ਸਮੱਗਰੀ 'ਤੇ ਜਾਓ

ਮੱਧਕਾਲ ਦੇ ਅਣਗੌਲੇ ਕਿੱਸਾਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿੱਸਾ ਉਹ ਲੰਮੀ ਕਵਿਤਾ ਹੈ ਜਿਸ ਵਿੱਚ ਕਿਸੇ ਨਾਇਕ ਤੇ ਨਾਇਕਾ ਦੀ ਪ੍ਰੇਮ ਕਥਾ ਜਾਂ ਬੀਰਤਾ ਦਾ ਸੁਵਿਸਥਾਰ ਵਰਣਨ ਕੀਤੀ ਹੋਵੈ।" ਪੰਜਾਬੀ ਦੇ ਕਿੱਸੇ ਚਾਰ ਪ੍ਰਕਾਰ ਦੇ ਹਨ

  • ਰੁਮਾਂਟਿਕ
  • ਇਸ਼ਕੀਆਂ
  • ਧਾਰਮਿਕ, ਬੀਰ ਰਸੀ
  • ਵਾਰਾਂ

ਮੱਧਕਾਲ ਯੁਗ ਤੋਂ ਹੀ ਸਮਾਜ ਵਿੰਚ ਅਨੇਕਾਂ ਇਸ਼ਕ, ਪਿਆਰ ਤੇ ਮਹੁੱਬਤ ਨਾਲ ਸੰਬੰਧਿਤ ਕਹਾਣੀਆਂ ਵਾਪਰੀਆਂ। ਜਿਸ ਦੇ ਅਧਾਰ `ਤੇ ਗੁਰਮਤਿ ਕਾਵਿ ਵਿੱਚ ਰੱਬੀ ਇਸ਼ਕ ਦੀ ਗੱਲ ਕੀਤੀ ਗਈ। ਸੂਫੀ ਕਾਵਿ ਵਿੱਚ ਮੁਰਸ਼ਦ ਨਾਲ ਪ੍ਰੇਮ ਦੀ ਗਾਥਾ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਹੀ ਉਸੇ ਸਮਾਜ ਵਿਚਲੀਆਂ ਨਾਇਕ-ਨਾਇਕਾਵਾਂ ਦੇ ਪਿਆਰ ਤੇ ਵੀਰਤਾ ਦੇ ਕਿੱਸਿਆਂ ਨੂੰ ਕਿੱਸਾ ਕਾਵਿ ਵਿੱਚ ਸ਼ਾਮਿਲ ਕੀਤਾ ਗਿਆ। ਇਹ ਪ੍ਰਸਿੱਧ ਕਿੱਸੇ ਤੇ ਕਿੱਸਾਕਾਰ ਹਨ- ਹੀਰ (ਵਾਰਿਸ), ਸੱਸੀ (ਹਾਸ਼ਮ), ਸੋਹਣੀ (ਫਜ਼ਲਸ਼ਾਹ), ਮਿਰਜ਼ਾ ਸਾਹਿਬਾਂ (ਪੀਲੂ), ਪੂਰਨ (ਕਾਦਰ ਯਾਰ), ਸ਼ਾਹ ਬਹਿਰਾਮ (ਇਮਾਮ ਬਖ਼ਸ), ਸੈਫੂਲ ਮਲੂਕ (ਮਹੁੰਮਦ ਬਖ਼ਸ), ਯੂਸਫ਼ ਜੁਲੈਖਾ (ਗੁਲਾਮ ਰਸੂਲ)। ਇਸਤੋਂ ਇਲਾਵਾ ਹੋਰ ਵੀ ਅਨੇਕਾਂ ਕਿੱਸੇ ਰਚੇ ਗਏ। ਪਰੰਤੂ ਇਨ੍ਹਾਂ ਕਿੱਸਾਕਾਰਾਂ ਨੁੰ ਬਹੁਤੀ ਪ੍ਰਸਿੱਧਤਾ ਹਾਸਿਲ ਨਾ ਹੋਈ। ਇਨ੍ਹਾਂ ਅਣਗੌਲੇ ਕਿੱਸਾਕਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ ਹੋਰ ਕਿੱਸਾਕਾਰ[1]

