ਲੋਕ-ਮਨ ਚੇਤਨ ਅਵਚੇਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਕ-ਮਨ ਚੇਤਨ ਅਵਚੇਤਨ  
ਲੇਖਕਡਾ. ਕਰਨਜੀਤ ਸਿੰਘ
ਪ੍ਰਕਾਸ਼ਕਮਨਪ੍ਰੀਤ ਪ੍ਰਕਾਸ਼ਨ,ਦਿੱਲੀ-ਜਲੰਧਰ
ਪ੍ਰਕਾਸ਼ਨ ਤਾਰੀਖ2001
ਪੰਨੇ104

ਲੋਕ-ਮਨ ਚੇਤਨ ਅਵਚੇਤਨ

ਲੋਕ-ਧਾਰਾ ਵਿੱਚ ਲੋਕ ਅਤੇ ਧਾਰਾ ਦਾ ਸੰਕਲਪ[ਸੋਧੋ]

ਇਸ ਵਿਸ਼ੇ ਦੇ ਤਹਿਤ ਡਾ. ਕਰਨਜੀਤ ਸਿੰਘ ਨੇ ਲੋਕ ਅਤੇ ਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਨੇ ਸ਼ਬਦ ਲੋਕ-ਧਾਰਾ ਨੂੰ ਫੋਕਲੋਰ ਦੇ ਸਮਾਨ ਅਰਥਕ ਸ਼ਬਦ ਵਜੋਂ ਵਰਤਿਆ ਹੈ। ਭਾਸ਼ਾ ਵਿਗਿਆਨ ਦੀ ਦਿ੍ਸ਼ਟੀ ਤੋਂ ਸ਼ਬਦ ਦੇ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਹੁੰਦੇ। ਪ੍ਰਸੰਗ ਹੀ ਸ਼ਬਦ ਨੂੰ ਅਰਥ ਦਿੰਦਾ ਹੈ । ਇਕੋ ਪ੍ਰਸੰਗ ਵਿੱਚ ਇਕ ਸ਼ਬਦ ਦੀ ਮੁੜ ਮੁੜ ਵਰਤੋਂ ਕਰਨ ਨਾਲ ਇਕ ਭਾਵ-ਵਿਸ਼ੇਸ਼ ਉਹਦੇ ਨਾਲ ਜੁੜ ਜਾਂਦਾ ਹੈ। ਸਮਾਂ ਪੈਣ ਨਾਲ ਉਹੇ ਉਸ ਭਾਵ ਦਾ ਸੰਕਲਪ ਜਾਂ ਸੂਚਕ ਬਣ ਜਾਂਦਾ ਹੈ।

ਇਸ ਨੁਕਤੇ ਨੂੰ ਸਮਝਾਉਣ ਲਈ ਡਾ. ਕਰਨਜੀਤ ਨੇ ਇਕ ਹੋਰ ਉਦਾਹਰਨ ਦਿੱਤੀ ਹੈ ਕਿ ਪ੍ਰਕਿਰਤੀ ਵਿੱਚ ਕੁਝ ਸਥਿਰ ਤੇ ਅਬਦਲ ਨਹੀਂ ਹੁੰਦਾ। ਨਿਰੰਤਰ ਪਰਿਵਰਤਨ ਪ੍ਰਕਿਰਤੀ ਦਾ ਅਟੱਲ ਨੇਮ ਹੈ ਅਤੇ ਮਨੁੱਖੀ ਸਮਾਜ ਦਾ ਵੀ, ਕਿਉੋਕਿ ਸਮਾਜ ਵੀ ਵਿਰਾਟ ਪ੍ਰਕਿਰਤੀ ਦਾ ਇਕ ਅੰਗ ਹੈ। ਮਨੁੱਖੀ ਸਮਾਜ ਦਾ ਆਧਾਰ ਮਨੁੱਖੀ ਹੋਂਦ ਹੈ। ਮਨੁੱਖ ਆਪਣੀ ਚੇਤਨਾ ਦੇ ਆਸਰੇ ਪ੍ਰਕਿਰਤੀ ਨੂੰ ਅਪਣੀ ਲੋੜ ਦੇ ਅਨੁਸਾਰ ਬਦਲਣਾ ਲੋਚਦਾ ਹੈ ਤੇ ਇਸ ਪ੍ਰਕਾਰ ਕਰਨ ਨਾਲ ਉਹ ਖ਼ੁਦ ਵੀ ਬਦਲ ਜਾਂਦਾ ਹੈ। ਇਸ ਬਦਲਾਵ ਕਾਰਨ ਮਨੁੱਖ ਦੇ ਵਿਚਾਰ,ਭਾਵ,ਉਮੰਗਾਂ,ਭਾਸ਼ਾ ਅਤੇ ਪ੍ਰਸੰਗ ਵੀ ਬਦਲਦੇ ਹਨ।

ਅੰਗਰੇਜ਼ੀ ਸ਼ਬਦ "ਫੋਕਲੋਰ" ਜਿਸ ਨੂੰ 1846 ਵਿੱਚ ਵਿਲੀਅਮ ਥਾਮਸ ਨੇ ਘੜਿਆ ਤੇ ਵਰਤਿਆ ਫਰਾਂਸੀਸੀ ਵਿਦਵਾਨ Arnold Van Gennep ਦੇ ਅਨੁਸਾਰ ਫੋਕਲੋਰ ਦੇ ਖੋਜ ਖੇਤਰ ਵਿੱਚ ਲੋਕ-ਖੇਡਾਂ, ਲੋਕ-ਨਾਟਕ, ਘਰ, ਪਿੰਡ ਆਦਿ ਦਾ ਅਧਿਐਨ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਪਰੰਤੂ ਕੁਝ ਹੋਰ ਵਿਦਵਾਨਾਂ ਨੇ ਲੋਕ-ਧਾਰਾ ਨੂੰ ਚਾਰ ਖੇਤਰਾਂ ਵਿੱਚ ਵੰਡਿਆ ਹੈ:-

  • ਕਾਰਜ:- ਖੇਡਾਂ, ਨ੍ਰਿਤ ਅਤੇ ਸਮਾਜਕ ਰਸਮਾਂ ਆਦਿ।
  • ਭਾਸ਼ਾ:- ਮੁਹਾਵਰੇ, ਅਖੌਤਾਂ,ਪ੍ਰਗਟਾ-ਰੂਪ ਆਦਿ।
  • ਸਾਹਿਤ:- ਕਹਾਣੀਆਂ, ਅਵਦਾਨ, ਗੀਤ ਆਦਿ।
  • ਵਿਗਿਆਨ:- ਵਿਚਾਰ,ਵਿਸ਼ਵਾਸ,ਮਿੱਥਾਂ ਆਦਿ।

ਇਹ ਚਾਰੋਂ ਖੇਤਰ ਇਕ ਦੂਜੇ ਨਾਲ ਅੰਤਰ ਸੰਬੰਧਿਤ ਹਨ। Willard Rhodes ਲੋਕ ਦਾ ਭਾਵ "ਸਾਮੰਤੀ ਸਮਾਜ ਦੀ ਕਿਸਾਨੀ" ਤੋਂ ਲੈਂਦਾ ਹੈ। ਉਂਜ ਤਾਂ ਫੋਕ ਦੇ ਅਰਥ ਟੱਬਰ,ਪਿੰਡ ਦੀ ਪੂਰੀ ਵਸੋਂ ਤੋਂ ਲਏ ਜਾਂਦੇ ਹਨ। ਡਾ.ਸ.ਸ.ਵਣਜਾਰਾ ਬੇਦੀ ਅਨੁਸਾਰ ਪੀਪਲ ਸਮਾਜਿਕ,ਰਾਜਨੀਤਿਕ ਅਤੇ ਆਰਥਕ ਚੇਤਨਾ ਨਾਲ ਸੰਬੰਧਿਤ ਹੈ।ਭਾਵ ਇਹ ਲੋਕ ਮਨ ਦੀ ਜਾਗ੍ਰਿਤ ਅਵਸਥਾ ਹੈ।[1]

