ਸਮੱਗਰੀ 'ਤੇ ਜਾਓ

ਮਹਾਂ ਸ਼ਿਵਰਾਤਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਾਹਾਸ਼ਿਵਰਾਤਰੀ ਤੋਂ ਮੋੜਿਆ ਗਿਆ)
ਮਹਾਂ ਸ਼ਿਵਰਾਤਰੀ
ਸ਼ਿਵ ਮਹਾਰਾਜ
ਮਨਾਉਣ ਵਾਲੇਹਿੰਦੂ, ਵਿਸ਼ੇਸ਼ ਤੌਰ ਉੱਤੇ ਸ਼ੈਵ ਪੰਥ ਸ਼ਰਧਾਲੂਆਂ ਦੁਆਰਾ
ਕਿਸਮਹਿੰਦੂ
ਮਹੱਤਵਸ਼ਿਵ ਅਤੇ ਪਾਰਵਤੀ ਦੇ ਵਿਆਹ ਦੀ ਖੁਸ਼ੀ ਵਿੱਚ
ਪਾਲਨਾਵਾਂਵਰਤ, ਲਿੰਗ ਦੀ ਪੂਜਾ
ਮਿਤੀਫ਼ਰਵਰੀ/ਮਾਰਚ
ਬਾਰੰਬਾਰਤਾਸਾਲਾਨਾ

ਮਹਾਂ ਸ਼ਿਵਰਾਤਰੀ ਇੱਕ ਹਿੰਦੂ ਤਿਉਹਾਰ ਹੈ ਜੋ ਸ਼ਿਵ ਜੀ ਪ੍ਰਤੀ ਪੂਜਾ ਭਾਵ ਕਰ ਕੇ ਹਰ ਸਾਲ ਮਨਾਇਆ ਜਾਂਦਾ ਹੈ। ਭਾਰਤੀ ਮਿਥ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ਉੱਤੇ ਸ਼ਿਵ ਮੰਦਿਰਾਂ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ  ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਗਰਾਤਾ ਕਰ ਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।

ਸ਼ਿਵ ਜੀ ਬੜੇ ਦਿਆਲੂ ਹਨ ਅਤੇ ਭੋਲੇ ਨਾਥ ਹਨ। ਛੂਤ-ਛਾਤ ਦਾ ਉਹਨਾਂ ਦੀਆਂ ਨਜ਼ਰਾਂ ਵਿੱਚ ਕੋਈ ਨਾਮ ਨਹੀਂ ਹੈ। ਬ੍ਰਾਹਮਣ, ਵੈਸ਼, ਕਸ਼ੱਤਰੀ, ਅਛੂਤ, ਸੂਦਰ, ਨਰ, ਨਾਰੀ, ਜਵਾਨੀ ਅਤੇ ਬੁਢਾਪੇ ਵਿੱਚ ਸਭ ਲੋਕੀ ਇਸ ਵਰਤ ਨੂੰ ਕਰਦੇ ਹਨ। ਸ਼ਿਵਰਾਤਰੀ ਦਾ ਇਹ ਦਿਹਾੜਾ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ਪਰ ਕਾਸ਼ੀ ਵੈਦ ਨਾਥ ਧਾਮ ਅਤੇ ਉਜੈਨ ਆਦਿ ਥਾਵਾਂ ਉੱਤੇ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸੰਬੰਧੀ ਕਥਾ ਨਿਮਨ ਅਨੁਸਾਰ ਹੈ:

ਪ੍ਰਤਯੰਤ ਦੇਸ਼ ਦਾ ਇੱਕ ਸ਼ਿਕਾਰੀ ਜੀਵਾਂ ਨੂੰ ਮਾਰ ਕੇ ਜਾਂ ਜਿਊਂਦੇ ਫੜ ਕੇ ਵੇਚ ਕੇ ਆਪਣਾ ਕਾਰੋਬਾਰ ਚਲਾਉਂਦਾ ਸੀ। ਇਸ ਸ਼ਿਕਾਰੀ ਨੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ। ਕਰਜ਼ੇ ਦੀ ਮਾਰ ਕਾਰਨ ਸ਼ਾਹੂਕਾਰ ਨੇ ਸ਼ਿਕਾਰੀ ਨੂੰ ਸ਼ਿਕਾਰ ਲਈ ਇੱਕ ਅਜਿਹੀ ਥਾਂ ਜਾਣ ਲਈ ਮਜਬੂਰ ਕਰ ਦਿੱਤਾ ਸੀ, ਜਿਥੇ ਕਿ ਇੱਕ ਤਲਾਬ ਦੇ ਕਿਨਾਰੇ ਬੇਲ ਦੇ ਦਰੱਖਤ ਦੇ ਹੇਠਾਂ ਸ਼ਿਵਲਿੰਗ ਦੇ ਕੋਲ ਬੈਠ ਕੇ ਹਿਰਨ ਆਰਾਮ ਕਰਦੇ ਸਨ।  ਉਥੇ ਦਰੱਖਤ ਉੱਤੇ ਬੈਠ ਕੇ ਸ਼ਿਕਾਰੀ ਸ਼ਿਕਾਰ ਦਾ ਇੰਤਜ਼ਾਰ ਕਰਨ ਲੱਗਾ।

ਇੰਨੇ ਨੂੰ ਉਥੇ ਇੱਕ ਹਿਰਨੀ ਆਈ, ਜਿਹੜੀ ਕਿ ਗਰਭਵਤੀ ਸੀ। ਉਸ ਨੂੰ ਦੇਖ ਕੇ ਸ਼ਿਕਾਰੀ ਨੇ ਆਪਣੇ ਧਨੁੱਸ਼ ਉੱਤੇ ਤੀਰ ਚੜ੍ਹਾਇਆ ਹੀ ਸੀ ਕਿ ਹਿਰਨੀ ਨੇ ਕਿਹਾ ਕਿ ਮੈਂ ਗਰਭਵਤੀ ਹਾਂ ਅਤੇ ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਨਜ਼ਦੀਕ ਹੈ। ਜੇਕਰ ਆਪ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਮੇਰਾ ਸ਼ਿਕਾਰ ਕਰ ਲਵੋ ਤਾਂ ਚੰਗਾ ਹੋਵੇਗਾ।

ਕੁਝ ਸਮੇਂ ਬਾਅਦ ਉਥੇ ਦੂਜੀ ਹਿਰਨੀ ਆਈ, ਜਿਸ ਦਾ ਕਿ ਅਜੇ ਤਕ ਆਪਣੇ ਪਤੀ ਨਾਲ ਸੰਗ ਨਹੀਂ ਸੀ ਹੋਇਆ। ਸ਼ਿਕਾਰੀ ਨੂੰ ਤੀਰ ਚੜ੍ਹਾਉਂਦਾ ਦੇਖ ਕੇ ਉਹ ਬੋਲੀ ਕਿ ਜੇਕਰ ਹੁਣ ਮੇਰੀ ਮੌਤ ਹੋ ਗਈ ਤਾਂ ਮੈਂ ਅਗਲੇ ਜਨਮ ਵਿੱਚ ਕਾਮੁਕ ਸੁਭਾਅ ਵਾਲੀ ਬਣਾਂਗੀ ਕਿਉਂਕਿ ਅਜੇ ਮੇਰੀ ਕਾਮ ਤ੍ਰਿਸ਼ਨਾ ਬਾਕੀ ਹੈ, ਜੇਕਰ ਆਪ ਮੈਨੂੰ ਹੁਣ ਜਾਣ ਦਿਓ ਤਾਂ ਮੈਂ ਆਪਣੇ ਪਤੀ ਦਾ ਸੰਗ ਕਰ ਕੇ ਤ੍ਰਿਸ਼ਨਾ ਪੂਰੀ ਕਰ ਕੇ ਆ ਜਾਵਾਂ ਤੇ ਮੇਰਾ ਸ਼ਿਕਾਰ ਕਰ ਲੈਣਾ। ਸ਼ਿਕਾਰੀ ਨੇ ਉਸ ਨੂੰ ਵੀ ਜਾਣ ਦਿੱਤਾ।

ਕੁਝ ਚਿਰ ਮਗਰੋਂ ਤੀਜੀ ਹਿਰਨੀ ਉਥੇ ਆਈ ਅਤੇ ਸ਼ਿਕਾਰੀ ਨੂੰ ਦੇਖ ਕੇ ਉਸ ਨੇ ਵੀ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਮੇਰੇ ਬੱਚੇ ਹਨ, ਜੇਕਰ ਹੁਣੇ ਆਪ ਨੇ ਮੈਨੂੰ ਮਾਰ ਦਿੱਤਾ ਤਾਂ ਇਹ ਬੇਸਹਾਰਾ ਹੋ ਜਾਣਗੇ। ਮੈਂ ਇਨ੍ਹਾਂ ਨੂੰ ਆਪਣੇ ਪਤੀ ਕੋਲ ਛੱਡ ਆਵਾਂ। ਕੁਝ ਚਿਰ ਮਗਰੋਂ ਉਥੇ ਇੱਕ ਹਿਰਨ ਆਇਆ ਸ਼ਿਕਾਰੀ ਨੂੰ ਦੇਖ ਕੇ ਉਹ ਬੋਲਿਆ ਕਿ ਜੇਕਰ ਆਪ ਨੇ ਮੈਥੋਂ ਪਹਿਲਾਂ ਆਉਣ ਵਾਲੀਆਂ ਤਿੰਨ ਹਿਰਨੀਆਂ ਨੂੰ ਮਾਰ ਦਿੱਤਾ ਹੈ ਤਾਂ ਮੈਨੂੰ ਵੀ ਮਾਰ ਦਿਓ ਕਿਉਂਕਿ ਉਹਨਾਂ ਤੋਂ ਬਿਨਾਂ ਮੇਰਾ ਜੀਵਨ ਬੇਕਾਰ ਹੈ। ਜੇਕਰ ਆਪ ਨੇ ਉਹਨਾਂ ਨੂੰ ਨਹੀਂ ਮਾਰਿਆ ਹੈ ਤਾਂ ਮੈਨੂੰ ਵੀ ਛੱਡ ਦਿਓ, ਮੈਂ ਜਾ ਕੇ ਉਹਨਾਂ ਨੂੰ ਮਿਲ ਆਵਾਂ, ਉਹ ਸਭ ਮੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ।

ਸ਼ਿਕਾਰੀ ਦੇ ਇਸ ਵਿਵਹਾਰ ਦਾ ਕਾਰਨ ਇਹ ਸੀ ਕਿ ਸੇਠ ਦਾ ਕਰਜ਼ਾ ਨਾ ਚੁਕਾ ਸਕਣ ਕਾਰਨ ਉਸ ਨੂੰ ਇੱਕ ਰਾਤ ਸ਼ਿਵ ਮੰਦਿਰ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਹ ਰਾਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਤੇਰਸ ਦੀ ਸੀ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਹੋ ਰਹੀ ਸੀ। ਰਾਤ ਭਰ ਜਾਗਣ ਕਾਰਨ ਉਸ ਨੂੰ ਸ਼ਿਵ ਪੂਜਾ ਦਾ ਫਲ ਪ੍ਰਾਪਤ ਹੋਇਆ ਅਤੇ ਅਗਲੇ ਦਿਨ ਸੇਠ ਦੇ ਹੁਕਮ ਨਾਲ ਕਰਜ਼ਾ ਚੁਕਾਉਣ ਲਈ ਸ਼ਿਕਾਰੀ ਇਸ ਥਾਂ ਉੱਤੇ ਆਇਆ।