ਸਦੀਕ ਲਾਲੀ

[ਸੋਧੋ]

ਸਦੀਕ ਲਾਲੀ ਨੇ ਯੂਸਫ਼ ਜੁਲੈਖਾਂ ਦਾ ਕਿੱਸਾ ਲਿਖਿਆ, ਜਿਸ `ਚ ਅਰਬੀ ਫ਼ਾਰਸੀ ਦਾ ਰੰਗ ਬੜਾ ਗੂੜ੍ਹਾ ਹੈ। ਮੀਆਂ ਮਹੁੰਮਦ ਬਖ਼ਸ ਸਦੀਕ ਲਾਲੀ ਬਾਰੇ ਲਿਖਦਾ ਹੈ:- ਹਿੱਕ ਸਦੀਕ ਕਹਾਵੇ ਲਾਲੀ, ਮਰਦ ਭਲਾ ਕੋਈ ਹੋਇਆ। ਮੇਹਤਰ ਯੂਸਫ਼ ਦਾ ਸੇਹਰਾ, ਚੁਣ ਕੇ ਫੁਲ ਪਰੋਇਆ।

ਮੀਆਂ ਚਿਰਾਗ

[ਸੋਧੋ]

ਮੀਆਂ ਚਿਰਾਗ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ। ਕਿੱਸੇ ਵਿੱਚ ਬਹੁਤਾ ਵਿਸਥਾਰ ਨਹੀਂ ਅਤੇ ਨਾ ਹੀ ਦਮੋਦਰ ਜਾਂ ਅਹਿਮਦ ਵਾਂਗ ਵੇਰਵੇ ਦਿੱਤੇ ਹਨ, ਪਰ ਤਾਂ ਵੀ ਉਹ ਕਿੱਸਾ ਹਰ ਪੱਖੋਂ ਸੰਪੂਰਨ ਹੈ।

ਜੋਗ ਸਿੰਘ

[ਸੋਧੋ]

ਇਸ ਨੇ ਵੀ ਹੀਰ ਲਿਖੀ। ਇਸ ਦੀ ਕਵਿਤਾ ਵਿੱਚ ਨਿਰੋਲ ਭਾਰਤੀ ਰੰਗਣ ਹੈ। ਇਹ ਰਚਨਾ 260 ਕਬਿਤਾਂ ਵਿੱਚ ਹੈ। ਇਹ ਕਿੱਸਾ ਕਿਸੇ ਇਸ਼ਕ ਦਾ ਨਹੀਂ, ਸਗੋਂ ਪ੍ਰਚਲਿਤ ਸਦਾਚਾਰਕ ਕੀਮਤਾਂ ਦਾ ਧਾਰਨੀ ਹੈ। ਪੰਜ ਪੀਰ ਵੀ ਹੀਰ ਰਾਂਝੇ ਨੂੰ ਨੇਕੀ ਤੇ ਬੰਦਗੀ ਦੀ ਸਲਾਹ ਦਿੰਦੇ ਹਨ।

ਹਰੀਆ (ਹਰੀ ਦਾਸ)

[ਸੋਧੋ]

ਇਸ ਕਵੀ ਰਚਿਤ ਇੱਕ ਪੁਰਾਤਨ ਗ੍ਰੰਥ ਪ੍ਰੋ. ਪ੍ਰੀਤਮ ਕੋਲ ਪਿਆ ਹੈ, ਜਿਸ ਦੀ ਬਣਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਹੈ। ਆਪ ਸੋਢੀ ਮਿਹਰਬਾਨ ਦੇ ਸਪੁੱਤਰ ਸਨ। ਇਹ ਕ੍ਰਿਤ 17 ਵੀਂ ਸਦੀ ਦੀ ਜਾਪਦੀ ਹੈ। ਇਸ ਵਿੱਚ ਹੀਰ ਸੰਬੰਧੀ ਦੋ ਰਚਨਾਵਾਂ ਸ਼ਾਮਿਲ ਹਨ। ਸਲੋਕ ਹੀਰ ਦੇ ਮਾਝ ਹੀਰ ਕੀ।ਹਰੀਆ ਦੀ ਬਾਣੀ ਪੜ੍ਹ ਕੇ ਇਹ ਸਿੱਧ ਹੁੰਦਾ ਹੈ ਕਿ ਉਦੋਂ ਹੀਰ ਤੇ ਰਾਂਝਾ ਅਧਿਆਤਮਕ ਕਵੀਆਂ ਦਾ, ਪ੍ਰਭੂ ਪਿਆਰ ਲਈ ਮਾਧਿਅਮ ਬਣ ਗਏ ਸਨ।

ਕਿਸ਼ਨ ਸਿੰਘ ਆਰਿਫ਼ (1836-1900)

[ਸੋਧੋ]

ਕਿਸ਼ਨ ਸਿੰਘ ਆਰਿਫ਼ ਪਰੰਪਰਾਈ ਕਾਲ ਦਾ ਇੱਕ ਉਸਤਾਦ ਕਵੀ ਹੈ। ਇਸਦਾ ਜਨਮ 1836 ਈ. ਵਿੱਚ ਭਾਈ ਨਰੈਣ ਸਿੰਘ ਦੇ ਘਰ ਅੰਮ੍ਰਿਤਸਰ ਸ਼ਾਹਿਰ ਵਿੱਚ ਹੋਇਆ। ਕਾਦਰਯਾਰ ਦੀ ਪੈੜ ਤੇ ਚਲਦਿਆਂ, ਠੇਠ ਮੁਹਾਵਰੇਦਾਰ ਬੋਲੀ ਵਿੱਚ ‘ਪੂਰਨ ਭਗਤ` ਦਾ ਕਿੱਸਾ ਲਿਖ ਕੇ ਕਾਦਰਯਾਰ ਨੂੰ ਮਾਤ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਸਫ਼ਲ ਨਾ ਹੋਇਆ। ‘ਪੂਰਨ ਭਗਤ` ਤੋਂ ਇਲਾਵਾ ਇਸਨੇ ਹੀਰ ਰਾਂਝਾ, ਸ਼ੀਰੀ ਫਰਿਹਾਦ, ਰਾਜਾ ਭਰਥਰੀ, ਰਾਜਾ ਰਸਾਲੂ, ਦੁੱਲਾ ਭੱਟੀ ਆਦਿ ਕਿੱਸੇ ਲਿਖੇ ਹਨ।

ਕਾਲੀਦਾਸ ਗੁਜਰਾਂਵਾਲੀਆਂ (1882-1944)

[ਸੋਧੋ]

ਕਾਲੀਦਾਸ ਗੁਜਰਾਂਵਾਲੀਆਂ ਦੂਜਾ ਕਵੀ ਹੈ। ਜਿਸਨੇ ਪੂਰਨ ਭਗਤ ਦੇ ਕਿੱਸੇ ਰਾਹੀ ਪ੍ਰਸਿੱਧੀ ਪ੍ਰਾਪਤ ਕੀਤੀ। ਆਪ ਦਾ ਜਨਮ 1882 ਈ. ਵਿੱਚ ਇੱਕ ਹਿੰਦੂ ਘਰਾਣੇ ਵਿੱਚ ਹੋਇਆ। ਕਿੱਸੇ ਦੀ ਬੋਲੀ ਸ਼ੁੱਧ ਤੇ ਠੇਠ ਪੰਜਾਬੀ ਹੈ, ਜਿਸ ਵਿੱਚ ਸੰਸਕ੍ਰਿਤੀ ਪ੍ਰਾਕ੍ਰਿਤ ਦੇ ਦਰਸ਼ਨ ਦੀ ਸਿਧਾਂਤਕ ਸ਼ਬਦਵਲਲੀ ਰਾਹੀ ਕਰਮ, ਗਿਆਨ ਤੇ ਆਵਾਗਵਨ ਦੀ ਚਰਚਾ ਦਾ ਜ਼ਿਕਰ ਵੀ ਆ ਗਿਆ ਹੈ। ਉਸਨੇ ਬਹੁਮੁੱਖੀ ਛੰਦਾਂ ਦੀ ਤੇ ਕਾਵਿ ਰੂਪ ਦੀ ਵਰਤੋਂ ਰਚਨਾ ਵਿੱਚ ਕੀਤੀ ਹੈ।[2]

ਹਾਜੀ ਨੂਰ ਮਹੁੰਮਦ ਸਾਹਿਬ

[ਸੋਧੋ]

ਆਪ ਸ਼ੇਰਗੜ (ਸਿੰਧ) ਦੇ ਵਸਨੀਕ ਸਨ। ਆਪ ਨੇ ਇੱਕ ਮੁਖ਼ਤਸਰ ਜਿਹਾ ਰਸਾਲਾ ਲਿਖਿਆ ਹੈ। ਜਿਸ ਵਿੱਚ ਮੁਰਦੇ ਦੇ ਕਫ਼ਨ, ਦਫ਼ਨ ਅਤੇ ਦੁਆ ਆਦਿ ਦੇ ਮਸਲੇ ਬਿਆਨ ਕੀਤੇ ਗਏ ਹਨ। ਮਈਅਤਨਾਮਾ 1140 ਹਿ: ਦੀ ਲਿਖਤ ਹੈ।

ਲਾਲ ਸੁੰਦਰ ਦਾਸ ਆਰਾਮ

[ਸੋਧੋ]

ਉਪਨਾਮ ਆਰਾਮ, ਸ. ਕਰਮ ਸਿੰਘ ਹਿਸਟੋਰੀਓਨ ਨੇ ਆਪ ਦਾ ਨਾਂ ਸੀਤਾ ਰਾਮ ਲਿਖਿਆ ਦੱਸਿਆ ਹੈ, ਆਪ ਮੀਰ ਮਨੂੰ ਦੇ ਸਮੇਂ ਹੋਏ। ਆਪ ਨੇ ਮਸਨਵੀਂ ਹੀਰ ਰਾਂਝਣ ਫ਼ਾਰਸੀ ਬੋਲੀ ਵਿੱਚ ਲਿਖਿਆ। ਆਪ ਫ਼ਾਰਸੀ ਦੇ ਉਸਤਾਦ ਤੋਂ ਇਲਾਵਾ ਪੰਜਾਬੀ ਦੇ ਉੱਚ ਚੋਟੀ ਕਵੀ ਸਨ। ਆਪ ਨੇ ਪੰਜਾਬੀ ਵਿੱਚ ਕਿੱਸਾ ਸੱਸੀ ਪੁੰਨੂੰ ਵੀ ਲਿਖਿਆ।

ਮੋਲਾ ਸ਼ਾਹ ਮਜੀਠਵੀਂ

[ਸੋਧੋ]

ਮੌਲਾ ਸ਼ਾਹ ਦੇ ਜੀਵਨ ਬਾਰੇ ਬਹੁਤ ਘੱਟ ਵਾਕਫ਼ੀਅਤ ਪ੍ਰਾਪਤ ਹੋਈ ਹੈ, ਪਰ ਉਸਦੀ ਇੱਕ ਰਚਨਾ ਹੀਰ ਰਾਂਝਾ ਦੇ ਨਮੂਨੇ ਪ੍ਰਾਪਤ ਹੋਏ ਹਨ। ਉਸਨੇ ਕਿੱਸਾ ਸੱਸੀ ਪੁੰਨੂੰ ਤੇ ਮਿਰਜ਼ਾ ਸਾਹਿਬਾ ਵੀ ਲਿਖੇ ਜੋ ਛਪੇ ਮਿਲਦੇ ਹਨ।

ਮੀਆਂ ਮਹੁੰਮਦ ਬੂਟਾ

[ਸੋਧੋ]

ਆਪ ਗੁਜਰਾਤ ਦੇ ਮਸ਼ਹੂਰ ਕਵੀ ਸੀ। ਆਪਨੇ ਸੱਸੀ ਪੁੰਨੂੰ ਮਿਰਜ਼ਾ ਸਾਹਿਬਾ, ਸੋਹਣੀ ਮਾਹੀਵਾਲ ਤੇ ਬਾਰਾਮਾਹ ਵੀ ਲਿਖੇ। ਆਮ ਲੋਕਾਂ ਵਿੱਚ ਬਹੁਤ ਮਸ਼ਹੂਰ ਤੇ ਲੋਕ ਪ੍ਰਿਯ ਕਵੀ ਸੀ।

