ਮਾਰਕਸਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


          ਮਾਰਕਸਵਾਦ

ਸਮਾਂ ਬੀਤਣ ਨਾਲ ਜਿਉਂ- ਜਿਉਂ ਸਮਾਜ ਅਤੇ ਇਸਦੀਆਂ ਭਿੰਨ–ਭਿੰਨ ਸੰਸਥਾਵਾਂ ਗੁੰਝਲਦਾਰ ਰਹੀਆਂ ਹਨ ਉਸੇ ਤਰ੍ਹਾਂ ਹੀ ਸਾਹਿਤ ਵੀ ਗੁੰਝਲਦਾਰ ਅਤੇ ਬਹੁਪੱਖੀ ਹੁੰਦਾ ਰਿਹਾ ਹੈ। ਸਾਹਿਤ ਸਮਾਜਿਕ ਯਥਾਰਥ, ਆਦਰਸ਼ਵਾਦ, ਰਾਜਨੀਤਿਕ ਵਿਚਾਰਧਾਰਾ, ਇਤਿਹਾਸ ਅਤੇ ਮਿਥਿਹਾਸ ਦਾ ਵੇਰਵਾ ਹੈ। ਭਿੰਨ-ਭਿੰਨ ਸਾਹਿਤਕਾਰ ਜੀਵਨ ਦੇ ਭਿੰਨ–ਭਿੰਨ ਖੇਤਰਾਂ ਵਿੱਚੋਂ ਆਪਣੇ ਵਿਸ਼ੇ ਪ੍ਰਾਪਤ ਕਰਦੇ ਹਨ ਅਤੇ ਆਪੋ ਆਪਣੇ ਵਿਅਕਤੀਗਤ ਦ੍ਰਿਸ਼ਟੀਕੋਣ ਤੋਂ ਜੀਵਨ ਦੀਆਂ ਸਮੱਸਿਆਵਾਂ ਦਾ ਵਰਨਣ ਕਰਦੇ ਹਨ। ਇਸ ਲਈ ਸਾਹਿਤ ਦੀ ਆਲੋਚਨਾ ਕਰਨ ਲਈ ਵੱਖਰੇ–ਵੱਖਰੇ ਸਿਧਾਂਤ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਮਾਰਕਸਵਾਦੀ ਪ੍ਰਣਾਲੀ ਹੈ। ਪੰਜਾਬੀ ਸਾਹਿਤ ਆਲੋਚਨਾ ਵਿੱਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਜਿੰਨ੍ਹਾਂ ਕੁ ਕੰਮ ਆਲੋਚਨਾ ਦੇ ਖੇਤਰ ਵਿੱਚੋਂ ਹੋਈਆ ਹੈ ਉਸਦਾ ਆਧਾਰ ਪੱਛਮੀ ਮਾਰਕਸਵਾਦੀ ਆਲੋਚਨਾ ਹੀ ਬਣਦੀ ਹੈ। ਮਾਰਕਸਵਾਦੀ ਦ੍ਰਿਸ਼ਟੀ ਜਾਂ ਮਾਰਕਸਵਾਦੀ ਵਿਚਾਰਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸਦੇ ਘੇਰੇ ਵਿੱਚ ਆਰਥਿਕ, ਸਮਾਜਿਕ, ਰਾਜਸੀ ਅਤੇ ਧਾਰਮਿਕ ਸਾਰੇ ਹੀ ਖੇਤਰ ਆ ਜਾਂਦੇ ਹਨ। ਮਾਰਕਸਵਾਦੀ ਦਰਸ਼ਨ ਦੇ ਹੋਂਦ ਵਿੱਚੋਂ ਆਉਣ ਵਿੱਚ ਜਿੱਥੇ ਪ੍ਰਕਿਰਤੀ ਦੇ ਨਿਯਮਾਂ ਦਾ ਯੋਗਦਾਨ ਹੈ ਉੱਥੇ ਸਮਾਜਿਕ ਪ੍ਰਸਥਿਤੀਆਂ ਦੀ ਦੇਣ ਵੀ ਮਹੱਤਵਪੂਰਨ ਹੈ। ਮਾਰਕਸਵਾਦੀ ਦਰਸ਼ਨ ਸਿਧਾਂਤ ਅਤੇ ਅਮਨ ਦੀ ਏਕਤਾ ਵਿੱਚੋਂ ਵਿਸ਼ਵਾਸ ਰੱਖਦਾ ਹੈ। ਇਹ ਪਦਾਰਥ ਨੂੰ ਮੂਲ ਅਤੇ ਮਨੁੱਖੀ ਚੇਤਨਾ ਤੋਂ ਆਜ਼ਾਦ ਹੋਂਦ ਰੱਖਣ ਵਾਲਾ ਦਰਸ਼ਨ ਹੈ ਅਤੇ ਇਹ ਦਰਸ਼ਨ ਇਸ ਸੰਸਾਰ ਅਤੇ ਪਦਾਰਥ ਦੀ ਹੋਂਦ ਦੀ ਕਿਸੇ ਪਰਾ ਸ਼ਕਤੀ ਦੀ ਸਿਰਜਣਾ ਦੇ ਵਿਚਾਰ ਨੂੰ ਰੱਦ ਕਰਦਾ ਹੈ। ਮਾਰਕਸਵਾਦ ਜਰਮਨ ਦੇ ਕਾਰਲ ਹੈਨਰਿਖ ਮਾਰਕਸ ਦੇ ਵਿਚਾਰਾਂ ‘ਚ ਆਕਾਰ ਗ੍ਰਹਿਣ ਕਰਦਾ ਹੈ। ਕਾਰਲ ਮਾਰਕਸ ਜਰਮਨ ਦੇ ਫਿਲਾਸ਼ਫਰ, ਅਰਥ-ਸ਼ਾਸ਼ਤਰੀ, ਸਮਾਜ ਵਿਗਿਆਨੀ ਇਤਿਹਾਸ ਦਾ ਪੱਤਰਕਾਰ ਅਤੇ ਸਮਾਜਿਕ ਇਨਕਲਾਬੀ ਸਨ। ਉਨ੍ਹਾਂ ਦਾ ਜਨਮ 5 ਮਈ 1818 ਈ. ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਹ ਬੋਨ ਯੂਨੀਵਰਸਿਟੀ ਅਤੇ ਜੇਨਾ ਯੂਨੀਵਰਸਿਟੀ ਵਿਚੋਂ ਪੜਦਿਆਂ ਹੀਗਲ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। 1839-41 ਵਿੱਚ ਉਨ੍ਹਾਂ ਨੇ ਪ੍ਰਾਕ੍ਰਿਤਕ ਦਰਸ਼ਨ ਉੱਪਰ ਆਪਣਾ ਪੀਐੱਚ.ਡੀ. ਦਾ ਸ਼ੋਧ ਪ੍ਰਬੰਧ ਤਿਆਰ ਕੀਤਾ। ਮਾਰਕਸ ਉੱਪਰ ਇਸ ਗੱਲ ਦਾ ਅਸਰ ਸੀ ਕਿ ਉਸਦੇ ਪਿਤਾ ਨੇ ਇਸ ਕਰਕੇ ਯਹੂਦੀ ਧਰਮ ਨੂੰ ਛੱਡ ਕੇ ਇਸਾਈ ਮੱਤ ਨੂੰ ਅਪਨਾ ਲਿਆ ਸੀ ਤਾਂ ਕਿ ਉਹ ਉੱਚ ਵਰਗ ਵਿੱਚ ਸਵਿਕਾਰਿਆ ਜਾ ਸਕੇ। 