ਬਾਰਹਮਾਹ ਮਾਂਝ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਰਹਮਾਹ ਮਾਂਝ ਆਦਿ ਗ੍ਰੰਥ ਸਾਹਿਬ ਵਿੱਚ ਦੋ ਬਾਰਹਮਾਹੇ ਸ਼ਾਮਲ ਹਨ। ਗੁਰੂ ਨਾਨਕ ਦੇਵ ਜੀ ਦਾ ਰਚਿਆ ਤੁਖਾਰੀ ਰਾਗ ਵਿੱਚ ਬਾਰਹਮਾਹ ਕੁਦਰਤ ਦੇ ਬਿਆਨ ਦਾ ਸਭ ਤੋਂ ਉਤਮ ਨਮੂਨਾ ਹੈ। ਗੁਰੂ ਅਰਜਨ ਦੇਵ ਜੀ ਰਚਿਤ ਬਾਰਹਮਾਹ ਮਾਝ ਜੀਵ ਨੂੰ ਉਪਦੇਸ਼ਾਤਮਕ ਢੰਗ ਨਾਲ ਮਨੁੱਖੀ ਜਨਮ ਨੂੰ ਸਫਲ ਕਰਨ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਾਹਿਤਕ ਲੀਹਾਂ ਉਪਰ ਚਲਦਿਆਂ ਗੁਰੂ ਅਰਜਨ ਦੇਵ ਜੀ ਨੇ ਵੀ ਲੋਕ ਕਾਵਿ ਰੂਪਾਂ ਨੂੰ ਵਰੋਸਾਇਆ ਹੈ। ਬਾਰ੍ਹਾਂ ਮਹੀਨਿਆਂ ਵਿੱਚ ਪ੍ਰਭੂ ਮਿਲਾਪ ਦੀ ਤਾਂਘ ਨੂੰ ਬਿਆਨ ਕਰਕੇ ਅੰਤ ਬਿਰਹੁੰ-ਕੁਠੀ ਆਤਮਾ ਦਾ ਮਿਲਾਪ ਦਰਸਾਇਆ ਹੈ। ਗੁਰੂ ਅਰਜਨ ਦੇਵ ਜੀ ਨੇ ਬਾਰਹਮਾਹ ਦੀ ਪਹਿਲੀ ਪਉੜੀ ਵਿੱਚ ਜੀਵ ਵਲੋਂ ਪ੍ਰਭੂ ਦੇ ਨਿਹਚਲ ਧਾਮ ਦੀ ਪ੍ਰਾਪਤੀ ਲਈ ਅਰਜੋਈ ਹੈ। ਦੂਜੀ ਪਉੜੀ ਵਿੱਚ ਈਸ਼ਵਰ ਦੀ ਸਰਬ ਵਿਆਪਕਤਾ, ਸੰਤ ਪੁਰਸ਼ਾਂ ਦੀ ਸੰਗਤ ਤੇ ਨਾਮ ਦੀ ਸ਼ਕਤੀ ਉਪਰ ਜੋਰ ਦਿੱਤਾ ਹੈ। ਤੀਜੀ ਪਉੜੀ ਵਿੱਚ ਸੰਸਾਰਕ ਪਦਾਰਥਾਂ ਦੀ ਨਾਸਮਾਨਤਾ ਦਸ ਕੇ ਪ੍ਰਭੂ-ਭਗਤਾਂ ਦਾ ਸੱਚਾ ਸਾਥ ਮੰਗਿਆ ਹੈ। ਚੌਥੀ ਪਉੜੀ ਵਿੱਚ ਪ੍ਰਭੂ ਦੀ ਰਜ਼ਾ ਨੂੰ ਸ਼ਕਤੀਸ਼ਾਲੀ ਮੰਨਿਆ ਹੈ। ਪੰਜਵੀ ਪਉੜੀ ਵਿੱਚ ਦਸਿਆ ਹੈ ਕਿ ਮਨੁੱਖੀ ਆਸਰੇ ਨਿਸਫਲ ਹਨ ਅਤੇ ਸੁਖ ਕੇਵਲ ਪ੍ਰਭੂ ਦੀ ਸ਼ਰਨ ਵਿੱਚ ਹੀ ਹੈ। ਛੇਵੀਂ ਪਉੜੀ ਵਿੱਚ ਸ਼ਬਦ ਦੀ ਪ੍ਰਾਪਤੀ ਨੂੰ ਸਭ ਤੋਂ ਵੱਡਾ ਸਹਾਰਾ ਦੱਸਿਆ ਹੈ। ਸਤਵੀਂ ਪਉੜੀ ਵਿੱਚ ਸਰੀਰਕ ਸੁੰਦਰਤਾ ਦਾ ਬਿਨਸ ਜਾਣਾ ਦ੍ਰਿੜ ਕਰਵਾਇਆ ਹੈ। ਅਠਵੀਂ ਪਉੜੀ ਵਿੱਚ ਸੰਤ ਪੁਰਸ਼ਾਂ ਰਾਹੀਂ ਅਨੰਦ ਦੀ ਪ੍ਰਾਪਤੀ ਨੂੰ ਬਿਆਨਿਆ ਹੈ। ਨਾਵੀਂ ਪਉੜੀ ਵਿੱਚ ਪ੍ਰਭੂ ਤੋਂ ਵਿਛੜੇ ਜੀਵਾਂ ਨੂੰ ਦਰ ਦਰ ਭਟਕਦਿਆਂ ਤੇ ਦੁੱਖੀ ਹੁੰਦਿਆਂ ਵਿਖਾਇਆ ਹੈ। ਦਸਵੀਂ ਪਉੜੀ ਵਿੱਚ ਪ੍ਰਭੂ ਮਿਲਾਪ ਨੂੰ ਹੀ ਸਭ ਤੋਂ ਉਤਮ ਸ਼ਿੰਗਾਰ ਦਰਸਾਇਆ ਹੈ। ਗਿਆਰਵੀਂ ਪਉੜੀ ਵਿੱਚ ਪ੍ਰਭੂ ਸੰਯੋਗ ਦੇ ਨਿੱਘ ਰਾਹੀਂ ਪੋਹ ਮਹੀਨੇ ਦੀ ਸਰਦੀ ਨੂੰ ਬੇ-ਅਸਰ ਦਸਿਆ ਹੈ। ਬਾਰ੍ਹਵੀਂ ਪਉੜੀ ਵਿੱਚ ਸਿੱਖਿਆ ਦਿੱਤੀ ਹੈ ਕਿ ਕਾਮਾਦਿਕਾਂ ਤੋਂ ਬਚਣ ਦਾ ਸਾਧਨ ਸਾਧ ਸੰਗਤ ਅਤੇ ਨਾਮ ਸਿਮਰਨ ਹੀ ਹੈ ਤੇਰਵੀਂ ਪਉੜੀ ਵਿੱਚ ਪ੍ਰੀਤਮ ਸੰਜੋਗ ਸਮੇਂ ਮਨ ਵਿੱਚ ਉਠਦੇ ਸੰਗੀਤ ਅਤੇ ਮੰਗਲ ਧੁਨੀਆਂ ਦਾ ਵਰਣਨ ਕੀਤਾ ਹੈ। ਚੌਦ੍ਹਵੀਂ ਪਉੜੀ ਵਿੱਚ ਨਾਮ ਰਾਹੀਂ ਪ੍ਰਭੂ-ਪ੍ਰਾਪਤੀ ਦੀ ਅਵਸਥਾ ਨੂੰ ਵਡਿਆਇਆ ਹੈ ਤੇ ਇਸ ਅਵਸਥਾ ਵਿੱਚ ਜੀਵ-ਆਤਮਾ ਲਈ ਸਾਰੇ ਮਹੀਨੇ ਤੇ ਮਹੁਰੂਤ ਆਦਿ ਸ਼ੋਭਨੀਕ ਹੁੰਦੇ ਦੱਸੇ ਹਨ। ਗੁਰੂ ਅਰਜਨ ਦੇਵ ਜੀ ਨੇ ਅਧਿਆਤਮਕ ਦ੍ਰਿਸ਼ਟੀ-ਕੋੋਣ ਤੋਂ ਉਪਦੇਸ਼ਾਤਮਕ ਰੁਚੀ ਨੂੰ ਅਪਣਾਇਆ ਹੈ, ਪ੍ਰਭੂ ਤੋਂ ਭੁਲੀ-ਭਟਕੀ ਆਤਮਾ ਨੂੰ ਪ੍ਰਭੂ ਨਾਲ ਜੁੜਨ ਦੀ ਪ੍ਰੇਰਨਾ ਦਿਤੀ ਹੈ ਅਤੇ ਪ੍ਰਭੂ-ਸ਼ਰਨ ਨੂੰ ਹੀ ਮਨੁੱਖ ਦਾ ਅੰਤਮ ਸਹਾਰਾ ਦਸਿਆ ਹੈ: ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ। ਚਾਰਿ ਕੁੰਟ ਦਹਦਿਸਸ ਭ੍ਰਮੇ, ਥਕਿ ਆਏ ਪ੍ਰਭੁ ਕੀ ਸਾਮ। ਅੰਤ ਸਾਧ ਸੰਗਤ, ਨਾਮ ਸਿਮਰਨ, ਭਗਤੀ ਅਤੇ ਪ੍ਰੇਮਾ ਭਾਵ ਰਾਹੀਂ ਜੀਵ ਨੂੰ ਮਿਲਾਪ ਵਾਲੀ ਪਦਵੀ ਪ੍ਰਾਪਤੀ ਕਰਦਿਆਂ ਵਿਖਾਇਆ ਹੈ। ਇਸ ਤਰ੍ਹਾਂ: “ਜਿਨਿ ਜਿਨਿ ਨਾਮੁ ਧਿਆਇਆ, ਤਿਨ ਕੇ ਕਾਜ ਸਰੇ।" ਦੇ ਸਿਧਾਂਤ ਨੂੰ ਉੱਚਾ ਦਰਸਾ ਕੇ ਮਨੁੱਖ ਨੂੰ ਧਾਰਮਿਕ ਮਾਰਗ ਤੇ ਚਲਣ ਦੀ ਸਿੱਖਿਆ ਦਿਤੀ ਹੈ।[1][2]

ਹਵਾਲੇ[ਸੋਧੋ]

  1. ਭਾਈ ਭਿੰਦਰਪਾਲ ਸਿੰਘ ਜੀ ਕਥਾਵਾਚਕ, ਬਾਰਹਮਾਹਾ ਮਾਂਝ ਸਟੀਕ, ਪੇਜ਼ ਨੰ. 3-4
  2. ਪ੍ਰੋ. ਸਾਹਿਬ ਸਿੰਘ ਅਤੇ ਪ੍ਰੋ. ਕੁਲਵੰਤ ਸਿੰਘ, ਬਾਰਹ ਤੁਖਾਰੀ ਤੇ ਮਾਂਝ (ਬਹੁ-ਪੱਖ ਵਿਚਾਰ), ਸਿੰਘ ਬ੍ਰਦਰਜ਼, ਮਾਈ ਸੇਵਾ ਅੰਮ੍ਰਿਤਸਰ, ਪੇਜ਼ ਨੰ. 33