ਸਮੱਗਰੀ 'ਤੇ ਜਾਓ

ਮੇਲਾ ਬੀਬੜੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਲਾ ਬੀਬੜੀਆਂ ਮਾਈਆਂ ਪਿੰਡ ਸ਼ਹਿਣਾ, ਬਰਨਾਲਾ ਪਿੰਡ ਸ਼ਹਿਣਾ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਵੰਤ ਗਾਰਗੀ ਦੀ ਜਨਮਭੂਮੀ ਹੈ। ਇੱਥੇ ਹਰ ਛਿਮਾਹੀ ਬੀਬੜੀਆਂ ਦਾ ਮੇਲਾ ਮਨਾਇਆ ਜਾਂਦਾ ਹੈ। ਇਹ ਮੇਲਾ ਚਾਨਣ ਪੱਖ ਵਿਚ ਅੱਸੂ ਅਤੇ ਚੇਤ ਵਿਚ ਐਤਵਾਰ ਦੇ ਦਿਨ ਮਨਾਇਆ ਜਾਂਦਾ ਹੈ।

ਇਤਿਹਾਸਿਕਤਾ

[ਸੋਧੋ]

ਬੀਬੜੀਆਂ ਮੇਲੇ ਬਾਰੇ ਲੋਕਾਂ ਵਿਚ ਕਈ ਕਹਾਣੀਆਂ ਪ੍ਰਚਲਿੱਤ ਹਨ। ਮੰਨਿਆ ਜਾਂਦਾ ਹੈ ਕਿ ਪੁਰਾਣੇ ਸਮੇਂ ਵਿਚ ਜਦੋਂ ਤ੍ਰਿੰਞਣ ਭਰਦੇ ਸਨ, ਉਸ ਤ੍ਰਿੰਞਣ ਵਿਚ ਆਉਣ ਵਾਲੀਆਂ ਕੁਵਾਰੀਆਂ ਕੁੜੀਆਂ ਸਾਧੂ ਤੋਂ ਤਾਂਤਰਿਕ ਵਿੱਦਿਆ ਸਿੱਖ ਲੈਂਦੀਆਂ ਹਨ। ਇਨ੍ਹਾਂ ਕੁੜੀਆਂ ਵਿਚੋਂ ਇਕ ਕੁੜੀ ਵਿਆਹੀ ਜਾਂਦੀ ਹੈ। ਉਹ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਮਿਲਣ ਆਉਂਦੀ ਹੈ। ਜਦੋਂ ਉਹ ਵਾਪਸ ਆਪਣੇ ਪਤੀ ਨਾਲ ਸਹੁਰੇ ਘਰ ਜਾ ਰਹੀ ਹੁੰਦੀ ਹੈ, ਰਸਤੇ ਵਿਚ ਦੋ ਚਿੜੀਆਂ ਆਪਣੀ ਮਸਤੀ ਵਿਚ ਮਿੱਟੀ ਵਿਚ ਘੁਲ ਰਹੀਆਂ ਸਨ। ਚਿੜੀਆਂ ਨੂੰ ਘੁਲਦੇ ਦੇਖ ਉਸ ਦੇ ਪਤੀ ਨੇ ਕਿਹਾ ਚਿੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਹਨ ਤਾਂ ਕੁੜੀ ਕਹਿੰਦੀ ਹੈ ਕਿ ਮੈਂ ਇਨ੍ਹਾਂ ਨੂੰ ਮਾਰ ਵੀ ਸਕਦੀ ਹਾਂ। ਇਹ ਦੇਖਦਿਆਂ ਹੀ ਕੁੜੀ ਆਪਣੀ ਸ਼ਕਤੀ ਰਾਹੀਂ ਚਿੜੀਆਂ ਨੂੰ ਮਾਰ ਦਿੰਦੀ ਹੈ। ਇਹ ਦੇਖਕੇ ਉਸਦਾ ਪਤੀ ਨਿਰਾਸ਼ ਹੋ ਜਾਂਦਾ ਹੈ ਤਾਂ ਉਹ ਕੁੜੀ ਫਿਰ ਉਨ੍ਹਾਂ ਚਿੜੀਆਂ ਨੂੰ ਜਿਉਂਦਾ ਕਰ ਦਿੰਦੀ ਹੈ।

