ਸਮੱਗਰੀ 'ਤੇ ਜਾਓ

ਬੰਬ ਦਾ ਫ਼ਲਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੰਬ ਦਾ ਫ਼ਲਸਫ਼ਾ [1]

[ਸੋਧੋ]

(ਇਸ ਲੇਖ ਨੂੰ ਅਕਸਰ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਪਰ ਦਰਅਸਲ ਇਹ ਲੇਖ ਭਗਵਤੀ ਚਰਨ ਵੋਹਰਾ ਨੇ ਚੰਦਰ ਸ਼ੇਖਰ ਅਜ਼ਾਦ ਦੀ ਮੱਦਦ ਨਾਲ ਲਿਖਿਆ ਸੀ। ਇਹ ਲੇਖ ਕਸ਼ਮੀਰ ਬਿਲਡਿੰਗ, ਲਾਹੌਰ ਦੇ ਕਿਰਾਏ ਦੇ ਕਮਰੇ 69 ਵਿੱਚ ਲਿਖਿਆ ਗਿਆ ਸੀ, ਜਿਸ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬੰਬ ਫੈਕਟਰੀ ਵਜੋਂ ਇਸਤੇਮਾਲ ਕੀਤਾ ਸੀ। ਇਹ ਲੇਖ ਮਹਾਤਮਾ ਗਾਂਧੀ ਦੇ ਲੇਖ 'The Cult of Bomb' ਦੇ ਜਵਾਬ ਵਿੱਚ ਲਿਖਿਆ ਗਿਆ ਜਿਸ ਵਿੱਚ ਮਹਾਤਮਾ ਗਾਂਧੀ ਨੇ 23 ਦਸੰਬਰ 1929 ਦੀ ਇਨਕਲਾਬੀ ਕਾਰਵਾਈ ਦਾ ਖੰਡਨ ਕੀਤਾ ਸੀ।)

ਜਦੋ ਇਕ ਇਨਕਲਾਬੀ ਆਪਣੇ ਕੁਝ ਹੱਕ ਸਮਝਦਾ ਹੈ, ਉਹ ਇਹਨਾਂ ਦੀ ਮੰਗ ਕਰਦਾ ਹੈ, ਦਲੀਲ ਦੇਂਦਾ ਹੈ, ਆਪਣੀ ਪੂਰੀ ਆਤਮਕ ਸ਼ਕਤੀ ਰਾਹੀਂ ਉਸਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ, ਵੱਡੇ ਤੋਂ ਵੱਡੇ ਦੁੱਖ ਤਸੀਹੇ ਝੱਲਦਾ ਹੈ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਹੈ ਅਤੇ ਨਾਲ ਹੀ ਆਪਣੇ ਸਰੀਰਕ ਬਲ ਨੂੰ ਵੀ ਵਰਤਣਾ ਜ਼ੁਰਮ ਨਹੀਂ ਸਮਝਦਾ। ਸੋ ਸਵਾਲ ਹਿੰਸਾ ਜਾਂ ਅਹਿੰਸਾ ਦਾ ਨਹੀਂ ਬਲਕਿ ਇਹ ਹੈ ਕਿ ਕੀ ਅਸੀਂ ਨਿਰੋਲ ਆਤਮਕ ਗੱਲ ਦੇ ਸਿਰੇ ਤੇ ਹੀ ਚੱਲਣਾ ਹੈ ਜਾਂ ਇਸ ਦੇ ਨਾਲ ਸਰੀਰਕ ਸ਼ਕਤੀ ਦੀ ਵਰਤੋਂ ਵੀ ਕਰਨੀ ਹੈ ।

ਇਨਕਲਾਬੀ ਵਿਸ਼ਵਾਸ਼ ਰੱਖਦੇ ਹਨ ਕਿ ਉਹਨਾਂ ਦੇ ਦੇਸ਼ ਦੀ ਬੰਦ ਖਲਾਸੀ ਇਨਕਲਾਬੀ ਢੰਗ ਰਾਹੀਂ ਹੀ ਹੋਵੇਗੀ । ਇਨਕਲਾਬ ਜਿਸਦੀ ਉਹ ਕਾਮਨਾ ਕਰਦੇ ਹਨ ਅਤੇ ਜਿਸ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ, ਸਿਰਫ਼ ਬਦੇਸ਼ੀ ਸਰਕਾਰ ਅਤੇ ਉਸ ਦੇ ਹਮਾਇਤੀਆਂ ਅਤੇ ਜਨਤਾ ਵਿਚਾਲੇ ਹਥਿਆਰਬੰਦ ਲੜਾਈ ਦੀ ਸ਼ਕਲ ਵਿੱਚ ਹੀ ਨਹੀਂ ਹੋਵੇਗਾ ਬਲਕਿ ਇੱਕ ਨਵੇਂ ਸਮਾਜੀ ਢਾਂਚੇ ਦਾ ਸੂਚਕ ਹੋਵੇਗਾ। ਇਹ ਯੁੱਗ ਪਲਟਾ ਸਰਮਾਏਦਾਰੀ ਅਤੇ ਹਰ ਤਰ੍ਹਾਂ ਦੇ ਜਮਾਤੀ ਵਖਰੇਵਿਆਂ ਅਤੇ ਵਿਤਕਰਿਆਂ ਦਾ ਖਾਤਮਾ ਕਰ ਦੇਵੇਗਾ। ਅੱਜ ਜੋ ਲੱਖਾਂ ਲੋਕ ਭੁੱਖ ਮਰੀ ਦੇ ਸ਼ਿਕਾਰ ਹੋ ਰਹੇ ਹਨ ਅਤੇ ਵਿਦੇਸ਼ੀ ਅਤੇ ਦੇਸੀ ਲੁਟੇਰਿਆਂ ਦੇ ਜੂਲੇ ਹੇਠ ਪਿਸ ਰਹੇ ਹਨ ਵਾਸਤੇ ਇਹ ਖੁਸ਼ੀ ਅਤੇ ਖੁਸ਼ਹਾਲੀ ਲਿਆਏਗਾ। ਇਹ ਕੌਮ ਨੂੰ ਨਵਾਂ ਜੀਵਨ ਦੇਵੇਗਾ, ਇਹ ਨਵੇਂ ਸਮਾਜ ਦਾ ਜਨਮ ਦਾਤਾ ਹੋਵੇਗਾ। ਇਸ ਤੋਂ ਵੱਧ ਕੇ ਇਹ ਕਿਰਤੀ ਦੀ ਸਰਦਾਰੀ ਸਥਾਪਤ ਕਰਕੇ ਸਮਾਜੀ ਜੋਕਾਂ ਨੂੰ ਸਦਾ ਲਈ ਰਾਜ ਗੱਦੀਓਂ ਹਟਾ ਦੇਵੇਗਾ।

