ਬੋਹੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੱਤੇ, ਕਾਗਜ਼ਾਂ ਤੇ ਗਾਜਣੀ ਨੂੰ ਭਿਉਂ ਕੇ, ਕੁੱਟਕੇ ਬਣਾਈ ਵਸਤ ਨੂੰ ਬੋਹੀਆਂ ਕਹਿੰਦੇ ਹਨ। ਮੁੰਜ ਦੇ, ਕਣਕ ਦੀ ਨਾੜ ਉਪਰ ਰੰਗੇ ਹੋਏ ਨਾੜ ਨੂੰ ਵਟ ਕੇ ਜਾਂ ਰੰਗਲੇ ਸੂਤ ਨੂੰ ਵਲ੍ਹੇਟ ਕੇ ਵੀ ਬੋਹੀਏ ਬਣਾਏ ਜਾਂਦੇ ਹਨ। ਪਹਿਲੇ ਸਮਿਆਂ ਵਿਚ ਬੋਹੀਏ ਦਾਜ ਦਾ ਹਿੱਸਾ ਹੁੰਦੇ ਸਨ, ਜਿਸ ਵਿਚ ਮੁਟਿਆਰਾਂ ਨਹਾਉਣ ਵਾਲਾ ਸਾਬਣ, ਦੰਦਾਸਾ, ਸੁਰਮੇਦਾਨੀ, ਨਹੁੰ ਪਾਲਸ਼, ਪਾਊਡਰ ਅਤੇ ਹੋਰ ਸ਼ਿੰਗਾਰ ਦਾ ਨਿੱਕ-ਸੁੱਕ ਰੱਖਦੀਆਂ ਹੁੰਦੀਆਂ ਸਨ। ਬੋਹੀਏ ਛੋਟੇ ਅਕਾਰ ਦੇ ਵੀ ਹੁੰਦੇ ਸਨ। ਬੜੇ ਆਕਾਰ ਦੇ ਵੀ ਹੁੰਦੇ ਸਨ। ਬੋਹੀਆਂ ਨੂੰ ਕਈ ਇਲਾਕਿਆਂ ਵਿਚ ਗੋਹਲਾ ਵੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਨਿੱਕੀ ਟੋਕਰੀ ਵੀ ਕਿਹਾ ਜਾਂਦਾ ਹੈ। ਬੋਹੀਏ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਤਿਉਹਾਰਾਂ ਸਮੇਂ ਵਿਆਹੀਆਂ ਧੀਆਂ ਨੂੰ ਮਠਿਆਈ ਆਦਿ ਭੇਜਣ ਲਈ ਵੀ ਕੀਤੀ ਜਾਂਦੀ ਸੀ। ਚਰਖਾ ਕੱਤਣ ਸਮੇਂ ਪੂਣੀਆਂ ਤੇ ਗਲੋਟੇ ਵੀ ਮੁਟਿਆਰਾਂ/ਇਸਤਰੀਆਂ ਬੋਹੀਏ ਵਿਚ ਰੱਖਦੀਆਂ ਹੁੰਦੀਆਂ ਸਨ। ਬਾਗ਼, ਫੁਲਕਾਰੀ, ਵਿਛਾਈਆਂ ਕੱਢਣ ਸਮੇਂ ਵੀ ਬੋਹੀਆਂ ਦੀ ਵਰਤੋਂ ਕੀਤੀ ਜਾਂਦੀ ਸੀ।

ਬੋਹੀਆਂ ਬਣਾਉਣ ਲਈ ਪਤਲੇ ਗੱਤਿਆਂ/ਕਾਗਜ਼ਾਂ ਤੇ ਗਾਜਣੀ ਨੂੰ ਇਕ ਬਰਤਨ ਵਿਚ ਭਿਉਂਤਾ ਜਾਂਦਾ ਸੀ। ਫੇਰ ਭਿਉਂਤੇ ਗੱਤੇ/ਕਾਗਜ਼ ਤੇ ਗਾਜਣੀ ਨੂੰ ਉੱਖਲੀ ਵਿਚ ਪਾ ਕੇ ਕੁੱਟਿਆ ਜਾਂਦਾ ਸੀ। ਫੇਰ ਜਿੰਨੇ ਸਾਈਜ਼ ਦਾ ਬੋਹੀਆ ਬਣਾਉਣਾ ਹੁੰਦਾ ਸੀ, ਓਨੇ ਸਾਈਜ਼ ਦੇ ਮਿੱਟੀ ਦੇ ਬਰਤਨ (ਘੜਾ, ਬਲ੍ਹਣੀ, ਝੱਕਰਾ) ਨੂੰ ਮੂਧਾ ਮਾਰ ਕੇ ਉਸ ਉਪਰ ਕੱਪੜਾ ਰੱਖ ਕੇ ਲੋੜ ਅਨੁਸਾਰ ਹੱਥ ਨਾਲ ਬੋਹੀਆ ਵਿਉਂਤ ਲਿਆ ਜਾਂਦਾ ਸੀ। ਫੇਰ ਉਸਨੂੰ ਸੁੱਕਣ ਲਈ ਧੁੱਪੇ ਰੱਖ ਦਿੰਦੇ ਸਨ। ਜਦ ਬੋਹੀਆ ਸੁੱਕ ਜਾਂਦਾ ਸੀ ਤਾਂ ਉਸਨੂੰ ਬਰਤਨ ਤੋਂ ਉਤਾਰ ਲੈਂਦੇ ਸਨ। ਉਤਾਰੇ ਹੋਏ ਬੋਹੀਏ ਤੇ ਫੇਰ ਅੰਦਰ ਬਾਹਰ ਕੱਲੀ ਗਾਜਣੀ ਦਾ ਲੇਪ ਕੀਤਾ ਜਾਂਦਾ ਸੀ ਤਾਂ ਜੋ ਬੋਹੀਆ ਸਾਫ ਲੱਗੇ। ਜਦ ਇਹ ਲੇਪ ਸੁੱਕ ਜਾਂਦਾ ਸੀ ਤਾਂ ਬੋਹੀਏ ਉਪਰ ਰੰਗ ਨਾਲ ਲੋੜ ਅਨੁਸਾਰ ਵੇਲਾਂ, ਬੂਟੇ ਅਤੇ ਹੋਰ ਡਿਜ਼ਾਈਨ ਪਾਏ ਜਾਂਦੇ ਸਨ। ਇਸ ਤਰ੍ਹਾਂ ਬੋਹੀਆ ਬਣਦਾ ਸੀ।

