ਯਹੀਆ ਲਬਾਬਿਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਯਹਿਆ ਲਬਾਬਿਦੀ ਇੱਕ ਸਮਕਾਲੀ ਯੂਨਾਨੀ-ਅਮਰੀਕੀ ਕਵੀ ਹੈ, ਜਿਹੜਾ ਆਪਣੇ ਛੋਟੇ-ਛੋਟੇ ਸਾਰ-ਗਰਭਿਤ ਸੂਤਰਾਂ ਕਰ ਕੇ ਵੀ ਜਾਣਿਆ ਜਾਂਦਾ ਹੈ। ਯਹਿਆ ਲਬਾਬਿਦੀ ਦਾ ਜਨਮ 1973 ਈਸਵੀ ’ਚ ਹੋਇਆ ਸੀ। ਉਸ ਦੀਆਂ ਰਚਨਾਵਾਂ ਵਰਲਡ ਲਿਟਰੇਚਰ ਟੂਡੇ,ਸਿਮਾਰੋਨ ਰੀਵਿਊ ਅਤੇ ਫਿਲਾਸਫੀ ਨਾਊ ਵਰਗੇ ਪ੍ਰਕਾਸ਼ਨਾਂ ਦਾ ਹਿੱਸਾ ਰਹੀਆਂ ਨੇ। 2008 ਵਿੱਚ ਛਪੀ ਉਸ ਦੀ ਪਹਿਲੀ ਕਿਤਾਬ ਸਾਈਨਪੋਸਟ ਟੂ ਐਲਸਵੇਅਰ ਨੂੰ ਦਾ ਇਨਡੀਪੈਨਡੰਟ (ਯੂ.ਕੇ) ਵੱਲੋਂ ਸਾਲ ਦੀ ਬੇਹਤਰੀਨ ਕਿਤਾਬ ਚੁਣਿਆ ਗਿਆ। ਫ਼ੀਵਰ ਡ੍ਰੀਮਜ਼ ਅਤੇ ਟ੍ਰਾਇਲ ਬਾਇ ਇੰਕ: ਫ਼੍ਰਾਮ ਨੀਤਸ਼ੇ ਟੂ ਬੈਲੇ ਡਾਂਸਿੰਗ ਉਸ ਦੀਆਂ ਸੱਜਰੀਆਂ ਰਚਨਾਂਵਾਂ ਹਨ। "ਫ਼ੀਵਰ ਡ੍ਰੀਮਜ਼" ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ ਤੇ "ਟ੍ਰਾਇਲ ਬਾਇ ਇੰਕ: ਫ਼੍ਰਾਮ ਨੀਤਸ਼ੇ ਟੂ ਬੈਲੇ ਡਾਂਸਿੰਗ" ਸਾਹਿਤਕ ਅਤੇ ਸਭਿਆਚਾਰਕ ਲੇਖਾਂ ਦਾ ਸੰਕਲਨ ਹੈ। ਯਹਿਆ ਲਬਾਬੀਦੀ ਦੀ ਰਚਨਾਵਾਂ ਨੂੰ ਹੁਣ ਤੱਕ ਅਰਬੀ, ਤੁਰਕੀ, ਡੱਚ, ਸਵੀਡਿਸ਼, ਸਲੋਵਾਕ ਅਤੇ ਇਤਾਲਵੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ।


ਲਬਾਬਿਦੀ ਦੀ ਇੱਕ ਕਵਿਤਾ ਦਾ ਪੰਜਾਬੀ ਰੂਪ:

ਕਿਹੇ ਖ੍ਵਾਬ ਵੇਖਦੇ ਨੇ ਜਾਨਵਰ ?

ਕੀ ਉਹ ਦੇਖਣ ਸੁਫ਼ਨੇ ਪਿਛਲੇ ਜਨਮਾਂ ਦੇ,
ਖ੍ਵਾਬ ਜੋ ਰਹੇ ਅਣਜੀਵੇ, ਇੰਨੇ ਇਨਸਾਨੀ ਕਿ
ਕਹੀਏ ਕੀ ਤੇ ਵਹਿਸ਼ੀ ਇੰਨੇ ਕਿ ਯਕੀਨ ਨਾ
ਆਵੇ ?

ਕੀ ਉਹ ਤੀਂਘਣ ਗੂੜੀ ਨੀਂਦੇ
ਫ਼ੜਣ ਨੂੰ ਉਸਨੂੰ,
ਜੋ ਤਿਲਕ-ਤਿਲਕ ਜਾਵੇ
ਦਿਨ ਦੀਆਂ ਉੰਗਲਾਂ ’ਚੋਂ ?

