ਰਿਤ ਪਹਿਲੂ 'ਤੇ ਗ਼ੈਰ-ਤਨਾਸਬੀ ਬਲ।

(4) ਵਿਕਾਸ, ਵਿਨਾਸ ਰਖ, ਮੁੱਖ ਦੌਰ,ਪ੍ਰਵਿਰਤੀਆਂ, ਵਿਕਾਸ ਅਮਲ ਦੇ ਵਿਸ਼ੇਸ਼ ਸਿਸਟਮ ਉਪਰ ਪੈਣ ਵਾਲੇ ਲਾਜ਼ਮੀ ਪ੍ਰਭਾਵਾਂ ਤੋਂ ਬੇਮੁੱਖਤਾ।

(5) ਇਤਿਹਾਸਿਕ ਮਾਡਲ ਅਤੇ ਵਿਗਿਆਨਕ/ਸਿਸਟਮੀ ਮਾਡਲ ਦੇ ਗਲਤ ਵਿਰੋਧ ਦੀ ਸ

(6) ਗਤੀਸ਼ੀਲ ਜੀਵੰਤ ਸਰੰਚਨਾਵਾਂ ਦੀ ਡਾਇਲੈਕਟਸ ਨੂੰ ਪਛਾਣਨਾ, ਸਮਝਣ ਦੀ ਬਜਾਏ ਸਥਿਰ ਮਕਾਨਕੀ ਰੂਪਗਤ ਸਰੰਚਨਾਵਾਂ ਦੇ ਨਿਖੇੜੇ ਅਤੇ ਸਥਾਪਤੀ ਉੱਤੇ ਮੂਲ ਬਲ।

(ਅ) ਵਿਸ਼ੇ ਜਾਂ ਸਾਰ ਦੀ ਉਪੇਖਿਆ : ਸਰੰਚਨਾਵਾਦ ਵਿੱਚ ਕਿਸੇ ਵੀ ਸਰੰਚਨਾ ਦੇ ਅਧਿਐਨ ਸਮੇਂ ਇਸ ਦੇ ਅਰਥ , ਮੂਲ ਤੱਤ ਜਾਂ ਮੂਲ ਸਾਰ ਦੀ ਉਪੇਖਿਆ ਕਰਕੇ ਮੂਲ ਬਲ ਜਾਂ ਅੰਤਿਮ ਉਦੇਸ਼ ਇਸ ਦੇ ਸੰਗਠਨਕਾਰੀ ਤੱਤਾਂ ,ਰੂਪਗਤ ਜੁਗਤਾਂ ਜਾਂ ਅਰਥ ਸਿਰਜਣ ਪ੍ਰਕਿਰਿਆ ਉੱਪਰ ਰਿਹਾ ਹੈ। ਬਹੁਤੇ ਸੰਰ। ਝ

ਚਨਾਵਾਦੀਆਂ ਦੀ ਧਾਰਨਾ ਹੈ ਕਿ ਮੂਲ ਮਸਲਾ ਅਤੇ ਅੰਤਿਮ ਉਦੇਸ਼ ਅਰਥਾਂ ਨੂੰ ਸਮਝਣਾ ਨਹੀ , ਸਗੋ ਇਹ ਤਾਂ ਅਧਿਐਨ ਬਾਹਰੇ ਪ੍ਰਸੰਗ ਹਨ, ਮੂਲ ਮਸਲਾ ਸਿਰਫ਼ ਅਰਥ ਦੀ ਥਾਂ ਸੰਚਾਰ ਪ੍ਰਕਿਰਿਆ ਚਿੰਨੀਕਰਣ ਦੀ ਪ੍ਰਕਿਰਿਆ ਜਾਂ ਅਰਥ ਸਿਰਜਣ ਦੇ ਨਿਯਮਾਂ ਨੂੰ ਸਮਝਣਾ ਹੈ। ਸਾਹਿਤਕ ਕਿਰਤ ਦਾ ਇਹ ਅਧਿਐਨ ਪਰਿਪੇਖ ਅੱਗੋਂ ਜਿੰਨਾ ਤਬਾਹਕੁੰਨ ਪਰਿਣਾਮਾਂ, ਉਲਾਰ ਸੰਵਾਦਾਂ ਅਤੇ ਮਾਨਵ ਵਿਰੋਧੀ ਸਥਾਪਨਾਵਾਂ ਤੱਕ ਪਹੁੰਚਦਾ ਹੈ, ਉਸ ਵਿਚੋਂ ਸਿਰਫ਼ ਕੁੱਝ ਇਸ ਪ੍ਰਕਾਰ ਹਨ :

(1) ਅਧਿਐਨ ਕਾਰਜ ਵਿਚੋਂ ਵਿਸ਼ੇ ਨੂੰ ਖਾਰਜ ਕਰਨਾ, ਜਿਸ ਨੂੰ denial of subject ਕਿਹਾ ਜਾਂਦਾ ਹੈ ਅੰਤਿਮ ਰੂਪ ਵਿਚੋਂ ਕਿਸੇ ਵੀ ਸਿਰਜਣਾ ਦੇ ਅਰਥਾਂ ਨੂੰ ਹੀ 'ਇਸ ਵਿਗਿਆਨ' ਵਿਚੋਂ ਬਾਹਰ ਕੱਢ ਦੇਣਾਂ ਹੈ, ਜਿਸ ਦੇ ਨਤੀਜੇ ਵਜੋਂ ਕਿਸੇ ਵੀ ਪਾਠ ਦਾ ਅਧਿਐਨ ਸਿਰਫ਼ ਰੂਪਗਤ ਤਕਨੀਕਾਂ ਤੱਕ ਮਹਿਦੂਦ ਰਹਿ ਜਾਂਦਾ ਹੈ।

(2) ਕਿਸੇ ਵੀ ਸੰਰਚਨਾ ਦੇ ਤੱਤਾਂ, ਤੱਤਾਂ ਦੇ ਅੰਤਰ -ਸੰਬੰਧ ਜਾਂ ਨਿਯਮਾਂ ਨੂੰ ਖੋਜਣਾ ਇਸ ਅਧਿਐਨ ਦਾ ਮੂਲ ਉਦੇਸ਼ ਬਣ ਜਾਂਦਾ ਹੈ, ਇਸ ਸੰਰਚਨਾ ਸਮਾਜੀ ਮਨੁੱਖੀ ਜੀਵਨ ਵਿਚ ਕੀ ਅਰਥ, ਜਾਂ ਕੀਮਤ-ਪ੍ਰਬੰਧ ਸਿਰਜਦੀ ਹੈ, ਇਹ ਪ੍ਰਸ਼ਨ ਹੀ ਅਜਿਹੇ ਅਧਿਐਨ ਤੋਂ ਬਾਹਰ ਐਲਾਨਿਆ ਗਿਆ ਹੈ ।..."to persue the reading of the text......its dissemination, not its truth. ਚਿੰਨ੍ਹ-ਪ੍ਰਬੰਧ ਵਿਚ ਵੀ ਇਸੇ ਪ੍ਰਵਿਰਤੀ ਅਧੀਨ ਚਿੰਨ੍ਹਤ ਨੂੰ ਉਪੇਖਿਅਤ ਕਰਕੇ ਕੇਂਂਦਰੀ ਸਥਾਨ ਚਿੰਨ੍ਹਕ ਨੂੰ ਦਿੱਤਾ ਗਿਆ ਹੈ ਸੋਸਿਊਰ ਦਾ ਚਿੰਨ੍ਹ ਦਾ ਸੰਕਲਪ ਹੀ ਵਿਚਾਰਵਾਦੀ ਅਤੇ theological ਹੈ ਚਿੰਨ੍ਹਕ ਅਤੇ ਚਿੰਨ੍ਹਤ ਨੂੰ ਨਿਖੇੜਨ ਦੇ ਦੋ ਪਰਿਣਾਮ ਨਿਕਲੇ

