ਲੋਕਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕਗੀਤ ਲੋਕਧਾਰਾ ਦਾ ਮਹੱਤਵਪੂਰਨ ਭਾਗ ਹੈ I ਲੋਕਗੀਤਾਂ ਦਾ ਸੰਚਾਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਮੌਖਿਕ ਰੂਪ ਵਿਚ ਹੁੰਦਾ ਹੈ I ਇਸ ਦੌਰਾਨ ਲੋਕ ਸਮੂਹ ਵਿਚਲਾ ਵਕਤਾ ਕੁਝ ਨਾ ਕੁਝ ਆਪਣੇ ਵੱਲੋਂ ਜੋੜਦਾ ਰਹਿੰਦਾ ਹੈl

ਲੋਕਗੀਤ ਦੀ ਯਾਤ੍ਰਾ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਦੀ ਹੀ ਵਿਕਾਸ ਗਾਥਾ ਹੈ। ਕਿਸੇ ਵੀ ਜਾਤੀ ਦੇ ਮੂਲ-ਵਿਚਾਰ ਉਹਦੀਆਂ ਪੁਰਾਤਨ ਪੱਧਰਾਂ ਉੱਤੇ ਅਨੇਕ ਸਹੰਸਰਾਬਦੀਆਂ ਤੇ ਸ਼ਤਾਬਦੀਆਂ ਲੰਘ ਜਾਣ ਮਗਰੋਂ ਵੀ ਕਿਸੇ-ਨਾ-ਕਿਸੇ ਰੂਪ ਵਿੱਚ ਸਥਿਰ ਰਹਿਣ ਦੀ ਘਾਲਣਾ ਕਰਦੇ ਜਾਪਦੇ ਹਨ। ਕੋਈ-ਨਾ-ਕੋਈ ਪਰਿਪਾਟੀ ਜਾਂ ਰਹੁ-ਰੀਤ ਇਹਨਾਂ ਵਿਚਾਰਾ ਲਈ ਓਟ ਬਣਦੀ ਆਈ ਹੈ,ਤੇ ਲੋਕ-ਵਾਰਤਾ (ਫੋਕਲੋਰ) ਦੀ ਮੁੰਹ-ਵਚਨੀ ਪਰੰਪਰਾ ਵਿਚ ਕਿਸੇ ਵੀ ਜਾਤੀ ਦੇ ਚੇਤਨ, ਅਚੇਤਨ ਤੇ ਅਵਚੇਤਨ ਸੰਸਕਾਰ ਪ੍ਰਗਟਾਉ ਪ੍ਰਾਪਤ ਕਰਦੇ ਰਹਿੰਦੇ ਹਨ।[1]


ਉੱਨ੍ਹੀਵੀਂ ਸ਼ਤਾਬਦੀ ਦੇ ਅੰਤਿਮ ਵਰ੍ਹਿਆਂ ਤੋਂ ਲੈ ਕੇ ਹੁਣ ਤਕ ਬਦੇਸ਼ੀ ਤੇ ਦੇਸ਼ੀ ਵਿਦਵਾਨਾਂ ਦੀ ਘਾਲਣਾ ਸਦਕਾ ਲੋਕ ਵਾਰਤਾ ਦੇ ਮੈਦਾਨ ਵਿਚ , ਵਿਸ਼ੇਸ਼ ਕਰਕੇ ਲੋਕਗੀਤਾਂ ਦੇ ਸੰਗ੍ਰਹਿ ਤੇ ਅਧਿਅੈਨ ਬਾਰੇ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿਚ ਢੇਰ ਕੰਮ ਹੋਇਆ ਹੈ। ਤੇ ਅਜੌਕੇ ਯੁੱਗ ਵਿਚ, ਜਦ ਭਾਰਤ ਇੱਕ ਸੁਤੰਤਰ ਰਾਸ਼ਟਰ ਹੈ, ਸਾਹਿਤ ਅਕਾਦਮੀ ਦ੍ਵਾਰਾ ਲੋਕਗੀਤਾਂ ਦੇ ਆਦਾਨ-ਪ੍ਰਦਾਨ ਦੀ ਇਹ  ਸਹਿਜੇ ਹੀ ਸਾਡਾ ਧਿਆਨ ਲੋਕਗੀਤਾਂ ਦੇ ਤੁਲਨਾਤਮਕ ਅਧਿਅੈਨ ਵੱਲ ਲੈ ਜਾਂਦੀ ਹੈ।[2]

