ਰੈਜ਼ਰਵਾਇਰ ਡੌਗਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੈਜ਼ਰਵਾਇਰ ਡੌਗਸ
Theatrical release poster
ਨਿਰਦੇਸ਼ਕਕੁਐਂਟਿਨ ਟੈਰੇਨਟੀਨੋ
ਲੇਖਕਕੁਐਂਟਿਨ ਟੈਰੇਨਟੀਨੋ
ਨਿਰਮਾਤਾਲਾਰੈਂਸ ਬੈਂਡਰ
ਸਿਤਾਰੇ
ਸਿਨੇਮਾਕਾਰਆਂਦਰਜ਼ੇਜ ਸੇਕੁਲਾ
ਸੰਪਾਦਕਸੈਲੀ ਮੇਨਕੇ
ਪ੍ਰੋਡਕਸ਼ਨ
ਕੰਪਨੀਆਂ
  • ਆਰਟੀਸਨ ਐਂਟਰਟੇਨਮੈਂਟ
  • ਡੌਗ ਈਟ ਡੌਗ ਪ੍ਰੋਡਕਸ਼ਨਜ਼
ਡਿਸਟ੍ਰੀਬਿਊਟਰਮੀਰਾਮੈਕਸ ਫ਼ਿਲਮਜ਼
ਰਿਲੀਜ਼ ਮਿਤੀਆਂ
  • ਜਨਵਰੀ 21, 1992 (1992-01-21) (ਸਨਡਾਂਸ)
  • ਅਕਤੂਬਰ 23, 1992 (1992-10-23) (ਅਮਰੀਕਾ)
ਮਿਆਦ
99 ਮਿੰਟ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$1.2 ਮਿਲੀਅਨ
ਬਾਕਸ ਆਫ਼ਿਸ$2.8 ਮਿਲੀਅਨ

ਰੈਜ਼ਰਵਾਇਰ ਡੌਗਸ 1992 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਅਪਰਾਧ ਅਧਾਰਿਤ ਰੋਮਾਂਚਕ ਫ਼ਿਲਮ ਹੈ ਜਿਸਨੂੰ ਕੁਐਂਟਿਨ ਟੈਰੇਨਟੀਨੋ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਟੈਰੇਨਟੀਨੋ ਦੀ ਪਹਿਲੀ ਫ਼ੀਚਰ ਫ਼ਿਲਮ ਸੀ। ਇਸ ਫ਼ਿਲਮ ਵਿੱਚ ਹਾਰਵੀ ਕੀਟਲ, ਟਿਮ ਰੌਥ, ਕ੍ਰਿਸ ਪੈਨ, ਸਟੀਵ ਬੁਸ਼ੇਮੀ, ਲਾਰੈਂਸ ਟੀਅਰਨੀ, ਮਾਈਕਲ ਮੈਡਸੇਨ, ਟੈਰੇਨਟੀਨੋ ਅਤੇ ਐਡਵਰਡ ਬੰਕਰ ਨੇ ਮੁੱਖ ਕਿਰਦਾਰਾਂ ਦੇ ਰੂਪ ਵਿੱਚ ਅਦਾਕਾਰੀ ਕੀਤੀ ਹੈ। ਇਹ ਸਾਰੇ ਹੀਰਿਆਂ ਦੇ ਇੱਕ ਡਾਕੇ ਦੀ ਯੋਜਨਾ ਬਣਾਉਂਦੇ ਹਨ ਅਤੇ ਫ਼ਿਲਮ ਵਿੱਚ ਡਾਕੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨੂੰ ਵਿਖਾਇਆ ਗਿਆ ਹੈ। ਇਸਤੋਂ ਇਲਾਵਾ ਫ਼ਿਲਮ ਵਿੱਚ ਕਿਰਕ ਬਾਲਟਜ਼, ਰੈਂਡੀ ਬਰੂਕਸ ਅਤੇ ਸਟੀਵਨ ਰਾਈਟਸ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ਵਿੱਚ ਬਹੁਤ ਸਾਰੇ ਵਿਸ਼ੇਸ਼ ਲੱਛਣ ਹਨ ਜਿਹੜੇ ਕਿ ਟੈਰੇਨਟੀਨੋ ਦੀਆਂ ਫ਼ਿਲਮਾਂ ਦੇ ਖ਼ਾਸ ਨਮੂਨੇ ਬਣ ਗਏ ਸਨ ਜਿਵੇਂ ਕਿ ਅਪਰਾਧਿਕ ਹਿੰਸਾ, ਪੌਪ ਸੱਭਿਆਚਾਰ ਦੇ ਹਵਾਲੇ, ਗਾਲਾਂ ਅਤੇ ਖ਼ਾਸ ਕਰਕੇ ਅਸਿੱਧਾ ਕਹਾਣੀ ਬਿਆਨ ਆਦਿ।

