ਸਮੱਗਰੀ 'ਤੇ ਜਾਓ

ਮਦਨ ਮੋਹਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਦਨ ਮੋਹਨ
ਜਨਮ ਦਾ ਨਾਮਮਦਨ ਮੋਹਨ ਕੋਹਲੀ
ਜਨਮ25 ਜੂਨ 1924
ਬਗਦਾਦ, ਇਰਾਕ
ਮੌਤ14 ਜੁਲਾਈ 1975 (ਉਮਰ 51)
ਮੁੰਬਈ, ਮਹਾਰਾਸ਼ਟਰ, ਭਾਰਤ
ਕਿੱਤਾਸੰਗੀਤਕਾਰ
ਸਾਲ ਸਰਗਰਮ1950–1980

ਮਦਨ ਮੋਹਨ ਕੋਹਲੀ (25 ਜੂਨ 1924 - 14 ਜੁਲਾਈ 1975) ਇੱਕ ਭਾਰਤੀ ਸੰਗੀਤਕਾਰ ਸਨ। ਇਹ ਜ਼ਿਆਦਾਤਰ ਤਲਤ ਮਹਿਮੂਦ, ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫ਼ੀ ਲਈ ਕੰਪੋਜ਼ ਕੀਤੀਆਂ ਆਪਣੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਇਸ ਮਹਾਨ ਗਾਇਕ ਤੇ ਹਿੰਦੀ ਪਿੱਠਵਰਤੀ ਗਾਇਨ ਕਲਾ ਦੇ ਇਸ ਉਸਤਾਦ ਮਦਨ ਮੋਹਨ ਦਾ ਜਨਮ ਬਗਦਾਦ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਰਾਏ ਬਹਾਦੁਰ ਚੁੰਨੀ ਲਾਲ ਫ਼ਿਲਮ ਨਿਰਮਾਤਾ ਸਨ ਅਤੇ ਸਟੂਡੀਓ ਦੇ ਮਾਲਕ ਵੀ। ਉਹਨਾਂ ਨੇ ਸੇਂਟ ਮੇਰੀ ਸਕੂਲ ਮੁੰਬਈ ਤੋਂ ਸੀਨੀਅਰ ਕੈਂਮਬਰਿੱਜ ਦੀ ਡਿਗਰੀ ਹਾਸਲ ਕੀਤੀ।

ਫ਼ਿਲਮੀ ਸਫ਼ਰ

[ਸੋਧੋ]

ਆਪ ਨੂੰ ਵੀ ਫ਼ਿਲਮਾਂ ਦਾ ਜ਼ਿਆਦਾ ਸ਼ੌਂਕ ਨਹੀਂ ਸੀ ਪਰ ਉਸ ਦਾ ਸੰਗੀਤ ਨਾਲ ਬਹੁਤ ਲਗਾਓ ਸੀ। ਉਹਨਾਂ ਨੇ ਫ਼ੌਜ ਵਿੱਚ ਵੀ ਸੰਗੀਤ ਦੇ ਆਧਾਰ ’ਤੇ ਨੌਕਰੀ ਕੀਤੀ ਤੇ ਮਸਾਂ ਦੋ ਸਾਲ ਬਾਅਦ ਫ਼ੌਜ ਨੂੰ ਛੱਡ ਕੇ ਲਖਨਊ ਦੇ ਆਕਾਸ਼ਵਾਣੀ ਕੇਂਦਰ ਵਿੱਚ ਸੰਗੀਤਕਾਰ ਵਜੋਂ ਬਾਕਾਇਦਾ ਨੌਕਰੀ ਕੀਤੀ ਤੇ ਫਿਰ ‘ਸੁਪਨਿਆਂ ਦੀ ਨਗਰੀ’ ਆ ਵਸਿਆ। ਉਸ ਨੇ ਫ਼ਿਲਮੀ ਦੁਨੀਆ ਵਿੱਚ ਪ੍ਰਵੇਸ਼ ਤਾਂ ਇੱਕ ਗਾਇਕ ਦੇ ਵਜੋਂ ਕੀਤਾ ਪਰ ਉਸ ਦਾ ਮਨ ਤਾਂ ਸਿਤਾਰ-ਤੂੰਬੀ ਵਜਾਉਣ ਅਤੇ ਮੌਲਿਕ ਸੰਗੀਤ ਤਿਆਰ ਕਰਨ ਦਾ ਸੀ ਅਤੇ ਇਹ ਸੁਪਨਾ ਉਸ ਦਾ ਸਾਕਾਰ ਕੀਤਾ ਉੱਘੇ ਫ਼ਿਲਮਕਾਰ ਸੀ ਰਾਮਚੰਦਰ ਨੇ, ਜਿਸ ਨੇ ਆਪ ਨੂੰ ਆਪਣਾ ਸਹਾਇਕ ਬਣਾ ਲਿਆ।

ਫ਼ਿਲਮਾਂ

[ਸੋਧੋ]

