ਡਾ. ਭੁਪਿੰਦਰ ਸਿੰਘ ਖਹਿਰਾ
ਡਾ. ਭੁਪਿੰਦਰ ਸਿੰਘ ਖਹਿਰਾ (ਜਨਮ 8 ਮਾਰਚ 1950) ਇੱਕ ਪੰਜਾਬੀ ਲੋਕਧਾਰਾ ਸ਼ਾਸਤਰੀ ਹਨ। ਡਾ. ਖਹਿਰਾ ਲੋਕਧਾਰਾਈ ਸਮੱਗਰੀ ਦੇ ਇਕੱਤਰੀਕਰਨ ਨਾਲੋਂ ਸਿਧਾਂਤਕਾਰੀ ਨਾਲ ਜ਼ਿਆਦਾ ਜੁੜੇ ਹੋਏ ਹਨ।[1]
ਜੀਵਨ
[ਸੋਧੋ]ਭੁਪਿੰਦਰ ਸਿੰਘ ਖਹਿਰਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਬੀ.ਐਸਸੀ. ਆਨਰਜ਼ ਲਾਇਲਪੁਰ ਖਾਲਸਾ ਜਲੰਧਰ ਕਾਲਜ ਤੋਂ ਪ੍ਰਾਪਤ ਕੀਤੀ। ਐਮ.ਏ. Linguistics, ਪੰਜਾਬੀ ਯੂਨੀਵਰਸਿਟੀ ਤੋਂ ਕਰਨ ਤੋਂ ਬਾਅਦ ‘ਮਿੱਥ ਕਥਾਵਾਂ ਦੀ ਚਿੰਨ੍ਹ ਜੁਗਤ’ ਵਿਸ਼ੇ ਉੱਤੇ ਪੀ.ਐਚ.ਡੀ. ਦੀ ਡਿਗਰੀ ਡਾ. ਰਵਿੰਦਰ ਰਵੀ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰਾਪਤ ਕੀਤੀ। ਭੁਪਿੰਦਰ ਸਿੰਘ ਖਹਿਰਾ ਸਾਬਕਾ ਪ੍ਰੋਫ਼ੈਸਰ, ਮੁਖੀ ਡਿਸਟੈਂਸ ਐਜੂਕੇਸ਼ਨ ਵਿਭਾਗ, ਡੀਨ ਭਾਸ਼ਾਵਾਂ ਵੀ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਉਹ Punjab Linguistic Association (P.L.A) ਦੇ ਪ੍ਰਧਾਨ ਵਜੋਂ ਕਾਰਜਸ਼ੀਲ ਹਨ।
ਅਕਾਦਮਿਕ ਯੋਗਤਾ
[ਸੋਧੋ]- ਇਹਨਾਂ ਦੀਆਂ ਲਿਖਤਾਂ ‘ਸੇਧ’ ਮੈਗਜ਼ੀਨ ਵਿੱਚ ਲਗਾਤਾਰ ਛਪਦੀਆਂ ਰਹੀਆਂ।
- ਇਹਨਾਂ ਦੇ ਖੋਜ-ਪੱਤਰ ਵਿਦੇਸ਼ਾਂ ਵਿੱਚ ਵੀ ਪੜ੍ਹੇ ਜਾ ਚੁੱਕੇ ਹਨ।
- ‘ਖੋਜ ਪਤ੍ਰਿਕਾ’ ਅਤੇ ‘ਪੰਜਾਬੀ ਦੁਨੀਆਂ’ ਵਿੱਚ ਇਹਨਾਂ ਦੇ ਕਈ ਖੋਜ-ਪੱਤਰ ਸ਼ਾਮਿਲ ਹਨ।
ਰਚਨਾਵਾਂ
[ਸੋਧੋ]- ਸੁਨਹਿਰਾ ਗੁਲਾਬ, ਕਾਵਿ ਸੰਗ੍ਰਹਿ
- ਨਵੀਨ ਭਾਸ਼ਾ ਵਿਗਿਆਨ
- ਭਾਵਲੋਕ
- ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ
- ਮਹਿੰਦਰ ਸਿੰਘ ਰੰਧਾਵਾ: ਜੀਵਨ
ਸਭਿਆਚਾਰ ਬਾਰੇ
[ਸੋਧੋ]ਸੱਭਿਆਚਾਰ ਦੀ ਪਰਿਭਾਸ਼ਾ
[ਸੋਧੋ]ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, ਸੱਭਿਆਚਾਰ ਸਿੱਖਿਅਤ ਵਿਵਹਾਰ ਹੈ ਜਿਹੜਾ ਚਿੰਨ੍ਹਾਤਮਕ ਮਾਧਿਅਮ ਰਾਹੀਂ ਵਿਅਕਤ ਹੁੰਦਾ ਹੈ। ਇਹ ਚਿੰਨ੍ਹਾਤਮਕ ਵਿਵਹਾਰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਚਿੰਨ੍ਹਾਂ ਦੁਆਰਾ ਮੁੰਤਕਲ ਹੁੰਦਾ ਹੈ।
ਸੱਭਿਆਚਾਰ ਰੂਪਾਂਤਰਨ
