ਸਮੱਗਰੀ 'ਤੇ ਜਾਓ

ਰਸ ਨਿਸ਼ਪੱਤੀ ਦੇ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਸ ਨੂੰ ਮਾਨਣ ਦੀ ਪ੍ਰਕਿਰਿਆ ਦੇ ਸੰਬੰਧ ਵਿੱਚ ਸੰਸਕ੍ਰਿਤ ਕਾਵਿ ਸ਼ਾਸਤਰ ਵਿਚ ਕਈ ਵਾਦ ਪ੍ਰਚਲਿਤ ਹਨ। ਇਹ ਵਾਦ ਭਰਤ ਮੁਨੀ ਦੇ ਉਸੇ ਸੂਤ੍ਰ ਉਤੇ ਆਧਾਰਿਤ ਹਨ ਜੋ ਇਉਂ ਹੈ-

"ਵਿਭਾਵਾਨੁਭਾਵਵਯਭਿਚਾਰਿਸੰਯੋਗਾਦਰਸ਼ਨਿਸ਼ਪੱਤਿ"
[ਸੋਧੋ]

ਰਸ ਸਿਧਾਂਤ ਦਾ ਲਗਭਗ ਸਾਰਾ ਵਿਕਾਸ ਭਰਤ ਮੁਨੀ ਦੇ ਏਸੇ ਸੂਤ੍ਰ ਨੂੰ ਆਧਾਰ ਮੰਨ ਕੇ ਹੋਇਆ ਹੈ।[1]

  1. ਭੱਟ ਲੋਲਟ ਦਾ ਉਤਪੱਤੀਵਾਦ
  2. ਸ਼ੰਕੁਕ ਦਾ ਅਨੁਮਾਨਵਾਦ
  3. ਭੱਟ ਨਾਯਕ ਦਾ ਭੋਗਵਾਦ
  4. ਅਭਿਨਵ ਗੁਪਤ ਦਾ ਅਭਿਵਿਅਕਤੀਵਾਦ[2]

ਭੱਟ ਲੋੋੋਲਟ ਦਾ ਉਤਪੱਤੀਵਾਦ

[ਸੋਧੋ]

ਰਸ ਸੂਤ੍ਰ ਦੇ ਪਹਿਲੇ ਵਿਆਖਿਆਕਾਰ ਭੱਟ ਲੋਲਟ ਸਨ। ਜੋੋਂ ਨੌਵੀਂ ਸਦੀ ਈ: ਵਿਚ ਹੋਏ। ਇਨ੍ਹਾਂ ਦੇ ਅਨੁਸਾਰ ਸੰਯੋਗ ਦਾ ਅਰਥ ਹੈ ਕਾਰਜ ਤੇ ਕਾਰਣ ਸੰਬੰਧ ਕਰ ਕੇ ਅਤੇ 'ਨਿਸ਼ਪੱਤੀ' ਦਾ ਅਰਥ 'ਉਤਪੱਤੀ' ਹੈ।

ਭੱਟ ਲੋਲਟ ਮੀਮਾਸ਼ਕ ਅਤੇ ਅਭਿਧਾਵਾਦੀ ਹੋਏ ਹਨ। ਇਨ੍ਹਾਂ ਦੇ ਮਤ ਅਨੁਸਾਰ ਕਾਵਿ ਦਾ ਸਾਧਨ ਅਭਿਧਾ ਸ਼ਕਤੀ ਹੈ ਜਿਵੇਂ ਇਕੋ ਬਾਣ ਕਵਚ ਨੂੰ ਚੀਰ ਕੇ ਸਰੀਰ ਵਿੱਚ ਜਾ ਕੇ ਪ੍ਰਾਣ ਲੈ ਲੈਂਦਾ ਹੈ, ਇਵੇਂ ਹੀ ਅਭਿਧਾ ਰਾਹੀਂ ਸ਼ਬਦ ਸਾਰੇ ਅਰਥ ਦਿੰਦਾ ਹੈ।[3]

ਵਿਭਾਗ , ਅਨੁਭਾਵ ਤਰਾਂ ਸੰਚਾਰੀ ਇਨ੍ਹਾਂ ਤਿੰਨਾਂ ਦੇ ਸੰਯੋਗ ਨਾਲ ਰਸ ਦੀ ਉਤਪੱਤੀ ਹੁੰਦੀ ਹੈ। ਲੋਲਟ ਨੇ 'ਨਿਸਪੱਤੀ'ਦਾ ਅਰਥ ਉਤਪੱਤੀ ਕੀਤਾ ਹੈ ਤੇ ਸੰਯੋਗ ਦਾ ਅਰਥ ਸੰਬੰਧ। ਜਿਵੇਂ ਰਾਮ ਸੀਤਾ ਜਾਂ ਹੀਰ ਰਾਂਝਾ। ਉਸੇ ਦੀ ਨਕਲ ਨਕਲ(ਐਕਟਰ) ਆਪਣੀ ਯੋਗਤਾ ਤੇ ਪ੍ਰਤਿਭਾ ਦੇ ਜ਼ੋਰ ਨਾਲ ਕਰਦਾ ਹੈ। ਇਸ ਵਾਸਤੇ ਰਾਮ ਦੀਆਂ ਹਾਲਤਾਂ ਦੀ ਨਕਲ ਕਰਨ ਦੇ ਕਾਰਣ ਅਸੀਂ ਮੰਨ ਲੈਂਦੇ ਹਾਂ ਕਿ ਨਟ ਵਿਚ ਰਸ ਹੈ। ਰਾਮ ਤੇ ਨਟ ਨੂੰ ਵੱਖ ਜਾਣਦੇ ਹੋਏ ਵੀ ਨਟ ਨੂੰ ਰਾਮ ਜਾਂ ਰਾਂਝਾ ਜਾਂ ਦੁਸ਼ਿਅੰਤ ਮੰਨ ਲੈਂਦੇ ਹਾਂ ਅਰਥਾਤ ਨਟ ਵਿਚ ਰਾਮ ਆਦਿ ਇਤਿਹਾਸਕ ਪਾਤਰਾਂ ਦਾ ਆਰੋਪ ਕਰ ਲੈਂਦੇ ਹਾਂ ਅਤੇ ਉਨ੍ਹਾਂ ਦੀ ਐਕਟਿੰਗ ਤੋਂ ਰਸਿਕ ਲੋਕ ਚਕਿ੍ਤ ਹੋ ਕੇ ਰਸ ਦੇ ਆਨੰਦ ਨੂੰ ਮਾਣਦੇ ਹਨ। ਭੱਟ ਲੋਲਟ ਨੇ ਸੰਯੋਗ ਦਾ ਅਰਥ ਸੰਬੰਧ ਦਸ ਕੇ ਇਸ ਸੰਬੰਧ ਨੂੰ ਤਿੰਨ ਤਰ੍ਹਾਂ ਦਾ ਦਰਸਾਇਆ ਹੈ। ਵਿਭਾਵਾਂ ਨਾਲ ਰਸ ਉਤਪੰਨ ਹੁੰਦਾ ਹੈ। ਅਨੁਭਾਵਾਂ ਦੁਆਰਾ ਰਸ ਪ੍ਰਤੱਖ ਹੁੰਦਾ ਹੈ ਅਤੇ ਸੰਚਾਰੀਆ ਰਾਹੀਂ ਪੁਸ਼ਟ ਹੁੰਦਾ ਹੈ। ਇਸ ਤਰ੍ਹਾਂ ਵਿਭਾਵ, ਅਨੁਭਾਵ ਤੇ ਸੰਚਾਰੀ ਭਾਵ ਇਹ ਤਿੰਨੇ ਹੀ ਰਸ ਦੇ ਪ੍ਰਤੀ ਤਿੰਨ ਤਰ੍ਹਾਂ ਨਾਲ ਉਤਪੰਨ ਕਰਨ ਦੀ ਸਮਰੱਥਾ ਰੱਖਦੇ ਹਨ ਤੇ ਤਿੰਨਾਂ ਦੇ ਸੰਯੋਗ ਨਾਲ ਰਸ ਦੀ ਉਤਪਤੀ ਹੁੰਦੀ ਹੈ। ਕਿਉਂ ਜੋ ਭੱਟ ਲੋਲਟ ਇਤਿਹਾਸਕ ਪਾਤਰਾਂ ਵਿਚ ਹੀ ਰਸ ਦੀ ਉਤਪੱਤੀ ਮੰਨਦਾ ਹੈ, ਪਾਠਕਾਂ ਜਾਂ ਦਰਸ਼ਕਾਂ ਵਿਚ ਨਹੀਂ, ਇਸ ਲਈ ਇਸ ਮਤ ਨੂੰ ਉਤਪੱਤੀ ਵਾਦ ਕਿਹਾ ਜਾਂਦਾ ਹੈ।[4]

ਸਥਾਈ ਭਾਵ ਵਿਭਾਵ ਆਦਿ ਦੁਆਰਾ ਉਤਪੰਨ ਹੋ ਕੇ ਅਨੁਮਾਨ ਆਦਿ ਦੁਆਰਾ ਪੁਸ਼ਟ ਹੋ ਕੇ ਰਸ ਦਸ਼ਾ ਨੂੰ ਪ੍ਰਾਪਤ ਹੁੰਦਾ ਹੈ।[5]

ਸਾਰਾਂਸ਼

[ਸੋਧੋ]