ਪਹਿਲਾ ਸਿਸਟਮ ਦਾ ਇਕਾਲਕੀ ਅਧਿਐਨ ਅਤੇ ਦੂਜਾ ਚਿੰਨ੍ਹਕ ਤੇਧ ਧਿਆਨ ਕੇਂਦਰਤ ਕਰਕੇ ਚਿੰਨ੍ਹਤ ਨੂੰ ਅਧਿਐਨ ਤੋਂ ਖ਼ਾਰਜ ਕਰ ਦਿੱਤਾ ਗਿਆ

(3) ਵਿਸ਼ੇਸ਼ ਕਿਰਤ/ਪਾਠ ਦੇ ਅਰਥਾਂ ਪ੍ਰਤੀ ਇਹ ਅਵਹੇਲਣਾ ਅੱਗੋਂ ਵਿਸ਼ੇਸ਼ ਕਿਰਤ ਦੇ ਮਾਨਵੀ ਪ੍ਰਯੋਜਨ, ਕੀਮਤ ਪ੍ਰਬੰਧ ਅਤੇ ਅਜਿਹੇ ਹੋਰ ਬੁਨਿਆਦੀ ਮਸਲਿਆਂ ਦੀ ਹੋਂਦ/ਲੋੜ ਮੰਨਣ ਤੋਂ ਇਨਕਾਰੀ ਕਰਦੀ ਹੈ । ਪਹੁੰਚ ਵਿਧੀ ਦਾ ਇਹ ਸੰਰਚਨਾਵਾਦੀ ਮਾਡਲ ਹੀ ਅੱਗੋਂ 'ਸ਼ੁੱਧ ਵਿਧੀ' /'ਵਿਗਿਆਨ' ਸਿਰਜਣ ਦੀ ਅਵਿਗਿਆਨਿਕ ਪਹੁੰਚ ਦਾ ਰਸਤਾ ਧਾਰਨ ਕਰਦਾ ਹੈ।

(4) ਸੰਰਚਨਾਵਾਦ ਵਿਧੀਮੂਲਕ ਅੰਤਰ-ਅਨੁਸ਼ਾਸਨੀ ਪਹੁੰਚ ਨੂੰ ਕੇਂਦਰੀ ਮਹੱਤਤਾ ਅਤੇ ਇਕੋ ਇਕ ਵਿਗਿਆਨਕ ਵਿਧੀ ਮੰਨਦਾ ਹੈ, ਪਰ ਵਿਭਿੰਨ ਅਨੁਸ਼ਾਸਨਾਂ ਦੇ ਸਾਰਮੂਲਕ ਸੰਬੰਧਾਂ ਨੂੰ ਮੰਨਣੋ, ਪਛਾਣਨੋ ,ਅਧਿਐਨ ਕਰਨੋ ਮੂਲੋ ਇਨਕਾਰੀ ਹੈ। ਜੇ ਕੋਈ ਸਿਰਜਣਾ ਮਨੁੱਖ ਸਿਰਜਿਤ ਹੋਣ ਕਾਰਣ ਸਾਂਝੇ ਸੰਰਚਨਾਤਮਕ ਨਿਯਮ ਰੱਖਦੀ ਹੈ ਤਾਂ ਸੁਭਾਵਿਕ ਹੀ ਇਹ ਸਾਂਝੇ ਮਨੁੱਖੀ ਅਰਥ/ਹਿੱਤ/ਉਦੇਸ਼ਾਂ ਦੀ ਵੀ ਸੰਵਾਹਕ ਹੈ। ਇਹ ਦਿਲਚਸਪ ਪਹਿਲੂ ਹੈ ਕਿ ਬਹੁਤੇ ਸੰਰਚਨਾਵਾਦੀ ਵਿਧੁਮੂਲਕ ਅੰਤਰ-ਅਨੁਸ਼ਾਸਨੀ ਪਹੁੰਚ ਤੇ ਤਾਂ ਬੇਲੋੜਾ ਬਲ ਦਿੰਦੇ ਹਨ ,ਹਰ ਅਰਥਸ਼ੀਲਤਾ/ਸਾਂਝੇ ਮਾਨਵੀ ਮਨੋਰਥ ਨੂੰ ਮੰਨਣੋ ਇਨਕਾਰੀ ਹੀ ਨਹੀਂ , ਸਗੋ ਅਧਿਐਨ ਤੋਂ ਬਾਹਰ ਮੰਨਦੇ ਹਨ।

(5) ਸੰਰਚਨਾਵਾਦ ਨੇ ਅਪਣੇ ਅਧਿਐਨ ਖੇਤਰ ਵਿੱਚੋ ਕ੍ਰਮਵਾਰ ਅਰਥ, ਸਿਰਜਕ, ਮਨੁੱਖ, ਸਮਾਜ, ਇਤਿਹਾਸ ਨੂੰ ਖ਼ਾਰਜ ਕੀਤਾ ਹੈ ਜਿਸ ਪਹੁੰਚ ਨੂੰ Eco ਨੇ antihumanism ਅਤੇ fredric jameson ਨੇ militant anti-humanism' ਕਿਹਾ ਹੈ।

(ੲ) ਸਿਰਜਿਤ ਸੰਕਲਪਾਂ ਪ੍ਰਤੀ ਅਵਿਗਿਆਨਕ ਧਾਰਨਾ  : ਸੰਰਚਨਾਵਾਦੀ ਪਹੁੰਚ ਵਿਚ ਨਿਖੇੜੇ ਗਏ ਸੰਕਲਪਾਂ ਦਾ ਸਰੂਪ ਅਤੇ ਅਧਿਐਨ ਵਿਚਲੇ ਪ੍ਰਯੋਗ ਵਿਚ ਅਨੇਕ ਗੰਭੀਰ, ਉਲਾਰਪਣ ਅਤੇ ਕੁਰਾਹੇ ਹਨ। ਜਿਸ ਸਿਧਾਂਤਕ ਪਰਿਪੇਖ ਉੱਤੇ ਜਿਨ੍ਹਾਂ ਬੁਨਿਆਦੀ ਗਲਤ ਮਨੌਤਾਂ ਨਾਲ ਸੰਰਚਨਾਵਾਦ ਸਿਰਜਿਆ ਗਿਆ ਹੈ, ਉਸ ਦੇ ਸਹੀ ਸਰੂਪ ਨੂੰ ਪਛਾਨਣਾ ਜਰੂਰੀ ਹੈ ਤਾਂ ਕਿ ਇਸ ਪ੍ਰਣਾਲੀ ਦੇ ਸਵੈ- ਵਿਰੋਧਾ, ਵਿਹਾਰਕ ਸੀਮਾਵਾਂ, ਸਿਧਾਂਤਕ ਗਲਤੀਆਂ, ਤਾਰਕਿਕ ਅਸੰਗਤੀਆ ਅਤੇ ਵਿਚਾਰਧਾਰਕ ਦਾਰਸ਼ਨਿਕ ਚੌਖਟੇ ਨੂੰ ਪਛਾਣਿਆ ਜਾ ਸਕੇ।

(1) ਭਾਸ਼ਾ ਨੂੰ ਨਿਰੋਲ ਅਮੂਰਤ, ਸਵੈ ਸੁਤੰਤਰ ਅਤੇ ਨਿਰਪੇਖ ਸੰਰਚਨਾ ਵਜੋਂ ਕਲਪਿਤ ਕਰਨਾ ਹੀ ਗੈਰ ਵਿਗਿਆਨਕ ਪਹੁੰਚ ਹੈ।ਇਹੋ ਮਨੌਤ ਅੱਗੋਂ ਅਣਗਿਣਤ ਗਲਤ ਪਰਿਣਾਮਾਂ ਅਤੇ ਅਤਾਰਕਿਕ ਸਥਾਪਨਾਵਾਂ ਦਾ ਕਾਰਨ ਬਣਦੀ ਹੈ।ਫਰੈਡਰਿਕ ਜੇਮਸਨ ਦਾ ਇਹ ਕਥਨ ਢੁਕਵਾਂ ਹੈ ਕਿ ਯਥਾਰਥ ਬਾਰੇ ਭਸ਼ਾਈ ਪ੍ਰਬੰਧ ਦੇ ਸ਼ਬਦਾਂ ਵਿਚ ਗੱਲ ਕਰਨੀ, ਦਰਸ਼ਨ ਦੇ ਮਸਲਿਆ ਨੂੰ ਭਾਸ਼ਾ ਵਿਗਿਆਨਕ ਸ਼ਬਦਾਵਲੀ ਵਿੱਚ ਮੁੜ ਪ੍ਰਗਟ ਕਰਨਾ ਲਾਜ਼ਮੀ ਤੋਰ ਤੇ arbitrary ਅਤੇ ਨਿਰਪੇਖ ਫੈਸਲਾ ਹੈ ਬਾਖਤਿਨ ਅਨੁਸਾਰ ਸੋਸਿਊਰ ਦੀਆਂ ਮੁਸਕਲਾਂ ਦਾ ਮਸਲਾ la lange ਅੰਦਰੂਨੀ ਨਿਯਮਾਂ ਦੇ ਪ੍ਰਬੰਧ ਦੇ ਬਾਹਰ ਕਾਰਜਸ਼ੀਲ ਹਰ ਪ੍ਰਕਾਰ ਦੀਆਂ ਪ੍ਰਕਿਰਿਆਵਾਂ ਤੋਂ ਅਲੱਗ ਕਰਨ ਵਿਚ ਹੈ। ਅੱਗੋਂ ਇਹੀ ਤਰਕ ਭਾਸ਼ਾ ਨੂੰ ਇਕ closed system ਮੰਨਣ ਵੱਲ ਰੁਚਿਤ ਹੈ। ਭਾਸ਼ਾ ਦੇ ਇਸ ਨਿਰਪੇਖ ਅਤੰਕਪੂਰਨ ਅਮੂਰਤੀਕਰਨ ਨੂੰ ਅੱਗੋ ਸਮੁੱਚੀਆਂ ਸਿਰਜਣਾਵਾਂ ਦੀ ਕੇਂਦਰੀ ਪ੍ਰਕਿਰਿਆ ਵਜੋਂ ਸਥਾਪਿਤ ਕਰਕੇ ਜਿੰਦਗੀ ਦੀ ਪਦਾਰਥਕ ਡਾਇਲੈਕਟਸ ਦਾ ਸੰਭਾਵੀ ਬਦਲ ਸਿਰਜਣ ਦਾ ਸੁਚੇਤ ਉਪਰਾਲਾ ਕੀਤਾ ਗਿਆ ਹੈ।ਜਿਵੇ ਭਾਸ਼ਾ ਹੀ ਸਮੁੱਚੀ ਸਿਰਜਣਧਾਰਾ ਦਾ ਮੂਲ ਕਾਰਨ, ਸ੍ਰੋਤ, ਮਾਡਲ, ਅਤੇ ਅੰਤਿਮ ਉਦੇਸ਼ ਹੁੰਦੀ ਹੋਵੇ।ਜਿਥੇ ਤੱਕ ਸੰਰਚਨਾਵਾਦ ਸਿਰਫ ਰੂਪਗਤ ਲੱਛਣਾਂ ਦਾ ਅਧਿਐਨ ਕਰਨ ਤੱਕ ਸੀਮਤ ਹੈ ਉਥੇ ਮਾਰਕਸਵਾਦ ਹਰੇਕ ਸੰਰਚਨਾ/ਵਰਤਾਰੇ ਦੇ ਲਾਜਮੀ ਲੱਛਣਾਂ ਦਾ ਅਧਿਐਨ ਤੇ ਮੁਲਾਕਣ ਕਰਦਾ ਹੈ।