ਸਾਲ 1950 ਵਿੱਚ ਫ਼ਿਲਮ ‘ਆਂਖੇਂ’ ਆਪ ਦੀ ਬਤੌਰ ਸੰਗੀਤਕਾਰ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਦਾ ਮੀਨਾ ਕਪੂਰ ਦੀ ਆਵਾਜ਼ ਵਿੱਚ ਗਾਇਆ ਗੀਤ ‘ਮੇਰੀ ਅਟਰੀਆ ਮੇਂ ਕਾਗਾ ਬੋਲੇ, ਮੋਰਾ ਜੀਆ ਡੋਲੇ’ ਐਨਾ ਮਕਬੂਲ ਹੋਇਆ ਕਿ ਇਸ ਤੋਂ ਬਾਅਦ ਉਸ ਦੇ ਗੀਤ ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ ਅਤੇ ਮੁਕੇਸ਼ ਦੀ ਆਵਾਜ਼ ਵਿੱਚ ਰਿਕਾਰਡ ਹੋੋਏ। ਆਪਣੀ ਜ਼ਿੰਦਗੀ ਦੇ ਫ਼ਿਲਮੀ ਸਫ਼ਰ ਦੌਰਾਨ ਉਸ ਨੇ ਅਨੇਕਾਂ ਲਮਹਿਆਂ ਨੂੰ ਸੰਗੀਤ ਦੀ ਬੁੱਕਲ ਵਿੱਚ ਕੈਦ ਕੀਤਾ। ਉਸ ਨੂੰ ‘ਗ਼ਜ਼ਲਾਂ ਦਾ ਬਾਦਸ਼ਾਹ ਸੰਗੀਤਕਾਰ’ ਵੀ ਕਿਹਾ ਜਾਂਦਾ ਸੀ। ਉਸ ਨੇ ਕੁੱਲ 92 ਫ਼ਿਲਮਾਂ ਲਈ ਸੰਗੀਤ ਦਿੱਤਾ। ਮਦਨ ਮੋਹਨ ਹਿੰਦੀ ਫ਼ਿਲਮਾਂ ਵਿੱਚ ਪਹਿਲੀ ਵਾਰ ਵਿਦੇਸ਼ੀ ਸਾਜ਼ ਵਰਤਣ ਵਾਲਾ ਸੰਗੀਤਕਾਰ ਸੀ। 1950-60 ਦੇ ਦਹਾਕੇ ਵਿੱਚ ਹਿੰਦੀ ਸੰਗੀਤ ’ਤੇ ਰਾਜ ਕਰਨ ਵਾਲਾ ਮਦਨ ਮੋਹਨ ਥੋੜ੍ਹੇ ਕੁ ਸਮੇਂ ਵਿੱਚ ਹੀ ਲੋਕਾਂ ’ਚ ਹਰਮਨ ਪਿਆਰਾ ਹੋ ਗਿਆ ਸੀ। ਮਸ਼ਹੂਰ ਸੰਗੀਤਕਾਰ ਨੌਸ਼ਾਦ ਵੀ ਮਦਨ ਮੋਹਨ ਦੀ ਕਲਾ ਦੇ ਕਾਇਲ ਸਨ। ਮਦਨ ਦੁਆਰਾ ਸੰਗੀਤਬੱਧ ਲਤਾ ਮੰਗੇਸ਼ਕਰ ਤੇ ਮੁਹੰਮਦ ਰਫ਼ੀ ਦੇ ਸਾਰੇ ਗੀਤ ਹਿੱਟ ਰਹੇ। ਮਦਨ ਮੋਹਨ ਨੂੰ ਹਮੇਸ਼ਾ ਸਿਤਾਰ ਵਜਾਉਂਦਿਆਂ ਦੇਖਿਆ ਜਾਂਦਾ ਸੀ। ਮਦਨ ਦੀ ਮੌਤ ਤੋਂ ਬਾਅਦ ਨੌਸ਼ਾਦ ਨੇ ਮਦਨ ਦੀ ਜੀਵਨੀ ’ਤੇ ਆਧਾਰਿਤ ਇੱਕ ਕਿਤਾਬ ‘ਰਾਗ ਮੋਹਨ’ ਲਿਖੀ, ਜੋ ਕਿ ਖ਼ੂਬ ਚਰਚਿਤ ਹੋਈ ਸੀ। ਆਪਣੇ ਫ਼ਿਲਮੀ ਸਫ਼ਰ ਦੌਰਾਨ ਮਦਨ ਮੋਹਨ ਨੇ ਅਥਾਹ ਪਿਆਰ, ਸਤਿਕਾਰ ਅਤੇ ਸਨਮਾਨ ਹਾਸਲ ਕੀਤਾ।

ਸਨਮਾਨ

[ਸੋਧੋ]