[ਸੋਧੋ]ਸੱਭਿਆਚਾਰ ਰੂਪਾਂਤਰਨ, ਸੱਭਿਆਚਾਰ ਵਿੱਚ ਆਉਣ ਵਾਲੇ ਉਹਨਾਂ ਪਰਿਵਰਤਨਾਂ ਲਈ ਵਰਤਿਆ ਜਾਂਦਾ ਹੈ, ਜਿਹੜੇ ਸੱਭਿਆਚਾਰ ਦੀ ਮੂਲ ਪਰੰਪਰਾ ਦੇ ਅੰਤਰਗਤ ਨਿਰੰਤਰ ਆਉਂਦੇ ਰਹਿੰਦੇ ਹਨ। ਇਹਨਾਂ ਪਰਿਵਰਤਨਾਂ ਸਦਕਾ, ਪੁਰਾਣੇ ਤੱਤ ਨਵਾਂ ਪ੍ਰਸੰਗ ਧਾਰਨ ਕਰਦੇ ਹਨ। ਬੇਲੋੜੇ ਤੱਤ ਆਪਣਾ ਨਿਖੇਧ ਕਰਦੇ ਹਨ। ਪੁਰਾਤਨ ਅਤੇ ਪਰੰਪਰਾਗਤ ਕਦਰਾਂ ਕੀਮਤਾਂ ਦੇ ਪ੍ਰਸੰਗ ਵਿੱਚ ਨਵੀਂ ਕਦਰਾਂ ਕੀਮਤਾਂ ਸਿਰਜੀਆਂ ਜਾਂਦੀਆਂ ਹਨ। ਇਹਨਾਂ ਪਰਿਵਰਤਨਾਂ ਕਾਰਨ ਸੱਭਿਆਚਾਰ ਦੀ ਪਰੰਪਰਾ ਦਾ ਪ੍ਰਸੰਗ ਨਹੀਂ ਬਦਲਦਾ। ਪੁਰਾਣੇ ਰੂਪਾਂ ਨੂੰ ਆਧਾਰ ਬਣਾ ਕੇ ਨਵੇਂ ਰੂਪਾਂ ਦੀ ਸਿਰਜਣ ਪ੍ਰਕਿਰਿਆ ਨੂੰ ਹੀ ਰੂਪਾਂਤਰਨ ਕਿਹਾ ਜਾਂਦਾ ਹੈ। ਬਦਲ ਰਹੀਆਂ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਪੁਰਾਣੇ ਰੂਪਾਂ ਨੂੰ ਰੰਗ ਬਦਲਣਾ ਪੈਂਦਾ ਹੈ, ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਨਵੀਆਂ ਰੂਪਾਂਤਰਨ ਹੈ। ਰੂਪਾਂਤਰਨ ਨਿਰੰਤਰ ਪ੍ਰਕਿਰਿਆ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਦੇ ਵਿਕਾਸ ਦੀ ਧੀਮੀ ਪ੍ਰਕਿਰਿਆ ਹੈ।
ਲੋਕਧਾਰਾ ਸ਼ਾਸਤਰ ਨੂੰ ਦੇਣ
[ਸੋਧੋ]ਡਾ. ਭੁਪਿੰਦਰ ਸਿੰਘ ਖਹਿਰਾ ਨੇ ਆਪਣੀ ਪੁਸਤਕ 'ਲੋਕਧਾਰਾ : ਭਾਸ਼ਾ ਅਤੇ ਸਭਿਆਚਾਰ' ਵਿਚ ਲੋਕਧਾਰਾ ਅਧਿਐਨ ਨਾਲ ਸੰਬੰਧਿਤ ਮਹੱਤਵਪੂਰਣ ਧਾਰਣਾਵਾਂ ਦਿੱਤੀਆਂ ਹਨ। ਇਹਨਾਂ ਧਾਰਣਾਵਾਂ ਨੂੰ ਉਸਦੀ ਦੇਣ ਵਜੋਂ ਵੇਖਿਆ ਜਾ ਸਕਦਾ ਹੈ।
ਲੋਕਧਾਰਾ ਦੀ ਵਿਉਤਪਤੀ
[ਸੋਧੋ]ਲੋਕਧਾਰਾ ਸ਼ਬਦ ਅੰਗਰੇਜ਼ੀ ਦੇ ਸ਼ਬਦ Folklore ਦਾ ਪੰਜਾਬੀ ਰੂਪਾਂਤਰਣ ਹੈ । Folklore ਪਹਿਲੀ ਵਾਰ 1846 ਵਿੱਚ ਵਿਲੀਅਮ ਜੇ. ਥੋਮਸ ਵੱਲੋਂ ਵਰਤਿਆ ਗਿਆ। ਫੋਕ - ਲੋਕ ਸਮੂਹ, ਲੋਕ ਕਲਾ, ਸਾਹਿਤ, ਧਰਮ, ਵਿਸ਼ਵਾਸ ਅਤੇ ਰੀਤਾਂ ਦੀ ਵਿਲੱਖਣ ਜੁਗਤ ਦੀ ਸਿਰਜਣਾ ਕਰਦਾ ਹੈ। ਲੋਰ- ਇਕ ਸੰਗਠਿਤ ਵਰਤਾਰਾ ਹੈ ਜੋ ਸਮੂਹ ਦੀ ਸਿਰਜਣਾ ਕਰਦਾ ਹੈ। ਪੰਜਾਬੀ ਵਿੱਚ Folk ਲਈ ‘ਲੋਕ’ ਅਤੇ Lore ਲਈ ‘ਯਾਨ’ ਸ਼ਬਦ ਨਿਸ਼ਚਿਤ ਕੀਤੇ ਗਏ ਹਨ। ਇਸ ਲਈ Folklore ਦਾ ਪੰਜਾਬੀ ਰੁਪਾਂਤਰਣ 'ਲੋਕਯਾਨ' ਵੀ ਕੀਤਾ ਜਾਂਦਾ ਹੈ। ਯਾਨ ਦਾ ਪ੍ਰਚਲਿਤ ਅਰਥ 'ਜਾਣਾ ਜਾਂ ਜਾਣ ਦੀ ਸਵਾਰੀ' ਹੈ। ਭਾਵ ਉਹ ਵਾਹਨ ਹੈ ਜਿਸ ਉੱਪਰ ਚੜ੍ਹ ਕੇ ਲੋਕ ਆਪਣੀ ਮਾਨਸਿਕ ਅਤੇ ਸੰਸਕਿ੍ਤਕ ਯਾਤਰਾ ਕਰਦੇ ਹਨ।
Folklore ਲਈ ਪੰਜਾਬ ਵਿੱਚ ਇੱਕ ਹੋਰ ਪਦ 'ਲੋਕਧਾਰਾ' ਡਾ. ਵਣਜਾਰਾ ਬੇਦੀ ਨੇ ਵਰਤਿਆ ਹੈ। ਵਣਜਾਰਾ ਬੇਦੀ ਲੋਕਧਾਰਾ ਦੇ ਅਰਥ ਸਪਸ਼ਟ ਕਰਦੇ ਹੋਏ ਕਹਿੰਦੇ ਹਨ ਕਿ 'ਧਾਰਾ' ਵਿੱਚ ਆਪਣੇ ਆਪ ਕੁਝ ਰਚਦਾ ਹੈ ਤੇ ਕੁਝ ਵਿਛੁੰਨ ਹੁੰਦਾ ਰਹਿੰਦਾ ਹੈ। ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਮੁਲ ਰੂਪ ਵਿੱਚ ਹੁੰਦਿਆਂ ਹੋਇਆਂ ਵੀ ਵੱਖ ਹੈ। ਫੋਕਲੋਰ ਪਰੰਪਰਾ ਤੋਂ ਯਾਤਰਾ ਕਰਦਾ ਹੋਇਆ ਇੱਕ ਪੀੜੀ ਤੋਂ ਅਗਲੀ ਪੀੜ੍ਹੀ ਵਿੱਚ ਜਾਂਦਾ ਹੈ। ਇਸ ਵਿੱਚ ਪੁਰਾਣਾ ਵੀ ਸਭ ਕੁਝ ਮੋਜੂਦ ਹੁੰਦਾ ਹੈ ਤੇ ਨਵਾਂ ਵੀ ਜੁੜਦਾ ਜਾਂਦਾ ਹੈ।[2]
ਲੋਕਧਾਰਾ ਸ਼ਬਦ folklore ਦੇ ਸੁਭਾਅ, ਬਣਤਰ ਅਤੇ ਅੰਦਰੂਨੀ ਜੁਗਤ ਨੂੰ ਵਿਅਕਤ ਕਰਨ 'ਲੋਕਯਾਨ' ਸ਼ਬਦ ਤੋਂ ਨਿੱਗਰ ਹੈ। ਦੂਸਰਾ ਇਹ ਸ਼ਬਦ ਪੰਜਾਬੀ ਉਚਾਰਨ ਮੁਤਾਬਕ ਵਧੇਰੇ ਸਾਰਥਕ ਹੈ। ਤੀਜਾ ਇਹ ਪਦ ਪੰਜਾਬੀ ਮਨ ਅਤੇ ਪੰਜਾਬੀ ਵਿਦਵਤਾ ਦੀ ਮੌਲਿਕ ਸਿਰਜਣਾ ਹੈ। ਚੋਥਾ ਇਹ ਹਿੰਦੀ ਅਤੇ ਪੰਜਾਬੀ ਦੀ ਵਿਲੱਖਣ ਪਰੰਪਰਾ ਦੇ ਅੰਤਰ ਨਿਖੇੜ ਦਾ ਸੂਚਕ ਹੈ। ਇਸ ਲਈ ਦਲੀਲ ਪੱਖੋਂ folklore ਦਾ ਪੰਜਾਬੀ ਪਰਿਆਇ ਲੋਕਧਾਰਾ ਹੀ ਨਿਸ਼ਚਿਤ ਹੋਣਾ ਚਾਹੀਦਾ ਹੈ। ਲੋਕਧਾਰਾ ਸ਼ਬਦ ਲੋਕਯਾਨ ਸ਼ਬਦ ਨਾਲੋਂ ਵਧੇਰੇ ਸਾਰਥਕ ਹੈ।
ਲੋਕਧਾਰਾ ਦੀ ਪਰਿਭਾਸ਼ਾ
[ਸੋਧੋ]ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ:- ਸਮੇਂ ਸਥਾਨ ਅਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ- ਸਮੂਹ ਦੀ ਸੱਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ।[3]
ਲੋਕਧਾਰਾ ਦੇ ਪ੍ਰਮੁੱਖ ਲੱਛਣ
[ਸੋਧੋ]ਡਾ. ਭੁਪਿੰਦਰ ਸਿੰਘ ਖਹਿਰਾ ਨੇ ਕਿਸੇ ਵੀ ਜਨ-ਸਮੂਹ ਦੀ ਲੋਕਧਾਰਾ ਦੇ ਵਿਸ਼ੇਸ਼ ਵਿਅਕਤ ਰੂਪ ਹੀ ਲੋਕਧਾਰਾ ਦੇ ਪ੍ਰਮੁੱਖ ਲੱਛਣ ਦੱਸੇ ਹਨ।
ਪਰੰਪਰਾ
[ਸੋਧੋ]ਪਰੰਪਰਾ ਇਕ ਪਰਿਵਰਤਨਸ਼ੀਲ ਵਰਤਾਰਾ ਹੈ। ਜੋ ਪੀੜੀ ਦਰ ਪੀੜੀ ਅੱਗੇ ਚੱਲਦਾ ਹੈ। ਹਰ ਇੱਕ 'ਲੋਕ ਸਮੂਹ' ਦੀ ਲੋਕਧਾਰਾ ਆਪਣੇ ਆਪ ਵਿੱਚ ਇੱਕ ਪਰੰਪਰਾ ਹੁੰਦੀ ਹੈ। folklore ਸਾਡੇ ਜੀਵਨ ਨਾਲ ਅਚੇਤ ਤੌਰ ਤੇ ਹੀ ਜੁੜਿਆ ਹੋਇਆ ਹੈ। ਇਸਨੂੰ ਕੋਈ ਸਿੱਖਣ ਜਾਂ ਗ੍ਰਹਿਣ ਕਰਨ ਦੀ ਜਰੂਰਤ ਨਹੀਂ ਹੁੰਦੀ। ਇਸ ਵਿੱਚ ਬਹੁਤ ਕੁਝ ਨਵਾਂ ਜੁੜਦਾ ਜਾਂਦਾ ਹੈ ਤੇ ਬਹੁਤ ਕੁਝ ਵਿਸਰਦਾ ਜਾਂਦਾ ਹੈ। ਹਰ ਇੱਕ ਧਾਰਾ ਆਪਣੇ ਆਪ ਵਿੱਚ ਪਰੰਪਰਾ ਹੈ ਜੋ ਕਿ ਪੁਰਾਤਨ ਵੀ ਰਹਿੰਦੀ ਹੈ ਤੇ ਨਵੀਨ ਵੀ। 'ਲੋਕਧਾਰਾ' ਦੀ ਪਰੰਪਰਾ ਵਿੱਚ ਆਏ ਪਰਿਵਰਤਨਾਂ ਨੂੰ ਲੱਭਿਆ ਜਾ ਸਕਦਾ ਹੈ। ਲੋਕਧਾਰਾ ਪਰੰਪਰਾ ਦਾ ਵਿਗਿਆਨ ਨਹੀਂ ਸਗੋਂ ਖ਼ੁਦ ਪਰੰਪਰਾ ਹੈ।
ਪ੍ਰਬੀਨਤਾ
[ਸੋਧੋ]ਲੋਕਧਾਰਾ ਦਾ ਪ੍ਰਮੁੱਖ ਲੱਛਣ ਪ੍ਰਬੀਨਤਾ ਵੀ ਹੈ। ਪ੍ਰਬੀਨਤਾ ਤੋਂ ਭਾਵ ਲੋਕਧਾਰਾ 'ਲੋਕ ਸਮੂਹ' ਦੇ ਵਿਅਕਤੀਆਂ ਅੰਦਰ ਹੁਨਰ ਦੀ ਯੋਗਤਾ ਪੈਦਾ ਕਰਦੀ ਹੈ। ਇਹ ਮਨੁੱਖੀ ਗਿਆਨ ਇੰਦਰੀਆਂ ਤੇ ਸੁਹਜ ਪ੍ਰਭਾਵ ਪਾਉਂਦੀ ਹੈ।
ਪ੍ਰਤਿਭਾ
[ਸੋਧੋ]ਲੋਕਧਾਰਾ ਦੇ ਅੰਸ਼ਾਂ ਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਲੋਕ ਸਮੂਹ ਇਕੱਠੇ ਬੈਠ ਕੇ ਨਹੀਂ ਰਚ ਸਕਦੇ। ਲੋਕਧਾਰਾ ਦੇ ਅੰਸ਼ ਲੋਕਧਾਰਾ ਪ੍ਰਤਿਭਾ ਦੀ ਉਪਜ ਹਨ। ਕੋਈ ਵੀ ਵਿਅਕਤੀ ਨਿਰੰਤਰ ਅਭਿਆਸ ਸਦਕਾ ਇਸਨੂੰ ਹਾਸਲ ਕਰ ਲੈਂਦਾ ਹੈ। ਉਹ ਵਿਅਕਤੀ ਆਪਣੀ ਰਚਨਾ ਵਿੱਚ 'ਲੋਕ ਸਮੂਹ' ਦੀ ਸਾਂਝੀ ਗੱਲ ਕਰਦਾ ਹੈ ਤੇ ਆਪਣੇ ਨਿੱਜੀ ਭਾਵਾ ਨੂੰ ਇਸ ਰਚਨਾ ਤੋਂ ਦੂਰ ਰੱਖਦਾ ਹੈ। ਜੇ ਲੋਕ ਪ੍ਰਤਿਭਾ ਵਾਲਾ ਵਿਅਕਤੀ ਲੋਕਧਾਰਾ ਦੇ ਬਣਾਏ ਨਿਯਮਾਂ ਤੇ ਖਰਾ ਉਤਰਦਾ ਹੈ ਤਾਂ ਇਸਨੂੰ ਸਰਵ ਪ੍ਰਵਾਨਿਤ ਕੀਤਾ ਜਾਂਦਾ ਹੈ।
ਪ੍ਰਵਾਨਗੀ
[ਸੋਧੋ]ਲੋਕਧਾਰਾ ਪ੍ਰਤਿਭਾ ਦੁਆਰਾ ਕੀਤੀ ਗਈ ਸਿਰਜਣਾ ਨੂੰ ਲੋਕ ਸਮੂਹ ਦੀ ਪ੍ਰਵਾਨਗੀ ਮਿਲਣਾ ਜਰੂਰੀ ਹੈ। ਫਿਰ ਹੀ ਉਸਦੀ ਰਚਨਾ ਨੂੰ ਵਿਵਹਾਰਕ ਰੂਪ ਵਿੱਚ ਲੋਕ ਸਮੂਹਾਂ ਵਿੱਚ ਲਿਆਂਦਾ ਜਾਂਦਾ ਹੈ। ਜਿਵੇਂ -ਲੋਕ ਗੀਤ ਕਿਸੇ ਲੋਕ ਧਰਾਈ ਪ੍ਰਤਿਭਾ ਦੀ ਰਚਨਾ ਨੂੰ ਕਿਸੇ ਖਾਸ ਮੌਕੇ ਤੇ ਰਸਮਾਂ-ਰਿਵਾਜ਼ਾਂ ਵਿੱਚ ਵਿਵਹਾਰਕ ਤੌਰ ’ਤੇ ਗਾਇਆ ਜਾਂਦਾ ਹੈ।
ਪਰਿਪੱਕਤਾ
[ਸੋਧੋ]ਲੋਕਧਾਰਾ ਦੇ ਰੂਪ ਪਰਪੱਕ ਹੁੰਦੇ ਹਨ। ਡਾ. ਨਾਹਰ ਸਿੰਘ ਨੇ ਆਪਣੀ ਪੁਸਤਕ (ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ) ਵਿੱਚ ਦੱਸਿਆ ਹੈ ਕਿ ਲੋਕਧਾਰਾ ਦੇ ਦੋ ਕਾਵਿ ਰੂਪ ਹੁੰਦੇ ਹਨ। ਬੰਦ ਕਾਵਿ ਰੂਪ ਤੇ ਖੁੱਲੇ ਕਾਵਿ ਰੂਪ। ਪਰਿਪੱਕਤਾ ਬੰਦ ਕਾਵਿ ਰੂਪ ਵਿੱਚ ਆਉਂਦੀ ਹੈ। ਜਿਸ ਵਿੱਚ ਬੁਝਾਰਤਾਂ, ਮੁਹਾਵਰੇ ਅਤੇ ਅਖਾਣਾਂ ਮੌਜੂਦ ਹੁੰਦੀਆਂ ਹਨ।
ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਣ ਨਾ ਕਰੀਂ....