ਇਸ ਮਤ ਦਾ ਸਾਰਾਂਸ਼ ਇਹ ਹੈ :-

  1. ਸਥਾਈ ਭਾਵ ਦਾ ਉਲੇਖ ਸੂਤ੍ਰ ਵਿਚ ਨਹੀਂ ਹੈ, ਪਰ ਇਸ ਮਤ ਵਿੱਚ ਉਸ ਦਾ ਵਖਰਾ ਉਲੇਖ ਰਸ -ਮੂਲ ਰੂਪ ਵਿਚ ਹੋਇਆ ਹੈ। ਸਥਾਈ ਭਾਵ ਨਾਲ ਸੰਯੋਗ ਮੰਨ ਲਿਆ ਗਿਆ ਹੈ।
  2. ਸਥਾਈ ਭਾਵ ਵਿਭਾਵਾਂ ਤੋਂ ਉਤਪੰਨ ਹੁੰਦਾ ਹੈ। ਸੰਚਾਰੀ ਭਾਵਾਂ ਨਾਲ ਪੁਸ਼ਟ ਹੋ ਕੇ ਅਨੁਭਵ ਰਾਹੀਂ ਪ੍ਰਤੀਤੀ-ਯੋਗ ਹੋ ਕੇ ਅਨੁਕਾਰਜ ਵਿਚ ਰਸ ਦੇ ਰੂਪ ਵਿਚ ਰਹਿੰਦਾ ਹੈ।
  3. ਇਹ ਸਥਾਈ ਭਾਵ ਨਟ (ਅਨੁਕਾਰੀ) ਵਿਚ ਨਹੀਂ ਰਹਿੰਦਾ ਪਰ ਰੂਪ ਦੀ ਸਮਾਨਤਾ ਕਰਕੇ ਨਟ ਵਿਚ ਇਸ ਦਾ ਆਰੋਪ ਹੁੰਦਾ ਹੈ।ਇਸ ਕਰਕੇ ਇਸਨੂੰ ਆਰੋਪ ਵਾਦ ਵੀ ਕਹਿੰਦੇ ਹਨ।
  4. ਨਟ ਦੀ ਕੁਸ਼ਲਤਾ ਕਰਕੇ ਆਰੋਪਿਤ ਸਥਾਈ ਭਾਵ ਦਰਸ਼ਕਾਂ -ਸ੍ਰੋਤਿਆਂ ਵਿਚ ਚਮਤਕਾਰ ਦਾ ਕਾਰਣ ਬਣ ਜਾਂਦਾ ਹੈ।ਦੇ ਨਟ ਨਕਲ ਲਾਉਣ ਵਿਚ ਸਫ਼ਲ ਹੋ ਜਾਏ ਤਾਂ ਦਰਸ਼ਕ ਦੇ ਮਨ ਵਿਚ ਚਮਤਕਾਰ ਦੇ ਕਾਰਣ ਆਨੰਦ-ਰੂਪ ਰਸ ਪੈਦਾ ਹੁੰਦਾ ਹੈ।

ਦੋਸ਼

[ਸੋਧੋ]

ਇਸ ਮਤ ਵਿੱਚ ਹੇਠ ਲਿਖੇ ਕੁਝ ਦੋਸ਼ ਵੀ ਹਨ:-

  1. ਸੂਤ੍ਰ ਵਿਚ ਸਥਾਈ ਦਾ ਨਾਂ ਹੀ ਨਹੀਂ ਲਿਆ ਗਿਆ , ਨਾਂ ਹੀ ਭਰਤ ਮੁਨੀ ਨੇ ਰਸ ਤੋਂ ਵੱੱਰਾ ਸਥਾਈ ਭਾਵ ਮੰਨਿਆ ਹੈੈ।
  2. ਵਿਭਾਵ ਆਦਿ ਤੋਂ ਬਿਨਾਂ ਸਥਾਈ ਭਾਵ ਹੋ ਹੀ ਨਹੀਂ ਸਕਦਾ ਫੇਰ ਪੁਸ਼ਟੀ ਦਾ ਪ੍ਰਸ਼ਨ ਕਿਵੇਂ ਉਠ ਸਕਦਾ ਹੈ?
  3. ਅਨੁਕਾਰਜ ਵਿਚ ਰਹਿਣ ਵਾਲਾ ਰਸ ਦਰਸ਼ਕ ਵਿਚ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ?[6]

ਰਸ ਸੂਤ੍ਰ ਦੀ ਵਿਆਖਿਆ ਦਾ ਭਾਵ ਹੈ ਕਿ ਜਿਵੇਂ 'ਸਿਪੀ' 'ਚ ਚਾਂਦੀ ਦੇ ਨਾਂ ਹੋਣ ਤੇ ਵੀ ਦਰਸ਼ਕ ਨੂੰ ਉਸਦੇ ਨਾਲ ਮਿਲਦੇ ਜੁਲਦੇ ਰੂਪ ਦੇ ਕਾਰਣ ਚਾਂਦੀ ਦਾ ਸ਼ੱਕ ਹੋ ਜਾਂਦਾ ਹੈ ਅਤੇ ਉਸਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦਾ ਹੈ। ਉਸੇ ਤਰ੍ਹਾਂ ਰਾਮ ਆਦਿ ਪਾਤਰਾਂ 'ਚ ਰਹਿਣ ਵਾਲੀ 'ਰਤੀ' ਅਭਿਨੈ ਕਰਨ ਵਾਲੇ ਨਟ 'ਚ ਨਾ ਹੋਣ ਤੇ ਵੀ ਉਹ 'ਰਤੀ' ਦਰਸ਼ਕ ਨੂੰ ਉਸ ਨਟ 'ਚ ਪ੍ਰਤੀਤ ਹੁੰਦੀ ਹੈ ਅਤੇ ਉਸ ਸੰਦੇਹ ਤੋਂ ਦਰਸ਼ਕ ਆਨੰਦ ਦਾ ਅਨੁਭਵ ਕਰਦਾ ਹੈ।

ਚਾਹੇ ਰਸ ਦੀ ਸਥਿਤੀ ਮੂਲ ਰੂਪ 'ਚ ਅਨੁਕਾਰਯ (ਰਾਮ) ਵਿਚ ਹੀ ਹੁੰਦੀ ਹੈ, ਪਰੰਤੂ ਅਭਿਨੇਤਾ ਨਿਪੁੰਨਤਾ ਪੂਰਣ ਅਭਿਨੈ ਦੇ ਕਾਰਣ ਦਰਸ਼ਕ ਉਸੇ ਤੇ ਅਨੁਕਾਰਯ ਦਾ ਆਰੋਪ ਕਰ ਲੈਂਦਾ ਹੈ ਅਅਰਥਾਤ ਉਸੇ ਨੂੰ ਰਾਮ ਸਮਝ ਲੈਂਦਾ ਹੈ। ਇਸੇ ਕਾਰਨ ਭੱਟ ਲੋਲਟ ਦਾ ਮਤ ਆਰੋਪਵਾਦ ਦੇ ਨਾਮ ਨਾਲ ਵੀ ਪ੍ਰਸਿੱਧ ਹੈ।

ਭੱਟ ਲੋਲਟ ਦੀ ਉਕਤ ਰਸ ਸੂਤ੍ਰ ਦੀ ਵਿਆਖਿਆ'ਚ ਬਾਅਦ ਦੇ ਅਚਾਰੀਆ ਨੂੰ ਘਾਟ ਮਹਿਸੂਸ ਹੋਈ ।

ਇਨ੍ਹਾਂ ਨੇ ਰਸ ਦੀ ਸਥਿਤੀ ਅਨੁਕਾਰਯ ਰਾਮ ਆਦਿ ਪਾਤਰਾਂ ਵਿਚ ਮੰਨੀ ਹੈ ਕਿਉਂਕਿ ਅਭਿਨੈ ਕਰਨ ਵਾਲੇ ਨਟ 'ਚ ਰਸ ਦੀ ਸਥਿਤੀ ਅਸਲੀ ਨਾਂ ਹੋ ਕੇ ਸਿਰਫ਼ ਰਾਮ ਆਦਿ ਦੀ ਨਕਲ ਹੈ।

ਇਸ ਦਸ਼ਾ ਵਿਚ ਦਰਸ਼ਕ ਦੇ ਹਿਰਦੇ 'ਚ ਰਸ ਦੀ ਅਨੁਭੂਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕੇਗੀ ਅਤੇ ਉਹ ਰਸ ਦਾ ਆਸੁਆਦਨ ਨਹੀਂ ਕਰ ਸਕੇਗਾ। ਜੇ ਦਰਸ਼ਕ ਵਿਚ ਰਸ ਦੀ ਸਥਿਤੀ ਨੂੰ ਮੰਨ ਵੀ ਲਿਆ ਜਾਵੇ ਤਾਂ ਉਹ ਸਿਰਫ਼ ਭ੍ਰਾਂਤੀ ਵਾਲੀ ਗੱਲ ਹੋਵੇਗੀ।

ਇਸ ਲਈ ਕਾਵਿ ਜਾਂ ਨਾਟਕ ਦੇ ਰਸ ਆਸੁਆਦਨ 'ਚ ਸੰਦੇਹ ਪੈਦਾ ਕਰਨ ਵਾਲੀ ਭੱਟ ਲੋਲਟ ਦੀ ਵਿਆਖਿਆ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।[7]

ਸ਼ੰਕੁਕ ਦਾ ਅਨੁੁਮਾਨਵਾਦ

[ਸੋਧੋ]

ਸ਼ੰਕੁਕ ਜਿਹੇ ਆਚਾਰੀਆ ਨੂੰ ਭੱਟ ਲੋਲਟ ਦੇ ਪੂਰਵੋਕਤ ਮਤ ਵਿਚ ਉਕਾਈ (ਦੋਸ਼)ਮਿਲੀ। ਸਭ ਤੋਂ ਵੱਡੀ ਉਕਾਈ ਇਹ ਹੈ ਕਿ ਭੱਟ ਲੋਲਟ ਦਰਸ਼ਕਾਂ/ਪਾਠਕਾਂ ਵਿਚ ਰਸ ਦੀ ਹੋਂਦ ਨਹੀਂ ਮੰਨਦਾ ਤਾਂ ਫੇਰ ਦਰਸ਼ਕਾਂ ਨੂੰ ਨਾਟਕ ਵੇਖਣ ਦੀ ਚਾਹਨਾ ਕਿਉਂ ਹੁੰਦੀ ਹੈ?ਜਦੋਂ ਨਾ ਤਾਂ ਰਾਮ ਹੀ ਹਾਜ਼ਰ ਹੈ ਤੇ ਨਾ ਸੀਤਾ ਹੀ ਤਾਂ ਰਾਮ ਵਿਚ ਰਸ ਦੇ ਉਤਪੰਨ ਹੋਣ ਦਾ ਸਵਾਲ ਹੀ ਨਹੀਂ ਆ ਸਕਦਾ। ਇਹਨਾਂ ਦੋਸ਼ਾਂ ਤੇ ਹੁੰਦਿਆਂ ਸ਼ੰੰਕੁਕ ਨੇ ਆਪਣਾ ਮਤ ਪੇਸ਼ ਕੀਤਾ ਹੈ। ਉਹ ਮਤ ਹੈ ਅਨੁੁਮਾਨਵਾਦ।