ਕੁਝ ਦਿਨਾਂ ਬਾਅਦ ਉਸ ਦਾ ਪਤੀ ਆਪਣੇ ਸਹੁਰੇ ਪਿੰਡ ਆਉਂਦਾ ਹੈ ਅਤੇ ਵਾਪਸੀ ਸਮੇਂ ਵਾਪਰੀ ਸਾਰੀ ਘਟਨਾ ਆਪਣੇ ਸਹੁਰੇ ਨੂੰ ਦੱਸਦਾ ਹੈ। ਇਸ ਤੋਂ ਬਾਅਦ ਕੁੜੀ ਦਾ ਪਰਿਵਾਰ ਸਾਰੀ ਗੱਲ ਦੀ ਜਾਂਚ ਪੜਤਾਲ ਕਰਦਾ ਹੈ। ਜਾਂਚ ਪੜਤਾਲ ਕਰਨ ਤੇ ਪਤਾ ਚਲਦਾ ਹੈ ਕਿ ਹੋਰ ਤ੍ਰਿੰਞਣ ਜਾਣ ਵਾਲੀਆਂ ਵੀ ਇਹ ਤਾਂਤਰਿਕ ਵਿੱਦਿਆ ਜਾਣਦੀਆਂ ਹਨ।ਫਿਰ ਪਿੰਡ ਵਾਸੀਆਂ ਨੇ ਇਕ ਯੋਜਨਾ ਬਣਾਈ, ਪਿੰਡ ਦੀ ਇਕ ਖ਼ਾਲੀ ਥਾਂ ਤੇ ਗੋਲ ਦਾਇਰੇ ਵਿਚ ਮੋਹੜੀਆਂ ਗੱਡੀਆਂ ਗਈਆਂ। ਸਾਰੀਆਂ ਤਾਂਤਰਿਕ ਵਿੱਦਿਆ ਜਾਣਦੀਆਂ ਕੁੜੀਆਂ ਨੂੰ ਇਸ ਘੇਰੇ ਵਿਚ ਬੰਦ ਕਰ ਦਿੱਤਾ। ਬਾਅਦ ਵਿਚ ਮੋਹੜੀਆਂ ਨੂੰ ਅੱਗ ਲਾ ਦਿੱਤੀ ਗਈ। ਕੁਝ ਕੁੜੀਆਂ ਇਸ ਅੱਗ ਵਿਚ ਸੜ ਜਾਂਦੀਆਂ ਹਨ ਅਤੇ ਜੋ ਸ਼ਕਤੀਸ਼ਾਲੀ ਹੁੰਦੀਆਂ ਹਨ, ਉਹ ਉੱਡ ਜਾਂਦੀਆਂ ਹਨ। ਇਹ ਸਾਰੀਆਂ ਪਹਾੜਾਂ ਵਿਚ ਆਪਣਾ ਵਾਸਾ ਕਰ ਲੈਂਦੀਆਂ ਹਨ। ਇਹ ਸੱਤ ਦੇਵੀਆਂ ਦੇ ਰੂਪ ਵਿਚ ਪ੍ਰਸਿੱਧ ਹੋ ਜਾਂਦੀਆਂ ਹਨ। ਇਨ੍ਹਾਂ ਵਿਚ ਨੈਨਾ ਦੇਵੀ, ਜਵਾਲਾ ਜੀ, ਚਿੰਤਪੁਰਨੀ, ਲਾਟਾਂ ਵਾਲੀ, ਚਮੰਡਾ ਦੇਵੀ, ਕਾਂਗੜਾ ਦੇਵੀ, ਤੇ ਵੈਸ਼ਨੂੰ ਦੇਵੀ ਪ੍ਰਸਿੱਧ ਹਨ। ਪੁਰਾਣੇ ਬਜ਼ੁਰਗਾਂ ਇਨ੍ਹਾਂ ਪ੍ਰਸਿੱਧ ਸਥਾਨਾਂ ਤੋਂ ਮਿੱਟੀ ਲਿਆ ਕੇ ਆਪਣੇ ਪਿੰਡ ਵਿਚ ਸਥਾਪਿਤ ਕਰ ਦਿੱਤੀ। ਇੱਥੇ ਮੇਲਾ ਲੱਗਣ ਲੱਗਿਆ ਅਤੇ ਲੋਕ ਇੱਥੇ ਮਿੱਟੀ ਕੱਢਦੇ ਅਤੇ ਪੂਜਾ ਕਰਦੇ ਸਨ। ਪਹਿਲਾਂ ਪਹਿਲ ਇਹ ਮੇਲਾ ਪਿੰਡ ਬਾਹਰ ਨਹਿਰ ਕੰਢੇ ਲੱਗਦਾ ਸੀ। ਇਕ ਥਾਣੇਦਾਰ ਨੇ ਇਹ ਮੇਲਾ ਬੰਦ ਕਰਨ ਦੀ ਘੋਸ਼ਣਾ ਕਰ ਦਿੱਤੀ, ਕਹਿੰਦੇ ਹਨ ਕਿ ਉਸ ਥਾਣੇਦਾਰ ਦੀਆਂ ਉਸ ਸਮੇਂ ਹੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਫਿਰ ਕੋਈ ਸਾਧੂ ਥਾਣੇਦਾਰ ਨੂੰ ਇਹ ਮੇਲਾ ਫਿਰ ਤੋਂ ਲਗਾਉਣ ਦੀ ਸਲਾਹ ਦਿੰਦਾ ਹੈ, ਫਿਰ ਥਾਣੇਦਾਰ ਇਹ ਮੇਲਾ ਸਾਲ ਵਿਚ ਦੋ ਵਾਰ ਲਗਾਉਣ ਦੀ ਘੋਸ਼ਣਾ ਕਰਦਾ ਹੈ ਅਤੇ ਥਾਣੇਦਾਰ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ ਹੈ।