ਇਹ ਇੱਕ ਅਖਾਣ ਹੈ ਜਿਸ ਨੂੰ ਬਦਲਣ ਦੀ ਜਰੂਰਤ ਨਹੀਂ ਪੈਂਦੀ। ਇਹ ਹਰ ਇੱਕ ਜਨ-ਸਮੂਹ ਦੇ ਅਨੁਭਵਾਂ ਅਤੇ ਤਜ਼ਰਬਿਆਂ ਵਿੱਚ ਸਮਾਏ ਗਏ ਹੁੰਦੇ ਹਨ।
ਪਰਿਵਰਤਨ
[ਸੋਧੋ]ਪਰਿਵਰਤਨ ਲੋਕਧਾਰਾ ਦਾ ਪ੍ਰਮੁੱਖ ਲੱਛਣ ਹੈ। ਇਸ ਵਿੱਚ ਸਮੇਂ ਦੇ ਨਾਲ ਨਾਲ ਪਰਿਵਰਤਨ ਹੁੰਦਾ ਰਹਿੰਦਾ ਹੈ। ਇਹ ਪਰਿਵਰਤਨ ਸਹਿਜ ਰੂਪ ਨਾ ਆਉਂਦਾ ਹੈ। ਲੋਕਧਾਰਾ ਨਵੇਂ ਰੂਪਾਂ ਤੇ ਸਮੱਗਰੀ ਨੂੰ ਧਾਰਨ ਕਰਦੀ ਹੋਈ, ਬੇਲੋੜੇ ਰੂਪਾਂ ਤੇ ਸਮੱਗਰੀ ਨੂੰ ਵਿਛੁੰਨ ਕਰਦੀ ਹੋਈ ਅੱਗੇ ਤੁਰਦੀ ਜਾਂਦੀ ਹੈ।
ਪ੍ਰਵਚਨ
[ਸੋਧੋ]ਲੋਕਧਾਰਾ ਸਮੇਂ ਅਤੇ ਪ੍ਰਸਥਿਤੀਆਂ ਅਨੁਸਾਰ ਅੱਗੇ ਵੱਧਦੀ ਹੈ। ਵਰਤਮਾਨ ਨਾਲ ਟੱਕਰ, ਸਮਾਜ ਅਤੇ ਸੱਭਿਆਚਾਰ ਦੀਆਂ ਸਾਰਥਕ ਵਿਰੋਧਤਾਵਾਂ, ਅਣ-ਅਨੁਕੂਲ ਪਰਿਸਥਿਤੀਆਂ, ਕੁਦਰਤੀ ਆਫ਼ਤਾਂ, ਮਨੁੱਖੀ ਲੋੜਾਂ ਨੂੰ ਸਮੇਂ ਦੀ ਮਨੋਸਥਿਤੀ ਦੇ ਅਨੁਕੂਲ ਵਿਅਕਤ ਕਰਨਾ ਲੋਕਧਾਰਾ ਦਾ ਪ੍ਰਮੁੱਖ ਲੱਛਣ ਹੈ।
ਉਚਾਰ
[ਸੋਧੋ]ਲੋਕਧਾਰਾ ਇਕ ਮੌਖਿਕ ਪਰੰਪਰਾ ਹੈ। ਇਸ ਵਿੱਚ ਉਚਾਰ ਦਾ ਵਿਸ਼ੇਸ਼ ਮਹੱਤਵ ਹੈ। ਉਚਾਰ ਰਾਹੀਂ ਹੀ ਲੋਕਧਾਰਾ ਵਿੱਚ ਪੀੜ੍ਹੀ ਦਰ ਪੀੜ੍ਹੀ ਪਰਿਵਰਤਨ ਆਉਂਦਾ ਹੈ।[4]
ਲੋਕਧਾਰਾ ਦੇ ਤੱਤ
[ਸੋਧੋ]ਭੁਪਿੰਦਰ ਸਿੰਘ ਖਹਿਰਾ ਅਨੁਸਾਰ ਲੋਕਧਾਰਾ ਦੇ ਤੱਤਾਂ ਨੂੰ ਦੋ ਵੰਨਗੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਵੰਨਗੀ ਦੇ ਤੱਤ ਕੜੀਦਾਰ ਸੰਬੰਧਾਂ ਦੀ ਸਿਰਜਣਾ ਕਰਦੇ ਹਨ। ਜਿਸ ਵਿੱਚ ਲੋਕਮਨ ਤੇ ਸਹਿਜ-ਸੰਚਾਰ ਦੋ ਤੱਤ ਮੌਜੂਦ ਹਨ। ਦੂਸਰੀ ਵੰਨਗੀ ਦੇ ਤੱਤ ਲੜੀਦਾਰ ਸੰਬੰਧਾਂ ਦੀ ਸਿਰਜਣਾ ਕਰਦੇ ਹਨ। ਇਹ ਲੜੀਦਾਰ ਸਬੰਧ ਇਸਨੂੰ ਲੋਕ ਪਰੰਪਰਾ ਨਾਲ ਜੋੜੀ ਰੱਖਦੇ ਹਨ। ਲੋਕ ਸੱਭਿਆਚਾਰ ਇਸ ਦਾ ਤੱਤ ਹੈ।
ਲੋਕਮਨ
[ਸੋਧੋ]ਲੋਕਮਨ ਵਿੱਚ ਜਨ ਸਮੂਹ ਦੁਆਰਾ ਸਹਿਜ ਰੂਪ ਵਿੱਚ ਹਾਸਲ ਕੀਤੇ ਸਰਵ ਸਾਂਝੇ ਅਨੁਭਵ ਸ਼ਾਮਿਲ ਹੁੰਦੇ ਹਨ। ਲੋਕਮਨ ਸਮੇਂ ਅਤੇ ਪਰਿਸਥਿਤੀਆਂ ਅਨੁਸਾਰ ਸਮੇਂ ਦੇ ਮਨੁੱਖ ਦਾ ਰਿਸ਼ਤਾ ਚੌਗਿਰਦੇ ਨਾਲ ਜੋੜਦਾ ਹੈ। ਇਸ ਰਿਸ਼ਤੇ ਨੂੰ ਸੰਭਾਲਦਾ ਤੇ ਵਿਅਕਤ ਕਰਦਾ ਹੈ। ਲੋਕਮਨ ਕਿਸੇ ਵਿਅਕਤੀ ਵਿਸ਼ੇਸ਼, ਜਾਤੀ, ਬਰਾਦਰੀ ਨਾਲ ਸੰਬੰਧਿਤ ਨਹੀ ਹੁੰਦਾ ਸਗੋਂ ਇਸ ਵਿੱਚ ਹਰ ਇੱਕ ਵਿਅਕਤੀ ਦੀਆਂ ਭਾਵਨਾਵਾਂ ਤੇ ਇੱਛਾਵਾਂ ਨੂੰ ਆਪਣੇ ਵਿੱਚ ਸਮਾ ਸਕਣ ਦੀ ਸਮੱਰਥਾ ਹੁੰਦੀ ਹੈ।
