ਬੱਬਰ ਅਕਾਲੀ ਲਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੱਬਰ ਅਕਾਲੀ ਲਹਿਰ
ਦੇਸੀ ਨਾਂਬੱਬਰ ਅਕਾਲੀ
ਪ੍ਰਮੁੱਖ ਕਾਰਵਾਈਆਂ1 ਸਤੰਬਰ 1920 (1920-09-01)–31 ਦਸੰਬਰ 1926 (1926-12-31)
ਆਗੂਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ
ਇਰਾਦੇਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ
ਸਰਗਰਮੀ ਖੇਤਰਬ੍ਰਿਟਿਸ਼ ਪੰਜਾਬ

ਬੱਬਰ ਅਕਾਲੀ ਲਹਿਰ 1921 ਵਿੱਚ ਅਹਿੰਸਾ ਦੀ ਪੈਰੋਕਾਰ ਮੁੱਖ ਧਾਰਾ ਅਕਾਲੀ ਲਹਿਰ ਤੋਂ ਟੁੱਟ ਕੇ ਬਣਿਆ "ਖਾੜਕੂ" ਸਿੱਖਾਂ ਦੇ ਇੱਕ ਗਰੁੱਪ ਦੀਆਂ ਸਰਗਰਮੀਆਂ ਦਾ ਨਾਮ ਹੈ।[1] ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਬੱਬਰ ਅਕਾਲੀ ਲਹਿਰ ਗਦਰ ਪਾਰਟੀ ਤੋਂ ਪ੍ਰਭਾਵਿਤ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿੱਚ ਇੱਕ ਖੁਫ਼ੀਆ ਮੀਟਿੰਗ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਲਿਆ ਗਿਆ।[2] ਉਹਨਾਂ ਵਿੱਚੋਂ ਕਈ ਜਣੇ 23 ਮਈ, 1921 ਨੂੰ ਗ੍ਰਿਫਤਾਰ ਕਰ ਲਏ ਗਏ। ਪਰ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਚੱਕਰਵਰਤੀ ਜਥਾ ਨਾਮ ਦਾ ਆਪਣਾ ਇੱਕ ਗੁਪਤ ਜਥਾ ਤਿਆਰ ਕੀਤਾ। ਹੁਸ਼ਿਆਰਪੁਰ ਵਿੱਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿੱਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ 'ਬੱਬਰ ਅਕਾਲੀ' ਨਾਂਅ ਦੀ ਪਾਰਟੀ ਬਣਾਈ ਜਿਸ ਦਾ ਮੁੱਖੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ।[1] ਉਹਨਾਂ ਨੇ ਭਾਰਤ ਦੇ ਬਰਤਾਨਵੀ ਸ਼ੋਸ਼ਣ ਦਾ ਵੇਰਵਾ ਲੋਕਾਂ ਤੱਕ ਲਿਜਾਣ ਲਈ ਇੱਕ ਗੈਰ-ਕਾਨੂੰਨੀ ਅਖ਼ਬਾਰ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਗਠਨ ਅਪਰੈਲ 1923 ਵਿੱਚ ਬ੍ਰਿਟਿਸ਼ ਸਰਕਾਰ ਨੇ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਸੀ।[3]

28 ਫ਼ਰਵਰੀ, 1925 ਨੂੰ ਬੱਬਰ ਅਕਾਲੀ ਲਹਿਰ ਦੇ ਪੰਜ ਜਰਨੈਲਾਂ ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਨਿਧੜਕ ਧਾਮੀਆਂ, ਦਲੀਪ ਸਿੰਘ ਭੁਝੰਗੀ ਧਾਮੀਆਂ, ਨੰਦ ਸਿੰਘ ਘੁੜਿਆਲ ਤੇਕਰਮ ਸਿੰਘ ਹਰੀਪੁਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਮਗਰੋਂ ਹਾਈ ਕੋਰਟ ਨੇ ਧਰਮ ਸਿੰਘ ਹਿਆਤਪੁਰ ਰੁੜਕੀ ਨੂੰ ਵੀ ਫਾਂਸੀ ਦੀ ਸਜ਼ਾ ਦਿਤੀ।

ਬੱਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਹੀਏ ਜਗੀਰਦਾਰ ਤੇ ਹੋਰ ਮੁਜਰਿਮ ਕਤਲ ਕੀਤੇ। ਉਹਨਾਂ ਨੇ ਕਈ ਜਗਹ ’ਤੇ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁਟੀ। 1922 ਤੋਂ 1924 ਤਕ ਬਬਰ ਅਕਾਲੀ ਲਹਿਰ ਆਪਣੇ ਸਿਖਰ ’ਤੇ ਸੀ। ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫ਼ਤਾਰ ਕਰ ਲਏ ਗਏ। ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ, ਮਹਿੰਦਰ ਸਿੰਘ ਬਬੇਲੀ ’ਚ 1 ਸਤੰਬਰ 1923 ਦੇ ਦਿਨ, ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ 12 ਦਸੰਬਰ 1923 ਦੇ ਦਿਨ ਮੰਡੇਰ ਵਿਚ, ਵਰਿਆਮ ਸਿੰਘ ਧੁੱਗਾ 8 ਜੂਨ 1924 ਦੇ ਦਿਨ ਐਕਸ਼ਨ ਦੇ ਦੌਰਾਨ ਸ਼ਹੀਦ ਹੋ ਗਏ। ਧੰਨਾ ਸਿੰਘ ਬਹਿਬਲਪੁਰ ਜਦ ਘਿਰ ਗਿਆ ਤਾਂ ਉਸ ਨੇ ਬੰਬ ਦਾ ਪਿੰਨ ਖਿੱਚ ਕੇ ਕਈ ਗੋਰੇ ਤੇ ਦੇਸੀ ਪੁਲਸੀਏ ਵੀ ਮਾਰ ਦਿੱਤੇ।ਬਬਰਾਂ ਦੇ ਕੇਸ ਵਿੱਚ 96 ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ’ਤੇ ਮੁਕਦਮਾ ਚਲਾਇਆ ਗਿਆ। ਕੇਸ ਦੌਰਾਨ ਬਬਰਾਂ ਨੇ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀ। ਬਲਕਿ ਕਿਸ਼ਨ ਸਿੰਘ ਗੜਗੱਜ ਨੇ ਤਾਂ ਅਦਾਲਤ ਵਿੱਚ ਬਿਆਨ ਦੇ ਕੇ ਸ਼ਰੇਆਮ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਨਾਂ ਦੇਣ ਵਾਸਤੇ ਹਰ ਵੇਲੇ ਤਿਆਰ ਹਾਂ। ਗ੍ਰਿਫ਼ਤਾਰ 96 ਬਬਰਾਂ ਵਿਚੋਂ 5 ਪਹਿਲੋਂ ਹੀ ਬਰੀ ਕਰ ਦਿਤੇ ਗਏ, ਸਾਧਾ ਸਿੰਘ ਪੰਡੋਰੀ ਨਿੱਝਰਾਂ ਅਤੇ ਸੁੰਦਰ ਸਿੰਘ ਹਯਾਤਪੁਰ ਮੁਕੱਦਮੇ ਦੌਰਾਨ ਜੇਲ੍ਹ ਵਿੱਚ 13 ਦਸੰਬਰ, 1924 ਚੜ੍ਹਾਈ ਕਰ ਗਏ ਤੇ ਬਾਕੀ 89 ਵਿਚੋਂ 6 ਨੂੰ ਫ਼ਾਂਸੀ ਤੇ 49 ਨੂੰ ਵੱਖ-ਵੱਖ ਮਿਆਦ ਦੀਆਂ ਕੈਦਾ ਦਿਤੀਆਂ ਗਈਆਂ। 34 ਬਬਰਾਂ ’ਤੇ ਕੇਸ ਸਾਬਿਤ ਨਾ ਹੋ ਸਕਿਆ ਤੇ ਉਹ ਛੱਡਣੇ ਪਏ।

ਹਵਾਲੇ[ਸੋਧੋ]