(2) order ਦੇ ਸੰਕਲਪ ਨੂੰ ਅੰਤਿਮ, ਸੰਪੂਰਣ ਅਤੇ ਨਿਰਪੇਖ ਸਵੀਕ੍ਰਿਤੀ ਅਤੇ ਸਥਾਪਤੀ ਦੇ ਕੇ ਇਸਦੇ ਸਿਰਜਣ, ਬਿਖਸਣ,ਬਦਲਣ ਦੇ ਅਮਲ ਨੂੰ ਮੂਲੌ ਬੇਲੋੜਾ,।ਜਾਂ ਅਧਿਐਨ ਬਾਹਰਾ ਐਲਾਨਿਆ ਗਿਆ ਹੈ। ਸਿਰਫ order ਪ੍ਰਤਿ ਉਲਾਰ ਤਰਜੀਹ ਅਤੇ ਰੂਪਾਂਤਰਣ ਦੀ ਅਵੱਗਿਆ ਇਕ ਵਿਸ਼ੇਸ਼ ਲੋਟੂ ਸ਼੍ਰੇਣੀ ਦੇ ਵਿਚਾਰਧਾਰਾ ਦਾ ਸੁਚੇਤ ਹਿਤੈਸ਼ੀ ਹੈ। ਸੰਰਚਨਾਵਾਦ ਵਿਚ ਇਹ ਗੈਰ ਵਿਗਿਆਨਕ ਪਹੁੰਚ ਅੱਗੋਂ ਸਿਸਟਮ, ਸੰਰਚਨਾ, ਚਿੰਨ੍ਹ ਦੇ ਅਜਿਹੇ ਹੀ ਰੂਪਗਤ, ਸਥਿਰ ਮਕਾਨਕੀ ਸੰਕਲਪਾਂ ਨੂੰ ਨਿਸਚਿਤ ਕਰਦੀ ਹੈ। ਫਲਸਰੂਪ ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਇਹ ਪਹੁੰਚ ਸਥਾਪਿਤ ਲੋਟੂ ਜਮਾਤ ਦਾ ਹਿੱਤ ਪੂਰਦੀ ਹੈ।

(3) ਸੰਰਚਨਾਵਾਦੀਆਂ ਦੀ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਰੂਪ ਨੂੰ ਹੀ ਸਾਰ ਵਿਚ ਰੂਪਾਤਰਣ ਕਰਨ ਦੀ ਹੈ, ਜਿਸ ਅਨੁਸਾਰ ਕਿਸੇ ਪਾਠ /ਕਿਰਤ ਦੀ ਸਮੁੱਚੀ ਹੋਂਦ ਨੂੰ ਸਿਰਫ ਰੂਪ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ, ਸਾਰ ਹੀ ਸਿਰਫ ਰੂਪ ਹੀ ਬਣ ਜਾਂਦਾ ਹੈ ਅਤੇ ਅੱਗੋ ਕਿਉਂਕਿ ਸਾਹਿਤਕ ਕਿਰਤ ਭਾਸ਼ਾ ਉਚਾਰ ਦਾ ਅਮਲ ਹੀ ਇਸਦਾ ਲਾਜ਼ਮੀ ਵਿਸ਼ਾ ਵਸਤੂ ਬਣ ਜਾਂਦਾ ਹੈ। ਇਸੇ ਕਾਰਨ ਹੀ ਜੇਮਸਨ ਨੇ ਸੰਰਚਨਾਵਾਦ ਨੂੰ ਦਾਰਸ਼ਨਿਕ ਰੂਪਵਾਦ' ਵਜੋਂ ਗ੍ਰਹਿਣ ਕਰਨ ਦਾ ਮੱਤ ਪੇਸ਼ ਕੀਤਾ।

(4) ਇਸ ਦਾ ਅਗਲੇਰਾ ਪਰਿਣਾਮ ਕਿਸੇ ਵੀ ਸੰਰਚਨਾ ਨੂੰ ਖਾਲੀ ਰੂਪ ਵਜੋਂ ਗ੍ਰਹਿਣ ਕਰਨ ਤੱਕ ਦਾ ਹੈ, ਜਿੱਥੇ ਸੰਰਚਨਾ ਸਾਰਮੁਕਤਾ ਹੋਂਦ ਗ੍ਰਹਿਣ ਕਰਕੇ ਨਿਰੋਲ ਰੂਪਗਤ ਸੱਤਾ ਗ੍ਰਹਿਣ ਕਰਦੀ ਹੈ। ਸੰਰਚਨਾਵਾਦ ਵਿਚ ਇਕ ਸਾਂਝੀ ਪ੍ਰਵਿਰਤੀ ਭਾਸ਼ਾ ਨੂੰ ਸ਼ੁੱਧ ਰੂਪਗਤ ਹੋਂਦ ਵਜੋਂ ਗ੍ਰਹਿਣ ਕਰਨ ਦੀ ਹੈ।ਉਹ ਜਾਂ ਵਾਕ ਵਿਗਿਆਨ ਤੇ ਜਾਂ ਗਣਿਤ ਮੂਲਕ ਸੰਰਚਨਾਵਾ ਤੇ ਧਿਆਨ ਕੇਂਦਰਿਤ ਕਰਦੇ ਹਨ।ਇਵੇਂ ਹੀ ਭਾਸ਼ਾ ਨੂੰ ਸਥਿਰ ਹੋਂਦ ਵਜੋਂ ਜਿਸ ਦਾ ਕਿ ਨਾ ਕੋਈ ਇਤਿਹਾਸ ਹੈ ਤੇ ਨਾ ਹੀ ਪਹਿਲੀ ਨਜਰੇ ਕੋਈ ਵਿਸ਼ਾ ਹੈ; ਮੰਨਿਆ ਜਾਂਦਾ ਹੈ।

(5) ਸੰਰਚਨਾਵਾਦ ਨੂੰ ਜੋ ਨਿਰੋਲ ਵਿਧੀ ਸਵੀਕਾਰ ਕਰ ਲਿਆ ਜਾਵੇ ਜਿਸ ਦੀ ਬਹੁਤੇ ਸੰਰਚਨਾਵਾਦੀ ਹਾਮੀ ਭਰਦੇ ਨੇ ਤਦ ਵੀ ਇਸ ਦੀ ਬੇਹੱਦ ਸੀਮਿਤ ਮਹੱਤਤਾ ਹੀ ਹੈ ਕਿਸੇ ਵੀ ਸੱਭਿਆਚਾਰ ਸਿਰਜਣਾ ਦਾ ਸੰਪੂਰਨ ਅਧਿਐਨ ਨਿਰੋਲ ਵਿਧੀ ਰਾਹੀ ਪੂਰਾ ਹੋਣਾ ਸੰਭਵ ਨਹੀਂ ਸਗੋਂ ਇਸ ਵਿਧੀ ਨੂੰ ਵਿਸ਼ੇਸ਼ ਅਨੁਸ਼ਾਸਨ ਦੇ ਸਰੂਪ ਅਨੁਸਾਰ(ਕਿਉਂਕਿ ਇਹ ਵਿਧੀ ਹਰੇਕ ਅਨੁਸ਼ਾਸਨ ਅਨੁਸਾਰ ਵੱਖਰੀ ਹੋਵੇਗੀ) ਵਿਸ਼ਾਲ ਦਾਰਸ਼ਨਿਕ ਵਿਗਿਆਨਕ ਪਰਿਪੇਖ ਦੀ ਬੁਨਿਆਦੀ ਆਵਸ਼ਕਤਾ ਹੈ।

