ਬੀੜ੍ਹੀ
ਜੇ ਕੋਈ ਵਿਅਕਤੀ ਕਿਸੇ ਲਈ ਕੋਈ ਕੰਮ ਕਰਦਾ ਹੈ ਤਾਂ ਉਸ ਦੇ ਕੰਮ ਦੇ ਬਦਲੇ ਦਾ ਬਦਲਾ ਦੇਣ ਨੂੰ ਬੀੜ੍ਹੀ ਕਹਿੰਦੇ ਹਨ। ਬੀੜ੍ਹੀ ਆਮ ਤੌਰ ਤੇ ਖੇਤੀਬਾੜੀ ਦੇ ਕੰਮ ਕਰਨ ਕਰਾਉਣ ਵਿਚ ਕੀਤੀ ਜਾਂਦੀ ਹੈ। ਖੇਤੀ ਦੇ ਮੁੱਢਲੇ ਦੌਰ ਵਿਚ ਜਦ ਥੋੜ੍ਹੀ-ਥੋੜ੍ਹੀ ਜਮੀਨ ਆਬਾਦ ਕਰਕੇ ਖੇਤੀ ਕੀਤੀ ਜਾਣ ਲੱਗੀ, ਉਸ ਸਮੇਂ ਸਾਰੀ ਦੀ ਸਾਰੀ ਖੇਤੀ ਬਾਰਸ਼ਾਂ ਤੇ ਨਿਰਭਰ ਸੀ। ਖੇਤੀ ਬਾਰਸ਼ਾਂ ਤੇ ਨਿਰਭਰ ਹੋਣ ਕਰਕੇ ਹਰ ਜਿਮੀਂਦਾਰ ਨੂੰ ਇਕ ਨਿਸ਼ਚਿਤ ਸਮੇਂ ਵਿਚ ਜਮੀਨ ਤਿਆਰ ਕਰਕੇ ਫ਼ਸਲ ਬੀਜਣੀ ਪੈਂਦੀ ਸੀ। ਗੋਡੀ ਕਰਨੀ ਪੈਂਦੀ ਸੀ। ਵੱਢਣੀ ਪੈਂਦੀ ਸੀ। ਕੱਢਣੀ ਪੈਂਦੀ ਸੀ। ਕਈ ਜਿਮੀਂਦਾਰਾਂ ਕੋਲ ਖੇਤੀ ਦੇ ਸਾਰੇ ਸੰਦ ਵੀ ਨਹੀਂ ਹੁੰਦੇ ਸਨ। ਕਈ ਜਿਮੀਂਦਾਰਾਂ ਕੋਲ ਬਲਦ ਵੀ ਇਕ ਹੀ ਹੁੰਦਾ ਸੀ। ਇਸ ਲਈ ਅਜੇਹੇ ਜਿਮੀਂਦਾਰਾਂ ਨੂੰ, ਜਿਸ ਹੋਰ ਜਿਮੀਂਦਾਰ ਕੋਲ ਖੇਤੀ ਸੰਦ ਅਤੇ ਇਕ ਬਲਦ ਹੁੰਦਾ ਸੀ, ਉਸ ਨਾਲ ਬੀੜ੍ਹੀ ਕਰਨੀ ਪੈਂਦੀ ਸੀ। ਇਸ ਤਰ੍ਹਾਂ ਫੇਰ ਉਨ੍ਹਾਂ ਦੋਵਾਂ ਜਿਮੀਂਦਾਰਾਂ ਕੋਲ ਖੇਤੀ ਸੰਦ ਤੇ ਬਲਦਾਂ ਦੀ ਜੋੜੀ (ਦੋਵਾਂ ਦੀ ਰਲ ਕੇ) ਬਣ ਜਾਂਦੀ ਸੀ। ਫੇਰ ਉਹ ਦੋਵੇਂ ਜਿਮੀਂਦਾਰ ਰਲ ਕੇ ਪਹਿਲਾਂ ਇਕ ਦੀ ਵਾਹੀ ਕਰ ਲੈਂਦੇ ਸਨ, ਫੇਰ ਦੂਜੇ ਦੀ ਵਾਹੀ ਕਰ ਲੈਂਦੇ ਸਨ। ਪਹਿਲਾਂ ਇਕ ਦੀ ਫ਼ਸਲ ਬੀਜ ਲੈਂਦੇ ਸਨ, ਫੇਰ ਦੂਜੇ ਦੀ। ਪਹਿਲਾਂ ਇਕ ਦੀ ਗੋਡੀ ਕਰ ਲੈਂਦੇ ਸਨ, ਫੇਰ ਦੂਜੇ ਦੀ। ਏਸ ਤਰ੍ਹਾਂ ਖੇਤੀ ਦੇ ਸਾਰੇ ਕੰਮ ਬੀੜ੍ਹੀ ਕਰਕੇ ਕਰ ਲੈਂਦੇ ਸਨ।ਹੁਣ ਹੱਥਾਂ ਨਾਲ ਖੇਤੀ ਕਰਨ ਦਾ ਯੁੱਗ ਬੀਤ ਗਿਆ ਹੈ। ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.