ਸਹਿਜ-ਸੰਚਾਰ
[ਸੋਧੋ]ਲੋਕਧਾਰਾ ਦਾ ਦੂਜਾ ਤੱਤ ਸਹਿਜ ਸੰਚਾਰ ਹੈ। ਸਹਿਜ ਸੰਚਾਰ ਰਾਹੀਂ ਲੋਕ ਮਨ ਆਪਣੇ ਵਿਚਾਰਾਂ ਨੂੰ ਸੁਭਾਵਿਕ ਹੀ ਦੂਜਿਆਂ ਸਾਹਮਣੇ ਵਿਅਕਤ ਕਰ ਸਕਦਾ ਹੈ। ਕਈ ਵਿਦਵਾਨ ਮੌਖਿਕਤਾ ਨੂੰ ਲੋਕਧਾਰਾ ਦਾ ਤੱਤ ਮੰਨਦੇ ਹਨ। ਪਰ ਇਸਨੂੰ ਅਸੀਂ ਪੂਰੀ ਤਰ੍ਹਾਂ ਸਹੀਂ ਨਹੀਂ ਮੰਨ ਸਕਦੇ ਕਿਉਂਕਿ ਲੋਕਧਾਰਾ ਦੀ ਬਹੁਤ ਸਾਰੀ ਸਮੱਗਰੀ ਅਜਿਹੀ ਹੈ ਜਿਸ ਵਿੱਚ ਮੌਖਿਕ ਮਾਧਿਅਮ ਦੀ ਵਰਤੋਂ ਨਹੀਂ ਹੁੰਦੀ ਜਿਵੇਂ : ਲੋਕ ਨਾਚ, ਤਿਥ-ਤਿਉਹਾਰ, ਲੋਕ ਵਿਸ਼ਵਾਸ, ਜਾਦੂ-ਟੂਣੇ, ਰਸਮ-ਰਿਵਾਜ਼ ਅਾਦਿ। ਇਸ ਲਈ ਲੋਕਧਾਰਾ ਦਾ ਤੱਤ ਸਹਿਜ ਸੰਚਾਰ ਹੀ ਹੈ। ਸਹਿਜ ਸੰਚਾਰ ਦੇ ਪ੍ਰਮੁੱਖ ਮਾਧਿਅਮ ਹਨ-
- ਮੌਖਿਕਤਾ
- ਮੁਦਰਾਵਾਂ
- ਕਸੀਦਾਕਾਰੀ
- ਅਨੁਕਰਨ
ਲੋਕ ਸੱਭਿਆਚਾਰ
[ਸੋਧੋ]ਲੋਕ ਸੱਭਿਆਚਾਰ ਲੋਕਧਾਰਾ ਦਾ ਇਕ ਮਹੱਤਵਪੂਰਣ ਤੱਤ ਹੈ। ਲੋਕਧਾਰਾ ਦੀ ਪ੍ਰਮੁੱਖ ਸਮੱਗਰੀ ਸਾਡੇ ਲੋਕ ਸੱਭਿਆਚਾਰ ਤੋਂ ਪ੍ਰਾਪਤ ਹੁੰਦੀ ਹੈ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਲੋਕ ਸੱਭਿਆਚਾਰ ਲੋਕਧਾਰਾ ਦੀ ਸਿਰਜਣਾ ਕਰਦਾ ਹੈ, ਸੰਭਾਲਦਾ ਹੈ ਅਤੇ ਅੱਗੇ ਤੋਂ ਅੱਗੇ ਸੰਚਾਰ ਵੀ ਕਰਦਾ ਹੈ। ਲੋਕ ਸੱਭਿਆਚਾਰ ਵਿੱਚ ਦੋ ਤੱਤ ਪ੍ਰਵਾਨਗੀ ਤੇ ਸਹਿਮਤੀ ਸਮਾਏ ਹੁੰਦੇ ਹਨ। ਲੋਕ ਸੱਭਿਆਚਾਰ ਸਰਵ ਪ੍ਰਵਾਨਿਤ ਹੁੰਦਾ ਹੈ ਤੇ ਲੋਕਾਂ ਦੀ ਆਪਣੇ ਸੱਭਿਆਚਾਰ ਨਾਲ ਸਹਿਮਤੀ ਵੀ ਹੁੰਦੀ ਹੈ। ਇਸ ਤਰ੍ਹਾਂ ਇਸ ਸੱਭਿਆਚਾਰ ਦੀਆਂ ਕਦਰਾਂ- ਕੀਮਤਾਂ, ਸੰਚਾਰ ਵਿਧੀਆਂ ਅਤੇ ਸਹਿਮਤੀ ਨੂੰ ਲੋਕ ਸੱਭਿਆਚਾਰ ਦੇ ਸਹਿਚਾਰੀ ਤੱਤ ਸਵੀਕਾਰ ਕੀਤਾ ਜਾਂਦਾ ਹੈ।[5]
ਲੋਕਧਾਰਾ ਦਾ ਪ੍ਰਕਾਰਜ
[ਸੋਧੋ]ਲੋਕਧਾਰਾ ਸੱਭਿਆਚਾਰ ਅਤੇ ਸਮਾਜ ਵਿੱਚ ਸਾਰਥਕ ਭੂਮਿਕਾ ਨਿਭਾਉਂਦਾ ਹੈ। ਕੁਝ ਵਿਦਵਾਨ ਲੋਕਧਾਰਾ ਦੇ ਪ੍ਰਕਾਰਜ ਨੂੰ ਇਸ ਤਰ੍ਹਾਂ ਸਪੱਸ਼ਟ ਕਰਦੇ ਹਨ।
- ਲੋਕਧਾਰਾ ਸਿੱਖਿਆ ਦਾ ਮਾਧਿਅਮ ਵੀ ਰਿਹਾ ਹੈ। ਜਦੋਂ ਪਿਛਲੇ ਕਈ ਸਾਲਾਂ ਤੋਂ ਸਿਖਿਆ ਜਾਂ ਵਿਦਿਅਕ ਅਦਾਰਿਆਂ ਦਾ ਵਿਕਾਸ ਨਹੀਂ ਹੋਇਆ ਸੀ ਤਾਂ ਲੋਕਧਾਰਾ ਹੀ ਜਨ ਸਮੂਹ ਦੇ ਬੌਧਿਕ ਵਿਕਾਸ ਦਾ ਕਾਰਨ ਬਣੀ। ਮਿਥਿਕ ਕਥਾਵਾਂ, ਬੁਝਾਰਤਾਂ, ਬਾਤਾਂ, ਮੁਹਾਵਰੇ, ਲੋਕ ਕਥਾਵਾਂ ਅਤੇ ਅਖੌਤਾਂ ਆਦਿ ਰਾਹੀਂ ਹੌਲੀ ਹੌਲੀ ਮਨੁੱਖ ਦਾ ਬੌਧਿਕ ਵਿਕਾਸ ਹੁੰਦਾ ਰਿਹਾ।