ਮਦਨ ਨੂੰ ਸਿਰਫ਼ ਕੌਮੀ ਜਾਂ ਸੂਬਾ ਪੱਧਰ ’ਤੇ ਹੀ ਨਹੀਂ, ਕੌਮਾਂਤਰੀ ਪੱਧਰ ’ਤੇ ਵੀ ਖ਼ੂਬ ਸਨਮਾਨ ਤੇ ਪਿਆਰ ਮਿਲਿਆ। ਮੇਰਾ ਸਾਇਆ ਦਾ ਨੈਣੋਂ ਮੇਂ ਬਦਰਾ ਛਾਏ ਅਤੇ ਦੁਲਹਨ ਏਕ ਰਾਤ ਕੀ ਦਾ ਮੈਨੇ ਰੰਗ ਲੀ ਚੁਨਰੀਅ ਦੇ ਲਈ ਬਿਹਤਰੀਨ ਸੰਗੀਤ ਦੇਣ ਕਰ ਕੇ ਉਸ ਨੂੰ ਕਈ ਐਵਾਰਡ ਵੀ ਮਿਲੇ ਜਿਹਨਾਂ ਦੇ ਵਿੱਚ ਦੋ ਕੌਮੀ ਐਵਾਰਡ ਵੀ ਸ਼ਾਮਲ ਹਨ। ਇਹਨਾਂ ਨੂੰ ਫ਼ਿਲਮ ਅਨਪੜ੍ਹ' 'ਵੋ ਕੌਣ ਥੀ' 'ਮੋਸਮ' ਅਤੇ ਵੀਰ-ਜ਼ਾਰਾ' ਲਈ ਫ਼ਿਲਮ ਫੇਅਰ ਸਨਮਾਨ ਲਈ ਨਾਮਜਾਦ ਕੀਤਾ ਗਿਆ ਅਤੇ ਫ਼ਿਲਮ 'ਦਸਤਕ' ਇਹਨਾਂ ਨੂੰ ਫ਼ਿਲਮ ਸਨਮਾਨ ਮਿਲਿਆ। ਅਤੇ ਫ਼ਿਲਮ ਵੀਰ-ਜ਼ਾਰਾ ਲਈ ਆਇਫਾ ਸਨਮਾਨ ਮਰਨ ਤੋਂ ਬਾਅਦ ਦਿਤਾ ਗਿਆ

ਕਵੀ

[ਸੋਧੋ]

ਮਦਨ ਦੀਆਂ ਲਿਖੀਆਂ ਕਵਿਤਾਵਾਂ ਨੂੰ ਬਲਿਹਾਰ ਪ੍ਰਕਾਸ਼ਨਾ ਵਾਲਿਆਂ ਨੇ ‘ਦੋ ਰੰਗ’ ਨਾਂ ਹੇਠ ਪ੍ਰਕਾਸ਼ਿਤ ਕੀਤਾ। ਗਾਉਣਾ ਉਸ ਦਾ ਕੰਮ ਸੀ, ਸੰਗੀਤ ਉਸ ਦੀ ਖੁਰਾਕ ਸੀ ਅਤੇ ਸ਼ਾਇਰੀ ਉਸ ਦਾ ਸ਼ੌਕ।

ਮੌਲਿਕ ਧੁਨਾਂ

[ਸੋਧੋ]

ਮਦਨ ਮੋਹਨ ਦੀ ਮੌਤ ਹੋਈ ਤਾਂ ਉਹ ਆਪਣੇ ਪਿੱਛੇ ਅਨੇਕਾਂ ਰਿਕਾਰਡ ਅਤੇ ਅਣਰਿਕਾਰਡ ਗੀਤ ਅਤੇ ਇਨ੍ਹਾਂ ਦੀਆਂ ਸੰਗੀਤਮਈ ਧੁਨਾਂ ਛੱਡ ਗਿਆ। ਉਸ ਦਾ ਪੁੱਤਰ ਕੋਲ ਮਦਨ ਮੋਹਨ ਦੀਆਂ ਤਿਆਰ ਕੀਤੀਆਂ 200 ਤੋਂ ਵੱਧ ਮੌਲਿਕ ਧੁਨਾਂ ਮੌਜੂਦ ਹਨ। ਇਨ੍ਹਾਂ ਵਿੱਚੋਂ ਕੁਝ ਯਸ਼ ਦੀਆਂ ਆ ਰਹੀਆਂ ਫ਼ਿਲਮਾਂ ਦੇ ਵਿੱਚ ਪੇਸ਼ ਹੋਈਆਂ। 14 ਜੁਲਾਈ 1975 ਨੂੰ ਹਿੰਦੀ ਫ਼ਿਲਮੀ ਦੁਨੀਆ ਦਾ ਇਹ ਹੋਣਹਾਰ ਸੰਗੀਤਕਾਰ ਵਕਤ ਦੇ ਰੇਤ ’ਤੇ ਆਪਣੀਆਂ ਸੰਗੀਤਮਈ ਪੈੜਾਂ ਦੇ ਨਿਸ਼ਾਨ ਛੱਡਦਾ ਹੋਇਆ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ।

ਹਵਾਲੇ

[ਸੋਧੋ]