ਸਮੱਗਰੀ 'ਤੇ ਜਾਓ

ਬੁੱਲ੍ਹਾ ਕੀ ਜਾਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੁਲ੍ਹਾ ਕੀ ਜਾਣਾਂ (ਸ਼ਾਹਮੁਖੀ:بُلھا کیہ جاناں) ਪੰਜਾਬੀ ਸੂਫ਼ੀ ਸੰਤ ਬੁੱਲ੍ਹੇ ਸ਼ਾਹ ਦੀਆਂ ਲਿਖੀਆਂ ਸਭ ਤੋਂ ਪ੍ਰਸਿੱਧ ਕਾਫ਼ੀਆਂ ਵਿੱਚੋਂ ਇੱਕ ਹੈ।

1990 ਦੇ ਦਹਾਕੇ ਵਿੱਚ ਪਾਕਿਸਤਾਨੀ ਰਾਕ ਬੈਂਡ, ਜਨੂੰਨ [1] ਨੇ, ਬੁਲ੍ਹਾ ਕੀ ਜਾਣਾਂ ਨੂੰ ਇੱਕ ਗੀਤ ਦਾ ਰੂਪ ਦਿੱਤਾ। 2005 ਵਿੱਚ, ਰੱਬੀ ਸ਼ੇਰਗਿਲ ਦਾ ਰਾਕ ਸੰਸਕਰਨ [2]ਭਾਰਤ ਅਤੇ ਪਾਕਿਸਤਾਨ ਵਿੱਚ ਲੋਕਾਂ ਨੇ ਬਹੁਤ ਪਸੰਦ ਕੀਤਾ।[1][2] ਭਾਰਤ ਦੀ ਇੱਕ ਪੰਜਾਬੀ ਸੂਫੀ ਜੋਟੀ, ਵਡਾਲੀ ਭਰਾਵਾਂ ਨੇ ਵੀ ਆਪਣੀ ਐਲਬਮ ਆ ਮਿਲ ਯਾਰ...ਕਾਲ ਆਫ਼ ਦ ਬੀਲੱਵਡ ਵਿੱਚ ਬੁਲ੍ਹਾ ਕੀ ਜਾਣਾ ਦਾ ਇੱਕ ਸੰਸਕਰਨ ਜਾਰੀ ਕੀਤਾ ਹੈ। ਇੱਕ ਹੋਰ ਸੰਸਕਰਨ ਲਖਵਿੰਦਰ ਵਡਾਲੀ ਨੇ ਬੁਲ੍ਹਾ ਦੇ ਨਾਮ ਉੱਤੇ ਗਾਇਆ ਹੈ। ਆਪਣੇ ਪਲੇਠੀ ਐਲਬਮ ਵੱਜ ਵਿੱਚ ਅਰੀਬ ਅਜਹਰ ਨੇ ਵੀ ਇਸ ਕਵਿਤਾ ਉੱਤੇ ਅਧਾਰਤ ਇੱਕ ਗੀਤ ਜਾਰੀ ਕੀਤਾ।

ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ।
ਬੁੱਲ੍ਹਾ ਕੀ ਜਾਣਾ ਮੈਂ ਕੌਣ।

ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ।
ਬੁੱਲ੍ਹਾ ਕੀ ਜਾਣਾ ਮੈਂ ਕੌਣ।

ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ।
ਬੁੱਲ੍ਹਾ ਕੀ ਜਾਣਾ ਮੈਂ ਕੌਣ।

ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ।
ਬੁੱਲ੍ਹਾ ਕੀ ਜਾਣਾ ਮੈਂ ਕੌਣ।

ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ।
ਬੁੱਲ੍ਹਾ ਕੀ ਜਾਣਾ ਮੈਂ ਕੌਣ।

ਅੱਵਲ ਆਖਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ।
ਬੁੱਲ੍ਹਾ ਕੀ ਜਾਣਾ ਮੈਂ ਕੌਣ।

ਹਵਾਲੇ

[ਸੋਧੋ]