ਇਸ ਫ਼ਿਲਮ ਨੂੰ ਇੱਕ ਕਲਾਸਿਕ ਆਜ਼ਾਦ ਫ਼ਿਲਮ ਅਤੇ ਕਲਟ ਫ਼ਿਲਮ ਦਾ ਦਰਜਾ ਦਿੱਤਾ ਗਿਆ ਹੈ।,[1] ਅਤੇ ਐਂਪਾਇਰ ਮੈਗਜ਼ੀਨ ਦੁਆਰਾ ਸਭ ਤੋਂ ਮਹਾਨ ਅਾਜ਼ਾਦ ਫ਼ਿਲਮ ਐਲਾਨਿਆ ਹੈ। ਹਾਲਾਂਕਿ ਇਸ ਫ਼ਿਲਮ ਵਿੱਚ ਗਾਲਾਂ ਅਤੇ ਹਿੰਸਾ ਦੀ ਨਿੰਦਾ ਹੋਈ ਸੀ ਪਰ ਇਸਨੂੰ ਬਹੁਤ ਸਾਰੇ ਆਲੋਚਕਾਂ ਨੇ ਸਰਾਹਿਆ ਹੈ। ਰਿਲੀਜ਼ ਹੋਣ ਸਮੇਂ ਇਸ ਫ਼ਿਲਮ ਦੀ ਜ਼ਿਆਦਾ ਪ੍ਰੋਮੋਸ਼ਨ ਨਹੀਂ ਹੋਈ ਸੀ ਪਰ ਇਹ ਫ਼ਿਲਮ ਅਮਰੀਕਾ ਵਿੱਚ ਠੀਕ-ਠਾਕ ਕਮਾਈ ਕਰ ਗਈ ਸੀ ਜਿਸ ਵਿੱਚ ਇਸਨੇ 1.2 ਮਿਲੀਅਨ ਡਾਲਰ ਦੇ ਬਜਟ ਤੇ 2.8 ਮਿਲੀਅਨ ਡਾਲਰਾਂ ਦੀ ਕਮਾਈ ਕਰ ਲਈ ਸੀ। ਇਹ ਫ਼ਿਲਮ ਇੰਗਲੈਂਡ ਵਿੱਚ ਸਭ ਤੋਂ ਵੱਧ ਕਾਮਯਾਬ ਸਿੱਧ ਹੋਈ ਸੀ ਜਿਸ ਵਿੱਚ ਇਸਨੇ 6.5 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ ਸੀ। ਇਹ ਫ਼ਿਲਮ ਟੈਰੇਨਟੀਨੋ ਦੀ ਅਗਲੀ ਫ਼ਿਲਮ ਪਲਪ ਫ਼ਿਕਸ਼ਨ (1994) ਦੀ ਸਫਲਤਾ ਤੋਂ ਪਿੱਛੋਂ ਹੋਰ ਮਸ਼ਹੂਰ ਹੋ ਗਈ ਸੀ। ਇਸ ਫ਼ਿਲਮ ਦਾ ਸਾਊਂਡਟਰੈਕ ਫ਼ਿਲਮ ਵਿਚਲੇ ਗੀਤਾਂ ਨੂੰ ਲੈ ਕੇ ਰਿਲੀਜ਼ ਕੀਤਾ ਗਿਆ ਸੀ, ਜਿਹੜੇ ਕਿ ਜ਼ਿਆਦਾਤਰ 1970 ਦੇ ਦਹਾਕੇ ਦੇ ਸਨ।