1835 ਤੋਂ ਬਾਅਦ ਸਮੇਂ ਵਿੱਚ ਯੂਨੀਵਰਸਿਟੀ ਵਿੱਚ ਪੜਦਿਆਂ ਹੋਇਆ ਹੀ ਉਹ ਆਪਣੇ ਸਟੇਟ ਵਿਰੋਧੀ ਵਿਚਾਰਾਂ ਦਾ ਇਜ਼ਹਾਰ ਕਰਦਾ ਰਿਹਾ। ਯੂਨੀਵਰਸਿਟੀ ਵਿੱਚ ਸੱਜੇ ਪੱਖੀ ਅਤੇ ਖੱਬੇ ਪੱਖੀ ਦੋ ਧੜੇ ਬਣੇ ਹੋਏ ਸਨ। ਮਾਰਕਸ ਖੱਬੇ ਪੱਖੀਆਂ ਦਾ ਲੀਡਰ ਸੀ। ਹੁਣ ਉਸਨੂੰ ਸਮਝ ਆ ਗਈ ਸੀ ਕਿ ਗਰੀਬੀ ਬੁਰਜ਼ੁਆ ਜਮਾਤ ਵੱਲੋਂ ਪੈਦਾ ਕੀਤੀ ਹੋਈ ਸਥਿਤੀ ਹੀ ਹੈ। 1842 ਦੇ ਆਸਪਾਸ ‘ਰਲਿਸ ਸਮਾਚਾਰ’ ਨਾਂ ਦੀ ਪੱਤ੍ਰਿਕਾ ਵਿੱਚੋਂ ਸਤਾ ਨੂੰ ਵੰਗਾਰਦੇ ਹੋਏ ਲੇਖ ਲਿਖਦਾ ਹੋਇਆ ਇਸਦਾ ਸੰਪਾਦਕ ਬਣਿਆ। ਇਸ ਪੱਤ੍ਰਿਕਾ ਰਾਹੀਂ ਹੀ ਫਰੈਂਡਿਕ ਏਂਗਲਜ਼ ਉਸਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਇਆ। ਕਾਰਲ ਮਾਰਕਸ ਵਿਆਹ ਤੋਂ ਬਾਅਦ ਪੈਰਿਸ ਪਹੁੰਚ ਗਿਆ। ਜਿੱਥੇ ਉਸਨੂੰ ਬੁਰਜ਼ੁਆ ਜਮਾਤ ਦੇ ਕਰੂਪ ਚਿਹਰੇ ਦੇ ਦਰਸ਼ਨ ਹੋਏ। ਇੱਥੇ ਹੀ ਉਸਦੀ ਏਂਗਲਜ਼ ਨਾਲ ਮੁਲਾਕਾਤ ਹੁੰਦੀ ਹੈ ਅਤੇ ਇਕੱਠੇ ਹੀ ਕੰਮ ਕਰਨ ਲਈ ਸਹਿਮਤ ਹੋ ਜਾਂਦੇ ਹਨ। “ਉਨ੍ਹਾਂ ਦੋਹਾਂ ਦਾ ਨਿਸ਼ਾਨਾ ਸਮਾਜਵਾਦੀ ਵਿਚਾਰਧਾਰਾ ਨੂੰ ਵਿਗਿਆਨਿਕ ਪੱਧਰ ਉੱਪਰ ਖੜ੍ਹਾ ਕਰਨਾ ਅਤੇ ਮਜ਼ਦੂਰ ਵਰਗ ਨੂੰ ਵਿਚਾਰਧਾਰਕ ਸੰਦਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੇ ਘੋਲ ਲਈ ਤਿਆਰ ਕਰਨਾ ਸੀ।”1 ਮਾਰਕਸ ਇਸ ਨਤੀਜੇ ਉੱਤੇ ਪਹੁੰਚਿਆ ਕਿ ਆਰਥਿਕ ਸੰਰਚਨਾ ਦੀ ਸਮਾਜਕ ਵਰਤਾਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਨਿਰਧਾਰਿਤ ਕਰਦੀ ਹੈ। ਜਿੱਥੇ ਮਾਰਕਸ ਅਤੇ ਏਂਗਲਜ਼ ਨਾਲ ਰਲ ਕੇ “ਕਮਿਊਨਿਸਟ ਮੈਨੀਫੈਸਟੋ” ਤਿਆਰ ਕੀਤਾ। ਮਾਰਕਸਵਾਦੀ ਦਰਸ਼ਨ ਕਾਰਲ ਮਾਰਕਸ ਅਤੇ ਫਰੈਡਿਕ ਏਂਗਲਜ ਯਤਨਾਂ ਸਦਕਾ ਹੀ ਹੋਂਦ ਵਿੱਚ ਆਇਆ ਸੀ। ਇਹ ਦੋਵੇਂ ਵਿਦਵਾਨ ਪ੍ਰੋਲੋਤਾਰੀ ਜਮਾਤ ਜਾਂ ਕਹਿ ਲਉ ਮਜ਼ਦੂਰ ਅਤੇ ਕਾਮਿਆਂ ਵਿੱਚ ਖੜ੍ਹ ਕੇ ਬੁਰਜ਼ੁਆ ਜਮਾਤ ਦੇ ਲੁੱਟ-ਖਸੁੱਟ ਵਾਲੇ ਨਿਜ਼ਾਮ ਦਾ ਵਿਰੋਧ ਕਰਦੇ ਸਨ। ਇਹਨਾਂ ਦੋਹਾਂ ਵਿਦਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਦਰਸ਼ਨ ਆਪਣੇ ਸੰਘਰਸ਼ਾਂ ਅਤੇ ਸਿਰਜਨਾਤਮਕ ਕਾਰਨਾਮੇ ਕਰਕੇ ਸੰਸਾਰ ਪੱਧਰ 'ਤੇ ਜਾਣਿਆ ਜਾਣ ਲੱਗਾ ਅਤੇ ਇੱਕ ਤਰ੍ਹਾਂ ਨਾਲ ਸਰਵ-ਵਿਆਪਕਤਾ ਦੀ ਪਹੁੰਚ ਕਰਕੇ ਇੱਕ ਇਨਕਲਾਬੀ ਸਿਧਾਂਤ ਵਜੋਂ ਸਰਬ-ਪ੍ਰਵਾਨਤਾ ਦਾ ਦਰਜਾ ਹਾਸਿਲ ਕਰ ਗਿਆ। ਇਸ ਵਾਦ ਦਾ ਸੰਬੰਧ ਸਮਾਜਿਕ ਵਿਕਾਸ ਵਿੱਚੋਂ ਇਤਿਹਾਸਿਕ ਪਦਾਰਥਵਾਦ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨ ਨਾਲ ਹੈ। ਇਹ ਸਿਧਾਂਤ ਇਹ ਵਿਚਾਰ ਦਿੰਦਾ ਹੈ ਕਿ ਸਮਾਜ ਵਿੱਚ ਵਾਧੂ ਉਤਪਾਦਨ ਦੇਣ ਦੇ ਸਿੱਟੇ ਵਜੋਂ ਸਮਾਜ ਵਿੱਚ ਸਰਮਾਏ ਦੀ ਕਾਣੀਵੰਡ ਹੋ ਗਈ ਅਤੇ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਕੁਝ ਲੋਕਾਂ ਵੱਲੋਂ ਉਪਜ ਦੇ ਸੋਮਿਆਂ ਨੂੰ ਆਪਣੇ ਨਿੱਜੀ ਕਬਜ਼ੇ ਵਿੱਚ ਲੈ ਲੈਣ ਕਰਕੇ ਜਮਾਤਾਂ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। ਜਮਾਤਾਂ ਵਿੱਚੋਂ ਆਪਣਾ-ਆਪਸੀ ਵਿਰੋਧ ਪੈਦਾ ਹੋ ਗਿਆ ਜਿਹੜਾ ਕਿ ਇੱਕ ਤਿੱਖੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਕਾਬਜ਼ ਧਿਰ ਵੱਲੋਂ ਆਦਰਸ਼ਵਾਦ ਅਤੇ ਹੋਰ ਧਾਰਮਿਕ ਮਾਨਤਾਵਾਂ ਦੀ ਦੁਹਾਈ ਪਾਈ ਜਾਂਦੀ ਹੈ। ਪ੍ਰੰਤੂ ਅਤੇ ਫਿਰ ਵੀ ਇਸਦੇ ਵਿਰੋਧ ਵਿੱਚ ਪ੍ਰਗਤੀਵਾਦੀ ਅਤੇ ਯਥਾਰਥਵਾਦੀ ਵਿਚਾਰਧਾਰਾ ਨੇ ਲੁੱਟੀ ਜਾ ਰਹੀ ਸ਼੍ਰੇਣੀ ਦੇ ਨਾਲ ਖੜ੍ਹੇ ਹੋ ਕਿ ਸਮਾਜਿਕ ਇਨਸਾਫ਼ ਦਾ ਨਾਹਰਾ ਮਾਰਿਆ ਤਾਂ ਇਸ ਸਿਧਾਂਤ ਨੇ ਇੱਕ ਵਿਸ਼ਵ-ਵਿਆਪੀ ਲੋੜ ਅਤੇ ਇਨਕਲਾਬ ਦਾ ਰਾਹ ਖੋਲ੍ਹ ਦਿੱਤਾ। ਮਾਰਕਸਵਾਦ ਸਮਾਜ ਦੇ ਅਧਿਐਨ ਦੀ ਉਹ ਜੁਗਤ ਹੈ ਜਿਹੜੀ ਜਮਾਤੀ ਸੰਬੰਧਾਂ ਅਤੇ ਆਪਸੀ ਵਿਰੋਧਾਂ, ਇਤਿਹਾਸਕ ਵਿਕਾਸ ਵਿੱਚ ਪਦਾਰਥਕ ਵਿਆਖਿਆ ਨੂੰ ਆਧਾਰ ਬਣਾ ਕੇ ਸਮਾਜਿਕ ਬਦਲਾਅ ਨੂੰ ਵਿਰੋਧ ਵਿਕਾਸ ਦੇ ਨੁਕਤੇ ਤੋਂ ਵਿਸ਼ਲੇਸ਼ਣ ਕਰਦੀ ਹੈ। ਮਾਰਕਸੀ ਵਿਧੀ ਪੂੰਜੀਵਾਦ ਦੇ ਵਿਕਾਸ ਬਾਰੇ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਸੰਬੰਧਾਂ ਨੂੰ ਦਰਸਾਉਂਦੀ ਹੈ। ਇਹ ਜੁਗਤ ਕਿਸੇ ਵੀ ਸਮਾਜ ਵਿੱਚੋਂ ਆਰਥਿਕ ਪ੍ਰਬੰਧ ਦੀ ਤਬਦੀਲੀ ਵਿਚੋਂ ਜਮਾਤੀ ਸੰਘਰਸ਼ ਦੀ ਭੂਮਿਕਾ ਨੂੰ ਸਮਝਾਉਂਦੀ ਹੈ। ਅੰਗਰੇਜ਼ੀ ਸਾਹਿਤ ਆਲੋਚਨਾ ਅਤੇ ਸੱਭਿਆਚਾਰਕ ਸਿਧਾਂਤਕਾਰ ਟੈਰੀ ਈਗਲਟਨ ਮਾਰਕਸਵਾਦੀ ਆਲੋਚਨਾ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਹਨ: “ਮਾਰਕਸਵਾਦੀ ਆਲੋਚਨਾ ਕੇਵਲ ਸਾਹਿਤ ਦੀ ਸਮਾਜਿਕਤਾ ਹੀ ਨਹੀਂ ਇਹ ਉਨ੍ਹਾਂ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀ ਹੈ ਕਿ ਨਾਵਲਾਂ ਨੂੰ ਕਿਵੇਂ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ ਅਤੇ ਉਹ ਮਜ਼ਦੂਰ ਜਮਾਤ ਦੀ ਪੇਸ਼ਕਾਰੀ ਕਿਵੇਂ ਕਰਦੇ ਹਨ। ਇਸਦਾ ਨਿਸ਼ਾਨਾ ਸਾਹਿਤ ਕਾਰਜ ਨੂੰ ਭਰਪੂਰਤਾ ਨਾਲ ਵਿਖਿਆਉਣਾ ਹੈ। ਇਸ ਦਾ ਅਰਥ ਉਸਦੀ ਸ਼ੈਲੀ ਅਰਥਾਂ ਅਤੇ ਰੂਪਾਂ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦੇਣਾ ਹੈ। 19ਵੀਂ ਸਦੀ ਵਿੱਚ ਮਾਰਕਸਵਾਦੀਆਂ ਅਤੇ ਅਰਾਜਕਤਾਵਾਦੀਆਂ ਵਿੱਚ ਸਮਾਜਵਾਦੀ ਰਾਜ ਨੂੰ ਲੈ ਕੇ ਗੰਭੀਰ ਬਹਿਸ਼ਾਂ ਹੁੰਦੀਆਂ ਰਹੀਆਂ ਹਨ। ਮਾਰਕਸਵਾਦੀ ਰਾਜ ਨੂੰ ਖ਼ਤਮ ਕਰਨ ਦੇ ਸਮਰਥਕ ਹੁੰਦੇ ਹੋਏ ਵੀ ਪਹਿਲਾਂ ਮਜ਼ਦੂਰਾਂ ਦੇ ਰਾਜ ਨੂੰ ਸਥਾਪਿਤ ਕਰਨਾ ਪੈਂਦਾ ਸੀ। ਬਕੂਨਿਨ ਨੇ ਸਮਾਜਵਾਦੀ ਰਾਜ ਨੂੰ ਇੱਕ ਫੌਜੀ ਬੈਰਕ ਦਾ ਨਾਂ ਦਿੱਤਾ। ਜਿਸ ਵਿੱਚ ਲੋਕ ਨਗਾਰੇ ਦੀ ਚੋਟ ਨਾਲ ਸੌਣ ਗਏ, ਜਾਗਣਗੇ ਅਤੇ ਕੰਮ ਕਰਨਗੇ। ਇਹ ਇਕੋ ਅਜਿਹਾ ਰਾਜ ਹੋਵੇਗਾ, ਜਿਸ ਵਿਚ ਚਲਾਕ ਅਤੇ ਸ਼ਾਤਰ ਲੋਕ ਸਰਕਾਰੀ ਸਹੂਲਤਾਂ ਮਾਨਣਗੇ। ਜਦੋਂ ਸੰਸਾਰ ਪੱਧਰ ਉੱਪਰ ਜਾਗੀਰਦਾਰੀ ਪ੍ਰਬੰਧ ਤੇ ਖਾਤਮੇ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਸਥਾਪਿਤ ਹੋ ਗਿਆ ਤਾਂ ਯੂਰਪੀ ਮੁਲਕਾਂ ਵਿਚ ਇਹ ਸੰਘਰਸ਼ ਵਧੇਰੇ ਸਪੱਸ਼ਟ ਅਤੇ ਸਮਝਣਯੋਗ ਹੋ ਗਿਆ ਕਿਉਂਕਿ ਬੁਰਜ਼ੁਆ ਜਾਂ ਪੂੰਜੀਪਤੀ ਅਤੇ ਪ੍ਰੋਲੋਤਾਰੀ ਜਾਂ ਮਜ਼ਦੂਰ ਜਮਾਤ ਦੀ ਵੰਡ ਭਲੀਭਾਂਤ ਸਮਝ ਆਉਣ ਲੱਗੀ ਅਤੇ ਜਮਾਤ ਰਹਿਤ ਸਮਾਜ ਦੀ ਲੋੜ ਦੀ ਮਹੱਤਤਾ ਵੀ ਲੋਕਾਂ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ। ਜਿਹੜੀ ਸਮਝ ਕੇ ਮਾਰਕਸ ਨੇ ਲੋਕਾਂ ਅੱਗੇ ਪੇਸ਼ ਕੀਤੀ ਸੀ ਕਿ ਸਮਾਜਕ ਵਰਤਾਰਾ ਕਾਰਜਸ਼ੀਲ ਕਿਵੇਂ ਹੈ ਅਤੇ ਇਸਨੂੰ ਜਮਾਤ ਰਹਿਤ ਸਮਾਜ ਵਿੱਚ ਬਦਲਿਆ ਕਿਵੇਂ ਜਾ ਸਕਦਾ ਹੈ। ਮਾਰਕਸ ਦੇ ਵਿਚਾਰ ਵਿੱਚ ਪੂੰਜੀਵਾਦ ਨਾ ਸਹਿ ਸਕਣਯੋਗ ਆਰਥਿਕ ਵਰਤਾਰਾ ਹੈ। ਇਸ ਲਈ ਇਸਤੋਂ ਛੁਟਕਾਰਾ ਪਾਉਣਾ ਲਾਜ਼ਮੀ ਹੈ। ਇਸ ਤੋਂ ਕਮਿਊਨਿਸਟ ਸਮਾਜ ਦੇ ਹਥਿਆਰਬੰਦ ਇਨਕਲਾਬ ਰਾਹੀਂ ਹੀ ਮੁਕਤੀ ਮਿਲ ਸਕਦੀ ਹੈ। ਮਾਰਕਸ ਅਤੇ ਏਂਗਲਜ਼ ਆਈ ਲੈਨਿਨ ਦਾ ਹੈ। ਉਸਦੀਆਂ ਗਤੀਵਿਧੀਆਂ ਅਤੇ ਖੋਜਾਂ ਨੇ ਨਾ ਕੇਵਲ ਮਾਰਕਸਵਾਦ ਨੂੰ ਵਿਵਹਾਰਿਕਕ ਅਤੇ ਸਿਧਾਂਤਿਕ ਪੱਧਰ ਉੱਪਰ ਅਮੀਰ ਹੀ ਕੀਤਾ। ਸਗੋਂ ਉਸਨੂੰ ਰਾਜਨੀਤਿਕ ਪੱਧਰ ਉੱਪਰ ਪਰਖ ਕੇ ਵੀ ਵੇਖਿਆ ਅਤੇ ਰੂਸੀ ਇਨਕਲਾਬ ਦੀ ਮਿਸਾਲ ਸਾਡੇ ਸਾਹਮਣੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਮਾਰਕਸਵਾਦ ਵਿੱਚ ਵੀ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਆਧੁਨਿਕ ਦਰਸ਼ਨ ਸ਼ਾਸਤਰੀਆਂ ਜਿਵੇਂ ਐਡਮੰਡ ਹਰਸਲ, ਮਾਰਵਿਨ ਹੈਡਗਰ ਅਤੇ ਸਿਗਮਨ ਫਰਾਇਡ ਅਤੇ ਹੋਰ ਵਿਦਵਾਨਾਂ ਦੀਆਂ ਖੋਜਾਂ ਅਤੇ ਵਿਚਾਰਾਂ ਦੇ ਪ੍ਰਭਾਵ ਨਾਲ ਆਈਆਂ। ਮਾਰਕਸਵਾਦ ਦੀਆਂ ਜੜ੍ਹਾਂ ਉਸਤੋਂ ਪਹਿਲਾਂ ਹੋਏ ਫਿਲਾਸਫ਼ਰਾਂ ਅਤੇ ਅਰਥ-ਸ਼ਾਸਤਰੀਆਂ ਦੀ ਵਿਚਾਰਧਾਰਾ ਅਤੇ ਫਲਸਫੇ ਵਿੱਚ ਹਨ। ਇਨ੍ਹਾਂ ਡੇਵਿਡ ਹੀਗਲ, ਜੋਹਨ ਫਿੱਚ, ਈਮਾਨੂਏਲ ਕਾਂਤ, ਐਡਮ ਸਮਿਥ, ਡੇਵਿਡ ਰਿਕਾਰਡੋ ਅਤੇ ਜੋਹਨ ਸਟੂਆਰਟ ਮਿਲ ਸ਼ਾਮਿਲ ਹਨ। ਮਾਰਕਸ ਨੇ ਇਹਨਾਂ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ, ਸਗੋਂ ਇਹਨਾਂ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ ਅਤੇ ਅਰਥ-ਸ਼ਾਸਤਰੀਆਂ ਨੂੰ ਯਥਾਰਥ ਨਾਲ ਜੋੜਿਆ। ਇਸਨੂੰ ਉਹ ਇਤਿਹਾਸਕ ਪਦਾਰਥਵਾਦ ਦਾ ਨਾਮ ਦੇਂਦਾ ਹੈ। ਬਿਆਨ ਉੱਪਰ ਅਸੀਂ ਬਿਆਨ ਕਰ ਆਏ ਕਿ ਮਾਰਕਸ ਦਾ ਸਮਾਂ 19ਵੀਂ ਸਦੀ ਦਾ ਹੈ। ਜਿਸ ਸਮੇਂ ਉਦਯੋਗਿਕ ਕ੍ਰਾਂਤੀ ਫੈਲ ਰਹੀ ਸੀ। ਵੱਖ-ਵੱਖ ਤਰੀਕਿਆਂ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਸਮਾਜ ਵਿੱਚ ਆਰਥਿਕ ਅਸਮਾਨਤਾ ਫੈਲੀ ਹੋਈ ਸੀ ਕਾਰਲ ਮਾਰਕਸ ਵਰਤਮਾਨ ਸਮੇਂ ਦੀ ਸਮਾਜਿਕ ਹਾਲਤ ਨੂੰ ਸਮਝਣਾ ਚਾਹੁੰਦੇ ਸਨ ਕਿਉਂਕਿ ਉਹ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਕਿਸੇ ਵੀ ਤਰੀਕੇ ਪੂੰਜੀਵਾਦ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਭਾਵ ਉਹ ਵਰਤਮਾਨ ਸਮੇਂ ਨੂੰ ਬਿਲਕੁਲ ਬਦਲ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਸਮਕਾਲੀ ਸਮਾਜ ਵੀ ਬਣਤਰ ਸੰਬੰਧੀ ਸੰਪੂਰਨ ਗਿਆਨ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਸੋਚਿਆ ਕਿ ਵਰਤਮਾਨ ਅਤੇ ਭੂਤਕਾਲ ਨੂੰ ਸਮਝਕੇ ਹੀ ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਸੰਬੰਧੀ ਕੁਝ ਆਖ ਸਕਦੇ ਹਾਂ। ਮਾਰਕਸਵਾਦੀ ਦਰਸ਼ਨ ਨੂੰ ਸਮਝਣ ਲਈ ਡਾ. ਸੁਰਜੀਤ ਸਿੰਘ ਭੱਟੀ ਮਾਰਕਸਵਾਦ ਸੰਬੰਧੀ ਆਪਣੇ ਲੇਖ ਵਿਚ ਪਦਾਰਥ ਅਤੇ ਚੇਤਨਾ ਦੇ ਆਪਸੀ ਸੰਬੰਧ ਅਤੇ ਪਦਾਰਥ ਅਤੇ ਚੇਤਨਾ ਦੀ ਹੋਂਦ ਸੰਬੰਧੀ ਸਵਾਲ ਖੜ੍ਹਾ ਕਰਕੇ ਉਸਦਾ ਜਵਾਬ ਦਿੰਦੇ ਹੋਏ ਲਿਖਦੇ ਹਨ ਕਿ “ਮਾਰਕਸਵਾਦੀ ਦਰਸ਼ਨ ਪਦਾਰਥ ਨੂੰ ਮਨੁੱਖੀ ਚੇਤਨਾ ਤੋਂ ਸੁਤੰਤਰ ਹੋਂਦ ਰੱਖਣ ਵਾਲਾ ਅਨਾਦਿ ਅਤੇ ਅਭਿਨਾਸੀ ਪ੍ਰਵਾਨ ਕਰਦਾ ਹੈ। ਮਾਰਕਸਵਾਦੀ ਦਰਸ਼ਨ, ਪਦਾਰਥ ਦੀ ਸਿਰਜਨਾ ਕਿਸੇ ਪਰਾ-ਪ੍ਰਾਕ੍ਰਿਤਿਕ ਸ਼ਕਤੀ ਵਲੋਂ ਕੀਤੀ ਗਈ ਹੈ, ਦੀ ਧਾਰਨਾ ਨੂੰ ਮੂਲੋਂ ਅਪ੍ਰਵਾਨ ਕਰਦਾ ਹੈ। ਇਹ ਦਰਸ਼ਨ ਪਦਾਰਥ ਨੂੰ ਅਨਾਦਿ ਅਤੇ ਅਭਿਨਾਸੀ ਸਮਝਣ ਦੇ ਨਾਲ-ਨਾਲ ਇਸ ਗੱਲ ਵਿੱਚ ਵੀ ਯਕੀਨ ਰੱਖਦਾ ਹੈ ਕਿ ਪਦਾਰਥ ਨੂੰ ਨਾ ਹੀ ਸਿਰਜਿਆ ਜਾ ਸਕਦਾ ਹੈ ਤੇ ਨਾ ਹੀ ਇਸਦਾ ਨਾਸ਼ ਕੀਤਾ ਜਾ ਸਕਦਾ ਹੈ। ਇਉਂ ਪਦਾਰਥ ਦੀ ਪ੍ਰਥਾਮਿਕਤਾ ਦੇ ਨਾਲ-ਨਾਲ ਇਹ ਦਰਸ਼ਨ ਚੇਤਨਾ ਨੂੰ ਦੁਜੈਲੀ ਭਾਵ ਪਦਾਰਥ ਦੇ ਵਿਕਾਸ ਦੀ ਇੱਕ ਵਿਸ਼ੇਸ਼ ਇਤਿਹਾਸਿਕ ਦੌਰ ਦੀ ਉਪਜ ਸਮਝਦੇ ਹਾਂ। ਚੇਤਨਾ ਨੂੰ ਅਤਿਅੰਤ ਗੁੰਝਲਦਾਰ ਆਕਾਰ, ਮਨੁੱਖੀ ਦਿਮਾਗ ਦੀ ਉਪਜ ਸਮਝਦਾ ਹੈ।”3 ਦਰਸ਼ਨ ਦੀ ਮੂਲ ਸਮੱਸਿਆ ਦੇ ਦੂਸਰੇ ਪੱਖ ਭਾਵ ਕਿ ਸੰਸਾਰ ਜਾਣੇ ਜਾ ਸਕਣ ਦੇ ਯੋਗ ਹੈ, ਦੇ ਸੰਬੰਧ ਵਿੱਚ ਮਾਰਕਸਵਾਦੀ ਦਰਸ਼ਨ ਇਸ ਗੱਲ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੈ ਕਿ ਮਨੁੱਖੀ ਚਿੰਤਨ ਜਿਸਦੇ ਸੰਸਾਰ ਦਾ ਗਿਆਨ ਗ੍ਰਹਿਣ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਉਂ ਇਸਦੇ ਸੰਸਾਰ ਨੂੰ ਇੱਥੇ ਦ੍ਰਿਸ਼ਟੀਕੋਣ ਅਨੁਸਾਰ ਜਾਣੇ ਜਾ ਸਕਣਯੋਗ ਪ੍ਰਵਾਨ ਕੀਤਾ ਜਾ ਸਕਦਾ ਹੈ। ਕਾਰਲ ਮਾਰਕਸ ਇਤਿਹਾਸ ਦੀ ਵਿਆਖਿਆ ਵੀ ਇਸੇ ਪ੍ਰਕਾਰ ਦੇ ਨਿਯਮਾਂ ਅਧੀਨ ਕਰਦੇ ਹਨ। ਜਿਹਨਾਂ ਨੂੰ ਦਵੰਦਵਾਦੀ ਪਦਾਰਥਵਾਦ ਦਾ ਨਾਂ ਦਿੱਤਾ ਜਾਂਦਾ ਹੈ। ਜਿਸਨੂੰ ਅੰਗਰੇਜ਼ੀ ਵਿੱਚ ਉਹ ਡਾਇਲੈਕਟੀਕਲ ਮਟੀਰੀਲਿਜ਼ਮ ਕਹਿੰਦੇ ਹਨ। ਮਾਰਕਸ ਦੀ Theory of History ਦਵੰਦਆਤਮਕ ਪਦਾਰਥਵਾਦ ਹੀ ਹੈ। ਜਿਸ ਰਾਹੀਂ ਮਾਰਕਸ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸਮਾਜ ਕਿਵੇਂ ਵਿਕਾਸ ਕਰਦਾ ਹੈ। ਇਸਨੂੰ Historical Materilism ਜਾਂ Materilism Conception of History ਵੀ ਕਿਹਾ ਜਾਂਦਾ ਹੈ। ਯਥਾਰਥ ਨੂੰ ਸਮਝਣ ਲਈ ਦਾਰਸ਼ਨਿਕਾਂ ਨੇ ਦੋ ਵਿਧੀਆਂ ਦੀ ਵਰਤੋਂ ਕੀਤੀ ਹੈ। ਜਿਹਨਾਂ ਵਿੱਚੋਂ ਇੱਕੋ ਆਦਰਸ਼ਵਾਦ (Ideolism) ਅਤੇ ਦੂਸਰੀ ਪਦਾਰਥਵਾਦ (Materilism) ਹੈ। ਆਦਰਸ਼ਵਾਦ ਦਾਰਸ਼ਨਿਕ ਦੁਨੀਆਂ ਨੂੰ ਚੇਤਨਾ ਦਾ ਹੀ ਪ੍ਰਤੀਬਿੰਬ ਆਖਦੇ ਹਨ। ਉਹਨਾਂ ਅਨੁਸਾਰ ਪਹਿਲਾਂ ਚੇਤਨਾ ਦਾ ਵਿਕਾਸ ਹੋਇਆ ਫਿਰ ਪਦਾਰਥ ਦਾ। ਇਹਨਾਂ ਅਨੁਸਾਰ ਚੇਤਨਾ ਅਸਲ ਅਤੇ ਪ੍ਰਮੁੱਖ ਹੈ। ਪ੍ਰਮੁੱਖ ਆਦਰਸ਼ਵਾਦੀ ਦਾਰਸ਼ਨਿਕ GWF Hegal ਹਨ। ਪਰ ਪਦਾਰਥਵਾਦ ਆਦਰਸ਼ਵਾਦ ਦੇ ਬਿਲਕੁਲ ਉੱਲਟ ਹੈ। ਇਹ ਪਦਾਰਥ ਦੀ ਹੋਂਦ ਪ੍ਰਾਥਮਿਕ ਮੰਨਦੇ ਹਨ ਅਤੇ ਪਦਾਰਥ ਤੋਂ ਚੇਤਨਾ ਦਾ ਵਿਕਾਸ ਹੋਇਆ ਆਖਦੇ ਹਨ। ਇਹਨਾਂ ਅਨੁਸਾਰ ਪਹਿਲਾਂ ਸੰਸਾਰ ਆਇਆ ਅਤੇ ਫਿਰ ਵਿਚਾਰ ਆਏ। ਇਹਨਾਂ ਅਨੁਸਾਰ ਸੰਸਾਰ ਹੀ ਸਾਰੇ ਵਿਚਾਰਾਂ ਦੇ ਨਿਰਮਾਣ ਦਾ ਆਧਾਰ ਬਣਦਾ ਹੈ। ਕਾਰਲ ਮਾਰਕਸ ਇਸਦੇ ਪ੍ਰਮੁੱਖ ਚਿੰਤਕ ਹਨ। ਪਦਾਰਥਵਾਦ ਤੋਂ ਬਾਅਦ ਦਵੰਦਵਾਦ ਬਾਰੇ ਜਾਨਣਾ ਵੀ ਜ਼ਰੂਰੀ ਹੈ। ਸਧਾਰਨ ਸ਼ਬਦਾਂ ਵਿੱਚ ਆਖਿਆ ਜਾਵੇ ਤਾਂ ਦਵੰਦਵਾਦ ਬਦਲਾਵ ਨੂੰ ਬਿਆਨ ਕਰਦੀ ਇੱਕੋ ਥਿਊਰੀ ਹੈ। ਇਸ ਅਨੁਸਾਰ ਜੋ ਵੀ ਬਦਲਾਵ ਆਉਂਦੇ ਹਨ ਉਹ ਦੋ ਵਿਰੋਧੀ ਤਾਕਤਾਂ ਵਿੱਚ ਹੋਏ ਸੰਘਰਸ਼ ਦਾ ਨਤੀਜਾ ਹੁੰਦੇ ਹਨ। ਦੋ ਵਿਰੋਧੀ ਤਾਕਤਾਂ ਦੇ ਆਪਸੀ ਸੰਘਰਸ਼ ਤੋਂ ਬਾਅਦ ਤੀਜੀ ਦੋਵਾਂ ਤੋਂ ਵੱਖਰੀ ਅਤੇ ਨਵੀਂ ਤਾਕਤ ਪੈਦਾ ਹੁੰਦੀ ਹੈ। ਹਰ ਇੱਕ ਬਦਲਾ ਅਤੇ ਤਰੱਕੀ ਸੰਘਰਸ਼ ਤੇ ਹੀ ਨਿਰਭਰ ਕਰਦੀ ਹੈ। ਇਹੋ ਹੀ ਮਾਰਕਸ ਦਾ ਦਵੰਦਆਤਮਕ ਪਦਾਰਥਵਾਦ ਦਾ ਆਧਾਰ ਹੈ। ਇਤਿਹਾਸ ਨੂੰ ਸਮਝਣ ਲਈ ਮਾਰਕਸ ਨੇ ਇਹ ਸਿਧਾਂਤ ਹੀਗਲ ਤੋਂ ਲਿਆ ਹੈ। ਦਵੰਦਵਾਦ ਦਾ ਪ੍ਰਯੋਗ ਹੀਗਲ ਨੇ ਚੇਤਨਾ ਦੇ ਸੰਘਰਸ਼ ਨੂੰ ਮੁੱਖ ਰੱਖ ਕੇ ਕੀਤਾ ਸੀ। ਜਦੋਂ ਕਿ ਮਾਰਕਸ ਨੇ ਇਸਨੂੰ ਪਦਾਰਥ ਉੱਤੇ ਲਾਗੂ ਕੀਤਾ। ਮਾਰਕਸ ਨੇ ਕਿਹਾ ਕਿ ਇਤਿਹਾਸ ਦਾ ਵਿਕਾਸ ਵਿਚਾਰਾਂ ਦੇ ਸੰਘਰਸ਼ ਕਰਕੇ ਹੀ ਨਹੀਂ, ਸਗੋਂ ਜਮਾਤਾਂ ਵਿੱਚੋਂ ਹੋਣ ਵਾਲੇ ਸੰਘਰਸ਼ ਕਰਕੇ ਹੁੰਦਾ ਹੈ। ਇਹ ਇਤਿਹਾਸ ਮਨੁੱਖੀ ਸੰਘਰਸ਼ ਦੀ ਕਹਾਣੀ ਹੈ। ਜੋ ਸੰਘਰਸ਼ ਕੁਦਰਤ ਅਤੇ ਮਨੁੱਖ ਵਿੱਚੋਂ ਚਲਿਆ ਆਉਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਮਾਨਵ ਇਤਿਹਾਸ ਸਾਰਾ ਵਰਗ ਸੰਘਰਸ਼ ਦਾ ਇਤਿਹਾਸ ਹੈ। ਮਾਰਕਸ ਅਤੇ ਏਂਗਲਜ਼ ਨੇ ਪ੍ਰਕਿਰਤੀ ਅਤੇ ਚਿੰਤਨ ਸੰਬੰਧੀ ਸਮਾਨਯ ਨਿਯਮਾਂ ਦੇ ਨਾਲ-ਨਾਲ ਮਨੁੱਖੀ ਸਮਾਜ ਦੇ ਵਿਕਾਸ ਨਾਲ ਸੰਬੰਧ ਪਦਾਰਥਵਾਦੀ ਸਿਧਾਂਤ ਦੀ ਸਥਾਪਨਾ ਵੀ ਕੀਤੀ। ਉਨ੍ਹਾਂ ਨੇ ਸਮਾਜਿਕ ਵਿਕਾਸ ਦੇ ਇੱਕ ਬਾਹਰਮੁੱਖੀ ਅਤੇ ਵਿਗਿਆਨਿਕ ਸਿਧਾਂਤ ਇਤਿਹਾਸਕ ਪਦਾਰਥਵਾਦ ਦੀ ਸਿਰਜਨਾ ਕਰਕੇ, ਸਮਾਜ ਸੰਬੰਧੀ ਪ੍ਰਚਲਿਤ ਆਦਰਸ਼ਵਾਦੀ ਧਾਰਨਾਵਾਂ ਦੇ ਵਿਰੋਧ ਵਿੱਚ ਇਨਕਲਾਬੀ ਸਿਧਾਂਤ ਦੀ ਸਥਾਪਨਾ ਕੀਤੀ। ਦਰਸ਼ਨ ਦੇ ਬੁਨਿਆਦੀ ਪ੍ਰਸ਼ਨ ਵਾਂਗ ਮਾਰਕਸਵਾਦੀ ਦਰਸ਼ਨ ਇਸ ਸਿਧਾਂਤ ਦਾ ਧਾਰਨੀ ਹੈ ਕਿ ਸਮਾਜਿਕ ਹੋਂਦ ਹੀ ਸਮਾਜਿਕ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਸਮਾਜਿਕ ਚੇਤਨਾ ਲੋਕਾਂ ਦਾ ਸਮਾਜਿਕ ਜੀਵਨ ਹੈ। ਉਹ ਜੋ ਕੁਝ ਕਰਦੇ ਹਨ, ਉਸ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਵਿਚਾਰ, ਸਿਧਾਂਤ ਅਤੇ ਦ੍ਰਿਸ਼ਟੀਕੋਣ ਸਮਾਜਿਕ ਚੇਤਨਾ ਵਿੱਚੋਂ ਸ਼ਾਮਿਲ ਕੀਤੇ ਜਾ ਸਕਦੇ ਹਨ। ਸਮੂਹ ਸਮਾਜਿਕ ਸੰਬੰਧਾਂ ਵਿੱਚੋਂ ਆਰਥਿਕ ਉਤਪਾਦਨ ਦੇ ਸੰਬੰਧਾਂ ਨੂੰ ਫੈਸਲਾਕਨ ਰੂਪ ਵਿੱਚ ਚੁਣਦਿਆਂ ਇਤਿਹਾਸਿਕ ਪਦਾਰਥਵਾਦ ਦੇ ਮੂਲ ਸੰਕਲਪ “ਸਮਾਜਿਕ ਆਰਥਿਕ ਬਣਤਰ” ਦੀ ਨੀਂਹ ਮਾਰਕਸ ਨੇ ਰੱਖੀ ਸੀ। ਸਮਾਜਿਕ ਆਰਥਿਕ ਬਣਤਰ ਦੇ ਸੰਕਲਪ ਨੂੰ ਇਤਿਹਾਸਿਕ ਪਦਾਰਥਵਾਦ ਦੀ ਆਧਾਰਸ਼ਿਲਾ ਪ੍ਰਵਾਨ ਕੀਤਾ ਜਾਂਦਾ ਹੈ। ਇਤਿਹਾਸਿਕ ਪਦਾਰਥਵਾਦ ਦਾ ਵਸਤੂ ਸਮਾਜ ਅਤੇ ਇਸਦੇ ਵਿਕਾਸ ਨਿਯਮ ਹਨ। ਸਮਾਜਿਕ ਹੋਂਦ, ਸਮਾਜਿਕ ਚੇਤਨਾ, ਉਤਪਾਦਨ ਦੇ ਢੰਗ, ਆਧਾਰ, ਉਪਰਲੀ ਬਣਤਰ, ਸਮਾਜਿਕ ਉੱਨਤੀ ਆਦਿ ਸੰਕਲਪ, ਇਤਿਹਾਸਿਕ ਪਦਾਰਥਵਾਦ ਦੇ ਮੁੱਖ ਸੰਕਲਪ ਹਨ। ਉਤਪਾਦਨ ਦੇ ਸੰਬੰਧ ਉਤਪਾਦਨ ਲਈ ਹਰ ਮਨੁੱਖ ਨੂੰ ਦੂਸਰੇ ਮਨੁੱਖ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਇਉਂ ਉਤਪਾਦਨ ਦੌਰਾਨ ਵੀ ਮਨੁੱਖਅਤੇ ਮਨੁੱਖ ਵਿਚਕਾਰ ਸਬੰਧ ਸਥਾਪਿਤ ਹੁੰਦੇ ਹਨ। ਉਤਪਾਦਨ ਦੇ ਅਮਲ ਵਿੱਚ ਲੋਕਾਂ ਦਰਮਿਆਨ ਜਿਹੜੇ ਸਬੰਧ ਬਣਦੇ ਹਨ, ਉਹਨਾਂ ਨੂੰ ਉਤਪਾਦਨ ਦੇ ਸਬੰਧ ਪ੍ਰਵਾਨ ਕੀਤਾ ਜਾਂਦਾ ਹੈ। ਇਉਂ ਕਿਸੇ ਵੀ ਇਤਿਹਾਸਿਕ ਦੌਰ ਦੀ ਸਮਾਜਿਕ ਆਰਥਿਕ ਬਣਤਰ ਵਿੱਚ ਉਤਪਾਦਨ ਦੀਆਂ ਸ਼ਕਤੀਆਂ ਦੇ ਅਨੁਸਾਰੀ ਉਤਪਾਦਨ ਦੇ ਸਬੰਧਾਂ ਦੀ ਏਕਤਾ ਨੂੰ ਹੀ ਸਥਾਪਿਤ ਕਰਦੀਆਂ ਹਨ। ਉਤਪਾਦਨ ਦੇ ਸਬੰਧ ਉਤਪਾਦਨ ਦੇ ਸੋਮਿਆਂ ਦੀ ਮਾਲਕੀ ਉਪਰ ਹੀ ਨਿਰਭਰ ਕਰਦੇ ਹਨ। ਸਮਾਜ ਵਿੱਚ ਵੰਡ ਦਾ ਰੂਪ ਵੀ ਉਤਪਾਦਨ ਦੇ ਸੋਮਿਆਂ ਦੀ ਮਾਲਕੀ ਦੇ ਰੂਪ ਉੱਤੇ ਹੀ ਨਿਰਭਰ ਕਕਰਦਾ ਹੈ। ਉਤਪਾਦਨ ਦੇ ਸਬੰਧ ਲੋਕਾਂ ਦੀ ਚਾਹਤ ਅਤੇ ਇੱਛਾ ਤੋਂ ਸੁਤੰਤਰ ਉਤਪਾਦਨ ਸ਼ਕਤੀਆਂ ਦੇ ਵਿਕਾਸ ਦੇ ਆਧਾਰ ਉੱਤੇ ਆਪਣਾ ਬਾਹਰਮੁਖੀ ਰੂਪ ਇਖਤਿਆਰ ਕਰਦੇ ਹਨ। ਉਤਪਾਦਨ ਸਮਾਜ ਦੀਆਂ ਲੋੜਾਂ ਦੀ ਪੂਰਤੀ ਦੇ ਫਲਸਰੂਪ ਹਮੇਸ਼ਾ ਵਿਕਾਸ ਕਰਦਾ ਹੈ ਇਹ ਵਿਕਾਸ ਸਭ ਤੋਂ ਪਹਿਲਾਂ ਉਤਪਾਦਨ ਦੇ ਸੰਦਾਂ ਵਿੱਚ ਵਾਪਰਦਾ ਹੈ। ਉਸ ਤੋਂ ਬਾਅਦ ਇਹ ਉਤਪਾਦਨ ਦੀਆਂ ਸ਼ਕਤੀਆਂ ਵਿੱਚ ਵਾਪਰਦਾ ਹੈ। ਉਤਪਾਦਨ ਦੀਆਂ ਸ਼ਕਤੀਆਂ ਅਤੇ ਉਤਪਾਦਨ ਦੇ ਸਬੰਧ ਸਥਿਰ ਨਿਸ਼ਕ੍ਰਿਯ ਅਤੇ ਉਤਪਾਦਨ ਦੀਆਂ ਸ਼ਕਤੀਆਂ ਦਾ ਕੇਵਲ ਨਿਸ਼ਕ੍ਰਿਯ ਪ੍ਰਤਿਬਿੰਬ ਨਹੀਂ ਹੁੰਦੇ ਸਗੋਂ ਸਮੇਂ-ਸਮੇਂ ਇਹ ਸੰਬੰਧ ਉਤਪਾਦਨ ਦੀਆਂ ਸ਼ਕਤੀਆਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਨ ਦੇ ਸਮਰੱਥ ਹੁੰਦੇ ਹਨ। ਜਦੋਂ ਉਤਪਾਦਨ ਦੇ ਸਬੰਧ ਉਤਪਾਦਨ ਦੀਆਂ ਸ਼ਕਤੀਆਂ ਦੇ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੇ ਹਨ, ਉਦੋਂ ਅਜਿਹੀ ਇਤਿਹਾਸਕ ਪਰਸਥਿਤੀ ਵਿੱਚ ਸਮਾਜ ਵਿੱਚ ਇਨਕਲਾਬਾਂ ਦਾ ਦੌਰ ਆਰੰਭ ਹੁੰਦਾ ਹੈ। ਉਤਪਾਦਨ ਦੀਆਂ ਸ਼ਕਤੀਆਂ ਆਪਣੇ ਅਨੁਸਾਰੀ (ਜੋ ਆਪਣਾ ਵੇਲਾ ਵਿਹਾ ਚੁੱਕੇ ਹੁੰਦੇ ਹਨ) ਉਤਪਾਦਨ ਦੋ ਸਬੰਧਾਂ ਦਾ ਨਿਖੇਧ ਕਰਕੇ (ਖਤਮ ਕਰਕੇ ਨਹੀਂ) ਆਪ ਵੀ ਉਚੇਰੀ ਸਮਾਜਿਕ-ਆਰਥਿਕ ਬਣਤਰ ਲਈ ਰਾਹ ਸਾਫ਼ ਕਰ ਲੈਂਦੇ ਹਨ। ਮਾਰਕਸਵਾਦੀ ਦਰਸ਼ਨ ਦੀ ਸਿਰਮੌਰ ਪ੍ਰਾਪਤੀ ਇਸ ਦੀ ਆਪਣੇ ਬਾਰੇ ਕੀਤੀ ਇਹ ਸਥਾਪਨਾ ਹੈ ਕਿ ਇਹ ਦਰਸ਼ਨ ਆਪਣੇ ਆਪ ਵਿੱਚ ਸੰਪੂਰਣ ਅਤੇ ਨਿਰਪੇਖ ਨਹੀਂ, ਸਗੋਂ ਇਹ ਇੱਕ ਸਿਰਜਨਾਤਮਕ ਸਿਧਾਂਤ ਹੈ ਜੋ ਆਪਣੇ ਇਤਿਹਾਸਕ ਵਿਕਾਸ ਦੇ ਮਾਰਗ ਉੱਪਰ ਚਲਦਿਆਂ ਪੂਰਣਤਾ ਵੱਲ ਨੂੰ ਨਿਰੰਤਰ ਵਧ ਰਿਹਾ ਹੈ। ਇਨਕਲਾਬੀ ਤਬਦੀਲੀ ਲਈ ਇਨਕਲਾਬੀ ਸਿਧਾਂਤ ਦੀ ਜ਼ਰੂਰਤ ਹੁੰਦੀ ਹੈ ਅਤੇ ਮਾਰਕਸਵਾਦੀ ਦਰਸ਼ਨ ਇਸ ਲੋੜ ਨੂੰ ਸਭ ਤੋਂ ਵੱਧ ਕਾਰਗਰ ਢੰਗ ਨਾਲ ਪੂਰਿਆਂ ਕਰਦਾ ਹੈ। ਹਰ ਪ੍ਰਕਾਰ ਦੀ ਮਨੁੱਖੀ ਗੁਲਾਮੀ ਅਤੇ ਲੁੱਟ-ਖਸੁੱਟ ਦਾ ਵਿਰੋਧ ਕਰਦਿਆਂ ਮਾਰਕਸ ਨੇ ਪਦਾਰਥਵਾਦੀ ਡਾਇਲੈਕਟਿਕਸ ਦੀ ਸਿਰਜਨਾ ਕੀਤੀ। ਇਸ ਇਨਕਲਾਬੀ ਲੱਭਤ ਦਾ ਸਾਰ ਪੇਸ਼ ਕਰਦਿਆਂ ਉਹਨਾਂ ਸਪੱਸ਼ਟ ਕੀਤਾ ਹੈ ਕਿ ‘ਇਹ ਆਪਣੇ ਆਪ ਉੱਤੇ ਪੇਸ਼ ਕਿਸੇ ਚੀਜ਼ ਨੂੰ ਹਾਵੀ ਨਹੀਂ ਹੋਣ ਦਿੰਦੀ, ਇਹ ਆਪਣੇ ਸਾਰ ਵਿੱਚ ਆਲੋਚਨਾਤਮਕ ਅਤੇ ਇਨਕਲਾਬੀ ਹੈ। ਮਾਰਕਸਵਾਦ ਦਰਸ਼ਨ ਆਪਣੀ ਗਤੀਸ਼ੀਲਤਾ ਅਤੇ ਰਚਨਾਤਮਕਤਾ ਨੂੰ ਆਪਣਾ ਮੂਲ-ਆਧਾਰ ਪ੍ਰਵਾਨ ਕਰਦਾ ਹੈ, ਇਸ ਪ੍ਰਸੰਗ ਵਿੱਚ ਮਾਰਕਸਵਾਦੀ ਅਲੋਚਨਾ ਸਿਧਾਂਤਾਂ ਦੇ ਰਚਨਾਤਮਕ ਵਿਕਾਸ ਦੀ ਲੋੜ ਇਕ ਅਹਿਮ ਲੋੜ ਹੈ ਤਾਂ ਕਿ ਇਹ ਪ੍ਰਣਾਲੀ ਜੀਵਨ ਦੀ ਗਤੀਸ਼ੀਲਤਾ ਅਤੇ ਵਿਕਾਸ ਦੀ ਲੋੜ ਇੱਕ ਅਹਿਮ ਲੋੜ ਹੈ ਤਾਂ ਕਿ ਇਹ ਪ੍ਰਣਾਲੀ ਜੀਵਨ ਦੀ ਗਤੀਸ਼ੀਲਤਾ ਅਤੇ ਵਿਕਾਸ ਦੇ ਨਾਲ-ਨਾਲ ਆਪਣੇ ਕਦਮ ਮਿਲਾ ਕੇ ਤੁਰ ਸਕਣ ਦੇ ਸਮਰੱਥ ਹੋਵੇ। ਇਤਲਾਵੀ ਚਿੰਤਕ Gramsci ਇਸ ਇਤਿਹਾਸਿਕ ਸੱਚਾਈ ਨੂੰ ਇਉਂ ਪੇਸ਼ ਕਰਦੇ ਹਨ- “ਸੱਚ ਨੂੰ ਪਹਿਲਾਂ ਹੀ ਪਰਿਪੂਰਣ ਅਤੇ ਲੋੜ ਸਮਝਦਿਆਂ, ਕਦੇ ਵੀ ਕੱਟੜਪੰਥੀਆਂ ਅਤੇ ਨਿਰਪੇਖ ਰੂਪ ਵਿੱਚ ਪ੍ਰਸਤੁਤ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਸੱਚ ਨੂੰ ਫੈਲਾਇਆ ਜਾ ਸਕਦਾ ਹੈ, ਸੋ ਸਾਨੂੰ ਸੱਚ ਨੂੰ ਉਸ ਸਮਾਜਿਕ ਗਰੁੱਪ ਦੀਆਂ ਸੰਸਕ੍ਰਿਤਿਕ ਅਤੇ ਇਤਿਹਾਸਿਕ ਪਰਿਸਥਿਤੀਆਂ ਅਨੁਕੂਲ ਢਾਲਣਾ ਚਾਹੀਦਾ ਹੈ, ਜਿਸ ਸਮਾਜਿਕ ਗਰੁੱਪ ਵਿੱਚ ਅਸੀਂ ਇਸ ਸੱਚ ਨੂੰ ਫੈਲਾਉਣਾ ਚਾਹੁੰਦੇ ਹਾਂ।” ਇਹ ਵਿਚਾਰ ਸਾਹਿਤ ਅਧਿਐਨ ਵੀ ਮਾਰਕਸਵਾਦੀ ਪ੍ਰਣਾਲੀ ਉੱਪਰ ਵੀ ਬਿਨਾ ਕਿਸੇ ਹਿਚਕਚਾਹਟ ਦੇ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਮਾਰਕਸਵਾਦੀ ਦਰਸ਼ਨ ਦੇ ਤੱਤ[ਸੋਧੋ]

ਪਦਾਰਥ[ਸੋਧੋ]

ਦ੍ਰਿਸ਼ਟਮਾਨ ਜਗਤ ਦੇ ਸਮੂਹ ਵਰਤਾਰਿਆਂ ਅਤੇ ਵਸਤਾਂ ਵਿਚ ਇੱਕੋ ਚੀਜ਼ ਦੀ ਸਾਂਝ ਪ੍ਰਾਪਤ ਹੁੰਦੀ ਹੈ ਤੇ ਉਹ ਸਾਂਝ ਇਨ੍ਹਾਂ ਸਭ ਦੀ ਹੋਂਦ ਦਾ ਮੂਲ ਅਧਾਰ ਪਦਾਰਥ ਹੈ। ਪਦਾਰਥ ਬਾਹਰਮੁਖੀ ਯਥਾਰਥ ਹੈ ਤੇ ਇਸ ਦੀ ਹੋਂਦ ਮਨੁਖੀ ਚੇਤਨਤਾ ਤੋਂ ਸੁਤੰਤਰ ਹੈ ਅਤੇ ਮਨੁਖੀ ਚੇਤਨਾ ਇਸ ਨੂੰ ਪ੍ਰਤੀਬਿੰਬਿਤ ਕਰਦੀ ਹੈ। ਲੈਨਿਨ ਨੇ ਦਰਸ਼ਨ ਦੀ ਦ੍ਰਿਸ਼ਟੀ ਤੋਂ ਪਦਾਰਥ ਦੀ ਵਿਆਖਿਆ ਕੀਤੀ ਹੈ। ਉਹ ਕਹਿੰਦਾ ਹੈ ਕਿ ਪਦਾਰਥ ਇੱਕ ਦਾਰਸ਼ਨਿਕ ਸੰਕਲਪ ਹੈ ਜੋ ਮਨੁਖ ਨੂੰ ਬਾਹਰੀ ਯਥਾਰਥ ਦਾ ਅਨੁਭਵ ਉਸ ਦੀਆਂ ਸੰਵੇਦਨਾਵਾਂ ਰਾਹੀਂ ਕਰਾਉਂਦਾ ਹੈ। ਪਦਾਰਥ ਨੂੰ ਨਾ ਸਿਰਜਿਆ ਜਾ ਸਕਦਾ ਹੈ ਤੇ ਨਾ ਖਤਮ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਭਾਵ ਹਰਗਿਜ਼ ਨਹੀਂ ਹੈ ਕੇ ਪਦਾਰਥ ਖੜੋਤ ਵਿੱਚ ਹੁੰਦਾ ਹੈ। ਪਦਾਰਥ ਹਮੇਸ਼ਾ ਸਮੇਂ ਤੇ ਸਥਾਨ ਵਿੱਚ ਗਤੀਮਾਨ ਰਹਿੰਦਾ ਹੈ।

ਚੇਤਨਾ[ਸੋਧੋ]

ਚੇਤਨਾ ਇੱਕ ਵਿਸ਼ੇਸ਼ ਇਤਿਹਾਸਿਕ ਵਿਕਾਸ ਦੀ ਉਪਜ ਹੋਣ ਕਾਰਨ ਵਿਸ਼ੇਸ਼ ਢੰਗ ਨਾਲ ਸੰਗਠਿਤ ਹੋਂਦ, ਪਦਾਰਥ ਭਾਵ ਮਨੁਖੀ ਦਿਮਾਗ ਦੀ ਹੀ ਇੱਕ ਸਿਫਤ ਹੈ, ਨਾ ਕਿ ਸਮੁੱਚੇ ਪਦਾਰਥ ਦੀ ਸਿਫਤ ਹੈ।ਚੇਤਨਾ ਭਾਵੇਂ ਪਦਾਰਥ ਤੋਂ ਹੀ ਵਿਕਸਿਤ ਹੋਈ ਹੈ ਅਤੇ ਪਦਾਰਥ ਤੋਂ ਸੁਤੰਤਰ ਇਸ ਦੀ ਹੋਂਦ ਨੂੰ ਕਿਸੇ ਤਰ੍ਹਾਂ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ| ਲੈਨਿਨ ਨੇ ਚੇਤਨਾ ਦੀ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ ਕਿ ਮਨੁੱਖ ਦੀ ਚੇਤਨਾ ਨਾ ਕੇਵਲ ਬਾਹਰੀ ਸੰਸਾਰ ਨੂੰ ਪ੍ਰਤਿਬਿੰਬਤ ਕਰਦੀ ਹੈ, ਸਗੋਂ ਉਸ ਨੂੰ ਸਿਰਜਦੀ ਵੀ ਹੈ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਆਮ ਸਰੋਤ[ਸੋਧੋ]

ਜਾਣ ਪਛਾਣ ਵਾਲੇ ਲੇਖ[ਸੋਧੋ]

ਮਾਰਕਸਵਾਦੀ ਵੈੱਬਸਾਈਟਸ[ਸੋਧੋ]

ਵਿਸ਼ੇਸ਼ ਵਿਸ਼ੇ[ਸੋਧੋ]