ਬੋਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਾੜੀ ਦੀ ਫਸਲ ਦੀ ਵਾਢੀ ਸਮੇਂ ਅਖੀਰਲੇ ਖੇਤ ਦੀ ਵਾਢੀ ਕਰਦੇ ਵੇਲੇ ਵਿਸ਼ੇਸ਼ ਤੌਰ 'ਤੇ ਕਣਕ ਤੇ ਜੌਂ ਦੇ ਖੇਤ ਦੇ ਇਕ ਖੂੰਜੇ ਵਿਚ ਗਰੀਬ-ਗੁਰਬਿਆਂ ਲਈ ਛੱਡੇ ਫ਼ਸਲ ਦੇ ਥੋੜ੍ਹੇ ਜਿਹੇ ਹਿੱਸੇ ਨੂੰ ਬੋਦੀ ਕਹਿੰਦੇ ਹਨ। ਬੋਦੀ ਛੱਡਣਾ ਕਹਿੰਦੇ ਹਨ। ਬੋਦੀ ਛੱਡਣਾ ਹਾੜੀ ਦੀ ਵਾਢੀ ਦੀ ਆਖਰੀ ਕੜੀ ਹੁੰਦੀ ਸੀ। ਲੋਕ ਵਿਸ਼ਵਾਸ ਹੈ, ਬੋਦੀ ਛੱਡਣ ਨਾਲ ਫ਼ਸਲ ਵਿਚ ਬਰਕਤ ਆਉਂਦੀ ਹੈ। ਇਕ ਬੋਦੀ ਹੋਰ ਵੀ ਹੁੰਦੀ ਹੈ। ਇਹ ਬੋਦੀ ਪੰਡਤਾਂ ਦੇ ਸਿਰ ਦੇ ਵਿਚਕਾਰਲੇ ਵਾਲਾਂ ਨੂੰ ਗੰਢ ਦੇ ਕੇ ਬਣਾਈ ਜਾਂਦੀ ਹੈ।

ਪਹਿਲੇ ਸਮਿਆਂ ਵਿਚ ਸਾਰੇ ਜਿਮੀਂਦਾਰ ਬੋਦੀ ਛੱਡਦੇ ਸਨ। ਬੋਦੀ ਛੱਡਣਾ ਅਸਲ ਵਿਚ ਪਿੰਡ ਦੇ ਗਰੀਬ-ਗੁਰਬਿਆਂ ਦੀ ਅੰਨ ਦੀ ਲੋੜ ਪੂਰੀ ਕਰਨ ਦਾ ਇਕ ਢੰਗ ਹੁੰਦਾ ਸੀ। ਪਹਿਲੇ ਸਮਿਆਂ ਵਿਚ ਵਾਢੀ ਹੱਥਾਂ ਨਾਲ ਕੀਤੀ ਜਾਂਦੀ ਸੀ। ਇਸ ਲਈ ਵਾਢੀ ਕਰਦੇ ਸਮੇਂ ਬਹੁਤ ਸਾਰੀਆਂ ਬੱਲੀਆਂ ਖੇਤ ਵਿਚ ਕਿਰ ਜਾਂਦੀਆਂ ਸਨ। ਡਿੱਗ ਪੈਂਦੀਆਂ ਸਨ। ਗਰੀਬ, ਲਾਗੀ, ਕੰਮੀ ਡਿਗੀਆਂ ਬੱਲੀਆਂ ਦਾ ਸਿਲਾ ਚੁਗਦੇ ਸਮੇਂ ਬੋਦੀ ਛੱਡੀ ਫ਼ਸਲ ਦੀਆਂ ਬੱਲੀਆਂ ਵੀ ਤੋੜ ਲੈਂਦੇ ਸਨ। ਇਨ੍ਹਾਂ ਬੱਲੀਆਂ ਅਤੇ ਸਿਲੇ ਦੀਆਂ ਕੱਠੀਆਂ ਹੋਈਆਂ ਬੱਲੀਆਂ ਵਿਚੋਂ ਨਿਕਲੇ ਦਾਣੇ ਗਰੀਬਾਂ ਦੀ ਕਈ ਮਹੀਨਿਆਂ ਦੀ ਖੁਰਾਕ ਬਣ ਜਾਂਦੀ ਸੀ।

ਅੱਜ ਦੀ ਪੀੜ੍ਹੀ ਨਾ ਬੋਦੀ ਬਾਰੇ ਜਾਣਦੀ ਹੈ ਅਤੇ ਨਾ ਹੀ ਹੁਣ ਬੋਦੀ ਛੱਡਣ ਦਾ ਰਿਵਾਜ ਰਿਹਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.