ਮੇੜ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੇਤ ਦੀ ਵਾਹੀ ਕਰਨ ਤੋਂ ਪਿਛੋਂ ਖੇਤ ਵਿਚ ਜਿਹੜੇ ਡਲੇ, ਰੋੜੇ ਉਠਦੇ ਹਨ, ਉਨ੍ਹਾਂ ਨੂੰ ਫੇਰਨ ਲਈ, ਭੰਨਣ ਲਈ, ਤੋੜਨ ਲਈ ਲੱਕੜੀ ਦੇ ਬਣੇ ਇਕ ਰੋਲਰ ਜਿਹੇ ਖੇਤੀ ਸੰਦ ਨੂੰ ਮੇੜ੍ਹਾ ਕਹਿੰਦੇ ਹਨ। ਮੇੜ੍ਹਾ ਇਕ ਕਿਸਮ ਦਾ ਲੱਕੜ ਦਾ ਗੋਲ ਸੁਹਾਗਾ ਹੀ ਹੁੰਦਾ ਹੈ। ਮੇੜੇ ਨੂੰ ਬਣਾਉਣ ਲਈ ਇਕ 5/6 ਕੁ ਫੁੱਟ ਲੰਮੀ ਗੋਲੀ ਲਈ ਜਾਂਦੀ ਸੀ। ਇਸ ਗੇਲੀ ਦੇ ਲੰਬਾਈ ਵਾਲੇ ਪਾਸੇ, ਸਾਰੀ ਗੋਲੀ ਉਪਰ, ਹਰ 5/6 ਕੁ ਇੰਚ ਦੀ ਦੂਰੀ ਤੇ 3/4 ਕੁ ਇੰਚ ਚੌੜਾਈ ਤੇ ਮੋਟਾਈ ਵਾਲੇ ਡੰਡੇ ਲਾਏ ਜਾਂਦੇ ਸਨ। ਇਹ ਡੰਡੇ ਹੀ ਡਲਿਆਂ, ਰੋੜਿਆਂ ਨੂੰ ਭੰਨਦੇ, ਤੋੜਦੇ ਸਨ।

ਗੇਲੀ ਦੇ ਦੋਵੇਂ ਸਿਰਿਆਂ ਦੇ ਮੱਥਿਆਂ ਵਿਚ ਇਕ ਇਕ ਪਤਲਾ ਜਿਹਾ ਧੁਰਾ ਫਿੱਟ ਕੀਤਾ ਜਾਂਦਾ ਸੀ। ਇਨ੍ਹਾਂ ਦੋਵਾਂ ਧੁਰਿਆਂ ਵਿਚ 4 ਕੁ ਇੰਚ ਚੌੜੀ, 4 ਕੁ ਇੰਚ ਮੋਟੀ ਤੇ 3 ਕੁ ਫੁੱਟ ਲੰਮੀਆਂ ਲੱਕੜਾਂ ਦੇ ਇਕ ਸਿਰੇ ਨੂੰ ਲੋਹੇ ਦੀ ਪੱਤੀ ਨਾਲ ਚੰਗੀ ਤਰ੍ਹਾਂ ਜੋੜਿਆ ਜਾਂਦਾ ਸੀ। ਇਨ੍ਹਾਂ ਉਪਰ ਲੱਗੀ ਲੱਕੜ ਦੇ ਵਿਚਾਲੇ ਇਕ 7 ਕੁ ਫੁੱਟ ਲੰਮੀ ਲੱਕੜ ਨੂੰ ਪੱਤੀਆਂ ਨਾਲ ਚੰਗੀ ਤਰ੍ਹਾਂ ਫਿੱਟ ਕੀਤਾ ਜਾਂਦਾ ਸੀ। ਇਸ ਲੱਕੜ ਨੂੰ ਹੱਲ ਕਹਿੰਦੇ ਸਨ। ਏਸ ਹੱਲ ਨੂੰ ਬਲਦਾਂ ਦੇ ਗਲ ਪਾਈ ਪੰਜਾਲੀ ਦੇ ਨਾੜਕੇ ਨਾਲ ਜੋੜਿਆ ਜਾਂਦਾ ਸੀ। ਇਸ ਤਰ੍ਹਾਂ ਮੋੜ੍ਹਾ ਬਣਦਾ ਸੀ। ਬਲਦਾਂ ਦੀ ਜੋੜੀ ਮੇੜ੍ਹੇ ਨੂੰ ਖਿੱਚਦੀ ਸੀ। ਮੇੜ੍ਹੇ ਦੇ ਘੁੰਮਣ ਨਾਲ ਡਲੇ, ਰੋੜੇ, ਮੇੜੇ ਹੇਠਾਂ ਆ ਕੇ ਟੁੱਟਦੇ ਰਹਿੰਦੇ ਹਨ। ਹੁਣ ਇਹ ਮੇੜ੍ਹਾ ਸਾਡੀ ਖੇਤੀ ਵਿਚੋਂ ਅਲੋਪ ਹੋ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.