ਬੁਝਾਵਲ ਕਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੁਝਾਵਲ ਕਥਾ ਉਨ੍ਹਾਂ ਲੋਕ ਕਹਾਣੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਬੁਝਾਰਤਾਂ, ਅੜਾਉਣੀਆਂ ਜਾਂ ਪ੍ਰਸ਼ਨ ਦੁਆਰਾ ਸਮੱਸਿਆ ਦੱਸੀ ਗਈ ਹੋਵੇ। ਇਨ੍ਹਾਂ ਕਥਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਆਖਰ ਵਿਚ ਇਨ੍ਹਾਂ ਦੀ ਗੁੰਝਲ ਖੁਲ੍ਹਦੀ ਹੈ ਅਤੇ ਸਮੱਸਿਆ ਦਾ ਹੱਲ ਬਹੁਤ ਦਿਲਚਸਪ ਹੁੰਦਾ ਹੈ । ਇਨ੍ਹਾਂ ਕਥਾਵਾਂ ਦੀ ਪਰੰਪਰਾ ਵੀ ਬੜੀ ਪੁਰਾਣੀ ਹੈ । ਦੰਤ ਕਥਾਵਾਂ ਅਤੇ ਦੇਵ ਕਥਾਵਾਂ ਵਿਚ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਮਿਲਦੀਆਂ ਹਨ । ਪ੍ਰਾਚੀਨ ਕਥਾਵਾਂ ਵਿਚੋਂ ‘ ਬੇਤਾਲ' ਕਥਾਵਾਂ ਇਸੇ ਵੰਰਨਗੀ ਦੀਆਂ ਹਨ । 'ਬਹੂ ਕਿਸ ਦੀ ਬਣੇ' ਇਹ ਇੱਕ ਬੇਤਾਲ ਕਥਾ ਹੈ। 'ਅਲ਼ਫ਼ ਲੈਲਾ ' , ' ਇਕ ਹਜ਼ਾਰ ਰਾਤਾਂ ’ ਅਤੇ ‘ ਸਿੰਘਾਸਨ ਬਤੀਸੀ ' ਆਦਿ ਸੰਗ੍ਰਿਹਾਂ ਵਿਚ ਵਧੇਰੇ ਇਸੇ ਪ੍ਰਕਾਰ ਦੀਆਂ ਕਥਾਵਾਂ ਹਨ ।

ਬੁਝਾਵਲ ਕਥਾ ਦੀ ਬਣਤਰ ਬੁਝਾਰਤ ਵਾਲੀ ਹੀ ਹੁੰਦੀ ਹੈ । ਪਹੇਲੀ ਵਾਂਗ ਇਸ ਵਿਚ ਸੰਕੇਤਾਂ , ਰੂਪਕਾਂ ਤੇ ਚਿੰਨ੍ਹਾਂ ਦੁਆਰਾ ਇਕ ਰਹੱਸਮਈ ਪਾਸਾਰ ਸਿਰਜ ਲਿਆ ਜਾਂਦਾ ਹੈ । ਬੁਝਾਰਤ ਵਿਚ ਉਹ ਸੰਕੇਤ , ਰੂਪਕ ਅਤੇ ਚਿੰਨ੍ਹ ਕਾਵਿ ਬਿਰਤੀ ਦੇ ਹੋਣ ਕਰਕੇ ਸੰਘਣੇ ਹੁੰਦੇ ਹਨ , ਪਰ ਬੁਝਾਰਤ ਵਿਚ ਬ੍ਰਿਤਾਂਤ ਦੇ ਹੋਣ ਕਰਕੇ ਕਾਲ ਸਥਾਨ ਵਿਚ ਫੈਲੇ ਹੁੰਦੇ ਹਨ ਅਤੇ ਇਨ੍ਹਾਂ ਦਾ ਰਹੱਸ ਖੋਲ੍ਹਣ ਨਾਲ ਬ੍ਰਿਤਾਂਤ ਦੀ ਗੁੰਝਲ ਵੀ ਖੁੱਲ ਜਾਂਦੀ ਹੈ । ਬੁਝਾਵਲ ਕਥਾਵਾਂ ਦਾ ਉਦੇਸ਼ ਵੀ ਬੁੱਧੀ ਦੀ ਪਰੀਖਿਆ ਹੁੰਦੀ ਹੈ । ਇਹ ਇਕ ਤਰ੍ਹਾਂ ਦੀਆਂ ਦਿਮਾਗੀ ਕਸਰਤਾਂ ਹਨ । ਬੁਝਾਰਤਾਂ ਵਾਂਗ ਬੁਝਾਵਲ ਭਾਸ਼ਾ ਵਿਚ ਸਰੋਤਾ ਸਿਰਫ ਸਰੋਤਾ ਹੀ ਨਹੀਂ ਰਹਿੰਦਾ , ਸਗੋਂ ਉਸ ਨੂੰ ਆਪਣੀ ਸੂਝ ਦਾ ਪ੍ਰਮਾਣ ਦੇਣ ਲਈ ਸਮੱਸਿਆ ਦਾ ਹੱਲ ਦੱਸਣਾ ਪੈਂਦਾ ਹੈ । ਸਰੋਤਾ ਕਥਾ ਦਾ ਅੰਗ ਬਣ ਜਾਂਦਾ ਹੈ।[1]

ਹਵਾਲੇ[ਸੋਧੋ]

  1. ਡਾ. ਬਲਵੀਰ ਸਿੰਘ ਪੂਨੀ. ਪੰਜਾਬੀ ਲੋਕਧਾਰਾ ਅਤੇ ਸਭਿਆਚਾਰ.