ਬੇਝੜ
ਜਦ ਦੋ ਜਾਂ ਦੋ ਤੋਂ ਵੱਧ ਅਨਾਜਾਂ ਨੂੰ ਮਿਲਾ ਕੇ ਕੋਈ ਫ਼ਸਲ ਬੀਜੀ ਜਾਵੇ ਤਾਂ ਉਸ ਫ਼ਸਲ ਨੂੰ ਬੇਝੜ ਫ਼ਸਲ ਕਹਿੰਦੇ ਹਨ। ਰਲੀ-ਮਿਲੀ ਫ਼ਸਲ ਕਹਿੰਦੇ ਹਨ। ਕਈ ਇਲਾਕਿਆਂ ਵਿਚ ਬੇਰੜਾ ਫ਼ਸਲ ਕਹਿੰਦੇ ਹਨ। ਕਈਆਂ ਵਿਚ ਗੋਜੀ ਫ਼ਸਲ ਕਹਿੰਦੇ ਹਨ। ਇਹ ਕਣਕ, ਜੌਂ ਅਤੇ ਛੋਲਿਆਂ ਦੇ ਅਨਾਜਾਂ ਨੂੰ ਮਿਲਾ ਕੇ ਵੀ ਬੀਜੀ ਜਾਂਦੀ ਹੈ। ਜੌਂ ਛੋਲਿਆਂ ਨੂੰ ਮਿਲਾ ਕੇ ਵੀ ਬੀਜੀ ਜਾਂਦੀ ਹੈ। ਕਣਕ ਤੇ ਛੋਲਿਆਂ ਨੂੰ ਮਿਲਾ ਕੇ ਵੀ ਬੀਜੀ ਜਾਂਦੀ ਹੈ। ਬੇਝੜ/ਬੇਰੜਾ ਫ਼ਸਲਾਂ ਬੀਜਣ ਦੇ ਪਿੱਛੇ ਇਕ ਵਿਸ਼ੇਸ਼ ਮੰਤਵ ਹੁੰਦਾ ਹੈ। ਇਕ ਸਚਾਈ ਹੁੰਦੀ ਹੈ। ਪਹਿਲੇ ਸਮਿਆਂ ਵਿਚ ਪੰਜਾਬ ਵਿਚ ਜਦ ਖੂਹ ਨਹੀਂ ਲੱਗੇ ਸਨ। ਨਹਿਰਾਂ ਨਹੀਂ ਨਿਕਲਦੀਆਂ ਸਨ। ਉਸ ਸਮੇਂ ਪੰਜਾਬ ਦੀ ਸਾਰੀ ਦੀ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਜੇਕਰ ਵੇਲੇ ਸਿਰ ਬਾਰਸ਼ਾਂ ਹੋ ਜਾਂਦੀਆਂ ਸਨ ਤਾਂ ਫ਼ਸਲਾਂ ਹੋ ਜਾਂਦੀਆਂ ਸਨ। ਜੇ ਕਰ ਵੇਲੇ ਸਿਰ ਬਾਰਸ਼ਾਂ ਨਹੀਂ ਹੁੰਦੀਆਂ ਸਨ ਤਾਂ ਕਾਲ ਪੈ ਜਾਂਦਾ ਸੀ। ਇਸ ਲਈ ਉਨ੍ਹਾਂ ਸਮਿਆਂ ਵਿਚ ਬੇਝੜ ਫ਼ਸਲਾਂ ਬੀਜਣਾ ਜਿਮੀਂਦਾਰਾਂ ਦੀ ਮਜ਼ਬੂਰੀ ਸੀ। ਬੀਜਣੀਆਂ ਪੈਂਦੀਆਂ ਸਨ। ਬੇਝੜ ਫ਼ਸਲਾਂ ਬੀਜਣ ਦਾ ਇਹ ਫ਼ਾਇਦਾ ਹੁੰਦਾ ਸੀ ਕਿ ਤਿੰਨਾਂ ਜਾਂ ਦੋਹਾਂ ਅਨਾਜਾਂ ਵਿਚੋਂ ਕਿਸੇ ਅਨਾਜ ਦੀ ਫ਼ਸਲ ਤਾਂ ਸਿਰੇ ਚੜ੍ਹ ਜਾਂਦੀ ਸੀ। ਪੱਕ ਜਾਂਦੀ ਸੀ।
ਫੇਰ ਜਦ ਖੂਹ ਲੱਗੇ, ਨਹਿਰਾਂ ਨਿਕਲੀਆਂ, ਟਿਊਬਵੈੱਲ ਲੱਗੇ ਤਾਂ ਬੇਝੜ ਫ਼ਸਲਾਂ ਬੀਜਣ ਦਾ ਰਿਵਾਜ ਘੱਟਦਾ ਗਿਆ। ਫੇਰ ਕਣਕ, ਛੋਲੇ ਅਤੇ ਜੌਆਂ ਦੀਆਂ ਫ਼ਸਲਾਂ ਵੱਖਰੀਆਂ-ਵੱਖਰੀਆਂ ਬੀਜੀਆਂ ਜਾਣ ਲੱਗੀਆਂ। ਹੁਣ ਕੋਈ ਵੀ ਬੇਝੜ ਫ਼ਸਲ ਨਹੀਂ ਬੀਜੀ ਜਾਂਦੀ। ਹੁਣ ਤਾਂ ਮੁੱਖ ਫ਼ਸਲਾਂ ਹੀ ਕਣਕ, ਜੀਰੀ ਅਤੇ ਨਰਮੇ ਦੀਆਂ ਹੋ ਗਈਆਂ ਹਨ। ਹੁਣ ਦੀ ਪੀੜ੍ਹੀ ਨੂੰ ਤਾਂ ਬੇਝੜ ਸ਼ਬਦ ਦੇ ਅਰਥ ਸ਼ਬਦ ਕੋਸ਼ ਵਿਚੋਂ ਹੀ ਮਿਲਣਗੇ ?[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.