ਸਮੱਗਰੀ 'ਤੇ ਜਾਓ

ਮਾਸਟਰ ਮਹਿਤਾਬ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਸਟਰ ਮਹਿਤਾਬ ਸਿੰਘ (1886 - 17 ਅਗਸਤ 1953) ਪੰਜਾਬੀ ਦਾ ਇੱਕ ਵਿਦਵਾਨ ਅਧਿਆਪਕ ਅਤੇ ਲੇਖਕ ਸੀ। ਉਹ ਪ੍ਰੀਤਮ ਸਿੰਘ ਸਫੀਰ ਅਤੇ ਜਗਜੀਤ ਸਿੰਘ ਅਨੰਦ ਦਾ ਪਿਤਾ ਅਤੇ ਸੁਕੀਰਤ ਦਾ ਦਾਦਾ ਸੀ।[1] ਇਨ੍ਹਾਂ ਸਾਰਿਆਂ ਨੇ ਉਸਦੀਆਂ ਪਿਰਤਾਂ ਨੂੰ ਅੱਗੇ ਤੋਰਦਿਆਂ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਚੋਖਾ ਯੋਗਦਾਨ ਪਾਇਆ।

ਮਹਿਤਾਬ ਸਿੰਘ ਦਾ ਜਨਮ ਰਾਵਲਪਿੰਡੀ ਜ਼ਿਲ੍ਹੇ ਦੇ ਕੁਰੀ ਨਾਂ ਦੇ ਪਿੰਡ ਵਿਖੇ 1886 ਵਿੱਚ ਸ. ਪ੍ਰਤਾਪ ਸਿੰਘ ਦੇ ਘਰ ਮਾਤਾ ਭਾਈਆਂ ਦੀ ਕੁੱਖੋਂ ਹੋਇਆ। ਪੜ੍ਹਾਈ ਖ਼ਤਮ ਕਰਨ ਸਾਰ ਉਹ ਰਾਵਲਪਿੰਡੀ ਦੇ ਇੱਕ ਸਕੂਲ ਵਿਚ ਅਧਿਆਪਕ ਲੱਗ ਗਿਆ। 1919 ਵਿੱਚ ਜਦੋਂ ਮੋਹਨ ਸਿੰਘ ਵੈਦ ਅਤੇ ਸ. ਸੰਤ ਸਿੰਘ ਨੇ ਤਰਨਤਾਰਨ ਵਿਚ 'ਗੁਰੂ ਅਰਜਨ ਦੇਵ ਖ਼ਾਲਸਾ ਹਾਈ ਸਕੂਲ' ਖੋਲ੍ਹਿਆ, ਤਾਂ ਉਹ ਖ਼ੁਦ ਜਾ ਕੇ ਮਾਸਟਰ ਮਹਿਤਾਬ ਸਿੰਘ ਨੂੰ ਲੈ ਕੇ ਆਏ ਤੇ ਸਕੂਲ ਦਾ ਹੈਡਮਾਸਟਰ ਨਿਯੁਕਤ ਕੀਤਾ ਅਤੇ ਉਥੋਂ 1943 ਵਿੱਚ ਸੇਵਾ-ਮੁਕਤ ਹੋਏ।[2]

ਮਹਿਤਾਬ ਸਿੰਘ ਨੇ ਸਿੱਖੀ ਦੀ ਪ੍ਰਫੁਲਤਾ ਲਈ ਵੀ ਖ਼ੂਬ ਕੀਤਾ ਤੇ1921 ਵਿੱਚ ਦਰਬਾਰ ਸਾਹਿਬ, ਤਰਨਤਾਰਨ ਦਾ ਕਬਜ਼ਾ ਲੈਣ ਵੇਲੇ ਸਰਗਰਮ ਭੂਮਿਕਾ ਨਿਭਾਈ। ਉਹ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਦਾ ਮੈਂਬਰ ਰਿਹਾ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈਣ ਕਾਰਨ ਢਾਈ ਸਾਲ ਜੇਲ੍ਹ ਕੱਟੀ ਤੇ ਜੇਲ੍ਹ ਵਿੱਚ ਹੀ "ਨਾਵਾਂ ਤੇ ਥਾਂਵਾਂ ਦਾ ਕੋਸ਼" ਤਿਆਰ ਕੀਤਾ।

ਮਾਸਟਰ ਜੀ ਨੇ "ਪੰਜਾਬੀ ਅਖਾਣ ਕੋਸ਼" ਅਤੇ "ਆਸਾ ਦੀ ਵਾਰ ਸਟੀਕਾ" ਤਿਆਰ ਕੀਤਾ ਅਤੇ "ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ" ਤਿਆਰ ਕਰਨ ਵਿੱਚ ਵੀ ਯੋਗਦਾਨ ਪਾਇਆ। ਉਸ ਦੀ ਅੰਤਿਮ ਪੁਸਤਕ "ਸਚੀ ਲਿਵ" ਹੈ। 1950 ਵਿੱਚ ਉਹ ਰੂਸ ਦੀ ਯਾਤਰਾ ਤੇ ਗਏ।

ਹਵਾਲੇ[ਸੋਧੋ]

  1. "ਸਾਹਿਤਕ ਪੱਤਰਕਾਰੀ ਦਾ ਥੰਮ੍ਹ ਸੀ ਜਗਜੀਤ ਸਿੰਘ ਆਨੰਦ – archivepunjabitribune". www.punjabitribuneonline.com. Retrieved 2024-06-12.
  2. "ਮਹਿਤਾਬ ਸਿੰਘ, ਹੈਡਮਾਸਟਰ - ਪੰਜਾਬੀ ਪੀਡੀਆ". punjabipedia.org. Retrieved 2024-06-12.