ਸਮੱਗਰੀ 'ਤੇ ਜਾਓ

ਭਾਂਡਿਆ ਦੀ ਬੇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਂਡੇ, ਬਰਤਨਾਂ ਨੂੰ ਕਹਿੰਦੇ ਹਨ। ਜੋ ਪੰਚਾਇਤੀ ਭਾਂਡੇ ਹੁੰਦੇ ਹਨ, ਉਨ੍ਹਾਂ ਨੂੰ ਬੇਲ ਕਿਹਾ ਜਾਂਦਾ ਹੈ। ਇਸ ਲਈ ਭਾਂਡਿਆਂ ਦੀ ਬੋਲ ਉਹ ਪੰਚਾਇਤੀ ਭਾਂਡੇ ਹੁੰਦੇ ਹਨ ਜੋ ਪੰਚਾਇਤ ਦੇ ਹੁੰਦੇ ਹਨ ਤੇ ਪੰਚਾਇਤ ਹੀ ਉਨ੍ਹਾਂ ਭਾਂਡਿਆਂ ਦੀ ਸੰਭਾਲ ਕਰਦੀ ਹੈ। ਪੰਚਾਇਤ ਹੀ ਉਨ੍ਹਾਂ ਭਾਂਡਿਆਂ ਨੂੰ ਪਿੰਡ ਵਾਸੀਆਂ ਨੂੰ ਵਰਤਨ ਲਈ ਦਿੰਦੀ ਹੈ। ਪੰਚਾਇਤ ਵੱਲੋਂ ਆਮ ਤੌਰ ਤੇ ਇਕ ਬੰਦਾ ਭਾਂਡੇ ਦੇਣ ਲੈਣ ਲਈ ਨਿਯੁਕਤ ਕੀਤਾ ਹੁੰਦਾ ਹੈ। ਭਾਂਡਿਆਂ ਦੀ ਬੇਲ ਨੂੰ ਆਮ ਤੌਰ ਤੇ ਧਰਮਸ਼ਾਲਾ ਜਾਂ ਗੁਰਦੁਆਰੇ ਵਿਚ ਰੱਖਿਆ ਜਾਂਦਾ ਹੈ। ਕਈ ਵੇਰ ਭਾਂਡੇ ਦੇਣ ਲੈਣ ਵਾਲਾ ਬੰਦਾ ਬੇਲ ਆਪਣੇ ਘਰ ਹੀ ਰੱਖ ਲੈਂਦਾ ਹੈ।ਬੇਲ ਪਹਿਲੇ ਸਮਿਆਂ ਵਿਚ ਪਿੱਤਲ ਦੇ ਭਾਂਡਿਆਂ ਦੀ ਹੁੰਦੀ ਸੀ। ਬੇਲ ਵਿਚ ਆਮ ਤੌਰ ਤੇ ਥਾਲ, ਗਲਾਸ, ਕੌਲੀਆਂ, ਚਮਚੇ, ਜੱਗ, ਬਾਲਟੀਆਂ, ਕੜਛੀਆਂ, ਤਵੀਆਂ, ਕੜਾਹੀਆਂ, ਦੇਗੇ, ਕੜਾਹੀਆਂ ਆਦਿ ਹੁੰਦੇ ਸਨ। ਬੇਲ ਖਰੀਦਣ ਲਈ ਆਮ ਤੌਰ ਤੇ ਸਾਰੇ ਪਿੰਡ ਵਿਚੋਂ ਜਮੀਨ ਦੀ ਮਲਕੀਅਤ ਅਨੁਸਾਰ ਪੈਸੇ ਇਕੱਠੇ ਕੀਤੇ ਜਾਂਦੇ ਸਨ। ਜਾਂ ਕੋਈ ਪਿੰਡ ਦਾ ਦਾਨੀ ਸੱਜਣ ਬੇਲ ਖਰੀਦ ਕੇ ਪੰਚਾਇਤ ਨੂੰ ਦਾਨ ਕਰ ਦਿੰਦਾ ਸੀ।

ਹੁਣ ਬੇਲ ਪਿੱਤਲ ਦੇ ਭਾਂਡਿਆਂ ਦੀ ਥਾਂ ਸਟੀਲ ਦੇ ਭਾਂਡਿਆਂ ਦੀ ਹੈ। ਬੇਲ ਵਿਚ ਹੁਣ ਹੋਰ ਵੀ ਵੰਨ-ਸਵੰਨੇ ਬਰਤਨ ਰੱਖੇ ਜਾਂਦੇ ਹਨ। ਬੇਲ ਦੇ ਥਾਲਾਂ ਦੀ ਬਣਤਰ ਹੁਣ ਅਜੇਹੀ ਹੈ ਜਿਸ ਵਿਚ ਦਾਲ, ਸਬਜੀ, ਰੈਤਾ ਆਦਿ ਪੈ ਜਾਂਦਾ ਹੈ। ਪਰ ਬੇਲ ਦੀ ਵਰਤੋਂ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਈ ਹੈ ਕਿਉਂ ਜੋ ਬਹੁਤੇ ਵਿਆਹ ਹੁਣ ਮੈਰਿਜ ਪੈਲਸਾਂ ਵਿਚ ਹੋਣ ਲੱਗ ਪਏ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.