ਕਥਾਨਕ[ਸੋਧੋ]

ਅੱਠ ਬੰਦੇ ਡਾਕਾ ਮਾਰਨ ਤੋਂ ਪਹਿਲਾਂ ਲਾਸ ਏਂਜਲਸ ਦੇ ਇੱਕ ਰੈਸਤਰਾਂ ਵਿੱਚ ਸਵੇਰ ਦਾ ਖਾਣਾ ਖਾਂਦੇ ਹਨ। ਉਹਨਾਂ ਵਿੱਚੋਂ ਛੇ ਲੋਕ ਇਹ ਨਾਮ ਇਹਨਾਂ ਨਾਂਵਾਂ ਦਾ ਇਸਤੇਮਾਲ ਕਰਦੇ ਹਨ: ਮਿਸਟਰ ਬਲੌਂਡੇ, ਮਿਸਟਰ ਬਲੂ, ਮਿਸਟਰ ਬ੍ਰਾਊਨ, ਮਿਸਟਰ ਔਰੇਂਜ, ਮਿਸਟਰ ਪਿੰਕ ਅਤੇ ਮਿਸਟਰ ਵ੍ਹਾਈਟ। ਬਾਕੀ ਦੋਵਾਂ ਵਿੱਚ ਇੱਕ ਦਾ ਨਾਮ ਜੋਅ ਕੈਬਟ ਹੈ ਅਤੇ ਦੂਜਾ ਉਸਦਾ ਪੁੱਤਰ ਨਾਈਸ ਗਾਏ ਐਡੀ ਕੈਬਟ ਹੈ, ਇਹ ਦੋਵੇਂ ਮੁਖੀ ਹਨ ਅਤੇ ਸਾਰੀ ਯੋਜਨਾਂ ਇਹਨਾਂ ਦੀ ਬਣਾਈ ਹੋਈ ਹੈ।

ਡਾਕੇ ਤੋਂ ਪਿੱਛੋਂ, ਵ੍ਹਾਈਟ ਘਟਨਾ ਦੀ ਥਾਂ ਤੋਂ ਔਰੇਂਜ ਨਾਲ ਭੱਜ ਜਾਂਦਾ ਹੈ, ਜਿਸਨੂੰ ਕਿ ਭੱਜਣ ਦੌਰਾਨ ਪੁਲਿਸ ਦੀ ਗੋਲੀ ਲੱਗ ਜਾਂਦੀ ਹੈ ਅਤੇ ਉਸਦੇ ਬਹੁਤ ਸਾਰਾ ਖ਼ੂਨ ਵਹਿ ਰਿਹਾ ਹੈ। ਜੋਅ ਦੇ ਇੱਕ ਗੁਦਾਮ ਵਿੱਚ, ਵ੍ਹਾਈਟ ਅਤੇ ਔਰੇਂਜ ਪਿੰਕ ਨਾਲ ਮਿਲਦੇ ਹਨ, ਜਿਹੜਾ ਮੰਨਦਾ ਹੈ ਕਿ ਇਸ ਕੰਮ ਦੀ ਜਾਣਕਾਰੀ ਪੁਲਿਸ ਨੂੰ ਪਹਿਲਾਂ ਹੀ ਸੀ। ਵ੍ਹਾਈਟ ਉਸਨੂੰ ਦੱਸਦਾ ਹੈ ਕਿ ਬ੍ਰਾਊਨ ਮਰ ਚੁੱਕਾ ਹੈ, ਬਲੂ ਅਤੇ ਬਲੌਂਡੇ ਲਾਪਤਾ ਹਨ, ਅਤੇ ਕਿ ਬਲੌਂਡੇ ਨੇ ਡਾਕੇ ਦੌਰਾਨ ਕਈ ਨਾਗਰਿਕਾਂ ਦੀ ਹੱਤਿਆ ਵੀ ਕੀਤੀ ਹੈ। ਵ੍ਹਾਈਟ ਜੋਅ ਨਾਲ ਬਹੁਤ ਨਾਰਾਜ਼ ਹੈ ਕਿ ਉਸਨੇ ਇਸ ਕੰਮ ਲਈ ਅਜਿਹੇ ਪਾਗਲ ਬੰਦੇ ਨੂੰ ਚੁਣਿਆ। ਪਿੰਕ ਨੇ ਹੀਰੇ ਕਿਤੇ ਨੇੜੇ-ਤੇੜੇ ਲੁਕਾ ਦਿੱਤੇ ਹਨ, ਉਹ ਵ੍ਹਾਈਟ ਨਾਲ ਇਸ ਗੱਲ ਤੇ ਬਹਿਸ ਕਰਦਾ ਹੈ ਕਿ ਕੀ ਉਹਨਾਂ ਨੂੰ ਔਰੇਂਜ ਲਈ ਕੋਈ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਜਾਂ ਨਹੀਂ। ਇਸ ਪਿੱਛੋਂ ਉੱਥੇ ਬਲੌਂਡੇ ਪਹੁੰਚਦਾ ਹੈ ਅਤੇ ਉਹ ਇੱਕ ਪੁਲਿਸ ਵਾਲੇ ਜਿਸਦਾ ਨਾਮ ਮਾਰਵਿਨ ਨੈਸ਼ ਹੈ, ਨੂੰ ਆਪਣੇ ਨਾਲ ਅਗਵਾਹ ਕਰ ਲਿਆਇਆ ਹੈ।

