ਰੇਸ਼ਮੀ ਰੁਮਾਲ ਤਹਿਰੀਕ
ਦਿੱਖ
ਰੇਸ਼ਮੀ ਰੁਮਾਲ ਤਹਿਰੀਕ (تحریک ریشمی رومال ਤਹਿਰੀਕ-ਇ-ਰੇਸ਼ਮੀ ਰੁਮਾਲ) ਦਿਓਬੰਦ ਦੇ ਮੁਲਾਣਿਆਂ ਦੀ ਤੋਰੀ 1913 ਤੋਂ 1920 ਤੱਕ ਚੱਲੀ ਅੰਗਰੇਜ਼-ਵਿਰੋਧੀ ਸਰਬ-ਇਸਲਾਮੀ ਲਹਿਰ ਸੀ। ਉਸਮਾਨੀਆ ਸਲਤਨਤ, ਜਰਮਨ ਸਲਤਨਤ, ਅਤੇ ਅਫਗਾਨਿਸਤਾਨ ਦੀ ਮੱਦਦ ਨਾਲ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਦਿਓਬੰਦ ਤੋਂ ਉੱਠਣ ਵਾਲੀ ਇਹ ਤਹਿਰੀਕ ਸਾਲਾਂ ਤੱਕ ਬਰਤਾਨਵੀ ਖ਼ੁਫ਼ੀਆ ਮਹਿਕਮੇ ਲਈ ਵੱਡੀ ਸਿਰਦਰਦੀ ਬਣੀ ਰਹੀ। ਦਾਰੁਲ ਉਲੂਮ ਦੇ ਸ਼ਿਕਸਤਾ ਹੁਜਰੇ ਅਤੇ ਹਜ਼ਰਤ ਸ਼ੇਖ਼ ਅਲਹਿੰਦ ਦੇ ਘਰ ਦੇ ਤਹਿਖ਼ਾਨੇ ਵਿੱਚ ਤਹਿਰੀਕ ਰੇਸ਼ਮੀ ਰੁਮਾਲ ਦੇ ਮਨਸੂਬੇ ਤਿਆਰ ਕੀਤੇ ਜਾਂਦੇ ਸਨ। ਇਸ ਅੰਦੋਲਨ ਦੀ ਯੋਜਨਾ ਦਾ ਪਤਾ ਪੰਜਾਬ ਸੀ.ਆਈ.ਡੀ. ਨੂੰ ਓਦੋਂ ਲੱਗਿਆ ਸੀ ਜਦੋਂ ਅਫਗਾਨਿਸਤਾਨ ਵਿੱਚ ਕੰਮ ਕਰਦੇ ਇੱਕ ਦਿਓਬਣਦੀ ਆਗੂ ਦੀ ਇਰਾਨ ਵਿੱਚ ਇੱਕ ਹੋਰ ਆਗੂ ਮਹਿਮੂਦ ਅਲ ਹਸਨ ਨੂੰ ਲਿਖੀ ਇੱਕ ਚਿੱਠੀ ਫੜੀ ਗਈ ਸੀ। ਰੇਸ਼ਮੀ ਕੱਪੜੇ ਦੇ ਟੁਕੜਿਆਂ ਤੇ ਪੱਤਰਵਿਹਾਰ ਕਰ ਕੇ ਇਸ ਨੂੰ ਰੇਸ਼ਮੀ ਰੁਮਾਲ ਤਹਿਰੀਕ ਦਾ ਨਾਮ ਦਿੱਤਾ ਗਿਆ।[1][2]