ਸੰਰਚਨਾਵਾਦ ਦਾ ਸਰੂਪ

ਸੰਰਚਨਾਵਾਦ ਦੀਆਂ ਪਰਿਭਾਸ਼ਾਵਾਂ ਇੰਨੀਆ ਵੰਨ -ਸਵੰਨੀਆਂ ਅਤੇ ਵਿਰੋਧੀ ਸੰਕਲਪਾਂ/ਵਿਚਾਰਾਂ ਨਾਲ ਭਰਪੂਰ ਹਨ ਕਿ ਕਿਸੇ ਇੱਕ ਚਿੰਤਕ ਦੀ ਕਿਸੇ ਇੱਕ ਪ੍ਰੀਭਾਸ਼ਾ ਨੂੰ ਪ੍ਰਮਾਣਿਕ ਕਹਿ ਸਕਣਾ ਅਸੰਭਵ ਹੈ। ਅਸੀਂ ਸਿਰਫ਼ ਕੁਝ ਇੱਕ ਪ੍ਰੀਭਾਸ਼ਾਵਾਂ ਅਤੇ ਸਿਰਫ਼ ਕੁਝ ਪਹਿਲੂ ਹੀ ਵਿਚਾਰ ਕਰ ਸਕਾਂਗੇ। ਰੋਲਾਂ ਬਾਰਤ ਅਨੁਸਾਰ:

"The goal of every structuralist activity whether 'reflective' or 'creative' ,consist of re- construction reveals the rules according to which the object functions. ਮਿਸੇ਼ਲ ਫੂਕੋ ਸੰਰਚਨਾਵਾਦ ਨੂੰ ananymous thinking knowledge without subject, theory without identity" ਕਹਿੰਦਾ ਹੈ। ਸੰਰਚਨਾਵਾਦ ਵਿਸ਼ੇਸ਼ ਸੰਚਾਰ ਪ੍ਰਬੰਧ ਦੀ ਸੰਰਚਨਾ ਦਾ ਅਜਿਹਾ ਅਧਿਐਨ ਹੈ ਕਿ ਉਸ ਸੰਰਚਨਾ ਦੇ ਆਂਤਰਿਕ ਨਿਯਮ, ਜਿਹੜੇ ਅਮੂਰਤ ਜਾਂ ਅਚੇਤਨ ਹੁੰਦੇ ਹਨ, ਸਨਮੁੱਖ ਆ ਜਾਣ। ਵਿਸ਼ੇਸ਼ ਸੰਰਚਨਾ ਦਾ ਅਜਿਹਾ ਨਿਕਟ ਕਾਲਕੀ ਅਧਿਐਨ, ਜਿਸ ਰਾਹੀਂ ਉਸ ਦੇ ਸੰਰਚਨਾਵੀ ਤੱਤਾਂ ਦੇ ਅੰਤਰ ਸੰਬੰਧਾਂ ਅਤੇ ਸੰਰਚਨਾਤਮਕ ਨਿਯਮਾਂ ਦੀ ਖੋਜ ਕੀਤੀ ਜਾ ਸਕੇ। ਸੰਰਚਨਾਵਦ ਦਾ ਮੂਲ ਧੁਰਾ ਵਿਸ਼ੇਸ਼ ਪਾਠ ਦਾ ਸਮੱਗਰ ਅਤੇ ਸਿਸਟਮੀ ਅਧਿਐਨ ਮੰਨਿਆ ਗਿਆ ਹੈ ਜਿਸ ਰਾਹੀਂ ਉਸ ਸੰਰਚਨਾ ਦਾ 'ਵਿਆਕਰਨ' ਜਾਣਿਆ ਜਾ ਸਕੇ। ਸੰਰਚਨਾਵਾਦ ਦੀ ਮੂਲ ਅੰਤਰ-ਦ੍ਰਿਸ਼ਟੀ ਇਸੇ ਕਰਕੇ ਆਧੁਨਿਕ ਇਕਾਲਕੀ ਭਾਸ਼ਾ ਵਿਗਿਆਨ ਹੈ। ‌‌ ‌‌ ‌‌ ਸੰਰਚਨਾਵਾਦ ਦੇ ਸਰੂਪ ਨੂੰ ਨਿਖੇੜਨ ਅਤੇ ਨਿਰਧਾਰਿਤ ਕਰਨ ਸਬੰਧੀ ਸਭ ਤੋਂ ਕੇਂਦਰੀ ਮਸਲਾ ਇਸ ਦੇ ਵਿਧੀ, ਵਿਚਾਰਧਾਰਾ, ਦਰਸ਼ਨ ਅਤੇ ਵਿਗਿਆਨ ਹੋਣ/ਨਾ ਹੋਣ ਨਾਲ ਸਬੰਧਿਤ ਹੈ। ਸੰਰਚਨਾਵਾਦ ਦੇ ਪੈਰੋਕਾਰਾਂ ਵਿੱਚ ਇਸ ਸਬੰਧੀ ਇੰਨੀਆਂ ਵਿਪਰੀਤ/ਕਾਟਵੀਆਂ ਧਾਰਨਾਵਾਂ ਸਨਮੁੱਖ ਹਨ ਅਤੇ ਵਿਰੋਧੀਆਂ ਦੇ ਠੋਸ ਪ੍ਰਸ਼ਨ ਜਾਂ ਚੈਲਿੰਜ ਇੰਨੇ ਹਨ,ਕਿ ਇਸ ਪਹਿਲੂ ਬਾਰੇ ਅਜੇ ਤੱਕ ਇਕ ਟੁਕ ਫੈਸਲਾ/ਮੱਤ ਸਥਾਪਿਤ ਨਹੀ ਹੋ ਸਕਿਆ। ਇਸ ਅਤਿਅੰਤ ਸੰਜੀਦਾ ਪਰ ਫੈਸਲਾਕੁੰਨ ਪਹਿਲੂ ਸੰਬੰਧੀ ਅਸੀਂ ਸਿਰਫ਼ ਕੁਝ ਵਿਲੱਖਣ ਜਾ਼ਵੀਏ ਜਾਂ ਰਾਵਾਂ ਹੀ ਪੇਸ਼ ਕਰਕੇ ਇਸ ਬਾਰੇ ਪਏ ਘਚੋਲੇ ਦਾ ਅੰਦਾਜ਼ਾ ਲਗਾ ਸਕਦੇ ਹਾਂ। 1) ਸੰਰਚਨਾਵਾਦ ਨਿਰੋਲ ਇੱਕ ਵਿਧੀ ਹੈ: ਰੋਲਾਂ ਬਾਰਤ - " I think that name of structuralism should today be reserved for a methodological movement which specifically avows its direct with linguistics." ਇਸ ਦਿ੍ਸ਼ਟੀਕੋਣ ਤੋਂ ਸੰਰਚਨਾਵਾਦ ਨੂੰ ਸਿਰਫ਼ ਇੱਕ ਅਧਿਐਨ ਵਿਧੀ, discovery procedure ਮੰਨਿਆ ਗਿਆ ਹੈ। ਅਰਥਾਤ ਸੰਰਚਨਾਵਾਦ ਕੋਈ ਵਿਚਾਰਧਾਰਾ, ਦਰਸ਼ਨ ਜਾਂ ਵਿਗਿਆਨ ਨਹੀਂ ਹੈ। ਵਿਧੀ ਤੋਂ ਭਾਵ ਉਹ ਵਿਸ਼ੇਸ਼ ਤਰੀਕਾ ਹੈ, ਜਿਸਨੂੰ ਲਾਗੂ ਕਰਕੇ ਅਸੀਂ ਵਿਸ਼ੇਸ਼ ਸੰਚਾਰ ਪ੍ਰਬੰਧ ਦੇ ਵਿਲੱਖਣ ਅਤੇ ਸਮੁੱਚੇ ਸੰਚਾਰ ਪ੍ਰਬੰਧਾਂ ਦੇ ਸਾਮਾਨਯ ਸੰਰਚਨਾਵੀ ਤੱਤਾਂ, ਸੰਬੰਧਾਂ, ਨਿਯਮਾਂ ਨੂੰ ਖੋਜ ਸਕਦੇ ਹਾਂ। ਇਸੇ ਕਾਰਨ ਹੀ ਸੰਰਚਨਾਵਾਦ ਵਿੱਚ ਅਧਿਕ ਬਲ ਅਰਥ ਤੇ ਨਹੀਂ, ਸਗੋਂ ਅਰਥ-ਸਿਰਜਣ ਪ੍ਰਕਿਰਿਆ ਨੂੰ ਸਮਝਣ ਤੇ ਹੈ। ਜੇ ਸੰਰਚਨਾਵਾਦ ਨੂੰ ਇੱਕ ਵਿਧੀ ਮੰਨ ਵੀ ਲਿਆ ਜਾਵੇ ਤਾਂ ਪਹਿਲਾਂ ਤਾਂ ਇਸ ਦੀ ਵਿਭਿੰਨ ਗਿਆਨ -ਅਨੁਸਾ਼ਸਨਾਂ ਵਿੱਚ ਉਚਿਤਤਾ ਅਤਿਅੰਤ ਸੀਮਿਤ ਰਹਿ ਜਾਂਦੀ ਹੈ, ਅਤੇ ਇਹ ਇਕ ਸਮੱਗਰ ਪਹੁੰਚ ਦ੍ਰਿਸ਼ਟੀ ਬਣਨ ਦੇ ਸਮਰੱਥ ਨਾ ਹੋਣ ਕਾਰਣ ਅਧੂਰੀ ਹੈ। ਦੂਸਰਾ ਵਿਸ਼ੇਸ਼ ਗਿਆਨ ਖੇਤਰ ਦੇ ਅਧਿਐਨ ਵਿੱਚ ਵਿਧੀ ਦੀ ਲਾਜ਼ਮੀ ਮਹੱਤਤਾ ਹੁੰਦਿਆਂ ਹੋਇਆਂ ਵੀ ਇਸ ਤੋਂ ਇਲਾਵਾ ੳਉਸ ਅਨੁਸ਼ਾਸਨ ਦੇ ਸੁਭਾ ਅਨੁਸਾਰ ਸਿਧਾਂਤਿਕ ਜਾਂ ਦਾਰਸ਼ਨਿਕ ਦਿ੍ਸ਼ਟੀਕੋਣ ਦੀ ਬੁਨਿਆਦੀ ਆੱਵਸ਼ਕਤਾ ਹੈ। ਤੀਸਰਾ ਵਿਭਿੰਨ ਗਿਆਨ ਅਨੁਸ਼ਾਸ਼ਕਾਂ ਵਿੱਚ ਵਿਧੀਗਤ ਅੰਤਰ ਲਾਜ਼ਮੀ ਹਨ। ਹਰੇਕ ਅਨੁਸ਼ਾਸਨ ਦੇ ਆਂਤਰਿਕ ਸਾਰ ਅਨੁਸਾਰ ਉਸਦੀ ਅਧਿਐਨ ਵਿਧੀ ਵਿੱਚ ਬੁਨਿਆਦੀ ਵਖਰੇਵਾਂ ਲਾਜ਼ਮੀ ਹੋਵੇਗਾ।