ਕੁਝ ਸਮਾਂ ਪਹਿਲਾਂ, ਬਲੌਂਡੇ ਕੈਬਟਾਂ ਨਾਲ ਮਿਲਦਾ ਹੈ। ਬਲੌਂਡੇ ਚਾਰ ਸਾਲਾਂ ਦੀ ਜੇਲ੍ਹ ਕੱਟ ਕੇ ਆਇਆ ਹੈ। ਬਲੌਂਡੇ ਨੇ ਆਪਣੀ ਸਜ਼ਾ ਘਟਾਉਣ ਲਈ ਜੋਅ ਦਾ ਨਾਮ ਨਹੀਂ ਲਿਆ ਸੀ, ਜਿਸ ਕਰਕੇ ਜੋਅ ਉਸਨੂੰ ਇਸ ਕੰਮ ਲਈ ਚੁਣ ਲੈਂਦਾ ਹੈ।

ਵਰਤਮਾਨ ਵਿੱਚ, ਵ੍ਹਾਈਟ ਅਤੇ ਪਿੰਕ ਜਾਣਕਾਰੀ ਹਾਸਲ ਕਰਨ ਲਈ ਨੈਸ਼ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ। ਐਡੀ ਉੱਥੇ ਪਹੁੰਚਦਾ ਹੈ ਅਤੇ ਉਹਨਾਂ ਨੂੰ ਹੁਕਮ ਦਿੰਦਾ ਹੈ ਕਿ ਹੀਰੇ ਪ੍ਰਾਪਤ ਕਰਨ ਅਤੇ ਭੱਜ ਸਕਣ ਲਈ ਕੋਈ ਗੱਡੀ ਲਭ ਕੇ ਲਿਆਉਣ। ਇਹ ਬਲੌਂਡੇ ਨੂੰ ਨੈਸ਼ ਅਤੇ ਔਰੇਂਜ ਦਾ ਇੰਚਾਰਜ ਲਾ ਦਿੰਦਾ ਹੈ। ਨੈਸ਼ ਕਹਿੰਦਾ ਹੈ ਕਿ ਉਸਨੂੰ ਕੋਈ ਵੀ ਜਾਣਕਾਰੀ ਨਹੀਂ ਹੈ, ਪਰ ਬਲੌਂਡੇ ਉਸਦੀ ਗੱਲ ਨਹੀਂ ਸੁਣਦਾ ਹੈ ਅਤੇ ਕੁੱਟਮਾਰ ਜਾਰੀ ਰੱਖਦਾ ਹੈ, ਇਸ ਵਿੱਚ ਉਹ ਉਸਦਾ ਇੱਕ ਬਲੇਡ ਨਾਲ ਕੰਨ ਵੀ ਵੱਢ ਕੇ ਅਲੱਗ ਕਰ ਦਿੰਦਾ ਹੈ। ਉਹ ਨੈਸ਼ ਨੂੰ ਜ਼ਿੰਦਾ ਅੱਗ ਲਾਉਣ ਲੱਗਦਾ ਹੈ, ਪਰ ਔਰੇਂਜ ਉਸਨੂੰ ਗੋਲੀ ਮਾਰ ਕੇ ਮਾਰ ਦਿੰਦਾ ਹੈ। ਔਰੇਂਜ ਨੈੇਸ਼ ਨੂੰ ਦੱਸਦਾ ਹੈ ਕਿ ਉਹ ਇੱਕ ਗੁਪਤ ਪੁਲਿਸ ਵਾਲਾ ਹੈ ਅਤੇ ਪੁਲਿਸ ਉੱਥੇ ਛੇਤੀ ਪਹੁੰਚਦੀ ਹੀ ਹੋਵੇਗੀ।

ਕੁਝ ਘੰਟੇ ਪਹਿਲਾਂ, ਬ੍ਰਾਊਨ ਅਪਰਾਧ ਵਾਲੀ ਥਾਂ ਤੋਂ ਔਰੇਂਜ ਅਤੇ ਵ੍ਹਾਈਟ ਨਾਲ ਭੱਜਣ ਲੱਗਿਆਂ ਗੋਲੀ ਲੱਗਣ ਨਾਲ ਮਾਰਿਆ ਜਾਂਦਾ ਹੈ। ਜਦੋਂ ਔਰੇਂਜ ਅਤੇ ਵ੍ਹਾਈਟ ਇੱਕ ਹੋਰ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਔਰੇਂਜ ਉੱਪਰ ਕਾਰ ਦਾ ਡ੍ਰਾਈਵਰ ਗੋਲੀ ਚਲਾਉਂਦਾ ਹੈ, ਜਿਸ ਦੇ ਜਵਾਬ ਵਿੱਚ ਔਰੇਂਜ ਉਸਨੂੰ ਗੋਲੀ ਮਾਰ ਦਿੰਦਾ ਹੈ।

ਵਰਤਮਾਨ ਵਿੱਚ, ਜਦੋਂ ਐਡੀ, ਪਿੰਕ ਅਤੇ ਵ੍ਹਾਈਟ ਵਾਪਿਸ ਆਉਂਦੇ ਹਨ ਤਾਂ ਔਰੇਂਜ ਉਹਨਾਂ ਨੂੰ ਯਕੀਨ ਦਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਬਲੌਂਡੇ ਨੇ ਉਹਨਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਹੀਰੇ ਚੋਰੀ ਕਰਕੇ ਭੱਜਣ ਵਾਲਾ ਸੀ। ਐਡੀ ਨੈਸ਼ ਨੂੰ ਮਾਰ ਦਿੰਦਾ ਹੈ ਅਤੇ ਔਰੇਂਜ ਤੇ ਝੂਠ ਬੋਲਣ ਦਾ ਇਲਜ਼ਾਮ ਲਾਉਂਦਾ ਹੈ ਕਿਉਂਕਿ ਬਲੌਂਡੇ ਉਸਦੇ ਪਿਓ ਦਾ ਵਫਾਦਾਰ ਬੰਦਾ ਸੀ। ਜੋਅ ਇਸ ਖ਼ਬਰ ਨਾਲ ਆਉਂਦਾ ਹੈ ਕਿ ਪੁਲਿਸ ਨੇ ਬਲੂ ਨੂੰ ਮਾਰ ਦਿੱਤਾ ਹੈ। ਉਹ ਔਰੇਂਜ ਨੂੰ ਮਾਰਨ ਵਾਲਾ ਹੈ, ਕਿਉਂਕਿ ਉਸਨੂੰ ਲੱਗਦਾ ਹੈ ਕਿ ਉਹ ਧੋਖੇਬਾਜ਼ ਅਤੇ ਉਸੇ ਨੇ ਹੀ ਪੁਲਿਸ ਨੂੰ ਚੋਰੀ ਦੀ ਖ਼ਬਰ ਦਿੱਤੀ ਸੀ, ਪਰ ਵ੍ਹਾਈਟ ਉਸਨੂੰ ਰੋਕਦਾ ਹੈ ਅਤੇ ਜੋਅ ਉੱਪਰ ਬੰਦੂਕ ਤਾਣ ਲੈਂਦਾ ਹੈ। ਐਡੀ ਵੀ ਆਪਣਾ ਹਥਿਆਰ ਵ੍ਹਾਈਟ ਵੱਲ ਤਾਣ ਲੈਂਦਾ ਹੈ, ਹੁਣ ਸਾਰੇ ਇੱਕ-ਦੂਜੇ ਵੱਲ ਬੰਦੂਕਾਂ ਤਾਣ ਕੇ ਖੜੇ ਹਨ। ਤਿੰਨੇ ਗੋਲੀ ਚਲਾਉਂਦੇ ਹਨ, ਦੋਵੇਂ ਕੈਬਟ ਪਿਉ-ਪੁੱਤ ਮਾਰੇ ਜਾਂਦੇ ਹਨ ਜਦਕਿ ਵ੍ਹਾਈਟ ਅਤੇ ਔਰੇਂਜ ਜ਼ਖ਼ਮੀ ਹੋ ਜਾਂਦੇ ਹਨ।

ਪਿੰਕ, ਜਿਹੜਾ ਕਿ ਇਸ ਵੇਲੇ ਇੱਕੋ-ਇੱਕ ਇਨਸਾਨ ਹੈ ਜਿਸਦੇ ਗੋਲੀ ਨਹੀਂ ਲੱਗੀ ਹੈ, ਹੀਰੇ ਚੁੱਕਦਾ ਹੈ ਅਤੇ ਭੱਜ ਜਾਂਦਾ ਹੈ। ਜਦੋਂ ਵ੍ਹਾਈਟ ਮਰ ਰਹੇ ਔਰੇਂਜ ਨੂੰ ਆਪਣੀ ਬੁੱਕਲ ਵਿੱਚ ਲੈਂਦਾ ਹੈ ਤਾਂ ਔਰੇਂਜ ਮੰਨਦਾ ਹੈ ਕਿ ਉਹ ਇੱਕ ਪੁਲਿਸ ਅਫ਼ਸਰ ਹੈ। ਵ੍ਹਾਈਟ ਆਪਣੀ ਬੰਦੂਕ ਉਸਦੇ ਸਿਰ ਵਿੱਚ ਲਾਉਂਦਾ ਹੈ। ਅਚਾਨਕ ਉੱਥੇ ਪੁਲਿਸ ਆ ਜਾਂਦੀ ਹੈ ਅਤੇ ਵ੍ਹਾਈਟ ਨੂੰ ਹਥਿਆਰ ਸੁੱਟਣ ਲਈ ਕਹਿੰਦੀ ਹੈ। ਗੋਲੀਆਂ ਚਲਦੀਆਂ ਹਨ।

ਪਾਤਰ[ਸੋਧੋ]

ਤਸਵੀਰ:Reservoirdog.jpg
ਫ਼ਿਲਮ ਦਾ ਸ਼ੁਰੂਆਤੀ ਸੀਨ, ਜਿਸ ਵਿੱਚ ਡਾਕਾ ਮਾਰਨ ਵਾਲਾ ਸਮੂਹ ਵਿਖਾਇਆ ਗਿਆ ਹੈ।

ਹਵਾਲੇ[ਸੋਧੋ]

  1. Tobias, Scott (December 18, 2008). "The New Cult Canon – Reservoir Dogs". The A.V. Club. The Onion. Retrieved August 28, 2011.

ਬਾਹਰਲੇ ਲਿੰਕ[ਸੋਧੋ]