ਇੱਕ ਸਥਾਨ ਤੋਂ ਚਲ ਕੇ ਲੋਕਗੀਤ ਅਨੇਕ ਸਥਾਨਾਂ 'ਤੇ ਪਹੁੰਚ ਜਾਂਦਾ ਹੈ,ਇੱਕ ਜ਼ੁਬਾਨ ਤੋਂ ਹਜ਼ਾਰ ਜ਼ੁਬਾਨ ਬਣ ਜਾਂਦਾ ਹੈ ।ਲੋਕਗੀਤ ਯਾਤ੍ਰਾ ਦੀ ਇੱਕ ਸਿਮਰਤੀ ਇਸ ਪ੍ਰਕਾਰ ਹੈ :-

ਏਧਰ ਗੰਗਾ , ਓਧਰ ਜਮਨਾ,ਦੋਹਾਂ ਪਾਸੇ ਭੂਰੀ ਧਰਤੀ :

ਜਿਉਂ ਅੜੀਅਲ ਮੁੰਡੇ ਨੇ ਮਾਖਿਓਂ ਭਰੀ ਕਟੌਰੀ,

ਖਾ ਖਾ ਰੱਜ ਰੱਜ ਮੂਧੀ ਸੂਟੀ।

ਸਾਊ ਕਿਸਾਨ ਦੀ ਸਾਊ ਜੂਨ:ਖਾਨ ਚਬੀਨਾ ਲੂਣ:

ਤੇ ਜਦ ਬੂਹੇ ਆਵੇ ਪਾਂਧੀ ਦੇਣ ਲੁਟਾ,

ਲੱਪ ਕਣਕ ਦੀ ਸ਼ਗਨ-ਪ੍ਰੋਤੀ:ਲੋਕਗੀਤ ਦੇ ਮੋਤੀ ।

ਤੱਕ ਬੂਹੇ ਅੌੰਦਾ ਦਰਵੇਸ਼, ਗੋਰੀ ਲਾਹੇ ਗੀਤ ਦੀ ਕੰਠੀ:

ਜਿਵੇ ਸਵਾਣੀ ਸਿਵ ਦੀ ਪੂਜਾ ਕਰਦੀ,

ਗਹਿਣੇ ਲਾਹ ਸ਼ਗਨਾ ਦੇ ਪੈਰੀਂ ਧਰਦੀ।[3]

ਪੰਜਾਬੀ ਲੋਕਗੀਤਾਂ ਦੇ ਵਿਸ਼ੇ

ਪੰਜਾਬੀ ਲੋਕ ਗੀਤਾਂ ਵਿੱਚ ਵੱਖ-ਵੱਖ ਰਸਮਾਂ,ਰਿਵਾਜਾਂ ,  ਇਤਿਹਾਸ, ਰੁੱਤਾਂ, ਤਿਉਹਾਰਾਂ , ਮੇਲਿਆਂ ਆਦਿ ਸੰਬੰਧੀ ਮਿਲਦੇ ਵੇਰਵਿਆਂ ਤੋਂ ਇਲਾਵਾ ਸਮੁੱਚੇ ਪੰਜਾਬੀ ਜੀਵਨ ਵਿਚ ਵਿਚਰਦੇ ਰਿਸ਼ਤੇ-ਨਾਤਿਆਂ ਦਾ ਵਰਣਨ ਬਹੁਤ ਤੀਬਰਤਾ ਰੂਪ ਵਿਚ ਹੋਇਆ ਹੈ ,ਇਹਨਾਂ ਰਿਸ਼ਤਿਆਂ ਵਿਚੌਂ ਮਾਂ-ਪਿਉ,ਭਰਾ-ਭਰਜਾਈ, ਜੀਜਾ-ਸਾਲੀ ,ਸੱਸ-ਸਹੁਰਾ,ਨਣਦ -ਨਣਦੋਇਆ ,ਜੇਠ -ਜਠਾਣੀ,ਦਿਉਰ- ਦਰਣਾਈ ਆਦਿ ਦੇ ਵੇਰਵੇ ਵਧੇਰੇ ਮਾਤਰਾ ਵਿਚ ਮਿਲਦੇ ਹਨ। ਇਹਨਾਂ ਰਿਸ਼ਤਿਆਂ ਦੀ ਸਾਂਝ ਅਤੇ ਕੌੜੇ ਮਿੱਠੇ ਸੰਬੰਧਾਂ ਨੂੰ ਕੁਝ ਲੋਕ ਗੀਤਾਂ ਵਿੱਚ ਕਿੰਝ ਚਿਤਰਿਆ ਗਿਆ ਹੈ ਉਸ ਸੰਬੰਧੀ ਕੁੱਝ ਚੋਣਵੇਂ ਲੋਕ ਗੀਤ ਵੱਖਰੇ ਦਿੱਤੇ ਜਾ ਰਹੇ ਹਨ:-

