ਸਮੱਗਰੀ 'ਤੇ ਜਾਓ

ਬਿਜੈ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਜੈ ਸਿੰਘ ਭਾਈ ਵੀਰ ਸਿੰਘ ਦਾ ਸੁੰਦਰੀ ਤੋਂ ਬਾਅਦ 1899[1] ਵਿੱਚ ਪ੍ਰਕਾਸ਼ਿਤ ਦੂਜਾ ਨਾਵਲ ਹੈ। ਭਾਈ ਵੀਰ ਸਿੰਘ ਨੇ ਇਸ ਨਾਵਲ ਵਿੱਚ ਵੀ ਬ੍ਰਾਹਮਣ ਲਾਲਚੀ, ਝੂਠੇ ਧੋਖੇਬਾਜ਼ ਤੇ ਅਕ੍ਰਿਤਘਣ ਸਮੁੱਚੇ ਹਿੰਦੂ ਕਾਇਰ ਤੇ ਡਰਪੋਕ, ਮੁਸਲਮਾਨ ਵਿਭਚਾਰੀ, ਜ਼ਬਰਦਸਤੀ ਲੋਕਾਂ ਦੀ ਪਤ ਅਤੇ ਧਰਮ ਲੁਟਣਾ ਚਾਹੁਣ ਵਾਲੇ ਅਤੇ ਸਿੱਖ ਨੂੰ ਆਪਣੇ ਧਰਮ ਦੇ ਪੱਕੇ ਤੋਂ ਦ੍ਰਿੜ ਚਰਿਤਰ ਦੇ ਸੱਚੇ ਤੇ ਸੁੱਚੇ ਅਤੇ ਬਹਾਦਰ ਦਿਖਾਏ ਹਨ। ਬਿਜੈ ਸਿੰਘ, ਭਾਈ ਵੀਰ ਸਿੰਘ ਦੀ ਉੱਤਮ ਰਚਨਾ ਦਾ ਨਮੂਨਾ ਹੈ। ਇਸ ਦਾ ਰਚਨਾ ਕਾਲ 1900 ਈਸਵੀ ਹੈ ਅਤੇ ਇਸ ਦੇ ਤੇਈ ਕਾਂਡ ਜਾਂ ਅਧਿਆਇ ਹਨ। ਇਹ ਕਾਲਪਨਿਕ ਪਾਤਰ ਹੈ ਜੋ ਯਥਾਰਥ ਦੀ ਪੇਸ਼ਕਾਰੀ ਇਤਿਹਾਸਕ ਤੱਥਾਂ ਰਾਹੀਂ ਕਰਦਾ ਹੈ। ਉਹ ਹਿੰਦੂ ਪਰਿਵਾਰ ਵਿੱਚ ਜਨਮ ਲੈ ਕੇ ਸਿੱਖੀ ਸਰੂਪ, ਸਿਧਾਂਤ ਅਤੇ ਵਿਰਾਸਤ ਦੀ ਰਾਖੀ ਲਈ ਜਾਨ ਤਲੀ ’ਤੇ ਰੱਖ ਕੇ ਸ਼ਹੀਦੀ ਪ੍ਰਾਪਤ ਕਰਨ ਵਾਲਾ ਯੋਧਾ ਹੈ। ਉਸ ਰਾਹੀਂ ਸਿੱਖੀ ਦੇ ਪਵਿੱਤਰ ਜਜ਼ਬੇ ਨੂੰ ਉਭਾਰਿਆ ਗਿਆ ਹੈ ਜਿਸ ਅੱਗੇ ਜੀਵਨ, ਦੌਲਤ ਤੇ ਪਰਿਵਾਰ ਕੋਈ ਮਾਅਨੇ ਨਹੀਂ ਰੱਖਦੇ। ਅਠਾਰਵੀਂ ਸਦੀ ਦੇ ਲਹੂ ਡੋਲਵੇਂ ਸੰਘਰਸ਼ ਨੂੰ ਬਿਆਨ ਕਰਕੇ ਆਸ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਵਡੇਰਿਆਂ ਤੋਂ ਪ੍ਰੇਰਨਾ ਲਵੇ। ਇਸ ਵਿੱਚ ਮਨੁੱਖੀ ਜੀਵਨ ਅਤੇ ਸਿੱਖ ਇਤਿਹਾਸ ਦੇ ਅਹਿਮ ਰੰਗ ਜਿਵੇਂ ਪਤੀ-ਪਤਨੀ ਦਾ ਰਿਸ਼ਤਾ, ਸੰਸਾਰ ਦੀ ਝੂਠੀ ਪ੍ਰੀਤ, ਕਿਰਤ, ਕਾਮ ਉਤੇਜਨਾ, ਭਲਾ, ਇਲਾਜ ਦੇ ਦੇਸੀ ਨੁਸਖੇ, ਸਿੱਖਾਂ ਦਾ ਆਪਸੀ ਪਿਆਰ, ਬੱਚਿਆਂ ਦੀ ਕੁਰਬਾਨੀ, ਹਕੂਮਤ ਦਾ ਸਖਤ ਰੁਖ ਅਤੇ ਸਮਕਾਲੀ ਹਾਲਾਤ ਸਮਾਏ ਹੋਏ ਹਨ। ਰਚਨਾ ਦਾ ਆਧਾਰ ਪੀੜ੍ਹੀ ਦਰ ਪੀੜ੍ਹੀ ਸੁਣੀਆਂ ਗੱਲਾਂ, ਪੰਥ ਪ੍ਰਕਾਸ਼, ਤਵਾਰੀਖ ਗੁਰੂ ਖ਼ਾਲਸਾ ਸਮੇਤ ਪੱਛਮੀ ਵਿਦਵਾਨ ਪ੍ਰਿੰਸਪ, ਕਨਿੰਘਮ, ਮੁਹੰਮਦ ਲਤੀਫ, ਮੈਲਕੌਮ ਤੇ ਮੈਗਰੇਗਰ ਦੀਆਂ ਪੁਸਤਕਾਂ ਹਨ।

ਨਾਵਲ ਦੀ ਕਹਾਣੀ[ਸੋਧੋ]

1748 ਵਿੱਚ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਬਣ ਕੇ ਸਿੱਖਾਂ ਨੂੰ ਕਤਲ ਕਰਨ ਲੱਗਾ। ਲਾਹੌਰ ਦੇ ਰਹਿਣ ਵਾਲੇ ਚੂਹੜ ਮੱਲ ਸ਼ਾਹੂਕਾਰ ਦਾ ਪੁੱਤਰ ਰਾਮਲਾਲ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਰਕਾਰੀ ਨੌਕਰ ਸੀ। ਉਹ ਅੰਮਿਤ ਛਕ ਕੇ ਬਿਜੈ ਸਿੰਘ ਨਾਮ ਰੱਖ ਲੈਂਦਾ ਹੈ। ਸਾਰੇ ਘਰ ਵਿੱਚ ਮਾਤਮ ਛਾ ਜਾਂਦਾ ਹੈ। ਬਿਜੈ ਸਿੰਘ ਆਪਣੀ ਪਤਨੀ ਸ਼ੀਲ ਕੌਰ ਤੇ ਛੋੋਟੇ ਪੁੱਤਰ ਵਰਿਆਮ ਸਿੰਘ ਨਾਲ ਘਰ ਦਾ ਤਿਆਗ ਕਰ ਦਿੰਦਾ ਹੈ ਅਤੇ ਸਹਿਜਧਾਰੀ ਸਿੱਖ ਲੀਲਾਰਾਮ ਦੀ ਹਵੇਲੀ ਵੱਲ ਜਾਂਦਾ ਹੈ। ਰਾਤ ਨੂੰ ਹਫਦੇ-ਹਫਦੇ ਲੀਲਾਰਾਮ ਆ ਕੇ ਦੱਸਦਾ ਹੈ ਕਿ ਸ਼ਾਹੀ ਫ਼ੌਜ ਇਧਰ ਆ ਰਹੀ ਹੈ। ਉਹ ਸਿੰਘਾਂ ਨੂੰ ਹਵੇਲੀ ਵਿਚਲੀ ਇੱਕ ਗੁਪਤ ਸੁਰੰਗ ਰਾਹੀਂ ਜੰਗਲ ਵੱਲ ਸੁਰੱਖਿਅਤ ਕੱਢ ਦਿੰਦਾ ਹੈ। ਜੰਗਲ ਵੱਲ ਨਿਕਲੇ ਸਿੰਘਾਂ ਦੇ ਸਿਪਾਹੀਆਂ ਨਾਲ ਦੋ ਹੱਥ ਹੁੰਦੇ ਹਨ। ਸਿਪਾਹੀ ਤਿੰਨਾਂ ਨੂੰ ਫੜ ਕੇ ਇੱਕ ਕੋਠੜੇ ਵਿੱਚ ਡੱਕ ਦਿੰਦੇ ਹਨ। ਉੱਥੇ ਮ੍ਰਿਤਕ ਬਾਲਕ ਦੀ ਦੇਹ ਕੋਲ ਇੱਕ ਬੀਬੀ ਸਹਿਕ ਰਹੀ ਸੀ, ਜਿਸ ਦੇ ਪਤੀ ਨੂੰ ਦੁਸ਼ਟਾਂ ਨੇ ਮਾਰ ਕੇ ਦਰਿਆ ਵਿੱਚ ਰੋੜ ਦਿੱਤਾ ਸੀ ਤੇ ਪੁੱਤਰ ਕੋਲ ਮਰਿਆ ਪਿਆ ਸੀ। ਉਹ ਬੀਬੀ ਵੀ ਗੁਰਪੁਰੀ ਸਿਧਾਰ ਜਾਂਦੀ ਹੈ। ਬਿਜੈ ਸਿੰਘ ਮ੍ਰਿਤਕ ਦੇਹਾਂ ਦਾ ਸਸਕਾਰ ਕਰਕੇ ਦੂਰ ਨਿਕਲ ਜਾਂਦਾ ਹੈ। ਬਿਜੈ ਸਿੰਘ ਦੀ ਮਾਤਾ ਘਰ ਵਿੱਚ ਚੋਰੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲੈਂਦੀ ਹੈ ਅਤੇ ਕੁਝ ਪੈਸੇ ਪੁਰੋਹਿਤ ਨੂੰ ਬਿਜੈ ਸਿੰਘ ਤਕ ਪਹੁੰਚਾਉਣ ਲਈ ਦਿੰਦੀ ਹੈ। ਬਿਜੈ ਸਿੰਘ ਜੰਗਲ ਵਿੱਚ ਕੁਟੀਆ ਬਣਾ ਕੇ ਰਹਿੰਦਾ ਹੈ ਅਤੇ ਟੋਕਰੀਆਂ ਬਣਾ ਕੇ ਵੇਚਦਾ ਹੈ। ਇੱਕ ਰਾਤ ‘ਹਾਇ-ਹਾਇ’ ਦੀ ਆਵਾਜ਼ ਸੁਣਾਈ ਪੈਂਦੀ ਹੈ। ਇਹ ਬਿਜੈ ਸਿੰਘ ਦਾ ਪੁਰੋਹਿਤ ਸੀ ਜਿਸ ਨੂੰ ਮਾਤਾ ਨੇ ਮਦਦ ਲਈ ਪੈਸੇ ਦਿੱਤੇ ਸਨ। ਉਹ ਦਸਦਾ ਹੈ ਕਿ ਡਾਕੂਆਂ ਨੇ ਪੈਸੇ ਖੋਹ ਲਏ ਹਨ ਤੇ ਕੁੱਟਮਾਰ ਕੀਤੀ ਹੈ। ਬਿਜੈ ਸਿੰਘ ਧਰਵਾਸ ਦਿੰਦਾ ਹੈ ਅਤੇ ਵਿਦਾ ਕਰਨ ਸਮੇਂ ਦਿਨ ਭਰ ਦੀ ਕਮਾਈ ਤੇ ਅੰਗੂਠੀ ਦਿੰਦਾ ਹੈ। ਪੁਰੋਹਿਤ ਨੇ ਇਸ ਝੂਠੀ ਕਹਾਣੀ ਨਾਲ ਮਾਤਾ ਵੱਲੋਂ ਦਿੱਤੇ ਪੈਸੇ ਹਜ਼ਮ ਕੀਤੇ ਸਨ। ਉਹ ਸਿਪਾਹੀਆਂ ਨੂੰ ਨਾਲ ਲੈ ਕੇ ਕੁਟੀਆ ’ਤੇ ਧਾਵਾ ਬੋਲ ਦਿੰਦਾ ਹੈ। ਬਿਜੈ ਸਿੰਘ ਬਹਾਦਰੀ ਨਾਲ ਲੜਦਾ ਹੈ ਅਤੇ ਕੁਟੀਆ ਨੂੰ ਛੱਡ ਕੇ ਇੱਕ ਢੱਠੇ ਮਕਾਨ ਵਿੱਚ ਸ਼ਰਨ ਲੈਂਦੇ ਹਨ ਜਿੱਥੇ ਪੁਰੋਹਿਤ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾ ਦਿੰਦਾ ਹੈ। ਇੱਕ ਮੁਸਲਮਾਨ ਫਕੀਰ ਬਿਜੈ ਸਿੰਘ ਨੂੰ ਆਜ਼ਾਦ ਕਰਵਾਉਂਦਾ ਹੈ। ਸ਼ੀਲ ਕੌਰ ਤੇ ਵਰਿਆਮ ਸਿੰਘ ਨੂੰ ਲਾਹੌਰ ਵਿੱਚ ਕੈਦਖਾਨੇ ਵਿੱਚ ਰੱਖਿਆ ਜਾਂਦਾ ਹੈ ਤੇ ਇਸਲਾਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਕੈਦ ਕੀਤੀਆਂ ਸਿੱਖ ਬੀਬੀਆਂ ਤੋਂ ਚੱਕੀਆਂ ਪਿਸਵਾਈਆਂ ਜਾਂਦੀਆਂ ਹਨ। ਬੱਚਿਆਂ ਨੂੰ ਨੇਜ਼ਿਆਂ ਵਿੱਚ ਪਰੋਇਆ ਜਾਂਦਾ ਹੈ। ਗੋਲੀਆਂ ਸ਼ੀਲ ਕੌਰ ਨੂੰ ਮੀਰ ਮੰਨੂ ਨਾਲ ਨਿਕਾਹ ਕਰਨ ਲਈ ਕਹਿੰਦੀਆਂ ਹਨ। ਉਹ ਖ਼ੁਦ ਵੀ ਨਿਕਾਹ ਦੀ ਪੇਸ਼ਕਸ਼ ਕਰਦਾ ਹੈ। ਉਸ ਦੀ ਬੇਗਮ ਨੂੰ ਇਹ ਸਕੀਮ ਫੇਲ੍ਹ ਕਰ ਿਦੰਦੀ ਹੈ। ਮੀਰ ਮੰਨੂ ਫ਼ੌਜ ਨਾਲ ਮਾਝੇ ਦੇ ਪਿੰਡ ਪੰਡੋਰੀ ਵੱਲ ਵਹੀਰਾਂ ਘੱਤਦਾ ਹੈ। ਅਚਾਨਕ ਘੋੜਾ ਡਰ ਜਾਂਦਾ ਹੈ। ਉਸ ਦਾ ਪੈਰ ਰਕਾਬ ਵਿੱਚ ਫਸ ਜਾਂਦਾ ਹੈ ਤੇ ਸਿਰ ’ਚੋਂ ਨਿਕਲੇ ਲਹੂ ਕਰਕੇ ਚੱਲ ਵਸਦਾ ਹੈ। ਬਿਜੈ ਸਿੰਘ ਦੀ ਅਗਵਾਈ ਵਿੱਚ ਜਥਾ ਬੀਬੀਆਂ ਨੂੰ ਆਜ਼ਾਦ ਕਰਵਾਉਂਦਾ ਹੈ। ਮ੍ਰਿਤਕ ਦੇਹਾਂ ਦਾ ਦਾਹ ਸਸਕਾਰ ਕੀਤਾ ਜਾਂਦਾ ਹੈ। ਸਿੰਘ, ਬੀਬੀਆਂ ਨੂੰ ਘਰਾਂ ਤਕ ਪਹੁੰਚਾਉਂਦੇ ਹਨ। ਮੁਗਲਾਣੀ ਬੇਗਮ ਪੁੱਤਰ ਨੂੰ ਗੱਦੀ ’ਤੇ ਬਿਠਾ ਕੇ ਉਸ ਦੀ ਸਰਪ੍ਰਸਤ ਬਣ ਜਾਂਦੀ ਹੈ। ਉਹ ਸ਼ੀਲ ਕੌਰ ਲਈ ਬਿਜੈ ਸਿੰਘ ਦੀ ਭਾਲ ਕਰਾਉਂਦੀ ਹੈ। ਬਿਜੈ ਸਿੰਘ ਸ਼ਾਹੀ ਮਹਿਲਾਂ ਵਿੱਚ ਪਹੁੰਚਦਾ ਹੈ ਤੇ ਛੇਤੀ ਰਾਜ਼ੀ ਹੋ ਜਾਂਦਾ ਹੈ। ਮੁਗਲਾਣੀ ਬੇਗਮ ਬਿਜੈ ਸਿੰਘ ਵਿੱਚ ਆਪਣੇ ਪਤੀ ਨੂੰ ਦੇਖਣ ਲੱਗਦੀ ਹੈ ਅਤੇ ਇਸ ਮੰਤਵ ਲਈ ਸ਼ੀਲ ਕੌਰ ’ਤੇ ਉਸ ਦੇ ਪੁੱਤਰ ਨੂੰ ਮਾਰਨ ਦੀ ਸਾਜ਼ਿਸ਼ ਰਚਦੀ ਹੈ। ਬੇਗਮ, ਸ਼ੀਲ ਕੌਰ ਵੱਲ ਦੋ ਜ਼ਹਿਰ ਪਿਆਲੇ ਭੇਜਦੀ ਹੈ ਕਿ ਇਹ ਪਿਆਲੇ ਬਿਜੈ ਸਿੰਘ ਨੇ ਭੇਜੇ ਹਨ ਸ਼ੀਲ ਕੌਰ ਨੂੰ ਗੋਲੀ ਇਹ ਗੱਲ ਦੱਸ ਦਿੰਦੀ ਹੈ। ਸ਼ੀਲ ਕੌਰ ਦੇ ਦੱਸਣ ’ਤੇ ਬਿਜਲਾ ਸਿੰਘ ਦਾ ਜਥਾ ਬਿਜੈ ਸਿੰਘ ਨੂੰ ਆਜ਼ਾਦ ਕਰਾਉਣਾ ਲੋਚਦਾ ਹੈ। ਇੱਕ ਦਿਨ ਬੇਗਮ ਮਰਨ ਲਈ ਹੱਥ ਵਿੱਚ ਕਟਾਰ ਫੜ ਲੈਂਦੀ ਹੈ। ਬਿਜੈ ਸਿੰਘ ਨਿਕਾਹ ਲਈ ਰਾਜ਼ੀ ਹੋ ਜਾਂਦਾ ਹੈ। ਇੱਕ ਨਿਹੰਗ ਆ ਕੇ ਬਿਜੈ ਸਿੰਘ ਨੂੰ ਤਲਵਾਰ ਮਾਰਨ ਲੱਗਦਾ ਹੈ ਤਾਂ ਉਸ ਦੀ ਅੱਖ ਖੁੱਲ੍ਹ ਜਾਂਦੀ ਹੈ। ਉਸ ਨੂੰ ਭਾਈ ਜੋਗੇ ਦਾ ਪ੍ਰਸੰਗ ਯਾਦ ਆਉਂਦਾ ਹੈ। ਬੇਗਮ, ਬਿਜੈ ਸਿੰਘ ਨੂੰ ਜਲਾਦਾਂ ਹਵਾਲੇ ਕਰ ਦਿੰਦੀ ਹੈ। ਸਿੰਘ ਭੇਸ ਵਟਾ ਕੇ ਬਿਜੈ ਸਿੰਘ ਨੂੰ ਆਜ਼ਾਦ ਕਰਵਾ ਕੇ ਨਾਲ ਲੈ ਜਾਂਦੇ ਹਨ। ਲਾਹੌਰ ਦਰਬਾਰ ਦਾ ਪ੍ਰਬੰਧ ਵਿਗੜਦਾ ਜਾਂਦਾ ਹੈ। ਅਬਦਾਲੀ ਮੁੜ ਹਮਲਾ ਕਰਦਾ ਹੈੈ। ਚੂਹੜ ਮੱਲ ਬਰਬਾਦ ਹੋ ਜਾਂਦਾ ਹੈ ਅਤੇ ਪੁਰੋਹਿਤ ਨੂੰ ਗ਼ਲਤ ਜਾਣਕਾਰੀ ਦੇਣ ਦੀ ਸਜ਼ਾ ਵਜੋਂ ਮਾਰ ਦਿੱਤਾ ਜਾਂਦਾ ਹੈ। ਮੁਗਲਾਣੀ ਬੇਗਮ ਨੂੰ ਜ਼ਹਿਰ ਦੇ ਕੇ ਵਜ਼ੀਰ ਮਾਰ ਦਿੰਦੇ ਹਨ। ਅਬਦਾਲੀ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਹਾਕਮ ਥਾਪ ਕੇ ਜਲੰਧਰ ਦਾ ਇਲਾਕਾ ਨਾਸੁੱਰਦੀਨ ਦੇ ਹਵਾਲੇ ਕਰ ਦਿੰਦਾ ਹੈ। ਗਿਰਾਵਾਂ ਨਾਮਕ ਪਿੰਡ ਵਿੱਚ ਨਾਸੁੱਰਦੀਨ ਦਾ ਸਿੰਘਾਂ ਨਾਲ ਖ਼ੂਨੀ ਘੋਲ ਹੁੰਦਾ ਹੈ। ਸਿੰਘਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਪਰ ਬਿਜੈ ਸਿੰਘ ਸ਼ਹੀਦ ਹੋ ਜਾਂਦਾ ਹੈ। ਇਹ ਦੇਖ ਕੇ ਸ਼ੀਲ ਕੌਰ ਵੀ ਗੁਰੂ ਚਰਨਾਂ ਵਿੱਚ ਜਾ ਬਿਰਾਜਦੀ ਹੈ।

ਹਵਾਲੇ[ਸੋਧੋ]