ਉਸ ਸਮੇਂ ਤੋਂ ਹੀ ਇਹ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਅੱਖਾਂ ਨਾਲ ਸੰਬੰਧਿਤ ਬੀਮਾਰੀਆਂ ਜਾਂ ਅੱਖਾਂ ਦੀ ਘੱਟ ਰੋਸ਼ਨੀ ਵਾਲੇ ਲੋਕ ਜੇਕਰ ਸੱਚੇ ਮਨ ਨਾਲ ਮੰਨਤ ਮੰਨਦੇ ਹਨ ਤਾਂ ਮੰਨਿਆਂ ਜਾਂਦਾ ਹੈ ਬੀਬੜੀਆਂ ਮਾਈਆਂ ਉਨ੍ਹਾਂ ਦੀਆਂ ਮੰਨਤਾਂ ਪੂਰੀਆਂ ਕਰਦੀਆਂ ਹਨ। ਇੱਥੇ ਮੰਨਤ ਪੂਰੀ ਹੋਣ ਤੇ ਲੋਕ ਨਮਕ ਅਤੇ ਝਾੜੂ ਚੜਾਉਂਦੇ ਹਨ। ਇਸ ਤੋਂ ਇਲਾਵਾ ਇੱਥੇ ਹੋਰ ਬਹੁਤ ਸਾਰੀਆਂ ਮੰਨਤਾਂ ਮੰਨੀਆਂ ਜਾਂਦੀਆਂ ਹਨ ਅਤੇ ਚੜ੍ਹਾਵੇ ਚੜਾਏ ਜਾਂਦੇ ਹਨ।