ਇਨਕਲਾਬੀ ਅੱਗੇ ਹੀ ਨੌਜਵਾਨਾਂ ਦੀ ਬੇਚੈਨੀ ਵਿੱਚ ਇਨਕਲਾਬੀ ਸ਼ੁਰੂਆਤ ਦੇਖ ਰਹੇ ਹਨ। ਹਰ ਤਰ੍ਹਾਂ ਦੀ ਮਾਨਸਿਕ ਗੁਲਾਮੀ ਅਤੇ ਮਜ੍ਹਬੀ ਵਹਿਮਾਂ ਤੋਂ ਇਹ ਮੁਕਤੀ ਦੇ ਚਾਹਵਾਨ ਹਨ। ਜਿਵੇਂ ਜਿਵੇਂ ਨੌਜਵਾਨਾਂ ਵਿੱਚ ਇਨਕਲਾਬੀ ਰੂਹ ਰਚਦੀ ਜਾਏਗੀ, ਉਹ ਕੌਮੀ ਗੁਲਾਮੀ ਦਾ ਝਟਪਟ ਅਨੁਭਵ ਅਤੇ ਆਜ਼ਾਦੀ ਲਈ ਨਾ ਮਿਟਣ ਵਾਲੀ ਖਿੱਚ ਨਾਲ ਪਰੋਤੇ ਹੋਏ ਜ਼ੁਲਮਾਂ ਵਿਰੁੱਧ ਹੱਥ ਉਠਾਉਣਗੇ । ਇਸ ਤਰ੍ਹਾਂ ਆਤੰਕਵਾਦ (terrorism) ਦੇ ਦੌਰ ਨੇ ਇਸ ਦੇਸ਼ ਵਿੱਚ ਜਨਮ ਲਿਆ।

ਇਨਕਲਾਬੀ ਦਲੀਲ ਨੂੰ ਮਹਾਨ ਸਮਝਦਾ ਹੈ। ਇਹ ਦਲੀਲ ਅਤੇ ਸਿਰਫ਼ ਦਲੀਲ ਨੂੰ ਮੰਨਦਾ ਹੈ। ਗਾਲੀ ਗਲੋਚ ਭਾਵੇਂ ਕਿੰਨੇ ਉੱਚੇ ਤੋਂ ਉੱਚੇ ਥਾਂ ਤੋਂ ਵਰ੍ਹੇ ਉਹਨੂੰ ਥਿੜਕਾ ਨਹੀਂ ਸਕਦੀ । ਇਉਂ ਸੋਚਣਾ ਕਿ ਹਮਦਰਦੀ ਅਤੇ ਪ੍ਰਸੰਸਾ ਦੀ ਅਣਹੋਂਦ ਵਿੱਚ ਇਨਕਲਾਬੀ ਆਪਣਾ ਆਦਰਸ਼ ਛੱਡ ਜਾਏਗਾ, ਵੱਡੀ ਮੂਰਖਤਾ ਹੈ। ਕਈ ਇਨਕਲਾਬੀ ਹੁਣ ਤੀਕ ਇਹਨਾਂ ਸੰਵਿਧਾਨਕ ਐਜੀਟੇਟਰਾਂ ਦੇ ਮਿਹਣੇ ਦੇਣ ਦੀ ਪਰਵਾਹ ਨਾ ਕਰਦੇ ਹੋਏ ਫ਼ਾਂਸੀਆਂ ਤੇ ਝੂਲ ਗਏ ਹਨ। ਜੇ ਕੋਈ ਚਾਹੁੰਦਾ ਹੈ ਕਿ ਇਨਕਲਾਬੀ ਆਪਣਾ ਕੰਮ ਠੱਲ੍ਹ ਲੈਣ ਤਾਂ ਉਹਨਾਂ ਨਾਲ ਦਲੀਲ ਰਾਹੀਂ ਗੱਲ ਕਰੇ। ਇਹੀ ਇੱਕੋ ਇੱਕ ਰਸਤਾ ਹੈ। ਬਾਕੀ ਹੋਰ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਇਨਕਲਾਬ ਕਿਸੇ ਤੁਹਮਤਬਾਜ਼ੀ ਜਾਂ ਹੈਂਕੜਬਾਜ਼ੀ ਤੋਂ ਘਬਰਾਉਣ ਵਾਲੀ ਚੀਜ਼ ਦਾ ਨਾਉਂ ਨਹੀਂ ਹੈ।

  1. ਭਗਤ ਸਿੰਘ ਨੇ ਕਿਹਾ. ਲੁਧਿਆਣਾ: ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ. 2006. pp. 10–11.