ਟਾਵੀਂ ਟਾਵੀਂ ਕੰਗਣੀ, ਕਣਕ ਕਮਾਦੀ ਸੰਘਣੀ।
ਡੱਡ ਟਪਾਕੇ ਬਾਜਰਾ, ਤਿੱਤਰ ਤੋਰ ਜੁਆਰ।
ਮੋਠ ਵਿਰਲੇ, ਤਿਲ ਘਣੇ, ਕਦੇ ਨਾ ਆਵੇ ਹਾਰ।
ਇਸ ਤਰ੍ਹਾਂ ਅਖੌਤਾਂ, ਮੁਹਾਵਰਿਆਂ ਰਾਹੀਂ ਗਿਆਨ ਦਾ ਪਸਾਰ ਹੁੰਦਾ ਰਿਹਾ ਹੈ।
- ਲੋਕਧਾਰਾ ਦਾ ਸੱਭਿਅਤਾ ਦੇ ਵਿਕਾਸ ਵਿੱਚ ਪਹਿਲਾ ਹੱਥ ਹੈ। ਸੱਭਿਅਤਾ ਹਮੇਸ਼ਾ ਲੋਕ ਸਮੂਹ ਵਿੱਚ ਹੀ ਆਪਣਾ ਵਿਕਾਸ ਕਰਦੀ ਹੈ। ਇਸ ਲਈ ਲੋਕਧਾਰਾ ਸਰਬ ਸਾਂਝੇ ਵਰਤਾਰੇ ਨੂੰ ਪਰਿਪੱਕ ਕਰਦੀ ਹੈ । ਜਮਾਤੀ ਭੇਦ ਭਾਵ ਦੀ ਨਿੰਦਾ ਕਰਦੀ ਹੋਈ ਸਾਨੂੰ ਸਾਡੀਆਂ ਕਦਰਾਂ-ਕੀਮਤਾਂ, ਨਿਯਮਾਂ ਪ੍ਰਤੀ ਜਾਗਰੂਕ ਕਰਦੀ ਹੈ।
- ਲੋਕਧਾਰਾ ਮਨੁੱਖੀ ਸਮਾਜ ਦਾ ਸਕਾਰਾਤਮਕ ਪੱਖ ਮਜ਼ਬੂਤ ਕਰਦੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਮਨੱਖੀ ਮਨ ਜਿੰਦਗੀ ਵਿੱਚ ਆਉਂਦੇ ਉਤਾਰ-ਚੜਾਅ, ਕਠੋਰ ਪ੍ਰਸਥਿਤੀਆਂ ਤੇ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਕਈ ਵਾਰ ਨਕਾਰਾਤਮਕ ਹੋ ਜਾਂਦਾ ਹੈ। ਇਥੇ ਲੋਕਧਾਰਾ ਜਿਉਣ ਦੀ ਕਿਰਨ ਅਤੇ ਹੌਂਸਲਾ ਪ੍ਰਦਾਨ ਕਰਦੀ ਹੈ।
- ਸਮਾਜ ਪ੍ਰਬੰਧ ਨੂੰ ਆਪਣੀ ਹੌਂਦ ਬਰਕਰਾਰ ਰੱਖਣ ਲਈ ਕੁਝ ਨਿਯਮਾਂ ਅਤੇ ਬੰਦਿਸ਼ਾਂ ਦੀ ਸਿਰਜਣਾ ਕਰਨੀ ਪੈਂਦੀ ਹੈ। ਲੋਕਧਾਰਾ ਸੱਭਿਆਚਾਰ ਦ੍ ਨਿਯਮਾਂ ਨੂੰ ਪਰਿਪੱਕਤਾ ਪ੍ਰਦਾਨ ਕਰਦੀ ਹੋਈ, ਇਸਦੇ ਰੀਤੀ-ਰਿਵਾਜ਼ ਅਤੇ ਸੰਸਥਾਵਾਂ ਨੂੰ ਸਥਾਪਿਤ ਕਰਦੀ ਹੈ।
ਲੋਕਧਾਰਾ ਦਾ ਵਰਗੀਕਰਨ
[ਸੋਧੋ]ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸ ਦੀ ਸਮੱਗਰੀ ਵਿੱਚ ਵੰਨ-ਸੁਵੰਨਤਾ ਅਤੇ ਬਹੁਤ ਸਾਰੀਆਂ ਵੰਨਗੀਆਂ ਹਨ ਜਿਵੇਂ - ਲੋਕ ਵਿਸ਼ਵਾਸ, ਵਹਿਮ-ਭਰਮ, ਵਿਅਕਤ ਕਲਾਵਾਂ, ਜਾਦੂ ਟੂਣੇ ਅਤੇ ਮੰਤਰ ਵੀ ਆ ਜਾਂਦੇ ਹਨ। ਲੋਕਧਾਰਾ ਦਾ ਵਰਗੀਕਰਨ ਤਿੰਨ ਆਧਾਰਾਂ ’ਤੇ ਕੀਤਾ ਜਾਂਦਾ ਹੈ।
ਸੰਰਚਨਾਤਮਿਕ ਆਧਾਰ
[ਸੋਧੋ]ਸੰਰਚਨਾਤਮਿਕ ਆਧਾਰ ਵਿੱਚ ਡਾ.ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਹੈ।
- ਲੋਕ ਸਾਹਿਤ : ਲੋਕ ਗੀਤ, ਲੋਕ ਕਹਾਣੀਆਂ, ਲੋਕ ਸਾਹਿਤ ਦੇ ਵਿਵਿਧ ਰੂਪ।
- ਲੋਕ ਕਲਾ: ਲੋਕ ਸੰਗੀਤ, ਲੋਕ ਨਾਟ, ਮੂਰਤੀ ਕਲਾ।
- ਅਨੁਸ਼ਠਾਣ: ਲੋਕ ਰੀਤੀ ਰਿਵਾਜ਼, ਮੇਲੇ ਤੇ ਤਿਉਹਾਰ, ਪੂਜਾ ਵਿਧੀਆਂ, ਲੋਕ ਧਰਮ।
- ਲੋਕ ਵਿਸ਼ਵਾਸ: ਜਾਦੂ ਟੂਣੇ, ਜੰਤਰ-ਮੰਤਰ, ਤਾਵੀਜ਼ ਆਦਿ।