ਸੰਯੋਗ ਦੀ ਗੱਲ ਸੀ ਕਿ ਜਿਸ ਦਰੱਖਤ ਉੱਤੇ ਸ਼ਿਕਾਰੀ ਬੈਠਾ ਸੀ, ਉਹ ਦਰੱਖਤ ਬੇਲ ਦਾ ਸੀ ਅਤੇ ਉਸ ਦੇ ਹੇਠ ਸ਼ਿਵਲਿੰਗ ਬਣਿਆ ਹੋਇਆ ਸੀ। ਦਰੱਖਤ ਉੱਤੇ ਬੈਠਣ ਲਈ ਜਗ੍ਹਾ ਬਣਾਉਂਦੇ ਹੋਏ ਜੋ ਪੱਤੇ ਹੇਠਾਂ ਡਿੱਗੇ, ਉਹਨਾਂ ਨਾਲ ਸ਼ਿਵਲਿੰਗ ਢਕਿਆ ਗਿਆ ਸੀ, ਜਿਸ ਕਾਰਨ ਭੁੱਖੇ ਰਹਿਣ ਕਾਰਨ ਉਸ ਦਾ ਵਰਤ ਵੀ ਹੋ ਗਿਆ। ਇਨ੍ਹਾਂ ਤਿੰਨਾਂ ਫਲਾਂ ਦੇ ਪ੍ਰਾਪਤ ਹੋ ਜਾਣ ਕਾਰਨ ਹੀ ਉਸ ਦੀ ਅੰਤਰ-ਆਤਮਾ ਪਵਿੱਤਰ ਹੋ ਗਈ ਸੀ ਅਤੇ ਉਸ ਦੇ ਮਨ ਵਿੱਚ ਪ੍ਰੇਮ ਭਾਵ ਅਤੇ ਦਯਾ ਭਾਵ ਉਤਪੰਨ ਹੋ ਗਿਆ ਸੀ ਅਤੇ ਉਸ ਦੇ ਅੰਦਰ ਦਯਾ ਅਤੇ ਪ੍ਰੇਮ ਭਾਵ ਦੀ ਜਯੋਤੀ ਪ੍ਰਚੰਡ ਹੋ ਚੁੱਕੀ ਸੀ। ਇਹ ਜਯੋਤੀ ਜਵਾਲਾ ਇੰਨੀ ਪ੍ਰਚੰਡ ਸੀ ਕਿ ਜਦੋਂ ਹਿਰਨ ਹਿਰਨੀਆਂ ਅਤੇ ਬੱਚਿਆਂ ਸਮੇਤ ਉਥੇ ਆਇਆ ਤਾਂ ਸ਼ਿਕਾਰੀ ਨੇ ਕਿਸੇ ਦਾ ਵੀ ਸ਼ਿਕਾਰ ਨਾ ਕੀਤਾ। ਭਗਵਾਨ ਸ਼ਿਵ ਗਦ-ਗਦ ਹੋ ਉੱਠੇ ਅਤੇ ਸ਼ਿਕਾਰੀ ਨੂੰ ਆਪਣੇ ਧਾਮ ਦਾ ਸੁੱਖ ਪ੍ਰਦਾਨ ਕੀਤਾ ਅਤੇ ਇਸ ਦੇ ਨਾਲ ਹੀ ਬਚਨ ਪਾਲਕ ਹਿਰਨ ਪਰਿਵਾਰ ਨੂੰ ਵੀ ਸ਼ਿਵ ਲੋਕ ਦੀ ਪ੍ਰਾਪਤੀ ਹੋਈ।

ਹਵਾਲੇ

[ਸੋਧੋ]
  1. "February 2015 Calendar with Holidays". Archived from the original on 29 ਨਵੰਬਰ 2014. Retrieved 20 November 2014. {{cite web}}: Unknown parameter |dead-url= ignored (|url-status= suggested) (help)
  2. "Maha Shivarathri 2016".