ਬਾਸੜੀਆਂ
ਬਾਸੜੀਆ ਇੱਕ ਤਿਉਹਾਰ ਹੈ ਜਿਸ ਵਿੱਚ ਮਾਤਾ ਸੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਬੱਚਿਆਂ ਦੇ ਚੇਚਕ/ਮਾਤਾ ਨਾ ਨਿਕਲੇ। ਇਹ ਤਿਉਹਾਰ ਫੱਗਣ, ਚੇਤ ਮਹੀਨੇ ਦੇ ਹਨੇਰੇ ਪੱਖ ਦੇ ਪਹਿਲੇ ਮੰਗਲਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ। ਕਈ ਇਲਾਕਿਆਂ ਵਿੱਚ ਬਾਸੜੀਆ ਨੂੰ ਬਹਿੜਾ ਵੀ ਕਿਹਾ ਜਾਂਦਾ ਹੈ। ਬਾਸੜੀਆ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਪੂਜਾ ਸਮੱਗਰੀ ਸੋਮਵਾਰ ਸ਼ਾਮ ਨੂੰ ਬਣਾਈ ਜਾਂਦੀ ਹੈ ਅਤੇ ਅਗਲੇ ਦਿਨ ਮੰਗਲਵਾਰ ਨੂੰ ਸਵੇਰੇ ਮੱੱਥਾ ਟੇਕਣ ਤੋਂ ਪਿੱਛੋਂ ਖਾਧੀ ਜਾਂਦੀ ਹੈ। ਬਾਸੀ ਜਾਂ ਬੇਹੇ ਹੋਣ ਕਰਕੇ ਹੀ ਇਸ ਨੂੰ ਬਾਸੜੀਆ ਕਿਹਾ ਜਾਂਦਾ ਹੈ। ਇਸ ਨੂੰ ਬਾਸੜੇ ਵੀ ਕਿਹਾ ਜਾਂਦਾ ਹੈ ਜਿਸ ਨੂੰ ਪੇਂਡੂ ਲੋਕ ਵੱਸੜੇ ਕਹਿੰਦੇ ਹਨ ਤੇ ਛੋਟੇ-ਛੋਟੇ ਬੱਚੇ ਤਾਂ ਇਸ ਨੂੰ ਵੈਹੜੇ ਭਾਵ ਵਹਿਕੜੇ ਹੀ ਕਹਿ ਦੇਂਦੇ ਹਨ। ਇਹ ਸ਼ਬਦ ਬਾਸੀ ਜਾਂ ਬਾਸੇ ਤੋਂ ਬਣਿਆ ਹੋਇਆ ਹੈ।[1] ਇਹ ਤਿਉਹਾਰ ਚੇਤ ਦੇ ਮਹੀਨੇ ਵਿੱਚ ਜੇਠੇ ਮੰਗਲਵਾਰ ਨੂੰ ਹੁੰਦਾ ਹੈ। ਇਹ ਮਾਰਚ-ਅਪ੍ਰੈਲ ਦੇ ਦਿਨਾਂ ਵਿੱਚ ਹੁੰਦਾ ਹੈ।ਖਸਰਾ ਤੇ ਚੇਚਕ ਨੂੰ ਛੋਟੀ ਮਾਤਾ ਤੇ ਬੜੀ ਮਾਤਾ ਕਹਿੰਦੇ ਸਨ। ਇਹ ਬੱਚਿਆਂ ਦੇ ਨਾਂ ਨਿਕਲੇ ਜੇ ਨਿਕਲ ਆਵੇ ਤਾਂ ਕੋਈ ਨੁਕਸਾਨ ਨਾ ਕਰੇ, ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਤਿਉਹਾਰ ਸੀਤਲਾ ਦੇਵੀ ਨਾਲ ਸਬੰਧਤ ਹੁੰਦਾ ਹੈ। ਏਸ ਪੂਜਾ ਨੂੰ ਬਾਸੀਆਰਾ ਕਿਹਾ ਜਾਂਦਾ ਸੀ, ਏਸ ਨੂੰ ਪੂਜਣ ਲਈ ਕਿਸੇ ਸਾਂਝੇ ਥਾਂ ਤੇ ਛੋਟੀਆਂ ਜਿਹੀਆਂ ਕਈ ਮਟੀਆਂ ਬਣਾਈਆਂ ਜਾਂਦੀਆਂ ਹਨ ਤੇ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਵਿਧੀ
[ਸੋਧੋ]ਸੋਮਵਾਰ ਦੀ ਸ਼ਾਮ ਨੂੰ ਗੁਲਗਲੇ, ਮੱਠੀਆਂ, ਮਿੱਠੀਆਂ ਰੋਟੀਆਂ, ਖਿਚੜੀ, ਮਿੱਠੇ ਚੌਲ ਬਣਾਏ ਜਾਂਦੇ ਹਨ। ਮੋਠ, ਮੂੰਗੀ, ਮਾਂਹ, ਕਣਕ, ਛੋਲੇ, ਜੌਂ ਆਦਿ ਰਾਤ ਨੂੰੰ ਪਾਣੀ ਵਿੱਚ ਭਿਉਂਤੇ ਜਾਂਦੇ ਹਨ। ਦੂਜੇ ਦਿਨ ਸਵੇਰੇ ਮਾਤਾ ਸੀਤਲਾ ਨੂੰ ਬਣਾਏ ਪਕਵਾਨਾਂ ਅਤੇ ਭਿਉਂਤੇ ਅਨਾਜ ਦਾ ਮੱਥਾ ਟੇਕਿਆ ਜਾਂਦਾ ਹੈ। ਸੀਤਲਾ ਮਾਤਾ ਦੇ ਸਥਾਨ ਭਾਵ ਮਟੀਆਂ ਤੇ ਇਹ ਪੂਜਾ ਕੀਤੀ ਜਾਂਦੀ ਹੈ। ਸੀਤਲਾ ਦੀ ਸਵਾਰੀ ਖੋਤੇ ਨੂੰ ਮਿੱਠੇ ਪਕਵਾਨ ਖਵਾਏ ਜਾਂਦੇ ਹਨ ਤੇ ਬਾਕੀ ਹੋਰਾਂ ਲੋਕਾਂ ਵਿੱਚ ਵੰਡ ਦਿੱਤੇ ਜਾਂਦੇ ਹਨ। ਮੱਥਾ ਟੇਕਣ ਵੇਲੇ ਕਿਹਾ ਜਾਂਦਾ ਹੈ। ਮਾਤਾ ਰਾਣੀ ਏ, ਗੁਲਗਲੇ ਖਾਣੀ ਏ, ਬਾਲ ਬੱਚਾ ਰਾਜ਼ੀ ਰੱਖਣਾ।
ਹਵਾਲੇ
[ਸੋਧੋ]- ↑ ਪੰਜਾਬ ਦੇ ਤਿਉਹਾਰ, ਪਰਮਜੀਤ ਕੌਰ ਸਰਹਿੰਦ,ਪੰਨਾ ਨੰ.30
2. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 487-488