ਸੰਤ ਦਿੱਤਾ ਰਾਮ (ਗਿਆਨੀ ਦਿੱਤ ਸਿੰਘ)

[ਸੋਧੋ]

ਸੰਤ ਦਿੱਤਾ ਰਾਮ ਦਾ ਜਨਮ 1850 ਈ. ਵਿੱਚ ਪਿਤਾ ਸੰਤ ਦੀਵਾਨ ਸਿੰਘ ਦੇ ਘਰ ਪਿੰਡ ਆਨੰਦਪੁਰ ਕਲੌੜ ਵਿੱਚ ਹੋਇਆ। ਸੰਤ ਜੀ ਜਾਤ ਦੇ ਰਵੀਦਾਸੀ ਸਨ। ਉਨ੍ਹਾਂ ਦੀਆਂ ਗੁਰੂ ਘਰ ਨਾਲ ਸੰਬੰਧਿਤ ਰਚਨਾਵਾਂ ਬੜੀਆਂ ਪ੍ਰਮਾਣਿਕ ਹਨ। ਹਿੰਦੀ ਵਿੱਚ ਵੀ ਰਚਨਾ ਕੀਤੀ। ਆਪ ਨੇ ਇੱਕੋ ਇੱਕ ਕਿੱਸਾ ਸ਼ੀਰੀ ਫਰਹਾਦ ਲਿਖਿਆ।

ਕਵੀ ਸਦਾ ਰਾਮ

[ਸੋਧੋ]

ਕਵੀ ਸਦਾ ਰਾਮ ਨੂੰ ਲੋਕ ਸਾਧੂ ਵੀ ਕਹਿੰਦੇ ਹਨ। ਆਪ ਦਾ ਜਨਮ 1761 ਈ. ਪਿੰਡ ਗੰਧੀਲੀ (ਸਿਰਸਾ) ਵਿੱਚ ਹੋਇਆ। ਉਹ ਜਾਤ ਦਾ ਜੱਟ ਸੀ, ਬਹੁਤਾ ਸਮਾਂ ਦਮਦਮਾ ਸਾਹਿਬ (ਤਲਵੰਡੀ ਸਾਬੋ) ਰਿਹਾ। ਉਨ੍ਹਾਂ ਦੀਆਂ ਰਚਨਾਵਾਂ ਹਨ। ਸੋਹਣੀ ਮਾਹੀਵਾਲ, ਸੱਸੀ ਪੁੰਨੂੰ, ਸੂਮਨਾਮਾ, ਰਾਜਰਿਸ਼ੀ ਪ੍ਰਹਲਾਦ ਭਗਤ, ਬਾਰਾਮਾਹ ਪ੍ਰਹਲਾਦ ਭਗਤ ਤੇ ਦਮਦਮੇ ਸਾਹਿਬ ਦਾ ਫਲ।

ਦੌਲਤ ਰਾਮ

[ਸੋਧੋ]