ਸ਼ੰੰਕੁਕ ਨੇ ਨਿਸ਼ਪੱਤੀ ਦਾ ਅਰਥ ਅਨੁਮਾਨ (ਅਨੁਮਿਤੀ)ਲਿਆ ਹੈ ਤੇ ਸੰਯੋਗ ਦਾ ਅਰਥ ਅਨੁਮਾਨ-ਅਨੁਮਾਪਕ ਸਬੰਧ। ਇਸ ਦਾ ਵਿਚਾਰ ਹੈ ਕਿ ਨਟਾਂ (ਐਕਟਰਾਂ)ਵਿਚ ਇਤਿਹਾਸਿਕ ਪਾਤਰਾਂ ਦਾ ਆਰੋਪ ਨਹੀਂ ਕੀਤਾ ਜਾਂਦਾ ਬਲਕਿ ਬੱਚੇ ਦਾ ਚਿਤਰ ਨੂੰ ਸਜੀਵ ਘੋੜਾ ਮੰਨਣ ਵਾਂਗ ਦਰਸ਼ਕ, ਇਤਿਹਾਸਿਕ ਪਾਤਰਾਂ ਦਾ ਨਟਾਂ ਵਿੱਚ ਅਨੁਮਾਨ (Inference)ਕਰ ਲੈਂਦੇ ਹਨ। ਦਰਸ਼ਕ ਅਭਿਨਯ (ਐਕਟਿੰਗ)ਵਿਚ ਇਤਨੇ ਮਸਤ ਤੇ ਲੀਨ ਹੋ ਜਾਦੇ ਹਨ ਕਿ ਨਟਾਂ ਨੂੰ ਸਚੀ-ਮੁੱਚੀ ਤੇ ਸਹੀ ਸਮਝ ਕਿ ਰਸ ਦਾ ਅਨੁਭਵ ਕਰਦੇ ਹਨ ਤੇ ਆਨੰਦ ਪ੍ਰਾਪਤ ਕਰਦੇ ਹਨ। ਸ਼ੰਕੁਕ ਵੀ ਰਸ ਦੀ ਉਤਪੱਤੀ ਰਾਮ ਆਦਿਕ ਮੂਲ ਪਾਤਰਾਂ ਵਿਚ ਹੀ ਮੰਨਦਾ ਹੈ ਪਰੰਤੂ ਦਰਸ਼ਕ, ਅਨੁਮਾਨ ਦੁਆਰਾ ਉਸ ਰਸ ਨੂੰ ਨਟਾਂ ਵਿਚ ਵੀ ਮੌਜੂਦ ਵੇਖਦੇ ਹਨ। ਇਉਂ ਆਪ ਵੀ ਰਸ ਨੂੰ ਮਾਣਦੇ ਹਨ। ਇਸ ਦੇ ਮਤ ਵਿੱਚ ਵਿਭਾਵ ਆਦਿਕ ਅਨੁਮਾਪਕ ਹਨ ਅਰਥਾਤ ਅਨੁਮਾਨ ਕਰਵਾਉਂਦੇ ਹਨ। ਇਹੋ ਰਸ ਨਾਲ ਵਿਭਾਵ ਆਦਿਕਾਂ ਦਾ ਸਬੰਧ ਹੈ। ਇਹ ਮਤ ਅਨੁੁਮਾਨਵਾਦ (ਅਨੁਮਿਤਿਵਾਦ)ਨਾਮ ਨਾਲ ਪ੍ਰਸਿੱਧ ਹੈ।

ਇਸ ਮਤ ਵਿੱਚ ਵੀ ਏਹੋ ਤਰੁੁੁਟੀ ਮੰਨੀ ਗਈ ਹੈ ਕਿ ਜਦ ਤੱਕ ਪ੍ਰਤੱਖ ਤੌਰ ਤੇ ਕਿਸੇ ਵਸਤੂ ਦਾ ਗ੍ਰਹਿਣ ਜਾਂ ਅਨੁਭਵ ਨਾ ਸਿਰਫ ਅਨੁਮਾਨ ਜਾਂ ਕਿਆਸ ਨਾਲ ਰਸ ਨੂੰ ਮਾਣਿਆ ਨਹੀਂ ਜਾਂ ਸਕਦਾ। [8]

ਸ਼੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ :-

ਦੇ ਅਨੁਸਾਰ ਸ਼੍ਰੀ ਸ਼ੰਕੁਕ ਨਿਆਇ-ਮਤ ਵਾਲੇ ਸਨ। ਉਹਨਾਂ ਨੇ ਵਿਭਾਵਾਂ ਆਦਿ ਸਾਧਨਾਂ ਵਿੱਚ ਅਨੁਮਾਨ ਦੇ ਯੋਗ ਹੋਣ ਦੀ ਅਤੇ ਰਸ ਰੂਪ ਆਖ਼ਰੀ ਨਿਸ਼ਾਨੇ ਵਿਚ ਅਨੁਮਾਪਕ ਹੋੋ ਦੀ ਕਲਪਨਾ ਕੀਤੀ ਹੈ। ਨਟ ਵਿਚ ਰਾਮ ਵਰਗੇ ਅਨੁਭਵ ਦੇਖ ਕੇ ਦਰਸ਼ਕ ਉਸ ਨਾਟ ਵਿੱਚ ਟਿਕੇ ਹੋੋ ਰਸ ਦਾ ਅਨੁਮਾਨ ਲਗਾਉਂਦੇ ਹਨ।ਜਿਵੇਂ ਘੋੜੇ ਦੀ ਮੂੂਰਤ ਨੂੰ ਘੋੜਾ ਹੀ ਸਮਝਿਆ ਜਾਂਦਾ ਹੈ, ਇਵੇੇਂ ਨਟ ਵੀ, ਦੁਸ਼ਿਅੰਤ ਨਾ ਹੁੰਦਾ ਹੋਇਆ ਵੀ,ਦੁੁਸ਼ਿਅੰਤ ਸਮਝਿਆ ਜਾਂਦਾ ਹੈ। ਨਟ ਵਿਚ ਨਕਲੀ ਸਥਾਈ ਭਾਵ ਹੈ ਅਤੇ ਦਰਸ਼ਕ ਅਨੁਮਾਨ ਰਾਹੀਂ ਉਸਦਾ ਸੁਆਦ ਲੈੈਂਦੇ ਹਨ।

ਅਨੁਮਾਨ ਅਸਲੀਅਤ ਨਹੀਂ, ਕਲਪਨਾ ਹੀ ਹੈ। ਰਸ ਦਾ ਸੰਬੰਧ ਅਨੁਮਾਨ ਨਾਲ ਨਹੀਂ ਹਿਰਦੇ ਅੰਦਰਲੇ ਭਾਵਾਂ ਨਾਲ ਹੈ। ਇਸ ਕਰਕੇ ਇਹ ਮਤ ਸਦੋਸ਼ ਹੈ।ਪਾਤਰ (ਭਾਂਡੇ)ਵਿਚੋਂ ਅਸੀਂ ਪਾਣੀ ਪੀਂਦੇ ਹਾਂ, ਇਵੇਂ ਹੀ ਨਟ ਦੀਆਂ ਗਲਾਂ ਵਿਚੋਂ ਅਤੇ ਹਾਵ-ਭਾਵ ਵਿਚੋਂ ਅਸੀਂ ਰਸ ਚਖਦੇ ਹਾਂ। ਪਰ ਨਟ ਤਾਂ ਪਾਤਰ (ਭਾਂਡਾ)ਹੋਣ ਕਰਕੇ ਪਾਤਰ ਵਾਂਗ ਰਸ-ਰਹਿਤ ਹੁੰਦਾ ਹੈ। [9]

ਭੱਟ ਸ਼ੰੰਕੁਕ ਦਾ ਅਨੁਮਿਤਿਵਾਦ :-

ਭੱਟ ਸ਼ੰੰਕੁਕ ਦਾ ਮਤ 'ਅਨੁਮਾਨ 'ਤੇ ਆਧਾਰਿਤ ਹੈ। ਇਸ ਮਤ ਅਨੁਸਾਰ 'ਨਿਸ਼ਪੱਤੀ 'ਦਾ ਅਰਥ 'ਅਨੁਮਿਤੀ'(ਅਨੁਮਾਨ) ਅਤੇ 'ਸੰਯੋਗ' ਦਾ ਅਰਥ ਅਨੁਮਾਪਯ -ਅਨੁਮਾਪਕ ਸੰਬੰਧ ਹੈ। ਇਸ ਮਤ ਦਾ ਉਲੇਖ ਅਭਿਨਯ ਭਾਰਤੀ, ਧ੍ਨਯਾਲੋਕ ਲੋਚਨ,ਕਾਵਯ ਪ੍ਕਾਸ਼, ਆਦਿ ਗ੍ਰੰਥਾਂ ਵਿੱਚ ਹੋਇਆ ਹੈ। 'ਅਭਿਨਵ ਭਾਰਤੀ ' ਅਨੁਸਾਰ ਰਸ ਦੇ ਕਾਰਣ ਰੂਪ ਵਿਭਾਵਾਂ, ਉਸ ਦੇ ਕਾਰਜ ਰੂਪ ਅਨੁਭਾਵਾਂ ਅਤੇ ਸਹਿਚਾਰੀ ਰੂਪ ਵਿਭਚਾਰੀ ਭਾਵਾਂ ਰਾਹੀਂ ਪ੍ਰਯਤਨ ਪੂਰਵਕ (ਸਿਖਲਾਈ, ਅਭਿਆਸ ਕਰਕੇ) ਅਰਜਿਤ ਹੋਣ ਕਰਕੇ ਬਨਾਵਟੀ ਹੋਣ ਤੇ ਵੀ ਬਨਾਵਟੀ ਨ ਪ੍ਰਤੀਤ ਹੋਣ ਵਾਲੇ ਲਿੰਗ ਦੇ ਬਲ ਨਾਲ ਅਨੁਕਰਤਾ ਨਟ ਵਿੱਚ ਸਥਿਤ ਹੋੋ ਕੇ ਪ੍ਰਤੀਤ ਹੁੰਦਾ ਹੈ ਅਤੇ ਅਨੁਕਰਣ ਰੂਪ ਹੋਣ ਕਰਕੇ ਹੀ ਉਹ ਸਥਾਈ ਭਾਵ ਤੋਂ ਭਿੰਨ ਰਸ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਦੂਜੇ ਸ਼ਬਦਾਂ ਵਿਚ ਜਿਵੇਂ ਉਡਦੀ ਹੋਈ ਧੂੜ ਨੂੰ ਧੂੰਆਂ ਸਮਝ ਕੇ ਕੋਈ ਅੱਗ ਦਾ ਅਨੁਮਾਨ ਕਰ ਲਵੇ, ਉਸੇ ਤਰ੍ਹਾਂ ਨਟ ਇਹ ਪ੍ਰਗਟ ਕਰਦਾ ਹੈ ਕਿ ਵਿਭਾਵ ਆਦਿ ਉਸੇ ਦੇ ਹੀ ਹਨ, ਤਾਂ ਸਮਾਜਿਕ (ਦਰਸ਼ਕ) ਵਿਭਾਵ ਆਦਿ ਨੀਅਤ ਰਤਿ ਆਦਿ ਭਾਵ ਦਾ ਨਟ ਵਿਚ ਹੀ ਅਨੁਮਾਨ ਕਰ ਲੈਂਦੇ ਹਨ, ਭਾਵੇਂ ਇਹ ਰਤਿ ਭਾਵ ਉਹਨਾਂ ਵਿਚ ਹੁੰਦਾ ਨਹੀਂ ਹੈ। ਇਹ ਅਨੁਮਾਨਿਤ ਰਤਿ ਭਾਵ ਦਰਸ਼ਕਾਂ ਦੇ ਸੁਆਦ ਦਾ ਕਾਰਨ ਹੋਣ ਕਰਕੇ ਰਸ ਅਖਵਾਉਂਦਾ ਹੈ।

ਇਹ ਸਿਧਾਂਤ ਅਸਲੋਂ ਭੱਟ ਲੋਲਟ ਦੇ ਉਤਪੱਤੀਵਾਦ ਦਾ ਹੀ ਵਿਕਸਿਤ ਰੂਪ ਹੈ। ਅੰਤਰ ਇਹ ਹੈ ਕਿ ਲੋਲਟ ਦੇੇ ਸਿਧਾਂਤ ਵਿਚ ਦਰਸ਼ਕਾਂ ਦੇ ਯੋਗਦਾਨ ਉੱਤੇ ਨਾਮਾਤਰ ਵਿਚਾਰ ਕੀਤਾ ਸੀ, ਪਰ ਸ਼ੰੰਕੁਕ ਨੇ ਦਰਸ਼ਕ ਦੇ ਸੁਆਦ ਨੂੰ ਵਿਸ਼ੇਸ਼ ਤੌਰ ਤੇ ਵਿਵੇਚਨ ਦਾ ਵਿਸ਼ਾ ਬਣਿਆ ਹੈ।

ਇਸ ਮਤ ਦੇ ਕੁਝ ਦੋਸ਼ ਵੀ ਹਨ। ਪਹਿਲਾਂ ਇਹ ਕਿ ਇਸ ਮਤ ਵਿੱਚ ਇਹ ਗੱਲ ਅੱਖੋਂ ਪਰੋਖੇ ਕਰ ਦਿੱਤੀ ਗਈ ਹੈ ਕਿ ਪ੍ਰਤੱਖ ਗਿਆਨ ਹੀ ਚਮਤਕਾਰ ਦਾ ਕਾਰਣ ਹੁੰਦਾ ਹੈ। ਜੋ ਚਮਤਕਾਰ ਪ੍ਰਤੱਖ ਗਿਆਨ ਰਾਹੀਂ ਹੋ ਸਕਦਾ ਹੈ ਉਹ ਅਨੁਮਾਨ ਦੁਆਰਾ ਪ੍ਰਾਪਤ ਕੀਤੇ ਗਿਆਨ ਰਾਹੀਂ ਸੰਭਵ ਨਹੀਂ। ਦੂਜਾ ਦੋਸ਼ ਇਹ ਹੈ ਕਿ ਇਸ ਮਤ ਵਿੱਚ ਇਸ ਗੱਲ ਵਲ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਜੇ ਦਰਸ਼ਕ ਦਾ ਆਲੰਬਨ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਹੈ ਹੀ ਨਹੀਂ, ਤਾਂ ਉਸ ਨੂੰ ਰਸ ਦਾ ਸੁਆਦ ਕਿਵੇਂ ਆਵੇਗਾ?[10]

ਆਚਾਰੀਆ ਮੰਮਟ ਅਨੁਸਾਰ  :-

ਵਿਭਾਵ ਆਦਿ ਰਾਹੀਂ ਅਨੁਮਾਪਿਅ-ਅਨੁਮਾਪਕ ਰੂਪ ਸਬੰਧ ਨਾਲ ਸੰਯੋਗ ਨਾਲ ਸਥਾਈ ਰੂਪ ਰਸ ਦੀ ਨਟ ਵਿਚ ਅਨੁਮਿਤੀ (ਨਿਸ਼ਪੱਤੀ)ਹੁੰਦੀ ਹੈ। ਇਸ ਕਾਰਨ ਇਸ ਮਤ ਨੂੰ 'ਰਸ ਅਨੁਮਿਤਿਵਾਦ' ਕਿਹਾ ਜਾਂਦਾ ਹੈ। ਇਹ ਮਤ ਨਿਆਇਸਿਧਾਂਤ ਤੇ ਆਧਾਰਿਤ ਹੈ। ਇਸ ਸਿਧਾਂਤ ਦੇ ਅਨੁਸਾਰ ਸਮਾਜਕ ਦੀ ਰਸ ਅਨੁਭਵੀ ਵਿਚ ਚਾਰ ਸਟੇਜਾਂ ਮੰਨੀਆਂ ਜਾ ਸਕਦੀਆਂ ਹਨ:

  1. ਨਟ ਵਿਚ ਰਾਮ ਦੀ ਪ੍ਰਤੀਤੀ ।
  2. ਕਾਰਣ-ਕਾਰਜ ਸਹਿਕਾਰੀ ਵਿਚ ਵਿਭਾਵ ਆਦਿ ਦਾ ਵਿਅਪਦੇਸ਼ ।
  3. ਵਿਭਾਵ ਆਦਿ ਰਾਹੀਂ ਨਟ ਵਿਚ ਸਥਾਈ ਰਤੀ ਆਦਿ ਦਾ ਅਨੁਮਾਨ ।
  4. ਸਮਾਜਕਾਂ ਰਾਹੀਂ ਰਸ ਦੀ ਅਨੁਭੂਤੀ[11]

ਰਸ ਸੂਤ੍ ਦੀ ਵਿਆਖਿਆ ਕਰਦੇ ਹੋਏ ਸ਼੍ਰੀ ਸ਼ੰੰਕੁਕ ਨੇ ਰਸ ਉਤਪੱਤੀਵਾਦ ਦਾ ਖੰਡਨ ਕਰਕੇ ਰਸ ਅਨੁਮਿਤਿਵਾਦ ਦੀ ਸਥਾਪਨਾ ਕੀਤੀ। ਰਸ ਅਨੁਮਿਤੀਵਾਦ ਵਿਚ ਇਹ ਦੋਸ਼ ਹੈ ਕਿ ਪਹਿਲੇ ਤਾਂ ਇੱਥੇ ਅਨੁਮਿਤੀ ਦੇ ਕਾਰਨ ਆਦਿ ਸਾਰੇ ਕਲਪਿਤ ਹਨ ਅਤੇ ਨਟ ਵਿਚ ਸਥਾਈ ਭਾਵ ਦੀ ਸੰਭਾਵਨਾ ਜਿਹੀ ਹੈ। ਜੇ ਰਤੀ ਆਦਿ ਦੀ ਅਨੁਮਿਤੀ ਹੋ ਵੀ ਜਾਵੇ ਤਾਂ ਉਹ ਸਮਾਜਿਕ ਦੇ ਹਿਰਦੇ ਵਿਚ ਚਮਤਕਾਰ ਉਤਪੰਨ ਨਹੀਂ ਕਰ ਸਕੇਗੀ। ਕਿਉਂਕ ਪ੍ਰਤੱਖ ਅਨੁਭੂਤੀ ਹੀ ਚਮਤਕਾਰ ਵਾਲੀ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਲੋਕਾਂ ਵਿਚ ਲੋਕ ਪਰੰਪਰਾ ਅਨੁਸਾਰ ਰਸ ਦੀ ਅਨੁਭੂਤੀ ਹੀ ਸਿੱਧ ਹੁੰਦੀ ਹੈ, ਅਨੁਮਿਤੀ ਨਹੀਂ, ਕਿਉਂਕਿ ਰਸ ਦਾ ਸਾਖਿਆਤਕਾਰ ਕਰਦਾ ਹਾਂ, ਇਸ ਤਰ੍ਹਾਂ ਹੀ ਕਿਹਾ ਜਾਂਦਾ ਹੈ।

ਇਸੇ ਲਈ ਸ਼ੰਕੁਕ ਦੇ ਮੱਤ ਅਨੁਸਾਰ ਰਸ ਦੀ ਅਨੁਮਿਤੀ ਹੀ ਰਸ ਦੀ ਨਿਸ਼ਪੱਤੀ ਹੈ। [12]

ਭੱਟ ਨਾਇਕ ਦਾ ਭੋਗਵਾਦ:-

[ਸੋਧੋ]

ਰਸ-ਸੂਤਰ ਦੇ ਤੀਜੇ ਵਿਆਖਿਆਕਾਰ ਭੱਟ ਨਾਇਕ ਨੌਵੀੰ ਸਦੀ ਈ: ਦੇ ਅੰਤ ਵਿੱਚ ਹੋਏ ਹਨ। ਇਨ੍ਹਾਂ ਦੇ ਮਤ ਨੂੰ 'ਭੁਕਤੀਵਾਦ' ਜਾਂ 'ਭੋਗਵਾਦ' ਆਖਦੇ ਹਨ।ਇਨ੍ਹਾਂ ਨੇ ਇਸ ਸੂਤਰ ਦੇ 'ਸੰਯੋਗ' ਸ਼ਬਦ ਦਾ ਅਰਥ ਭੋਗਣ-ਯੋਗ ਅਤੇ ਭੋਗਣ ਵਾਲਾ ਸੰਬੰਧ ਕੀਤਾ ਹੈ। ਭੋਗਣ-ਯੋਗ ਤਾਂ ਰਸ ਹੈ ਅਤੇ ਭੋਜਕ ਵਿਭਾਵ ਹਨ। 'ਨਿਸ਼ਪੱਤੀ' ਦਾ ਅਰਥ ਭੁਕਤੀ ਜਾਂ ਭੋਗ ਕੀਤਾ ਗਿਆ ਹੈ- ਇਵੇਂ ਰਸ-ਸਿਧਾਂਤ ਦੀ ਵਿਆਖਿਆ ਕਰ ਕੇ ਇਸ ਦਾ ਆਧਾਰ ਸਾਧਾਰਣੀਕਰਣ ਮੰਨਿਆ ਗਿਆ ਹੈ।

ਭੱਟ ਨਾਇਕ ਦੇ ਅਨੁਸਾਰ ਕਾਵਿ ਆਦਿ ਰਾਹੀਂ ਰਸ ਦੀ ਨਿਸ਼ਪੱਤੀ ਦੀਆਂ ਕ੍ਰਿਆਵਾ ਹਨ।

1.ਅਭਿਧਾ, ਜਿਸ ਰਾਹੀਂ ਵਿਭਾਵ ਆਦਿ ਜਾਣੇ ਜਾਂਦੇ ਹਨ।

2.ਭਾਵਕਤਾ, ਜਿਸ ਰਾਹੀਂ ਵਿਭਾਵ ਆਦਿ ਅਤੇ ਰਤੀ ਆਦਿ ਭਾਵ ਸਾਂਝੇ ਬਣ ਕੇ ਰਸਿਕਾਂ ਦੇ ਭੋਗ ਦੇ ਵਿਸ਼ੇ ਬਣਦੇ ਹਨ।

3.ਭੋਗ (ਭੁਕਤੀ), ਅਰਥਾਤ ਪਾਠਕ ਜਾਂ ਦਰਸ਼ਕ ਦੀ ਭੋਗਣ ਜਾਂ ਸੁਆਦ ਲੈਣ ਦੀ ਸ਼ਕਤੀ।[13]

ਭੱਟ ਨਾਇਕ ਦੇ ਅਨੁਸਾਰ ਰਸ ਹਿਰਦੇ ਵਿੱਚ ਵਸਦਾ ਹੈ। ਉਨ੍ਹਾਂ ਨੇ ਦੱਸਿਆ ਸਾਧਾਰਣੀਕਰਨ ਦਾ ਸਿਧਾਂਤ ਬਹੁਮੁੱਲਾ ਹੈ।

     ਭੱਟ ਨਾਇਕ ਸਾਂਖਯ-ਮਤ ਨੂੰ ਮੰਨਣ ਵਾਲੇ ਸਨ।

ਆਚਾਰੀਆ ਭੱਟ ਨਾਇਕ ਦਾ ਇਹ ਵੀ ਮੰਨਣਾ ਹੈ ਕਿ 'ਰਸ' ਨਾ ਤਾਂ ਪ੍ਰਤੀਤ, ਨਾ ਉਤਪੰਨ ਅਤੇ ਨਾ ਹੀ ਅਭਿਵਿਅਕਤ ਹੁੰਦਾ ਹੈ। ਉਕਤ ਤਿੰਨਾਂ ਮੰਤਵਾਂ ਰਾਹੀਂ ਇਹਨਾਂ ਨੇ ਆਚਾਰੀਆ ਭੱਟ ਲੋਲਟ ਦੇ ਉਤਪੱਤੀਵਾਦ, ਸ਼ਕੁੰਕ ਦੇ ਅਨੁਮਿਤਿਵਾਦ ਅਤੇ ਧੁਨਿਵਾਦੀਆਂ ਦੇ ਅਭਿਵਿਅਕਤੀਵਾਦ ਦਾ ਵੀ ਖੰਡਨ ਕਰ ਦਿੱਤਾ ਹੈ। ਇਹਨਾਂ ਦੇ ਅਨੁਸਾਰ ਜੇ ਭੱਟ ਲੋਲਟ ਦੇ ਉਤਪੱਤੀਵਾਦ ਨੂੰ ਸਵੀਕਾਰ ਕੀਤਾ ਜਾਵੇ ਤਾਂ 'ਕਰੁਣ' ਆਦਿ ਦੁੱਖ ਦੇਣ ਵਾਲੇ ਰਸਾਂ ਵੱਲ ਕਿਸੇ ਵੀ ਦਰਸ਼ਕ ਦੀ ਪ੍ਰਵਿਤੀ ਨਹੀਂ ਹੋਵੇਗੀ। ਦੂਜਾ, ਅਨੁਮਿਤਿ ਉਸ ਪਦਾਰਥ ਦੀ ਹੁੰਦੀ ਹੈ, ਜਿਸਦਾ ਪ੍ਰਤੱਖ ਆਦਿ ਦੁਆਰਾ ਪਹਿਲਾਂ ਵੀ ਅਨੁਭਵ ਹੋ ਚੁੱਕਿਆ ਹੋਵੇ। ਤੀਜਾ,ਇਸੇ ਤਰ੍ਹਾਂ ਧੁਨਿਵਾਦੀਆਂ ਦੇ 'ਅਭਿਵਿਅਕਤੀਵਾਦ' ਨੂੰ ਨਾ ਮੰਨਦੇ ਹੋਏ ਕਿਹਾ ਹੈ ਕਿ ਅਭਿਵਿਅਕਤੀ ਉਸ ਪਦਾਰਥ ਦੀ ਹੁੰਦੀ ਹੈ ਜਿਹੜਾ ਕਿ ਪਹਿਲਾਂ ਤੋਂ ਵਿਦਮਾਨ ਹੋਵੇ। ਭੱਟ ਨਾਇਕ ਨੇ ਉਕਤ ਆਚਾਰੀਆ ਦੇ ਇਸ ਮਤ ਨੂੰ ਵੀ ਸਵੀਕਾਰ ਨਹੀਂ ਕੀਤਾ ਕਿ, "ਸਹਿ੍ਦਯਾਂ ਦੇ ਹਿਰਦੇ ' ਚ 'ਰਸ ' ਵਾਸਨਾਰੂਪ 'ਚ ਪਹਿਲਾਂ ਤੋਂ ਹੀ ਵਿਦਮਾਨ ਰਹਿੰਦਾ ਹੈ।[14]

ਭੱਟ ਨਾਇਕ ਦੇ ਅਨੁਸਾਰ 'ਨਿਸ਼ਪੱਤੀ' ਦਾ ਅਰਥ ਹੈ 'ਭੁਕਤੀ' ਅਤੇ 'ਸੰਜੋਗ' ਦਾ ਅਰਥ ਹੈ  'ਭੋਜਯ-ਭੋਜਕ ਸੰਬੰਧ'। ਇਸ ਮਤ ਦਾ ਉਲੇਖ ਅਭਿਨਵ ਭਾਰਤੀ, ਧਵਨਯਾਲੋਕ ਲੋਚਨ, ਕਾਵਿ ਪ੍ਰਕਾਸ਼ ਆਦਿ ਗ੍ਰੰਥਾਂ ਵਿੱਚ ਹੋਇਆ ਹੈ।

ਇਸ ਵਿਦਵਾਨ ਨੇ ਪਹਿਲਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਮਾਨਤਾਵਾਂ ਦਾ ਖੰਡਨ ਕਰਦਿਆਂ, 'ਅਭਿਨਵ ਭਾਰਤੀ' ਅਨੁਸਾਰ ਦਸਿਆ ਹੈ ਕਿ ਰਸ ਨ ਪ੍ਰਤੀਤ ਹੁੰਦਾ ਹੈ, ਨ ਉਤਪੰਨ ਹੁੰਦਾ ਹੈ ਅਤੇ ਨ ਹੀ ਅਭਿਵਿਅਕਤ ਹੁੰਦਾ ਹੈ। ਇਸ ਦੀ ਪ੍ਰਤੀਤੀ ਦਰਸ਼ਕ ਦੀ ਨਿਜੀ ਵਿਅਕਤੀਬੱਧ ਭਾਵ ਅਨੁਭੂਤੀ ਮੰਨਣ ਤੇ ਕਰੁਣਾ ਆਦਿ ਵਿੱਚ ਦੁਖ ਦੀ ਅਨੁਭੂਤੀ ਮੰਨਣੀ ਪਵੇਗੀ। ਅਸਲ ਵਿੱਚ ਇਹ ਪ੍ਰਤੀਤੀ ਵਿਅਕਤੀਬੱਧ ਨਹੀਂ ਕਿਉਕਿ ਸੀਤਾ ਆਦਿ ਦੀ ਸਮ੍ਰਿਤੀ ਵੀ ਨਹੀਂ ਹੁੰਦੀ। ਇਸ ਤੋਂ ਛੁਟ ਦੇਵਤਾ ਆਦਿ ਵਿਭਾਵਾਂ ਦੇ ਅਲੋਕਿਕ ਹੋਣ ਕਰ ਕੇ ਉਨ੍ਹਾਂ ਦੇ ਸਮੁੰਦਰ ਪਾਰ ਕਰਨ ਵਰਗੇ ਵਿਲੱਖਣ ਕਾਰਜਾਂ ਨਾਲ ਸਧਾਰਨੀਕਰਣ ਸੰਭਵ ਨਹੀਂ ਹੈ। ਇਹ ਪ੍ਰਤੀਤੀ ਰਾਮ ਆਦਿ ਦੀ ਸਮ੍ਰਿਤੀ ਦੇ ਰੂਪ ਵਿੱਚ ਵੀ ਨਹੀਂ ਹੁੰਦੀ ਕਿਉਂਕਿ ਸਮ੍ਰਿਤੀ ਪਹਿਲਾ ਪ੍ਰਾਪਤ ਜਾਂ ਉਪਲਬਧ ਵਸਤੂ ਦੀ ਨਹੀਂ ਹੁੰਦੀ ਹੈ,ਪਰ ਰਤਿ ਆਦਿ ਨਾਲ ਯੁਕਤ ਰਾਮ ਪਹਿਲਾਂ ਉਪਲਬਧ ਨਹੀਂ ਅਤੇ ਨਾਂ ਹੀ ਇਹ ਪ੍ਰਤੀਤੀ ਸ਼ਬਦ, ਅਨੁਮਾਨ ਆਦਿ ਰੂਪ ਹੂੰਦੀ ਹੈ ਕਿਉਂਕਿ ਸ਼ਬਦ, ਅਨੁਮਾਨ ਆਦਿ ਵਿੱਚ ਪ੍ਰਤੱਖ ਗਿਆਨ ਜਿਹੀ ਸਰਲਤਾ ਨਹੀਂ ਹੋ ਸਕਦੀ। ਇਹ ਪ੍ਰਤੀਤੀ ਪ੍ਰਤੱਖ ਅਨੁਭਵ ਜਾਂ ਪਰੋਖ ਸਮ੍ਰਿਤੀ ਰੂਪ ਵੀ ਨਹੀਂ ਕਿਉਂਕਿ ਨਾਇਕ-ਨਾਇਕਾ ਦੇ ਪ੍ਰਤੱਖ ਰਤਿ- ਦਰਸ਼ਨ ਨਾਲ ਹੀ ਤਾਂ ਦਰਸ਼ਕਾਂ ਦੇ ਨਿਜੀ ਸੁਭਾ ਦੀ ਪ੍ਰਵਿੱਰਤੀ ਅਨੁਸਾਰ ਹੀ ਉਸ ਦੇ ਹਿਰਦੇ ਵਿੱਚ ਲੱਜਾ ਘਿਰਣਾ ਇੱਛਾ ਆਦਿ ਹੋਰ ਚਿੱਤਵ੍ਰਿੱਤੀਆ ਪੈਦਾ ਗਿਆ। ਇਸ ਤੋਂ ਛੁੱਟ  ਲਿਨਤਾ ਦੀ ਘਾਟ ਕਰਕੇ ਰਸ-ਪ੍ਰਤੀਤੀ ਦਾ ਵੀ ਅਭਾਵ ਰਹੇਗਾ, ਇਸ ਲਈ ਰਸ ਦੀ ਪ੍ਰਤੀਤੀ ਨਹੀਂ ਹੁੰਦੀ ।[15]

ਅਭਿਨਵ ਗੁਪਤ ਦਾ ਅਭਿਵਿਅਕਤੀਵਾਦ :-

ਅਭਿਨਵ ਗੁਪਤ ਭਰਤ ਦਾ ਰਸ ਸੂਤ੍ਰ ਦੇ ਚੌਥੇ ਅਤੇ ਪ੍ਰਸਿੱਧ ਵਿਆਖਿਆਕਾਰ ਹੈ। ਪੂਰਵ-ਵਰਤੀ ਤਿੰਨਾਂ ਵਿਆਖਿਆਕਾਰ ਦਾ ਮਤਾਂ ਦਾ ਬੋਧ ਵੀ ਅਭਿਨਵ ਗੁਪਤ ਨੇ ਕਰਾਇਆ ਹੈ। ਗੁਪਤ ਨੇ ਆਪਣਾ ਦ੍ਰਿਸ਼ਟੀਕੋਣ ਸ਼ੈਵ-ਦਰਸ਼ਨ ਦੇ ਆਧਾਰ ਤੇ ਪ੍ਰਸਤੁਤ ਕੀਤਾ ਹੈ। ਇਸ ਅਨੁਸਾਰ ' 'ਨਿਸ਼ਪੱਤੀ' ਦਾ ਅਰਥ ਹੈ 'ਅਭਿਵਿਅਕਤੀ' ਅਤੇ 'ਸੰਯੋਗ' ਹੈ।[16]

ਅਭਿਨਵ ਗੁਪਤ ਅਨੁਸਾਰ ਰਤਿ ਆਦਿ ਸਥਾਈ ਭਾਵ ਜਨਮ-ਜਾਤ ਹੁੰਦੇ ਹਨ ਅਤੇ ਸੁਹਿਰਦਾ ਦੇ ਹਿਰਦੇ ਵਿਚ ਵਾਸਨਾ ਰੂਪ ਵਜੋਂ ਲੁਕੇ ਰਹਿੰਦੇ ਹਨ ਜਿਨ੍ਹਾਂ ਨੂੰ ਲੋਕ ਵਿਚ ਨਾਇਕਾ ਆਦਿ ਕਾਰਣਾਂ ,ਕਟਾਖ ਆਦਿ ਕਾਰਜਾਂ ਨਿਰਵੇਦ ਆਦਿ ਸਹਿਕਾਰੀਆਂ ਦੇ ਆਸਰੇ ਕਰ ਕੇ ਸਥਾਈ ਭਾਵ ਦਾ ਅਨੁਭਵ ਕਰਨ ਦਾ ਅਭਿਆਸ ਪ੍ਰਾਪਤ ਹੋ ਚੁੱਕਿਆ ਹੈ। ਇਨ੍ਹਾਂ ਸਥਾਈ ਭਾਵਾਂ ਦੀ ਅਭਿਵਿਅਕਤੀ ਕਾਰਣਾਂ,ਕਾਰਜਾ ਅਤੇ ਸਹਿਕਾਰੀਆਂ ਦੇ ਸੰਯੋਗ ਨਾਲ ਹੁੰਦੀ ਹੈ। ਕਾਵਿ ਦੇ ਖੇਤਰ ਵਿੱਚ ਆਉਣ ਵੇਲੇ ਇਹ ਆਪਣੇ ਮੂਲ ਨਾਂ ਛੱਡ ਦਿੰਦੇ ਹਨ ਅਤੇ ਇਨ੍ਹਾਂ ਲਈ ਕ੍ਰਮਵਾਰ ਵਿਭਾਵ,ਅਨੁਭਾਵ ਅਤੇ ਵਿਭਚਾਰੀ ਭਾਵ ਸ਼ਬਦਾਂ ਦੀ ਵਰਤੋਂ ਹੋਣ ਲੱਗਦੀ ਹੈ ਜਿਨ੍ਹਾਂ ਦਾ ਵਿਵਹਾਰ ਆਮ ਜੀਵਨ ਵਿੱਚ ਨਹੀਂ ਹੁੰਦਾ। ਇਨ੍ਹਾਂ ਨਾਵਾਂ ਦਾ ਕਾਰਣ ਇਹ ਹੈ ਕਿ ਇਨ੍ਹਾਂ ਵਿੱਚ ਇੱਕ ਪ੍ਰਕਾਰ ਦੀ ਅਲੌਕਿਕਤਾ ਪੈਦਾ ਹੁੰਦੀ ਹੈ। ਪਰ ਕਾਵਿ ਜਾਂ ਨਾਟਕਾਂ ਵਿੱਚ ਇਨ੍ਹਾਂ ਕਾਰਣਾਂ ਤੋਂ ਕੇਵਲ ਆਨੰਦ ਦੀ ਉਤਪੱਤੀ ਹੁੰਦੀ ਹੈ।

ਅਭਿਨਵ ਗੁਪਤ ਦਾ ਵਿਅੰਜਨਾਵਾਦ ਦਾ ਸਾਰ :-

1.ਰਸ ਨਿਸ਼ਪੱਤੀ (ਰਸ ਦਾ ਪ੍ਰਗਟਾਉ) ਦਰਸ਼ਕਾਂ ਜਾਂ ਪਾਠਕਾਂ ਵਿੱਚ ਹੁੰਦੀ ਹੈ।[17]

2.ਸਹ੍ਰਿਦਯਾ,ਦਰਸ਼ਕਾ ਅਤੇ ਪਾਠਕਾਂ ਦੇ ਹਿਰਦੇ 'ਚ 'ਰਤੀ' ਆਦਿ ਸਥਾਈਭਾਵ ਵਾਸਨਾਂ ਜਾਂ ਸੰਸਕਾਰ-ਰੂਪ ਵਿੱਚ ਸਥਿਤ ਰਹਿੰਦਾ ਹੈ। ਲੌਕਿਕ ਜੀਵਨ 'ਚ ਚੰਦ੍ਰਮਾ ਦਾ ਉਦਿਤ ਹੋਣਾ,ਪ੍ਰਕ੍ਰਿਤੀ ਦੇ ਸੋਹਣੇ-ਸੋਹਣੇ ਦ੍ਰਿਸ਼,ਸ਼ਰੀਰ ਦੇ ਹੋਰ ਅਨੇਕਾਂ ਅੰਗਾਂ ਦਾ ਚਲਾਉਣਾ ਆਦਿ ਦੁਆਰਾ ਜਿਨ੍ਹਾ ਨੇ 'ਰਤੀ' ਆਦਿ ਸਥਾਈਭਾਵਾਂ ਦਾ ਅਨੁਮਾਨ ਕਰਨ  'ਚ ਜਿੰਨੀ ਜ਼ਿਆਦਾ ਨਿਪੁਣਤਾ ਪ੍ਰਾਪਤ ਕਰ ਲਈ ਹੈ, ਉਨ੍ਹਾਂ 'ਚ ਇਹ ਵਾਸਨਾ ਉੰਨੀ ਹੀ ਜ਼ਿਆਦਾ ਵਿਕਸਿਤ ਰੂਪ 'ਚ ਰਹਿੰਦੀ ਹੈ।

3.ਰਸ ਦਾ ਆਸੁੁਆਦਨ ਅਲੌੌੌੌੌਕਿਕ ਹੁੰਦਾ ਹੈ ਜਿਹੜਾ ਕਿ ਆਪਣੇ ਤੋਂ ਇਲਾਵਾ ਦੂਜੇ ਸਾਰੇ ਗਿਆਨਾਂ ਨੂੰ ਲੁਪਤ ਕਰ ਦੇਂਦਾ ਹੈ।[18]ਇਹ ਆਨੰੰਦ ਬ੍ਰਹਮ-ਗਿਆਨ ਤੋਂ ਪ੍ਰਾਪਤ ਵਰਗਾ ਹੁੰਦਾ ਹੈ।

4.ਕਾਵਿ ਆਦਿ ਦਾ ਪਾਠ  ਅਤੇ ਨਾਟਕ ਆਦਿ  ਦਾ ਖੇਡਣਾ ਰਸਿਕਾਂ ਵਿੱਚ ਸਥਾਈ ਭਾਵ ਪ੍ਰਗਟ ਕਰਨ ਦੇ ਸਾਧਨ ਹਨ । ਜਦ ਪਾਠਕ ਜਾਂ ਦਰਸ਼ਕ ਆਪਣੇ ਅੰਦਰ ਜਾਗੇ ਹੋਏ ਸਥਾਈ ਭਾਵ ਦੇ ਸ਼ੁੱਧ ਰੂਪ ਵਿੱਚ ਲੀਨ ਹੋ ਜਾਂਦੇ ਹਨ, ਤਦ ਚਿੱਤ ਦੀ ਇਕਾਗ੍ਰਤਾ ਕਰ ਕੇ ਉਹ ਪਰਮ ਆਨੰਦ  ਵਰਗੇ ਅਖੰਡ ਰਸ ਦਾ ਆਨੰਦ ਮਾਣਦੇ ਹਨ।

5.ਪਾਠਕਾਂ ਜਾਂ ਦਰਸ਼ਕਾਂਂ ਵਿੱਚ ਟਿਕਿਆ ਹੋਇਆ ( ਰਤੀ ਆਦਿ ਦਾ) ਸਥਾਈ ਭਾਵ, ਵਿਭਾਵ ਆਦਿ ਦੇ ਰਾਹੀਂ ਇਵੇਂ ਪ੍ਰਗਟ ਹੁੰਦਾ ਹੈ, ਜਿਵੇਂ ਪਾਣੀ ਦੀਆਂ ਕਣੀਆਂ ਪੈਣ ਕਰਕੇ ਮਿੱਟੀ ਵਿੱਚੋਂ ਖੁਸ਼ਬੋ। ੲਇਸ ਹਲਾਤ ਵਿੱਚ ਰਸਿਕ ਆਨੰਦ ਅਨੂਭਵ ਕਰਦਾ ਹੈ। ਵਿਅਕਤੀ ਦੇ ਰਾਗ ਦਵੈਖ ਮਿਟ ਜਾਣ ਕਰ ਕੇ ਅਤੇ ਸਾਂਝੇ ਹੋਣ ਕਰ ਕੇ ਰਸ ਦਾ ਅਨੁਭਵ ਹੁੰਦਾ ਹੈ।

ਇਸ ਅਵਸਥਾ ਵਿੱਚ ਟਿਕੇ ਰਹਿਣ ਲਈ ਜ਼ਰੂਰੀ ਹੈ ਕਿ ਵਿਭਾਵ ਆਦਿ ਆਪਣੇ ਦੋ ਰੂਪਾਂ ਨੂੰ ਛਡ ਦੇਣ ਅਤੇ ਪਾਠਕ ਜਾਂ ਦਰਸ਼ਕ ਵੀ ਵਿਅਕਤੀ-ਭਾਵ ਤੋਂ ਰਹਿਤ ਹੋ ਜਾਣ।ਉਸ ਵੇਲੇ ਦੁਸ਼ਿਅੰਤ,ਸ਼ਕੁੰਤਲਾ ਆਦਿ ਆਪਣੇ ਵਿਅਕਤੀ-ਭਾਵ ਨੂੰ ਛੱਡ ਕੇ ਨਿਰੇ ਨਾਇਕ-ਨਾਇਕਾ ਰੂਪ ਵਿੱਚ ਅਸਾਡੇ ਸਾਹਮਣੇ ਆਉਂਦੇ ਹਨ ਅਤੇ ਅਸੀਂ ਰਸ ਅਨੁਭਵ ਕਰਨ ਵਾਲੇ ਹੁੰਦੇ ਹਾਂ। ਇਵੇਂ ਵਿਭਾਵ ਆਦਿ ਨਿਰੇ ਵਿਸ਼ੇ ਅਤੇ ਦਰਸ਼ਕ ਨਿਰੇ ਵਿਸ਼ਈ ਰਹਿ ਜਾਂਦੇ ਹਨ। ਇਸੇ ਨੂੰ ਸਾਂਝ ਪਾਉਣਾ ਕਹਿੰਦੇ ਹਨ। ਇਸ ਦਾ ਜਨਮਦਾਤਾ ਭੱਟ ਨਾਇਕ ਹੋਇਆ ਹੈ -ਇਹ ਗੱਲ ਪਹਿਲਾਂ ਦੱਸੀ ਗਈ ਹੈ।

ਭਿਨਵ-ਗੁਪਤ ਵਿਅੰਜਨਾਵਾਦੀ(suggestionist) ਆਚਾਰੀਆ ਸਨ। ਅਭਿਨਵ -ਗੁਪਤ ਦੇ ਇਸ ਵਾਦ ਲਈ ਦੋ ਗੱਲਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ। ਹਰ ਦਰਸ਼ਕ ਦੇ ਮਨ ਵਿੱਚ ਰੋਜ਼ ਰੋਜ਼ ਦੇ ਅਨੁਭਵਾਂ ਨਾਲ ਕ੍ਰੋਧ, ਦਇਆ, ਪ੍ਰੇਮ ਆਦਿ ਸਥਾਈ ਭਾਵ ਹੁੰਦੇ ਹਨ ਜਿਹੜੇ ਇਹ ਸੰਸਕਾਰ ਬਣਕੇ ਜਾਂ impression ਦੀ ਸੂਰਤ ਵਿੱਚ ਛੁਪੇ ਰਹਿੰਦੇ ਹਨ। ਪਰ ਅਜੇਹੇ ਭਾਵ ਹਰ ਵਿਅਕਤੀ ਵਿੱਚ ਇੱਕ ਸਮਾਨ ਨਹੀਂ ਜਾਗਦੇ। ਦਰਸ਼ਕ/ਸਰੋਤਾ ਜਿਨ੍ਹਾਂ ਵਧੇਰੇ ਭਾਵੁਕ ਹੋਵੇਗਾ ਉਨਾਂ ਰਸ ਦਾ ਅਨੁਭਵ ਹੋਵੇਗਾ। ਜਿਨ੍ਹਾਂ ਵਿਅਕਤੀਆਂ ਵਿੱਚ ਭਾਵ ਨਹੀਂ ਰਹਿੰਦੇ ਉਹ ਨਿਰਜੀਵ ਮੂਰਤ ਵਾਂਗ ਜੜ indifferent ਬਣੇ ਖੜੇ ਰਹਿੰਦੇ ਹਨ। ਇਹ ਇਕ ਮਨੋ-ਵਿਗਿਆਨਿਕ ਤੇ ਯਥਾਰਥਕ ਗੱਲ ਹੈ।

ਦੂਸਰੀ ਗੱਲ ਹੈ ਸਰਬ-ਸਾਂਝੀਵਾਲਤਾ ਦੀ, ਸਾਧਾਰਣੀਕਰਣ ਦੀ , Generalisation ਦੀ।[19]

ਕਾਵਿ ਜਾਂ ਨਾਟਕ ਵਿੱਚ ਹਰ ਵਸਤੂ ਸਰਬ-ਸਾਂਝੀ ਤੇ ਸਬੰਧ ਰਹਿਤ ਪ੍ਰਵਾਣ ਕੀਤੀ ਜਾਂਦੀ ਹੈ। ਬਾਗ ਵਿੱਚ ਗੁੁੁੁਲਾਬ ਦਾ ਫੁੁੱਲ ਵੇਖਕੇ ਨਾ ਤਾਂ ਅਸੀਂ ਇਸ ਨੂੰ ਆਪਣਾ ਸਮਝੀਏ, ਨਾ ਹੀ ਦੁਸ਼ਮਣ ਦਾ ਤੇ ਨਾ ਹੀ ਉਦਾਸੀਨ(indifferent) ਵਿਅਕਤੀ ਦਾ। ਜੇ ਇਉਂ ਸਮਝਿਆ ਜਾਵੇ ਤਾਂ ਫੁੱਲ ਨਾਲ ਸਾਡੀ ਜਾਂ ਉਪਰਾਮਤਾ ਵਾਬਸਤਾ ਹੋ ਸਕਦੀ ਹੈ। ਇਸ ਲਈ ਵਸਤੂ-ਫੁੱਲ ਨੂੰ ਸਰਬ-ਸਾਧਾਰਣ ਹੀ ਮੰਨਣਾ ਹੋਵੇਗਾ। ਇਸੇ ਸਾਧਾਰਣੀਕਰਨ' ਦੀ ਦਸ਼ਾ ਵਿੱਚ ਹੀ ਰਸ ਦੀ ਵਿਅੰਜਨਾ ਹੁੰਦੀ ਹੈ। ਇਤਿਹਾਸਿਕ ਪਾਤਰ, ਨਟ ਨਟੀ, ਦਰਸ਼ਕ, ਸੁਖ-ਦੁਖ ਸਾਰੀਆਂ ਦਾ ਸਾਧਾਰਣੀਕਰਨ ਹੋ ਜਾਂਦਾ ਹੈ। ਏਸੇ ਅਵਸਥਾ ਵਿੱਚ ਰਸ ਦਾ ਅਨੁਭਵ ਹੁੰਦਾ ਹੈ ਅਤੇ ਮਾਣਿਆ ਜਾਂਦਾ ਹੈ।

ਪੰਡਿਤ ਰਾਮਦਹਿਨ ਮਿਸ਼੍ਰ ਦੇ ਅਨੁਸਾਰ:

'ਰਸ' ਦੇ ਪ੍ਰਗਟ ਕਰਨ ਵਾਲੇ ਵਿਭਾਵ ਵਿਚ ਰਸ ਨੂੰ ਪ੍ਰਗਟ ਕਰਨ ਲਈ ਜਿਹੜੀ ਸ਼ਕਤੀ ਹੈ ਉਹ ਨਿੱਜੀ, ਵਿਅਕਤੀਗਤ ਖਾਸ ਸਬੰਧਾ ਨੂੰ ਦੂਰ ਕਰਕੇ ਰਸ ਦਾ ਅਹਿਸਾਸ ਕਰਾਉਣ ਵਾਲਾ 'ਸਾਧਾਰਣੀਕਰਨ' ਹੈ। [20]ਆਚਾਰਿਆ ਅਭਿਨਵ ਗੁਪਤ ਦੇ ਸਿਧਾਂਤ ਤੋਂ ਇਹ ਸਮੱੱਸਿਆ ਸਹਿਜੇ ਹੀ ਹਲ ਹੋ ਜਾਂਦੀ ਹੈ ਕਿ ਅਸੀਂ ਦੂੂੂਜਿਆਂ ਦੀ ਖੁੁਸ਼ ਹੋ ਸਕਦੇ ਹਾਂ। ਕਾਵਿ ਦੇੇ ਪੜ੍ਹਨ ਤਥਾ ਨਾਟਕ-ਸਿਨੇਮਾ ਦੇ ਵੇੇੇਖਣ ਤੋਂ ਅਰਥਾਤ ਕਾਵਿ ਨਾਟਕਾਂ ਦੇ ਦਿਲ ਵਿਚ ਸਥਿਤ 'ਪਿਆਰ' ਆਦਿ ਗੂੂੜ ਵਾਸਨਾ ਉਸੇੇ ਤਰ੍ਹਾਂ ਪ੍ਰਗਟ ਹੋ ਜਾਂਦੀ ਹੈ, ਫੁੁੱਟ ਪੈੈਂਦੀ ਹੈ ਜਿਵੇਂ ਮਿੱਟੀ ਦੇ ਪੱੱਕੇ ਹੋੋਏ ਭਾਂਡੇ ਵਿੱਚ ਪਹਿਲਾਂ ਤੋਂ ਹੀ ਮੌੌੌਜੂਦ ਮਹਿਕ, ਪਾਣੀ ਦੇੇ ਛਿੱਟਿਆਂ ਦੇੇ ਸੰੰਜੋਗ ਨਾਲ ਪ੍ਰਗਟ ਹੋੋ ਜਾਂਦੀ ਹੈ।


ਹਵਾਲੇ

[ਸੋਧੋ]


  1. ਡਾ., ਗੁਰਦੇਵ ਸਿੰਘ. ਭਾਰਤੀ ਸਾਹਿਤ ਆਲੋਚਨਾ ਦੇ ਸਿਧਾਂਤ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 52.
  2. ਡਾ, ਗੁਰਦੇਵ ਸਿੰਘ. ਭਾਰਤੀ ਸਾਹਿਤ ਆਲੋਚਨਾ ਦੇ ਸਿਧਾਂਤ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 52.
  3. ਪ੍ਰੋ., ਦੁਨੀ ਚੰਦ (1972). ਸ੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ (ਸਾਹਿਤਯ ਦਰਪਣ ਦਾ ਪੰਜਾਬੀ ਅਨੁਵਾਦ). ਚੰਡੀਗੜ੍ਹ: ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ. p. 22.
  4. ਡਾ., ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ. ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਮਦਾਨ ਪਬਲੀਸਿੰਗ ਹਾਊਸ , ਪਟਿਆਲਾ. pp. 70–71.
  5. ਡਾ., ਗੁਰਦੇਵ ਸਿੰਘ. ਭਾਰਤੀ ਸਾਹਿਤ ਆਲੋਚਨਾ ਦੇ ਸਿਧਾਂਤ. ਲੁਧਿਆਣਾ: ਲਾਹੌਰ ਬੁੱਕ ਸ਼ਾਪ ਲੁਧਿਆਣਾ. p. 52.
  6. ਪ੍ਰੋ., ਦੁਨੀ ਚੰਦ (1972). ਸ੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ (ਸਾਹਿਤਯ ਦਰਪਣ ਦਾ ਪੰਜਾਬੀ ਅਨੁਵਾਦ). ਚੰਡੀਗੜ੍ਹ: ਪਬਲੀਕੇਸ਼ਨ ਬਿਉਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ. p. 23.
  7. ਪ੍ਰੋ., ਸੁਖਦੇਵ ਸ਼ਰਮਾ. ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 160. ISBN 978-81-302-0462-8.
  8. ਡਾ., ਪ੍ਰੇਮ ਪ੍ਕਾਸ਼ ਸਿੰਘ ਧਾਲੀਵਾਲ. ਭਾਰਤੀ ਕਾਵਿ ਸਾਸ਼ਤਰ. ਪਟਿਆਲਾ: ਮਦਾਨ ਪਬਲੀਸ਼ਿੰਗ ਹਾਊਸ. p. 71.
  9. ਸ਼੍ਰੀ, ਵਿਸ਼ਵਨਾਥ ਕਵੀਰਾਜ ਕ੍ਰਿਤ (1972). ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ. p. 23.
  10. ਡਾ., ਗੁਰਸ਼ਰਨ ਕੌਰ ਜੱਗੀ (1994). ਭਾਰਤੀ ਕਾਵਿ ਸਾਸ਼ਤਰ (ਸਰੂਪ ਤੇ ਸਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ਼ ਚਾਂਦਨੀ ਚੌਕ. pp. 147–148.
  11. ਆਚਾਰੀਆ, ਮੰੰਮਟ (1981). ਕਾਵਿ ਪ੍ਕਾਸ਼. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ. pp. 131–132.
  12. ਆਚਾਰੀਆ, ਮੰੰਮਟ (1981). ਕਾਵਿ ਪ੍ਕਾਸ਼. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ. pp. 133–134.
  13. ਦੁਨੀ ਚੰਦ, ਪ੍ਰੋ: (੧੯੭੨). ਸ਼੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ(ਸਾਹਿਤਯ ਦਰਪਣ ਦਾ ਪੰਜਾਬੀ ਅਨੁਵਾਦ). ਚੰਡੀਗੜ੍ਹ: ਪਬਲੀਕੇਸ਼ਨ ਬਿਉਰੋ,ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ. pp. ੨੪. {{cite book}}: Check date values in: |year= (help)CS1 maint: extra punctuation (link)
  14. ਸ਼ਰਮਾ, ਸ਼ਕਦੇਵ (ਪ੍ਰੋ:) (੨੦੧੭). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. ੧੬੨-੧੬੩. ISBN 978-81-302-0462-8. {{cite book}}: Check date values in: |year= (help)
  15. ਜੱਗੀ, ਡਾ.ਗੁਰਸ਼ਰਨ ਕੌਰ (੧੯੯੪). ਭਾਰਤੀ ਕਾਵਿ ਸ਼ਾਸਤ੍ ਸਰੂਪ ਅਤੇ ਸਿਧਾਂਤ. ਪਟਿਆਲਾ: ਆਰਸੀ ਪਬਲਿਸ਼ਰਜ ਚਾਂਦਨੀ ਚੌਂਕ, ਦਿੱਲੀ. pp. ੧੪੮-੧੪੯. {{cite book}}: Check date values in: |year= (help)
  16. ਗੁਰਸ਼ਰਨ ਕੌਰ ਜੱਗੀ, ਡਾ. (1994). ਭਾਰਤੀ ਕਾਵਿ ਸ਼ਾਸਤ੍ਰ (ਸਰੂਪ ਅਤੇ ਸਿਧਾਂਤ). ਚਾਂਦਨੀ ਚੌਕ,ਦਿੱਲੀ: ਆਰਤੀ ਪਬਲਿਸ਼ਰਜ਼. p. 150.
  17. ਦੁਨੀ ਚੰਦ, ਪ੍ਰੋ. (1972). ਸ਼੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ (ਸਾਹਿਤਯ ਦਰਪਣ ਦਾ ਪੰਜਾਬੀ ਅਨੁਵਾਦ). ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ. p. 24.
  18. ਸ਼ੁਖਦੇਵ ਸ਼ਰਮਾ, ਪ੍ਰੋ. (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 165. ISBN 978-81-302-0462-8.
  19. ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ (ਡਾ.). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਮਦਾਨ ਪਬਲੀਸ਼ਿੰਗ ਹਾਊਸ ਪਟਿਆਲਾ. p. 72.
  20. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ, ਡਾ. (2019). ਭਾਰਤੀ ਕਾਵਿ -ਸ਼ਾਸਤਰ. ਪਟਿਆਲਾ: ਮਦਾਨ ਪਬਲੀਸ਼ਿੰਗ ਹਾਊਸ ਪਟਿਆਲਾ. p. 73.