ਕੀ ਗੁਝੀਆਂ ਨ੍ਹੇਰੇ ਕੱਜੀਆਂ ਕੰਨਸੋਹਾਂ
ਲਿਸ਼ਕਾਉਣ ਉੱਥੇ ਆਪਣੀਆਂ
ਬੇਖ੍ਵਾਬ ਹੋਈਆਂ ਘੜੀਆਂ ?

ਕੀ ਜਿੰਨ ਪਛਤਾਵਿਆਂ ਦੇ
ਚੁੰਬੜੇ ਉਨ੍ਹਾ ਨੂੰ ? ਕੀ ਲੈ
ਉਂਘਲਾਉਂਦੇ ਸ਼ੁਕਰਾਨੇ
ਉਹ ਜਾਣ ਮੋਇਆਂ ਦੇ ਬੂਹੇ ?

ਜਾਂ ਗੁਨਾਹ ਉਨ੍ਹਾ ਦੇ ਖੁਣੇ ਬੇਬੂਝ
ਚੁਭਵੀਆਂ ਲਕੀਰਾਂ ’ਚ ਮਾਰਣ
ਗੇੜੇ ਦਰਾਂ ’ਤੇ ਉਨ੍ਹਾ ਦੇ ?

ਕੀ ਉਹ ਖੁਰਕਣ ਮੁੜ-ਮੁੜ
ਖਰੀਂਡ ਪੁਰਾਣੇ ਜ਼ਖਮਾਂ ਦੇ ਜਾਂ
ਫੇਰ ਲੈਣ ਸੁਫ਼ਨੇ ਪਾਰ ਜਾਣ ਦੇ ?

ਕੀ ਉਹ ਉਲਝੇ ਹਠੀਲੀਆਂ ਗੱਠਾਂ ’ਚ
ਲਾਲਸਾਵਾਂ ਜੋ ਫੜੀਆਂ ਨਾ ਜਾਣ ਤੇ
ਕੋਸ਼ਿਸ਼ਾਂ ਨਾਕਾਮ ?

ਕੀ ਉੱਥੇ ਵੀ ਨੇ ਖਲਬਲੀਆਂ, ਉਥਲ-
ਪੁਥਲ ਤੇ ਬਗ਼ਾਵਤਾਂ ਆਪਣੇ ਹੀ ਕਿਆਸੇ
ਆਪੇ ਜਾਂ ਮੁਕੱਦਰਾਂ ਖਿਲਾਫ਼ ?


ਕੀ ਉਹ ਆਜ਼ਾਦ ਨੇ ਕਮਜ਼ੋਰੀਆਂ ਤੇ ਤਾਕਤਾਂ
ਤੋਂ ਜੋ ਘੋੜੇ, ਹਿਰਣ, ਪੰਛੀ, ਬਕਰੀ, ਸੱਪ,
ਮੇਮਣੇ ਜਾਂ ਸ਼ੇਰ ਲਈ ਨੇ ਆਪੋ-ਆਪਣੀਆਂ ?

ਕੀ ਉਹ ਹੋਣ ਕਦੇ ਬੰਦੇ ਨਾ ਜਨੌਰ
ਬਸ ਰਹਿਣ ਪ੍ਰਾਣੀ ਤੇ ਵਜੂਦ ?
   
ਕੀ ਹੈਣ ਉਨ੍ਹਾ ਕੋਲ ਪਾਵਨ ਛਿਣ ਬੋਧ ਦੇ
ਧੁਰ ਅੰਦਰ ਹਸਤੀ ਦੇ ?

ਮਹਿਸੂਸ ਕਰਨ ਕੀ ਉਹ ਹੋਂਦ ਆਪਣੀ
ਵਧੇਰੇ ਭਰਵੀਂ ਲਾਹ ਕੇ ਬੋਝ ਹੋਸ਼ਾਂ ਦਾ ?

ਕੀ ਲੱਗੇ ਉਨ੍ਹਾ ਨੂੰ ਵੀ ਕਦੇ ਵਾਂਗ ਕਵੀਆਂ
ਕਿ ਦੇਖੀਏ ਜੋ ਵੀ ਜਾਂ ਲੱਗੀਏ, ਸੁਫ਼ਨਾ ਹੈ
ਸੁਫ਼ਨੇ ਅੰਦਰ ?

ਜਾਂ ਇਹ ਮਹਿਜ ਹੈ ਬਸ ਬੁਝਦੇ ਜਾਣਾ
ਸੁਆਦ ਥੋੜਾ ਜਿਹਾ ਸੁੰਨ ਦਾ ਜੋ ਭਰ
ਆਇਆ ਹੈ ਮੁੰਹ ਉਨ੍ਹਾ ਦੇ?

ਪੰਜਾਬੀ ਰੂਪ: ਬਲਰਾਮ