ਮੁੰਜ ਤੇ ਨਾੜ ਦੇ ਬੋਹੀਏ ਬਣਾਉਣ ਲਈ ਪੈਨਸਲ ਦੀ ਗੁਲਾਈ ਦੇ ਆਕਾਰ ਜਿੰਨੀਆਂ ਤੀਲਾਂ ਲੈ ਕੇ ਉਸ ਨੂੰ ਕਣਕ ਦੇ ਨਾੜ ਨਾਲ ਹੀ ਮੜ੍ਹਿਆ ਜਾਂਦਾ ਸੀ। ਰੰਗ ਬਰੰਗੇ ਬੋਹੀਏ ਬਣਾਉਣ ਲਈ ਉਪਰ ਮੜ੍ਹਨ ਵਾਲੀ ਨਾੜ ਨੂੰ ਰੰਗ ਲੈਂਦੇ ਸਨ। ਬੋਹੀਏ ਦਾ ਹੇਠਲਾ ਹਿੱਸਾ/ਥੱਲਾ ਜਿਹੜਾ ਰੱਖਣ ਸਮੇਂ ਧਰਤੀ ’ਤੇ ਲੱਗਦਾ ਸੀ, ਆਮ ਤੌਰ 'ਤੇ 4/5 ਕੁ ਇੰਚ ਵਿਆਸ ਦਾ ਗੋਲ ਆਕਾਰ ਦਾ ਹੁੰਦਾ ਸੀ। ਜਿਉਂ ਜਿਉਂ ਬੋਹੀਏ ਨੂੰ ਬਣਾਇਆ ਜਾਂਦਾ ਸੀ, ਤਿਉਂ ਤਿਉਂ ਉਸ ਦੀ ਗੁਲਾਈ ਨੂੰ ਚੌੜਾਈ ਦਿੰਦੇ ਹੋਏ ਉਪਰ ਨੂੰ ਕੀਤਾ ਜਾਂਦਾ ਸੀ। ਬੋਹੀਏ ਨੂੰ ਉਨ੍ਹਾਂ ਉਪਰ ਤੱਕ ਬਣਾਇਆ ਜਾਂਦਾ ਸੀ, ਜਿੰਨੇ ਸਾਈਜ਼ ਦਾ ਬੋਹੀਆ ਬਣਾਉਣਾ ਹੁੰਦਾ ਸੀ। ਇਸ ਤਰ੍ਹਾਂ ਬੋਹੀਆ ਬਣਦਾ ਸੀ।ਬੋਹੀਏ ਵਿਚ ਕਈ ਕਿਸਮ ਦੇ ਡਿਜ਼ਾਈਨ ਪਾਏ ਜਾਂਦੇ ਸਨ। ਕਈ ਬੋਹੀਏ ਕਣਕ ਦੀ ਨਾੜ ਦੀ ਥਾਂ ਸੂਤ ਦੀ ਰੰਗ ਬਰੰਗੀ ਰੱਸੀ ਨਾਲ ਮੜ੍ਹੇ ਜਾਂਦੇ ਸਨ।

ਹੁਣ ਬੋਹੀਏ ਨਹੀਂ ਬਣਦੇ। ਇਸ ਲਈ ਬੋਹੀਆਂ ਨੂੰ ਦਾਜ ਵਿਚ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਬੋਹੀਆਂ ਦੀ ਥਾਂ ਪਲਾਸਟਿਕ ਦੀਆਂ ਵੱਖ-ਵੱਖ ਕਿਸਮ ਦੀਆਂ ਬਣੀਆਂ ਟੋਕਰੀਆਂ ਨੇ ਲੈ ਲਈ ਹੈ। ਬੋਹੀਏ ਹੁਣ ਸਾਡੇ ਅਤੀਤ ਦਾ ਵਿਰਸਾ ਬਣ ਗਏ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.