- ਲੋਕ ਧੰਦੇ: ਸਲਾਈ, ਕਢਾਈ, ਕਸੀਦਾਕਾਰੀ ਤੇ ਹੋਰ ਹੁਨਰ।
- ਫੁਟਕਲ: ਲੋਕ ਖੇਡਾਂ, ਲੋਕ ਸ਼ਾਜ, ਚਿੰਨ੍ਹ ਅਤੇ ਇਸ਼ਾਰੇ ਆਦਿ।
ਕਾਰਜਾਤਮਿਕ ਆਧਾਰ
[ਸੋਧੋ]- ਕਿਰਿਆ ਖੇਤਰ
- ਭਾਸ਼ਾ ਖੇਤਰ
- ਵਿਗਿਆਨ ਖੇਤਰ
- ਸਾਹਿਤਕ ਖੇਤਰ
ਸੰਚਾਰਿਤ ਆਧਾਰ
[ਸੋਧੋ]ਇਹ ਆਧਾਰ ਸੰਚਾਰ ਵਿਗਿਆਨ ਦੀ ਧਾਰਨਾ ’ਤੇ ਆਧਾਰਤ ਹੈ। ਲੋਕਧਾਰਾ ਦੀ ਅਭਿਵਿਅਕਤੀ ਨਿਰੋਲ ਉਚਾਰ ਦੁਆਰਾ ਹੀ ਨਹੀਂ ਹੁੰਦੀ ਇਹ ਆਪਣੀ ਅਭਿਵਿਅਕਤੀ ਲਈ ਹੋਰ ਮਾਧਿਅਮਾਂ ਜਿਵੇਂ ਚਿੰਨ੍ਹ, ਕਿਰਿਆ, ਰੰਗ ਅਤੇ ਵਸਤਾਂ ਦਾ ਪ੍ਰਯੋਗ ਵੀ ਕਰਦੀ ਹੈ। ਮਾਧਿਅਮ ਨੂੰ ਆਧਾਰ ਬਣਾ ਕੇ ਕੀਤਾ ਗਿਆ ਵਰਗੀਕਰਨ ਹੀ ਸੰਚਾਰਾਤਮਿਕ ਆਧਾਰ ਹੁੰਦਾ ਹੈ। ਲੋਕਧਾਰਾ ਦੇ ਪ੍ਰਗਟਾ ਲਈ ਚਾਰ ਮਾਧਿਅਮ ਵਰਤੇ ਜਾਂਦੇ ਹਨ।
- ਮੌਖਿਕਤਾ : ਮਿਥਿਕ ਕਥਾਵਾਂ, ਗਾਥਾਵਾਂ, ਅਖੌਤਾਂ, ਮੁਹਾਵਰੇ, ਲੋਕ ਕਹਾਣੀਆਂ ਆਦਿ।
- ਕਿਰਿਆਤਮਕ: ਰੀਤਾਂ, ਰਸਮ-ਰਿਵਾਜ਼, ਤਿੱਥ-ਤਿਉਹਾਰ, ਲੋਕ ਵਿਸ਼ਵਾਸ ਆਦਿ।
- ਪ੍ਰਦਰਸ਼ਿਤ ਰੂਪ: ਸ਼ਿਲਪਕਲਾ, ਲੋਕਨਾਚ, ਲੋਕ ਨਾਟ, ਲੋਕਨਾਚ।
- ਅਖੰਡੀ ਰੂਪ: ਉਪਭਾਖਾ, ਲੋਕ ਸੰਗੀਤ।[6]
ਹਵਾਲੇ
[ਸੋਧੋ]- ਖਹਿਰਾ, ਭੁਪਿੰਦਰ ਸਿੰਘ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲਾ।
- ↑ ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. pp. 60–61. ISBN 978-93-89548-94-5.
- ↑ ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. Books market Patiala: ਪੈਪਸੂ ਬੁੱਕ ਡਿਪੂ. p. 2.
- ↑ ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. Books market Patiala: ਪੈਪਸੂ ਬੁੱਕ ਡਿਪੂ ਪਟਿਆਲਾ. p. 5.
- ↑ ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. Books market Patiala: ਪੈਪਸੂ ਬੁੱਕ ਡਿਪੂ. pp. 11–13.
- ↑ ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. Books market Patiala: ਪੈਪਸੂ ਬੁੱਕ ਡਿਪੂ. pp. 14–17.
- ↑ ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. Books market Patiala: ਪੈਪਸੂ ਬੁੱਕ ਡਿਪੂ. pp. 18–20.