ਮੈਸੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਸੂਰ ਦਾ ਨਾਂ ਮਹਿਖਾਸੁਰ ਨਾਮੀ ਮਿਥਿਹਾਸਕ ਦੈਂਤ ਦੇ ਨਾਂ ’ਤੇ ਪਿਆ ਹੈ ਜਿਸ ਨੂੰ ਦੇਵੀ ਚਮੁੰਡੇਸ਼ਵਰੀ ਦੇਵੀ ਨੇ ਮਾਰਿਆ ਸੀ। ਇਹ ਨੀਮ ਪਹਾੜੀ ਸ਼ਹਿਰ ਹੈ ਜਿਸ ਦੀਆਂ ਪਹਾੜੀਆਂ ਖ਼ਤਰਨਾਕ ਨਾ ਹੋ ਕੇ ਪੂਰੀ ਤਰਾਂ ਰਮਣੀਕ ਹਨ। ਟੀਪੂ ਸੁਲਤਾਨ ਕਾਰਨ ਮਸ਼ਹੂਰ ਮੈਸੂਰ ਕੁਦਰਤ ਦੀ ਗੋਦ ਵਿੱਚ ਵਸਿਆ ਬੜਾ ਸੋਹਣਾ ਅਤੇ ਖੁੱਲ੍ਹਾ-ਡੁੱਲ੍ਹਾ ਸ਼ਹਿਰ ਹੈ। ਇਹ ਕਾਵੇਰੀ ਅਤੇ ਕੰਬਿਨੀ ਨਦੀਆਂ ਦੇ ਵਿਚਕਾਰ ਵੱਸਿਆ ਹੋਇਆ ਹੈ। ਬੰਗਲੌਰ ਤੋਂ ਲਗਭਗ 150 ਕਿਲੋਮੀਟਰ ਦੂਰ ਇਹ ਕਰਨਾਟਕ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਕ੍ਰਿਸ਼ਨਾਰਾਜਾ ਦਾ ਮਹੱਲ[ਸੋਧੋ]

ਮੈਸੂਰ ਵਿਖੇ ਕ੍ਰਿਸ਼ਨਾਰਾਜਾ ਦਾ ਮਹੱਲ ਵੇਖਣਯੋਗ ਹੈ ਜੋ ਇਮਾਰਤਸਾਜ਼ੀ ਦੀ ਅਨੋਖੀ ਮਿਸਾਲ ਹੈ। ਇਹ ਖੁੱਲ੍ਹੀ-ਡੁੱਲ੍ਹੀ ਇਮਾਰਤ ਹੈ। ਇਸ ਦੀ ਸੰਭਾਲ ਵੀ ਬੜੇ ਸਲੀਕੇ ਅਤੇ ਸਖ਼ਤੀ ਨਾਲ ਕੀਤੀ ਜਾ ਰਹੀ ਹੈ। ਫਰਸ਼ ’ਤੇ ਵੀ ਮਨਮੋਹਕ ਨੱਕਾਸ਼ੀ ਅਤੇ ਮੀਨਾਕਾਰੀ ਹੈ। ਮਨਮੋਹਕ ਰੰਗਾਂ ਨਾਲ ਸਜਾਵਟ ਕਰਕੇ ਵੇਲ-ਬੂਟੇ ਪਾਏ ਹੋਏ ਹਨ। ਅੰਦਰੂਨੀ ਭਵਨ ਵਿੱਚ ਉੱਚੇ ਗੋਲ ਥੰਮਲਿਆਂ ਦੇ ਸਹਾਰੇ ਕਲਾ ਦਾ ਆਨੰਦ ਮਾਨਣ ਲਈ ਜਗ੍ਹਾ ਬਣੀ ਹੋਈ ਹੈ। ਛੱਤ ਦੇ ਵਿਚਕਾਰ ਸ਼ਾਨਦਾਰ ਫਾਨੂਸ ਲਟਕ ਰਿਹਾ ਹੈ। ਕੋਈ ਭਾਗ ਸੁਨਹਿਰੀ ਲਪਟਾਂ ਛੱਡਦਾ ਪ੍ਰਤੀਤ ਹੁੰਦਾ ਹੈ ਅਤੇ ਕੋਈ ਹਰਿਆਲੀ ਬਿਖੇਰਦਾ। ਲੱਕੜ ਦੇ ਦਰਵਾਜ਼ਿਆਂ ’ਤੇ ਮੀਨਾਕਾਰੀ ਕਲਾ ਦੀ ਮੂੰਹ ਬੋਲਦੀ ਤਸਵੀਰ ਹੈ। ਦੀਵਾਨ-ਏ-ਆਮ ਦੀ ਝਲਕ ਪੇਸ਼ ਕਰਦੇ ਖੁੱਲ੍ਹੇ ਹਾਲ ਦੀ ਛੱਤ ਬਿਨਾਂ ਥੰਮਾਂ ਤੋਂ ਡਾਟਾਂ ਪਾ ਕੇ ਕੰਧਾਂ ਦੇ ਸਹਾਰੇ ਖੜੀ ਹੈ। ਜਗ੍ਹਾ-ਜਗ੍ਹਾ ਹੇਠਾਂ ਤੋਂ ਲੈ ਕੇ ਛੱਤ ਤਕ ਸ਼ੀਸ਼ੇ ਲੱਗੇ ਹੋਏ ਹਨ। ਰਾਜੇ ਦੇ ਖਾਨਦਾਨ ਦੀਆਂ ਤਸਵੀਰਾਂ ਨਾਲ ਕੰਧਾਂ ਨੂੰ ਸਜਾਇਆ ਗਿਆ ਹੈ।

ਸੱਭਿਆਚਾਰਕ ਰਾਜਧਾਨੀ[ਸੋਧੋ]

ਵਿਜੈ ਨਗਰ ਦੇ ਵੁਡਿਆਰ ਪਰਿਵਾਰ ਤੋਂ ਲੈ ਕੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੇ ਸ਼ਾਸਨ ਵਿੱਚ ਰਹਿਣ ਵਾਲਾ ਮੈਸੂਰ ਮਹੱਲਾਂ, ਕਲਾ-ਕ੍ਰਿਤਾਂ ਅਤੇ ਪ੍ਰਸਿੱਧ ਦੁਸਹਿਰਾ ਮੇਲੇ ਕਾਰਨ ਕਰਨਾਟਕ ਦੀ ਸੱਭਿਆਚਾਰਕ ਰਾਜਧਾਨੀ ਕਹਾਉਂਦਾ ਹੈ। ਯੂਨੀਵਰਸਿਟੀ ਆਫ਼ ਮੈਸੂਰ ਇੱਥੇ ਹੀ ਸਥਿਤ ਹੈ। ਇਹ ਬੰਗਲੌਰ ਤੋਂ ਬਾਅਦ ਸਾਫਟਵੇਅਰ ਅਤੇ ਸਿੱਖਿਆ ਦਾ ਦੂਜਾ ਵੱਡਾ ਕੇਂਦਰ ਹੈ।

ਚਮੁੰਡੀ ਹਿੱਲਜ਼[ਸੋਧੋ]

ਚਮੁੰਡੀ ਹਿੱਲਜ਼ ਦਾ ਆਪਣਾ ਵੱਖਰਾ ਨਜ਼ਾਰਾ ਹੈ। ਉੱਪਰ ਜਾਣ ਲਈ ਖੁੱਲ੍ਹੀ ਸੜਕ ਕਈ ਜਗ੍ਹਾ ’ਤੇ ਤਾਂ ਦੂਹਰੀ ਬਣਾਈ ਹੋਈ ਹੈ। ਸਾਰੀ ਸੜਕ ਦੋ-ਢਾਈ ਫੁੱਟ ਉੱਚੀ ਹੈ। ਰਸਤੇ ਵਿੱਚ ਰੁਕ ਕੇ ਪੂਰੇ ਮੈਸੂਰ ਨੂੰ ਨਿਹਾਰਿਆ ਜਾ ਸਕਦਾ ਹੈ। ਸਿਖਰ ’ਤੇ ਮੰਦਰ ਹੈ ਅਤੇ ਛੋਟਾ ਜਿਹਾ ਬਾਜ਼ਾਰ ਵੀ। ਕੁ ਘਰ ਵੀ ਹਨ ਜਿਨ੍ਹਾਂ ਕਰਕੇ ਸੁੰਨਾਪਣ ਨਹੀਂ ਸਗੋਂ ਵਧੀਆ ਰੌਣਕ ਜਿਹੀ ਹੈ।

ਬ੍ਰਿੰਦਾਵਣ ਗਾਰਡਨਜ਼[ਸੋਧੋ]

ਇਹ ਸ਼ਹਿਰ ਤੋਂ ਪਾਸੇ ਕੁਦਰਤ ਦੀ ਗੋਦ ਵਿੱਚ ਡੈਮ ਦੇ ਕੰਢੇ ਬਣਿਆ ਹੋਇਆ ਖ਼ੂਬਸੂਰਤ ਬਾਗ਼ ਹੈ। ਫੁਹਾਰੇ ਅਤੇ ਪਾਣੀ ਦਾ ਵਹਾਅ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾਉਂਦਾ ਹੈ। ਰਾਤ ਸਮੇਂ ਰੰਗ-ਬਰੰਗੀਆਂ ਰੋਸ਼ਨੀਆਂ ਇਸ ਨੂੰ ਚਾਰ ਚੰਨ ਲਾਉਂਦੀਆਂ ਹਨ।

ਬੰਗਲੌਰ ਦਾ ਦਿਲ[ਸੋਧੋ]

ਬੰਗਲੌਰ ਦਾ ਦਿਲ ਜੇ ਰੋਡ, ਮੈਜਿਸਟਿਕ ਰੋਡ, ਸੈਂਟਰਲ ਮਾਰਕੀਟ ਅਤੇ ਐਮ ਰੋਡ ਪੋਸ਼ ਇਲਾਕੇ ਹਨ। ਸਭ ਸਾਈਨ ਬੋਰਡ ਉਨ੍ਹਾਂ ਦੀ ਮਾਤ ਭਾਸ਼ਾ ਕੰਨੜ ਅਤੇ ਅੰਗਰੇਜ਼ੀ ਵਿੱਚ ਸਨ। ਬੱਸਾਂ ਦੇ ਰੂਟ ਤਾਂ ਸਿਰਫ਼ ਕੰਨੜ ਵਿੱਚ ਸਨ।