ਦੌਲਤ ਰਾਮ ਦਾ ਜੀਵਨ ਕਾਲ 1880 ਤੋਂ 1935 ਈ. ਹੈ। ਪਿਤਾ ਦਾ ਨਾ ਸਾਹਿਬ ਦਿੱਤਾ ਸੀ ਜ਼ੋ ਕਿ ਰਾਮਗੜ੍ਹ ਦਾ ਨਿਵਾਸੀ ਸੀ। ਆਪ ਨੇ ਸਭ ਤੋਂ ਪਹਿਲਾ ਕਿੱਸਾ ਰੂਪ ਬਸੰਤ ਲਿਖਿਆ। ਇਸ ਤੋਂ ਇਲਾਵਾ ਰਾਜਾ ਰਸਾਲੂ ਗੋਪੀ ਚੰਦ ਅਤੇ ਹਰੀ ਚੰਦ ਕਿੱਸੇ ਵੀ ਲਿਖੇ। ਇਨ੍ਹਾਂ ਕਿੱਸਿਆਂ ਦੀ ਸੱਭਿਆਚਾਰਕ ਮਹੱਤਤਾ ਬੜੀ ਪਛਾਣਨ ਯੋਗ ਹੈ। ਇਸ ਤੋਂ ਇਲਾਵਾ ਹਾਮਦ ਸ਼ਾਹ ਅੱਬਾਸੀ, ਵਿਧਾਤਾ ਸਿੰਘ ਤੀਰ, ਧਨੀ ਰਾਮ ਚਾਤ੍ਰਿਕ ਵੀ ਕਿੱਸਾਕਾਰ ਹੋਏ। ਇਨ੍ਹਾਂ ਦੁਆਰਾ ਬਹੁਤ ਸਾਰੇ ਕਿੱਸਿਆ ਦੀ ਰਚਨਾ ਕੀਤੀ ਗਈ ਪਰ ਇਨ੍ਹਾਂ ਦੇ ਨਾਂ ਵੀ ਅਣਗੌਲੇ ਰੂਪ ਵਿੱਚ ਮਿਲਦੇ ਹਨ। ਸਿੱਟਾ ਉਪਰੋਕਤ ਵਿਆਖਿਆ ਦੇ ਅਧਾਰ `ਤੇ ਇਹ ਕਿਹਾ ਜਾ ਸਕਦਾ ਹੈ ਕਿ ਮੱਧਕਾਲ ਤੋਂ ਹੀ ਕਿੱਸਿਆਂ ਦੀ ਪ੍ਰੰਪਰਾ ਸ਼ੁਰੂ ਹੋਈ। ਇਨ੍ਹਾਂ ਕਿੱਸਿਆਂ ਦੀ ਬਹੁ ਗਿਣਤੀ ਹੋਣ ਕਰਕੇ ਬਹੁਤੇ ਕਵੀਆਂ/ਕਿੱਸਾਕਾਰਾਂ ਬਾਰੇ ਜਾਂ ਕਿੱਸਿਆਂ ਬਾਰੇ ਬਹੁਤ ਘੱਟ ਪ੍ਰਮਾਣ ਮਿਲੇ ਜੋ ਕਿ ਬਹੁਤ ਪ੍ਰਸਿੱਧ ਨਾ ਹੋ ਸਕੇ ਤੇ ਅਣਗੋਲੇ ਰੂਪ ਵਿੱਚ ਰਹਿ ਗਏ। ਪਰੰਤੂ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਇਸ ਕਾਲ ਵਿੱਚ ਕਿੱਸਾ ਕਾਵਿ ਦੀ ਪ੍ਰੰਪਰਾ ਵਿਕਾਸ ਦੇ ਮਾਰਗ ਤੇ ਪਹੁੰਚੀ। ਇਹੋ ਕਾਰਨ ਹੈ ਕਿ ਆਗਾਮੀ ਕਾਲਾਂ ਵਿੱਚ ਪੰਜਾਬੀ ਕਿੱਸਾ ਕਾਵਿ ਦੀ ਭਰਪੂਰ ਮਾਤਰਾ ਵਿੱਚ ਰਚਨਾ ਹੋਈ।[3]

ਹਵਾਲੇ

  1. ਪੂਨੀ, ਬਲਬੀਰ ਸਿੰਘ, ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ-ਰੂਹੀ ਪ੍ਰਕਾਸ਼ਨ 26, ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ 143002, ਸੰਨ- 2006.
  2. ਕਾਂਗ, ਅਮਰਜੀਤ ਸਿੰਘ, ਪੰਜਾਬੀ ਕਿੱਸੇ-ਵੈੱਲਵਿਸ਼ ਪਬਲਿਸ਼ਰਜ਼, ਪੀਤਮਪੁਰਾ, ਦਿੱਲੀ 110034, ਸੰਨ- 1947.
  3. ਡਾ. ਪਰਮਿੰਦਰ ਸਿੰਘ, ਲਾਂਬਾ, ਡਾ. ਗੋਬਿੰਦ ਸਿੰਘ, ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ-ਲਾਹੌਰ ਬੁੱਕ ਸ਼ਾਪ 2-ਲਾਜਪਤ ਰਾਹੈ ਮਾਰਕੀਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ।