ਰਿਸ਼ਤਾ-ਨਾਤਾ ਪ੍ਰਬੰਧ
ਰਿਸ਼ਤਾ-ਨਾਤਾ ਪ੍ਰਬੰਧ ਸਮਾਜਿਕ ਰਿਸ਼ਤਿਆਂ ਦਾ ਇੱਕ ਜਾਲ ਹੈ ਜਿਸਦਾ ਹਿੱਸਾ ਲਗਭਗ ਸਾਰੇ ਸਭਿਆਚਾਰਾਂ ਦੇ ਲੋਕ ਹਨ। ਇਹ ਆਰੰਭ ਤੋਂ ਹੀ ਸਮਾਜ ਦਾ ਮਹੱਤਵਪੂਰਨ ਅੰਗ ਰਿਹਾ ਹੈ। ਲਹੂ ਦੇ ਰਿਸ਼ਤੇ ਜੀਵਨ ਨਾਲ ਨਹੁੰ ਮਾਸ ਵਾਲਾ ਸੰਬੰਧ ਰੱਖਦੇ ਹਨ। ਇਸ ਤੋਂ ਬਿਨ੍ਹਾਂ ਮਨੁੱਖ ਆਪ ਵੀ ਦੂਜੇ ਅਲਹੂ ਰਿਸ਼ਤਿਆਂ ਦੀ ਸਿਰਜਨਾ ਕਰਦਾ ਹੈ। ਉਪਰੋਕਤ ਰਿਸ਼ਤਿਆਂ ਦੀ ਰੂਪ ਬਣਤਰ ਦੇ ਹਿਸਾਬ ਨਾਲ ਪੰਜਾਬੀਆਂ ਦੇ ਅੰਗ ਸਾਕ ਜਨਮ ਤੇ ਮਨ ਸਦਕਾ ਹੋਂਦ ਵਿਚ ਆਉਂਦੇ ਹਨ। ਰਿਸ਼ਤਾ-ਨਾਤਾ ਪ੍ਰਣਾਲੀ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹਨਾਂ ਵਿਚ ਹਰ ਸਕੇ ਸੰਬੰਧੀ ਦਾ ਨਵੇਕਲਾ ਦਰਜਾ ਪਿਆਰ ਸਤਿਕਾਰ ਵੱਖ-ਵੱਖ ਰਿਸ਼ਤੇ ਲਈ ਨਿਸ਼ਚਿਤ ਬੌਧਿਕ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ। ਚਾਚਾ, ਤਾਇਆ, ਮਾਸੜ, ਫੁੱਫੜ, ਨਾਨ, ਦਾਦਾ, ਆਦਿ ਤਾਂ ਉਸਦੇ ਇਸਤਰੀ ਲਿੰਗ ਰਿਸ਼ਤੇ ਵੱਖ-ਵੱਖ ਦਰਜੇ ਦੀ ਭਾਵੁਕ ਸਾਂਝ ਤੇ ਮਿਲਵਰਤਨ ਦਾ ਪ੍ਰਤੀਕ ਰਹੇ ਹਨ।1
ਵਿਆਖਿਆ
[ਸੋਧੋ]ਰਿਸ਼ਤਾ-ਨਾਤਾ ਪ੍ਰਬੰਧ ਦੇ ਸੰਕਲਪ ਦੀ ਵਿਆਖਿਆ ਕਰਦਿਆਂ ਬਹੁਤ ਸਾਰੇ ਮਾਨਵ ਵਿਗਿਆਨੀਆਂ ਨੇ ਇਸ ਨੂੰ ਮਨੁੱਖ ਦੀ ਸਮਾਜਿਕ ਹੋਂਦ ਵਿਚ ਉਸਦੇ ਰਾਹੀਂ ਸਿਰਜੇ ਗਏ ਰਿਸ਼ਤਿਆਂ ਨੂੰ ਪ੍ਰਗਟਾਉਣ ਵਾਲਾ ਮੰਨਿਆ ਹੈ। ਇਹ ਰਿਸ਼ਤੇ ਮੁੱਖ ਰੂਪ ਵਿਚ ਪ੍ਰਾਕਿਰਤਕ ਜੀਵ ਵਿਗਆਨਕ ਅਤੇ ਸਭਿਆਚਾਰਕ ਆਧਾਰਾਂ ਉਪਰ ਬਣਾਏ ਅਤੇ ਸਵੀਕਾਰ ਕੀਤੇ ਜਾਂਦੇ ਹਨ। ਬਹੁਤ ਵਾਰੀ ਇਸ ਰਿਸ਼ਤਾ-ਨਾਤਾ ਪ੍ਰਬੰਧ ਨੂੰ ਸਿਰਫ ਅਜਿਹੇ ਰਿਸ਼ਤਿਆਂ ਨੂੰ ਪ੍ਰਗਟਾਉਣ ਦੇ ਅਰਥਾਂ ਵਿਚ ਹੀ ਵਰਤਿਆ ਜਾਂਦਾ ਹੈ, ਜਿਹੜੇ ਮੂਲ ਰੂਪ ਵਿਚ ਬਰਾਦਰੀ ਅਤੇ ਨਾਤੇਦਾਰੀ (ਂਿਿਜਅਜਵਖ) ਤਕ ਹੀ ਮਹਿਦੂਦ ਹੁੰਦੇ ਹਨ ਇਸ ਵਿਚ ਸਿਰਫ ਨਿਕਟਵਰਤੀ ਸੰਬੰਧੀ ਹੀ ਰੱਖੇ ਜਾਂਦੇ ਹਨ ਅਤੇ ਉਹ ਵੀ ਗੋਤਰ, ਜਾਤ ਅਤੇ ਖੂਨ ਦੀ ਸਾਂਝ ਵਾਲੇ। ਲੇਸਿਲ ਏ. ਵਾਈਟ ਦੇ ਸ਼ਬਦਾਂ ਵਿਚ ਰਿਸ਼ਤਾ ਨਾਤਾ ਇਕ ਤਕਨੀਕੀ ਸ਼ਬਦ ਹੈ ਜਿਹੜਾ ਕਿ ਪਤੀ ਪਤਨੀ, ਮਾਪੇ ਬੱਚੇ ਜਾ ਬੱਚਿਆਂ ਵਿਚਕਾਰ ਸੰਬੰਧਾਂ ਵਿਚੋਂ ਉਤਪੰਨ ਹੋਏ ਸਮਾਜਿਕ ਰਿਸ਼ਤਿਆਂ ਨੂੰ ਵਿਸ਼ੇਸ਼ ਨਾਮ ਪ੍ਰਦਾਨ ਕਰਦਾ ਹੈ।
ਰਿਸ਼ਤਿਆਂ ਦੀਆਂ ਕਿਸਮਾਂ
[ਸੋਧੋ]ਪੰਜਾਬੀਆਂ ਦੇ ਰਿਸ਼ਤੇ ਤਾਂ ਅਨੇਕਾ ਗਿਣਾਏ ਜਾ ਸਕਦੇ ਹਨ ਪਰ ਪੰਜ ਪ੍ਰਕਾਰ ਦੇ ਰਿਸ਼ਤੇ ਨਾਤੇ ਤਾਂ ਪੰਜਾਬੀਆਂ ਦੀ ਜੀਵਨ ਸ਼ੈਲੀ ਵਿਚ ਬਹੁਤ ਹੀ ਪ੍ਰਚੱਲਿਤ ਹਨ ਇਹਨਾਂ ਪੰਜ ਤਰ੍ਹਾਂ ਦੇ ਰਿਸ਼ਤਿਆਂ ਦਾ ਵਰਣਨ ਇਸ ਤਰ੍ਹਾਂ ਹੈ:
ਖੂਨ ਦੇ ਰਿਸ਼ਤੇ
[ਸੋਧੋ]ਪਹਿਲੀ ਕਿਸਮ ਦੇ ਰਿਸ਼ਤਿਆਂ ਨੂੰ ‘ਖੂਨ ਦੇ ਰਿਸ਼ਤੇ` ਦਾ ਨਾਮ ਦਿੱਤਾ ਜਾ ਸਕਦਾ ਹੈ, ਜਿਸ ਵਿਚ ਭੈਣ ਭਰਾ, ਭਰਾ-ਭਰਾ, ਭੈਣ-ਭੈਣ ਦਾ ਰਿਸ਼ਤਾ ਵਿਸ਼ੇਬ ਮਹੱਤਵ ਦਾ ਲਖਾਇਕ ਹੈ।
ਜਨਮ ਸਬੰਧੀ ਰਿਸ਼ਤੇ
[ਸੋਧੋ]ਦੂਜੀ ਵੰਨਗੀ ਜਨਮ ਦੁਆਰਾ ਰਿਸ਼ਤੇ ਦੀ ਹੈ ਇਸ ਵੰਨਗੀ ਦੇ ਅੰਤਰਗਤ ਮਾਂ-ਪੁੱਤ, ਮਾਂ-ਧੀ, ਪਿਉ-ਧੀ, ਪਿਉ-ਪੁੱਤ ਦੇ ਰਿਸ਼ਤੇ ਸੰਮਿਲਤ ਹਨ।
ਪਰਿਵਾਰਕ ਰਿਸ਼ਤੇ
[ਸੋਧੋ]ਤੀਜੀ ਕਿਸਮ ਪਰਿਵਾਰਕ ਰਿਸ਼ਤਿਆਂ ਦੀ ਹੈ। ਇਸ ਵੰਨਗੀ ਤਹਿਤ ਚਾਚਾ-ਭਤੀਜਾ, ਤਾਇਆ-ਭਤੀਜਾ, ਮਾਮਾ-ਭਾਣਜਾ, ਮਾਮਾ-ਭਣੇਵੀ, ਨਾਨਾ-ਦੋਹਤਾ, ਨਾਨੀ-ਦੋਹਤੀ, ਦਾਦਾ-ਪੋਤਾ, ਦਾਦੀ-ਪੋਤੀ, ਚਾਚੀ-ਤਾਈ, ਮਾਮੀ-ਭੂਆ ਅਤੇ ਇਹਨਾਂ ਦੀ ਔਲਾਦ ਨਾਲ ਸੰਬੰਧਤ ਰਿਸ਼ਤੇ ਗਿਣੇ ਜਾ ਸਕਦੇ ਹਨ।
ਵਿਆਹ ਰਾਂਹੀ ਬਣਦੇ ਰਿਸ਼ਤੇ
[ਸੋਧੋ]ਚੌਥੀ ਕਿਸਮ ਦੇ ਰਿਸ਼ਤੇ ਉਹ ਹਨ ਜੋ ਵਿਆਹ ਰਾਂਹੀ ਬਣਦੇ ਹਨ, ਜਿਵੇਂ ਸੱਸ-ਨੂੰਹ, ਸੁਹਰਾ-ਨੂੰਹ, ਸੁਹਰਾ-ਜਵਾਈ, ਸੱਸ-ਜਵਾਈ, ਸਾਲਾ-ਭਣਵੱਈਆ, ਸਾਲਾ-ਸਾਲਿਹਾਰ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ, ਪਤੀਸ, ਕੁੜਮ-ਕੁੜਮਣੀ ਤੇ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।
ਭਾਵਨਾਤਮਕ ਰਿਸ਼ਤੇ
[ਸੋਧੋ]ਉਹ ਰਿਸ਼ਤੇ ਹਨ ਜੋ ਮਨੁੱਖੀ ਭਾਵਾਂ, ਉਦਗਾਰਾਂ, ਪਿਆਰ ਤ੍ਰੇਹ ਅਤੇ ਸਤਿਕਾਰ ਆਦਿ ਦੇ ਮਾਧਿਅਮ ਨਾਲ ਸਹਿਜੇ ਸਿਰਜ ਲਏ ਜਾ ਸਥਾਪਤ ਕਰ ਲਏ ਜਾਂਦੇ ਹਨ। ਇਸ ਪ੍ਰਕਾਰ ਦੇ ਰਿਸ਼ਤਿਆਂ ਵਿਚ ਦੋਸਤ, ਮਿੱਤਰ, ਸਹਿਕਰਮੀ, ਵਿਦਿਆਰਥੀ, ਅਧਿਆਪਕ ਆਦਿ ਸਮਿਲਤ ਹੁੰਦੇ ਹਨ।
ਅਪ੍ਰਵਾਨਿਤ ਰਿਸ਼ਤੇ
[ਸੋਧੋ]ਇਹਨਾਂ ਰਿਸ਼ਤਿਆਂ ਤੋਂ ਇਲਾਵਾ ਕੁਝ ਹੋਰ ਰਿਸ਼ਤੇ ਵੀ ਹੁੰਦੇ ਹਨ, ਜਿਨਾ ਨੂੰ ਅਕਸਰ ਨਾਮ ਦੇਣ ਤੋਂ ਗੁਰੇਜ ਕੀਤਾ ਜਾਂਦਾ ਹੈ ਭਾਵ ਅਪ੍ਰਵਾਨਿਤ ਰਿਸ਼ਤੇ। ਅਪ੍ਰਵਾਨਿਤ ਰਿਸ਼ਤੇ ਜਿਹਾ ਕਿ ਨਾਮਕਰਣ ਤੋਂ ਹੀ ਸਪਸ਼ਟ ਹੈ ਜਿਸ ਕਿਸਮ ਦੇ ਰਿਸ਼ਤਿਆਂ ਨੂੰ ਘਰ, ਗ੍ਰਹਿਸਥੀ ਪਿਆਰ ਤੇ ਸਮਾਜ ਵਲੋਂ ਕੋਈ ਮਾਨ ਸਨਮਾਨ ਜਾਂ ਪ੍ਰਵਾਨਗੀ ਨਹੀਂ ਦਿਤੀ ਗਈ ਹੁੰਦੀ ਉਲਟਾ, ਇਸ ਕਿਸਮ ਦੇ ਰਿਸ਼ਤੇ ਦੇ ਨਿਭਾਅ ਸਦਕਾ ਦੇਹਾ ਵਰਗ ਨੂੰ ਸਮਾਜਕ ਨਿਮੋਸ਼ੀ, ਬੇਇਜਤੀ ਤੇ ਹੋਰ ਕਾਨੂੰਨੀ ਪੀੜਾ ਝੱਲਣੀ ਪੈਂਦੀ ਹੈ। ਅਜਿਹੇ ਰਿਸ਼ਤੇ ਦੀ ਸਥਾਪਤੀ ਦੁਸ਼ਮਣੀਆਂ ਪੈਦਾ ਕਰਕੇ ਬਰਬਾਦੀ ਵਲ ਵੀ ਤੋਰਦੀ ਹੈ ਜੋ ਕਿ ਸਭਿਅਕ ਸਮਾਜ ਜਾ ਕੌਮ ਦੇ ਲੋਕਾਂ ਵਾਸਤੇ ਸਦਾ ਹੀ ਹਾਨੀਕਾਰਕ ਸਾਬਤ ਹੋਈ। ਪੰਜਾਬੀ ਸੱਭਿਆਚਾਰ ਵਿਚ ਪਰੰਪਰਿਕ ਤੌ ਤੇ ਇਸ ਵੰਨਗੀ ਦੇ ਰਿਸ਼ਤੇ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਤੋਂ ਵੇਖਿਆ ਤੇ ਵਾਚਿਆ ਜਾਂਦਾ ਰਿਹਾ ਹੈ।"3
ਰਿਸ਼ਤੇਦਾਰੀ ਦੇ ਮੁੱਖ ਆਧਾਰ
[ਸੋਧੋ]ਨਾਨਕਿਆਂ ਤੇ ਦਾਦਕਿਆਂ ਦੀ ਮਹਾਨਤਾ ਦੱਸਦੇ ਵਣਜਾਰਾ ਬੇਦੀ ਲਿਖਦੇ ਹਨ, “ਇਹ ਦੋ ਅਜਿਹੀਆਂ ਫੁੱਲਵਾੜੀਆਂ ਹਨ ਜਿਨ੍ਹਾਂ ਦਾ ਆਪੋ ਆਪਣਾ ਰਸ ਤੇ ਸਵਾਦ ਹੈ ਇਕ ਦੇ ਫੁੱਲ ਤੇ ਮਹਿਕ ਦੂਜੀ ਵਿਚ ਨਹੀਂ ਮਿਲਦੀ। ਇਕ ਫੁੱਲਵਾੜੀ ਦਾ ਰਸ ਪੀ-ਪੀ ਕੇ ਜਦੋਂ ਬੱਚਾ ਰੱਜ ਜਾਂਦਾ ਹੈ ਤਾਂ ਦੂਜੀ ਲਈ ਸਹਿਕਦਾ ਹੈ।"4
ਨਾਨਕੇ
[ਸੋਧੋ]ਨਾਨਕੇ ਦਾ ਰਿਸ਼ਤਾ ਮਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਨਾਨਕੇ ਧੀ ਲਈ ਦਾਜ ਸੂਸ਼ਕ ਅਤੇ ਉਸ ਦੇ ਬੱਚਿਆਂ ਦੀ ਛੱਕ ਭਰਦੇ ਹਨ। ਕੰਨਿਆਦਾਨ ਕਰਦੇ ਹਨ। ਵਿਆਹੁਲੀ ਕੁੜੀ ਲਈ ਨਾਨਕਿਆਂ ਦੇ ਰਾਂਖਵੇਂ ਗਹਿਣੇ ਮੰਨੇ ਜਾਂਦੇ ਹਨ। ਜਵਾਈ ਤੇ ਦੋਹਤਰੇ ਨੂੰ ਸ਼ਗਨ ਤੇ ਕੁੜਮਾ ਦੀ ਮਿਲਣੀ ਦਾ ਭਾਰ ਵੀ ਨਾਨਕਿਆਂ ਉੱਪਰ ਹੀ ਪੈਂਦਾ ਹੈ। ਨਾਨਕੇ ਧੀ ਵਾਲੀ ਧਿਰ ਹੋਣ ਕਾਰਨ ਹਰ ਵਿਹਾਰ ਸਮੇਂ ਕੁਝ ਦੇਣ ਵਾਲੇ ਹੁੰਦੇ ਹਨ। ਆਮ ਤੌਰ ਤੇ ਦੇਣ ਵਾਲਾ ਸਖੀ (ਦਰਿਆ ਦਿਲ) ਤੇ ਲੈਣ ਵਾਲਾ ਮੰਗਤਾ ਸਮਝਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਮੰਗ ਕੇ ਲੈਣ ਵਾਲੇ ਵੀ ਪੰਜਾਬੀ ਸਮਾਜ ਵਿਚ ਵੱਡਾ ਹੋਣ ਦਾ ਦਾਅਵਾ ਕਰਦੇ ਹਨ।
ਨਾਨਕੇ ਪਿਆਰ ਵਿਚ ਮਾਂ ਦੀ ਆਂਦਰ ਦਾ ਨਿੱਘ ਹੁੰਦਾ ਹੈ। ਨਾਨੀ ਲਈ ਦੋਹਤਰਾ ਪੋਤਰੇ ਨਾਲੋਂ ਵਧੇਰੇ ਪਿਆਰਾ ਹੁੰਦਾ ਹੈ। ਬੱਚੇ ਦੇ ਮਨ ਵਿਚ ਹਮੇਸ਼ਾ ਨਾਨਕਿਆਂ ਦੀ ਤਾਂਘ ਰਹਿੰਦੀ ਹੈ:-
“ਨਾਨਕੇ ਘਰ ਜਾਵਾਂਵੇ।
ਲੱਡੂ ਪੇੜੇ ਖਾਵਾਂਗੇ।
ਮੋਟੇ ਹੋ ਕੇ ਆਵਾਂਗੇ।"
ਜਦੋਂ ਵੀ ਸੰਕਟ ਮੁਸੀਬਤ ਦਾ ਸਮਾਂ ਆਵੇ ਤਾਂ ਅਕਸਰ ਨਾਨੀ ਚੇਤੇ ਆਉਂਦੇ ਜਾਂ ਨਾਨਕੇ ਯਾਦ ਆਉਣ ਵਰਗੇ ਅਖਾਣ ਮੁਹਾਵਰੇ ਵਰਤੇ ਜਾਂਦੇ ਹਨ। ਨਾਨਕੇ ਪੱਖ ਤੋਂ ਮਾਤਾ ਦਾ ਭਰਾ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ ਹਮੇਸ਼ਾ ਮਾਮਾ ਹੀ ਹੁੰਦਾ ਹੈ। ਜਦੋ ਕਿ ਪਿਤਾ ਦਾ ਛੋਟਾ ਭਰਾ ਚਾਚਾ ਅਤੇ ਵੱਡਾ ਭਰਾ ਤਾਇਆ ਹੁੰਦਾ ਹੈ।
ਦਾਦਕੇ
[ਸੋਧੋ]ਪੰਜਾਬੀ ਬੱਚੇ ਲਈ ਦਾਦਕੇ ਵੀ ਘੱਟ ਮਹੱਤਵ ਨਹੀਂ ਰੱਖਦੇ। ਬੰਦੇ ਦੀਆਂ ਰਗਾਂ ਵਿਚ ਪਿਤਾ ਦਾ ਖੂਨ ਹੁੰਦਾ ਹੈ। ਉਹ ਦਾਦਕੀ ਰੂੜ੍ਹੀ ਵਿਚ ਪਲਦਾ, ਵਧਦਾ-ਫੁੱਲਦਾ ਤੇ ਪ੍ਰਵਾਨ ਚੜ੍ਹਦਾ ਹੈ। ਪਿਤਾ ਪੁਰਖੀ ਧੰਦੇ ਅਤੇ ਰਸਮ ਰਿਵਾਜ ਉਹ ਸਹਿਜੇ ਹੀ ਗ੍ਰਹਿਣ ਕਰ ਲੈਂਦਾ ਹੈ। ਦਾਦਕੇ ਪਰਿਵਾਰ ਵਿਚ ਉਸ ਦੀਆਂ ਜੀਵਨ ਤੰਦਾਂ ਡੂੰਘੀਆਂ ਅਤੇ ਵਧੇਰੇ ਫੈਲੀਆਂ ਹੁੰਦੀਆਂ ਹਨ। ਪੰਜਾਬੀ ਸਮਾਜ ਅਨੇਕਾਂ ਜਾਤਾਂ, ਗੋਤਾਂ ਤੇ ਬਰਾਦਰੀਆਂ ਵਿਚ ਵੰਡਿਆ ਹੋਇਆ ਹੈ। ਬਰਾਦਰੀ ਵਿਚ ਛੇ ਕੇ ਜਾਣਾ ਬਹੁਤ ਵੱਡਾ ਸਮਾਜਕ ਸਰਾਪ ਹੈ। ਪੰਜਾਬੀ ਭਾਵੇਂ ਵੱਡੇ ਸਾਹਿਬ ਅੱਗੇ ਨਾ ਝੁਕੇ ਪਰ ਬਰਾਦਰੀ ਸਾਹਵੇਂ ਨਿਮਾਣਾ ਬਣ ਜਾਂਦਾ ਹੈ। ਗਿਲੇ ਰੋਸੇ ਦੂਰ ਕਰਨ ਲਈ ਬਰਾਦਰੀ ਦੇ ਇਕੱਠ ਵਿਚ ਦੋਸ਼ੀ ਬੰਦਾ ਪੱਗ ਲਾਹਕੇ ਰੁੱਸੇ ਬੰਦੇ ਦੇ ਪੈਰੀ ਰੱਖ ਦਿੰਦਾ ਹੈ ਜਿਸ ਦਾ ਮੰਤਵ ਹੈ ਕਿ ਮੈਂ ਬਰਾਦਰੀ ਬਾਝੋ ਕੁਝ ਨਹੀਂ ਹਾਂ। ਇਕੋ ਵਡੇਰੇ ਦੀ ਸੰਤਾਨ ਹੋਣ ਕਾਰਨ ਬਰਾਦਰੀ ਵਿਚ ਲਹੂ ਦੀ ਸਾਂਝ ਅਤੇ ਦੁੱਖ-ਸੁੱਖ ਦੀ ਭਾਈਵਾਲੀ ਹੁੰਦੀ ਹੈ।
ਵੱਖ-ਵੱਖ ਰਿਸ਼ਤੇ ਜੀਵਨ ਦੇ ਵੱਖ-ਵੱਖ ਪੱਖਾਂ ਦੀ ਪੂਰਤੀ ਕਰਦੇ ਹਨ। ਹਰ ਰਿਸ਼ਤੇ ਦਾ ਮਾਨਸਿਕ, ਆਰਥਿਕ, ਲਿੰਗਾਤਮਕ ਸਮਾਜਿਕ ਜਾਂ ਧਾਰਮਿਕ ਮਹੱਤਵ ਹੁੰਦਾ ਹੈ। ਮਾਂ ਪਿਉ, ਚਾਚਾ-ਚਾਚੀ, ਤਾਇਆ-ਤਾਈ, ਮਾਮਾ-ਮਾਮੀ, ਮਾਸੜ-ਮਾਸੀ, ਫੁੱਫੜ-ਭੂਆ ਆਦਿ ਵੱਡੇ ਥੰਮੇ ਦੇ ਰਿਸ਼ਤੇ ਹਨ। ਵਿਅਕਤੀ ਸਦਾਚਾਰਕ ਤੌਰ ਤੇ ਇਹਨਾਂ ਦਾ ਸਤਿਕਾਰ ਕਰਦਾ ਹੈ। ਮਾਂ ਪਿਉ ਦੀ ਅਣਹੋਂਦ ਸਮੇਂ ਇਸ ਪੱਧਰ ਦਾ ਰਿਸ਼ਤਾ ਹੀ ਘਾਟਾ ਪੂਰਾ ਕਰਦਾ ਹੈ। ਬਜੁਰਗ ਪੀੜੀ ਵਿਚ ਨਾਨਾ-ਨਾਨੀ, ਦਾਦਾ-ਦਾਦੀ, ਨਸੀਹਤਾ ਤੇ ਵਰਤ ਵਿਹਾਰ ਵਿਚ ਅਗਵਾਈ ਕਰਦੇ ਹਨ। ਇਹਨਾਂ ਰਿਸ਼ਤਿਆਂ `ਚੋਂ ਕੁਝ ਇਕ ਅਜਿਹੇ ਰਿਸ਼ਤੇ ਹਨ ਜਿਨ੍ਹਾਂ ਦੀ ਆਪਣੀ ਵਖਰੀ ਮਹਾਨਤਾ ਹੈ। ਇਸ ਤਰ੍ਹਾਂ ਦੇ ਰਿਸ਼ਤਿਆਂ ਵਿਚ ਭੈਣ-ਭਰਾ, ਦੇਵਰ-ਭਰਜਾਈ, ਜੀਜਾ-ਸਾਲੀ ਆਦਿ ਸ਼ਾਮਿਲ ਹਨ। ਭੈਣ ਭਰਾ ਦਾ ਰਿਸ਼ਤਾ ਸਮਾਜਿਕ ਤੇ ਮਾਨਸਿਕ ਪੱਖ ਤੋਂ ਮੁੱਖ ਰਿਸ਼ਤਾ ਹੈ। ਇਸ ਰਿਸ਼ਤੇ ਦੀ ਨਿਵੇਕਲੀ ਮਹਾਨਤਾ ਹੈ। ਭਰਾ ਭੈਣ ਦੇ ਬੱਚਿਆਂ ਦਾ ਮਾਮਾ ਬਣਦਾ ਹੈ। ਮਾਮਾ ਇਕ ਤਰ੍ਹਾਂ ਦੀ ਮਰਦ ਮਾਤਾ ਹੁੰਦਾ ਹੈ। ਭੈਣ ਭਰਾ ਦੇ ਬੱਚਿਆਂ ਦੀ ਭੂਆ ਬਣਦੀ ਹੈ ਜੋ ਇਕ ਤਰ੍ਹਾਂ ਇਸਤਰੀ ਪਿਤਾ ਹੋਣ ਦੀ ਰੁਤਬਾ ਰੱਖਦੀ ਹੈ।5
ਹਵਾਲੇ
[ਸੋਧੋ]- ਜਸਬੀਰ ਸਿੰਘ ਜੱਸ, ਪੰਜਾਬੀ ਸਭਿਆਚਾਰ ਉਤੇ ਬਦੇਸੀ ਪ੍ਰਭਾਵ ਪੰਨਾ-53
- ਡਾ. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ: ਪਛਾਣ-ਚਿੰਨ੍ਹ, ਪੁਨੀਤ ਪ੍ਰਕਾਸ਼ਨ ਪਟਿਆਲਾ, ਪੰਨਾ-30
- ਜਗੀਰ ਸਿੰਘ ਨੂਰ (ਡਾ.) ਪੰਜਾਬੀ ਜਨ-ਜੀਵਨ ਲੋਕ ਰੰਗ ਪੰਜਾਬੀ ਸਾਹਿਤ ਤੇ ਸਭਿਆਚਾਰ ਮਦਨ ਫਗਵਾੜਾ, ਪੰਜਾਬ, ਪੰਨਾ-55
- ਬਲਵੀਰ ਸਿੰਘ ਪੂਨੀ, ਪੰਜਾਬੀ ਸਭਿਆਚਾਰ ਸਿਧਾਂਤ ਤੇ ਵਿਹਾਰ, ਪਬਲੀਕੇਸ਼ਨ ਬਿਊਰੋ, ਪਟਿਆਲਾ, ਪੰਨਾ-69
- ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ ਮੁਢਲੀ ਜਾਣ ਪਛਾਣ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ- 258, 259, 260