 2) ਸੰਰਚਨਾਵਾਦ ਕੋਈ ਇੱਕ ਵਿਧੀ ਨਹੀਂ ਹੈ:                  Edmund Leach - "Structuralism is neither a theory,nor a method, but a method of looking at things ."                                                  ਕੁਝ ਚਿੰਤਕਾਂ ਦਾ ਇਹ ਮੱਤ ਹੈ ਕਿ ਸੰਰਚਨਾਵਾਦ ਦੀ ਕੋਈ ਸਾਂਝੀ ਵਿਧੀ ਨਹੀਂ ਹੈ, ਅਰਥਾਤ ਇਸ ਵਿੱਚ ਵਿਧੀਆਂ ਦੀ ਵਿਭਿੰਨਤਾ ਹੈ। ਕੁਝ ਦਾ ਮੱਤ ਹੈ ਕਿ ਸੰਰਚਨਾਵਾਦ ਦੀ ਕੋਈ ਵਿਧੀ ਹੈ ਹੀ ਨਹੀਂ।ੲ ਇਵੇਂ ਹੀ ਕੁਝ ਹੋਰਾਂ ਦਾ ਮੱਤ ਹੈ ਕਿ ਸੰਰਚਨਾਵਾਦ ਇੱਕ ਵਿਧੀ ਨਹੀਂ, ਸਗੋਂ ਕੁਝ ਵਿਹਾਰਿਕ ਜੁਗਤਾਂ ਜਾਂ ਅੰਤਰ -ਦ੍ਰਿਸ਼ਟੀਆਂ ਦਾ ਨਾਮ ਹੈ।ਇਹ ਮੱਤ ਵਿਭਿੰਨਤਾ ਸੰਰਚਨਾਵਾਦ ਦੇ ਉਨਾਂ ਬੁਨਿਆਦੀ ਅੰਤਰ -ਵਿਰੋਧੀ ਪਹਿਲੂਆਂ ਦੀ ਹੀ ਸੂਚਕ ਹੈ, ਜਿਨ੍ਹਾਂ ਤੇ ਇਹ 'ਵਾਦ' ਉਸਰਿਆ ਹੈ।                                                                   ‌‌‌3: ਸੰਰਚਨਾਵਾਦ ਦਰਸ਼ਨ/ਵਿਚਾਰਧਾਰਾ ਹੈ ਜਾਂ ਨਹੀਂ ਹੈ:         ਸੰਰਚਨਾਵਾਦ ਨੂੰ ਇੱਕ ਵਿਸ਼ੇਸ਼ ਦਾਰਸ਼ਨਿਕ ਚਿੰਤਨ ਵਿਧੀ ਵੀ ਮੰਨਿਆ ਜਾਂਦਾ ਹੈ,ਜਿਸ ਨੂੰ 'ਸੰਰਚਨਾਵਾਦ ਦਾਰਸ਼ਨਿਕੀਕਰਨ' ਕਿਹਾ ਗਿਆ ਹੈ। ਇਸ ਪਹਿਲੂ ਦੇ ਦੋ ਪੱਖ ਹਨ, ਪਹਿਲਾਂ ਇਹ ਕਿ ਕੀ ਸੰਰਚਨਾਵਾਦ ਕੋਈ ਦਰਸ਼ਨ ਜਾਂ ਵਿਚਾਰਧਾਰਾ ਹੈ ਵੀ। ਕੁਝ ਚਿੰਤਕਾਂ ਦਾ ਮੱਤ ਹੈ ਕਿ ਇਹ ਲਾਜ਼ਮੀ ਤੌਰ ਤੇ ਦਰਸ਼ਨ ਜਾਂ ਵਿਚਾਰਧਾਰਾ ਹੈ, ਤੇ ਕੁਝ ਦਾ ਮੱਤ ਹੈ ਕਿ ਇਹ ਆਪਣੇ ਆਪ ਵਿੱਚ ਵਿਚਾਰਧਾਰਾ ਨਹੀਂ , ਭਾਵੇਂ ਇਸ ਦੇ ਵਿਚਾਰਧਾਰਕ ਮਸਲੇ ਜ਼ਰੂਰ ਹਨ ਤੇ ਤੀਸਰਾ ਕਿ ਸੰਰਚਨਾਵਾਦ ਬਿਲਕੁਲ ਵਿਚਾਰਧਾਰਾ ਦਰਸ਼ਨ ਨਹੀਂ ਹੈ।  ਇਨ੍ਹਾਂ ਵਿਰੋਧੀ ਧਾਰਨਾਵਾਂ ਦੇ ਨਮੂਨੇ ਪੇਸ਼ ਹਨ।                                                                     ‌‌    ਅਲਤਿਊਜ਼ਰ ਸੰਰਚਨਾਵਾਦ ਨੂੰ  'a  philosophying idelology of scientists 'ਮੰਨਦਾ ਹੈ ।                   ‌‌ ‌‌‌‌‌        ਐਡਮ ਸੈਫ਼ ਸੰਰਚਨਾਵਾਦ ਨੂੰ  'an intellectual current ' ਕਹਿੰਦਾ ਹੈ।                                 ‌                                       ਸੰਰਚਨਾਵਾਦੀ ਮੂਲ ਰੂਪ ਵਿੱਚ ਭਾਵੇਂ ਇਕ ਵਿਸ਼ੇਸ਼ ਦਾਰਸ਼ਨਿਕ ਵਿਚਾਰਧਾਰਕ ਪਹੁੰਚ ਦੇ ਸੰਕਲਪ ਨੂੰ ਕਬੂਲਣੋਂ ਇਨਕਾਰੀ ਵੀ ਹੋਣ ,ਪਰ ਇਹ ਪਹਿਲੂ ਨਿਰਾ ਮੰਨਣ ਜਾਂ ਨਾ ਮੰਨਣ ਦਾ ਨਾਂ ਹੋ ਕੇ ਮੂਲ ਪ੍ਰਸ਼ਨ ਇਹ  ਹੈ ਕਿ ਕੀ ਕਿਸੇ ਵੀ ਵਿਸ਼ੇਸ਼ ਅਨੁਸ਼ਾਸਨ ਦਾ ਅਧਿਐਨ ਦਾਰਸ਼ਨਿਕ/ਵਿਚਾਰਧਾਰਕ  ਪਹੁੰਚ ਤੋਂ ਮੁਕਤ ਸੰਭਵ ਹੈ ਨਿਰਵਿਵਾਦ ਰੂਪ ਵਿਚ ਪ੍ਰਵਾਨਿਤ ਹੈ  ਕਿ ਕਿਸੇ ਵੀ ਸਮਾਜਿਕ ਗਿਆਨ ਅਨੁਸ਼ਾਸ਼ਨ ਦਾ ਅਧਿਐਨ ਵਿਸ਼ੇਸ਼ ਦਾਰਸ਼ਨਿਕ ਵਿਚਾਰਧਾਰਕ ਪਹੁੰਚ ਤੋਂ ਮੁਕਤ ਨਾ ਸੰਭਵ ਹੈ ਤੇ ਨਾ ਹੀ ਹੋਇਆ ਹੈ। ਵਿਸ਼ੇਸ਼ ਚਿੰਤਕ ਇਸ ਤੋਂ ਸੁਚੇਤ ਹੈ ਜਾਂ ਅਚੇਤ ,ਉਸ ਦੀ ਵਿਚਾਰਧਾਰਾ ਲੋਟੂ ਸ਼੍ਰੇਣੀ ਦੀ ਹੈ। ਉਸ ਦਾ ਜੀਵਨ ਤੇ ਵਿਸ਼ਵ ਦ੍ਰਿਸ਼ਟੀਕੋਣ ਵਿਚਾਰਵਾਦੀ ਹੈ ਜਾਂ ਦਾਵੰਦਵਾਦੀ ਪਦਾਰਥਵਾਦੀ, ਇਹ ਵਿਭਿੰਨ ਪਹਿਲੂ ਹਨ। ਮੂਲ ਮਸਲਾ ਇਹ ਹੈ ਕਿ ਸੰਰਚਨਾਵਾਦ ਦੀ ਹੋਂਦ , ਪਾ੍ਪਤ ਇਤਿਹਾਸ ਅਤੇ ਵਿਭਿੰਨ ਸੰਰਚਨਾਵਾਦੀਆ ਦੀ ਸਿਧਾਂਤਿਕ ਅਤੇ ਵਿਹਾਰਿਕ ਖੋਜ ਵਿੱਚ ਇਸ ਵਿਸ਼ੇਸ਼ ਜੀਵਨ ਤੇ ਵਿਸ਼ਵ ਦ੍ਰਿਸ਼ਟੀਕੋਣ ਦੀ ਅਟੱਲ ਹੋਂਦ ਅਤੇ ਲਾਜ਼ਮੀ ਰੋਲ ਰਿਹਾ ਹੈ। ਚਾਹੇ ਉਹ ਇਸਨੂੰ ਮੰਨਣ ਜਾਂ ਨਾ ਮੰਨਣ, ਇਸ ਨਾਲ ਬਾਹਰਮੁਖੀ ਸਥਿਤੀ ਵਿੱਚ ਕੋਈ ਵਿਸ਼ੇਸ਼ ਅੰਤਰ ਨਹੀਂ ਪੈਂਦਾ। ਇਹ ਪ੍ਰਸ਼ਨ ਅਤਿਅੰਤ ਸੰਜੀਦਗੀ ਅਤੇ ਨੈਤਿਕ ਜ਼ਿੰਮੇਵਾਰੀ ਨਾਲ ਨਜਿੱਠਣ ਵਾਲਾ ਹੈ ਕਿ ਵਿਭਿੰਨ ਸੰਰਚਨਾਵਾਦੀਆ ਦੀ ਜਮਾਤੀ ਵਿਚਾਰਧਾਰਾ ਵਿੱਚ ਜੋ ਸਾਂਝੇ ਅਤੇ ਵੱਖੋ- ਵੱਖਰੇ ਪਹਿਲੂ ਹਾਜ਼ਰ ਹਨ। ਉਨਾਂ ਦਾ ਸਹੀ ਸਰੂਪ ਕੀ ਹੈ ? ਇੱਥੇ ਸਿਰਫ਼ ਇਹੀ ਸੰਕੇਤ ਦਿੱਤਾ ਜਾ ਸਕਦਾ ਹੈ ਕਿ ਭਾਰੂ ਰੂਪ ਵਿੱਚ ਸੰਰਚਨਾਵਾਦੀ ਲਹਿਰ ਦੀ ਵਿਚਾਰਧਾਰਾ ਬਾਹਰਮੁਖੀ ਵਿਚਾਰਵਾਦ ਹੀ ਰਹੀ ਹੈ,ਇਸ ਵਿੱਚ ਅੱਗੋਂ ਵਿਭਿੰਨ ਅੰਤਰ - ਧਾਰਾਵਾਂ ਦੀ ਨਿਸ਼ਾਨਦੇਹੀ ਸੰਭਵ ਵੀ ਹੈ ਅਤੇ ਜ਼ਰੂਰੀ ਵੀ। ਭਾਂਵੇ ਕੁਝ ਇੱਕ ਸੰਰਚਨਾਵਾਦੀਆ ਨੇ ਵਿਕਿ੍ਤ ਪਦਾਰਥਵਾਦੀ ਦ੍ਰਿਸ਼ਟੀਕੋਣ ਨੂੰ ਵੀ ਆਧਾਰ ਬਣਾਇਆ ਹੈ।




ਹਵਾਲੇ

[ਸੋਧੋ]

[17]

  1. ਸੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ ਸਿੱਧਾਂਤ. ਪੰਜਾਬੀ ਯੂਨਵਰਸਿਟੀ,ਪਟਿਆਲਾ. pp. Pg. 63. ISBN 978-81-302-0471-0. {{cite book}}: |pages= has extra text (help)
  2. ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ-ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37
  3. ਅੱਗੋ ਂਉਦਰਤ, ਜਸਵਿੰਦਰ ਸਿੰਘ, ਸੰਰਚਨਾਵਾਦ, ਖੋਜ ਪ੍ਰਤ੍ਰਿਕਾ ਅੰਕ 32 (ਮੁੱਖ ਸੰਪਾਦਕ: ਰਤਨ ਸਿੰਘ ਜੱਗੀ), ਸਤੰਬਰ 1988, ਪੰਨਾ: 129,130
  4. ਸੰਰਚਨਾਵਾਦ ਦੇ ਆਰ-ਪਾਰ= ਗੁਰਬਚਨ, ਪੰਨਾ ਨੰ.19,ਆਰਟੀਕਲ-ਸੰਰਚਨਾਵਾਦ ਬਾਰੇ ਕੁਝ ਮੁੱਢਲੀਆਂ ਗੱਲਾਂ
  5. ਸੈਣੀ, ਡਾ.ਜਸਵਿੰਦਰ ਸਿੰਘ (2018). ਪੱਛਮੀ ਕਾਵਿ ਸਿੱਧਾਂਤ. Punjbai University, patiala.
  6. ਸੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ ਸਿੱਧਾਂਤ. ਪੰਜਾਬੀ ਯੂਨਵਰਸਿਟੀ, ਪਟਿਆਲਾ. pp. Pg. 63, 64, 65. ISBN 978-81-302-0471-0. {{cite book}}: |pages= has extra text (help)
  7. ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 19,20
  8. ਸੰਰਚਨਾਵਾਦ ਅਤੇ ਪੰਜਾਬੀ ਚਿੰਤਨ= ਗੁਰਚਰਨ ਸਿੰਘ ਅਰਸ਼ੀ,ਪੰਨਾ ਨੰ. 63,64,ਆਰਟੀਕਲ-ਉਤਰਸੰਰਚਨਾਵਾਦ:ਸਿਧਾਂਤਕ ਪਰਿਪੇਖ=ਪ੍ਰੋ. ਸਤਿੰਦਰ ਸਿੰਘ
  9. 9.0 9.1 ਖੋਜ ਪਤ੍ਰਿਕਾ/32 ਅੰਕ-ਸਤੰਬਰ,1988 ਸਾਹਿਤਕਵਾਦ ਅੰਕ-ਡਾ. ਜਸਵਿੰਦਰ ਸਿੰਘ, ਪੰਨਾ ਨੰ. 123
  10. ਸੰਰਚਨਾਵਾਦ ਦੇ ਆਰ-ਪਾਰ =ਗੁਰਬਚਨ,ਪੰਨਾ ਨੰ. 30,ਆਰਟੀਕਲ-ਸੰਰਚਨਾਵਾਦ ਬਾਰੇ ਕੁਝ ਮੁੱਢਲੀਆਂ ਗੱਲਾਂ
  11. ਖੋਜ ਪਤ੍ਰਿਕਾ,32 ਅੰਕ-ਸਤੰਬਰ,1988, ਸਾਹਿਤਕਵਾਦ ਅੰਕ=ਡਾ. ਜਸਵਿੰਦਰ ਸਿੰਘ,ਪੰਨਾ ਨੰ. 123,124
  12. ਸੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ ਸਿੱਧਾਂਤ. Punjahi University, Patiala. pp. Pg.70. ISBN 978-81-302-0471-0. {{cite book}}: |pages= has extra text (help)
  13. ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 28
  14. ਖੋਜ ਪਤ੍ਰਿਕਾ/32 ਅੰਕ-ਸਤੰਬਰ 1988,ਸਾਹਿਤਕਵਾਦ ਅੰਕ=ਡਾ. ਜਸਵਿੰਦਰ ਸਿੰਘ,ਪੰਨਾ ਨੰ. 128
  15. ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ-11
  16. ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 26,27,28
  17. ਡਾ. ਜਸਵਿੰਦਰ ਸਿੰਘ, ਡਾ.ਹਰਿਭਜਨ ਸਿੰਘ ਭਾਟੀਆ (2018). ਪੱਛਮੀ ਕਾਵਿ ਸਿਧਾਂਤ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 78, 79, 80, 81, 82. ISBN 978-81-302-0471-0.