ਸੁਣ ਨੀ ਮਾਏ ਮੇਰੀਏ, ਮੇਰੇ ਬਾਬਲ ਨੂੰ ਸਮਝਾ ,

ਮੇਰੇ ਹਾਣ ਦੀਆਂ ਸਭ ਵਿਆਹੀਆਂ ਗਈਆਂ,

ਮੈਨੂੰ ਵਿਆਹ ਦਾ ਚਾਅ।

ਨੀ ਪਟਿਆਲੇ ਮੁੰਡਾ ਪੜਦਾ

ਮੈਨੂੰ ਉਹਦੇ ਨਾਲ ਵਿਆਹ

ਨੀ ਪਟਿਆਲੇ ........!

ਜੰਝ ਤਾਂ ਮੇਰੀ ਆ ਗਈ ਮਾਏ

ਪੰਜ ਸੱਤ ਗੱਡੀਆਂ ਆਈਆਂ

ਗੱਜ ਗੱਜ ਲੰਮੀ ਚਿੱਟੀ ਦਾੜੀ

ਮੁੱਛਾਂ ਉਹਨੇ ਚੜਾਇਆ

ਜੋੜੀਆਂ ਬਿਨ ਕਰਮੇਂ

ਰੱਬ ਨੇ ਨਹੀਂ ਬਣਾਈਆਂ

ਜੋੜੀਆਂ ਬਿਨ......![4]

ਪਰਿਭਾਸ਼ਾ[ਸੋਧੋ]

ਪਰੰਪਰਾ ਦੇ ਅੰਸ਼ਾ ਨਾਲ ਭਰਪੂਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿਚ ਸੰਚਾਰਿਤ ਅਜਿਹੀ ਸੰਗੀਤਮਈ ਰਚਨਾ ਜਿਸ ਵਿਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਜਿਹੜੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਸਬੰਧਿਤ ਨਾ ਕੀਤੀ ਗਈ ਹੋਵੇ ਅਤੇ ਲੋਕਸਮੂਹ ਜਿਸ ਨੂੰ ਪ੍ਰਵਾਨਗੀ ਦੇ ਕੇ ਪੀੜ੍ਹੀਓ ਪੀੜ੍ਹੀ ਅੱਗੇ ਤੋਰਦਾ ਆਇਆ ਹੋਵੇ, ਲੋਕਗੀਤ ਹੈ I [5]

ਹਵਾਲੇ[ਸੋਧੋ]

  1. ਪੰਜਾਬੀ ਲੋਕਗੀਤ. digitization of punjabi lok geet. pp. BK-004482-0007 – via www.punjabidigilib.org.
  2. ਪੰਜਾਬੀ ਲੋਕ ਗੀਤ. digitazation of punjabi lok geet. pp. BK-004482-0008 – via www.punjabidigilib.org.
  3. ਸਤਿਆਰਥੀ, ਦਵਿੰਦਰ. ਲੱਕ ਟੁਣੂੰ -ਟੁਣੂੰ. p. 116.
  4. ghuman, Bikram singh. ਪੰਜਾਬੀ ਲੋਕਗੀਤ. varis shah foundation. p. 58.
  5. ਕਰਨੈਲ ਸਿੰਘ ਥਿੰਦ , ਲੋਕਯਾਨ ਅਤੇ ਮਧਕਲੀਨ ਪੰਜਾਬੀ ਸਹਿਤ , ਜੀਵਨ ਮੰਦਰ ਪ੍ਰਕਾਸ਼ਨ, ਅੰਮ੍ਰਿਤਸਰ, 1977, ਪੰਨਾ 131.