ਡਾ.ਕਰਨਜੀਤ ਆਪਣੀ ਰਾਏ ਦੱਸਦੇ ਹਨ ਕਿ ਸਮਾਜਕ, ਰਾਜਨੀਤਿਕ ਤੇ ਆਰਥਕ ਚੇਤਨਾ ਲੋਕਮਨ ਦੀ ਜਾਗਿ੍ਤ ਅਵਸਥਾ ਨਾਲੋਂ ਉਚੇਰਾ ਪੜਾ ਹੈ। ਇਹੋ ਚੇਤਨਾ ਕੁਝ ਸਮਾਜਕ,ਰਾਜਨੀਤਿਕ ਤੇ ਆਰਥਕ ਪ੍ਸਥਿਤੀਆਂ ਨੂੰ ਪੂਰਵ-ਨਿਸ਼ਚਿਤ ਕਰਦੀ ਹੈ।

ਲੋਕਧਾਰਾ ਦੀ ਸਮਾਜਕ ਪ੍ਰਕਿਰਤੀ[ਸੋਧੋ]

ਲੋਕਧਾਰਾ ਕਿਸੇ ਜਾਤੀ ਜਾਂ ਕੌਮ ਦੀ ਸਭਿਆਚਾਰਕ ਜੀਵਨੀ ਹੈ। ਆਤਮਕ ਸਭਿਆਚਾਰ ਦੇ ਵਿਕਾਸ ਦੀ ਪ੍ਰਕਿਰਿਆ ਵਿਚ ਲੋਕਧਾਰਾ ਦੀ ਪ੍ਰਗਤੀ ਦੇ ਸਮਾਨਾਂਤਰ ਹੀ ਸਭਿਆਚਾਰ ਦੇ ਅਜਿਹੇ ਰੂਪ ਜਨਮ ਲੈਂਦੇ ਹਨ ਜਿਹੜੇ ਉਹ ਕਾਰਜ ਨੇਪਰੇ ਚਾੜ੍ਹਦੇ ਹਨ ਜਿਨ੍ਹਾਂ ਨੂੰ ਨੇਪਰੇ ਚਾੜ੍ਹਨਾ ਪਹਿਲਾਂ ਲੋਕਧਾਰਾ ਦੀ ਵਿਸ਼ੇਸ਼ਤਾ ਸੀ। ਇਹ ਦਵੈਤ ਸਮਾਜ ਵਿਚ ਜਮਾਤੀ ਟੱਕਰ ਦੇ ਬੀਜ ਫੁੱਟ ਪੈਣ ਦਾ ਸੰਕੇਤ ਹੈ, ਵੈਦਿਕ ਕਾਲ ਤੋਂ ਮਗਰੋਂ ਉਪਨਿਸ਼ਦਾਂ ਦੇ ਸਮੇਂ ਭਾਰਤੀ ਸਮਾਜ ਵਿਚ ਇਹ ਟੱਕਰ ਉਜਾਗਰ ਹੁੰਦੀ ਹੈ। ਵੈਦਿਕ ਕਾਲ ਵਿਚ ਜੋ ਕੁਝ ਵੀ ਉਤਪਾਦਨ ਹੁੰਦਾ ਉਹ ਸਭਨਾ ਵਿਅਕਤੀਆਂ ਵਿੱਚ ਵੰਡ ਲਿਆ ਜਾਂਦਾ ਸੀ। ਸਮੇਂ ਦੇ ਬਦਲਣ ਨਾਲ ਤਕਨੀਕਾਂ ਵਿਚ ਵਿਕਾਸ ਹੁੰਦਾ ਹੈ ਅਤੇ ਉਤਪਾਦਨ ਵੀ ਵਧਦਾ ਹੈ। ਪਰ ਹੁਣ ਉਤਪਾਦਨ ਬਰਾਬਰ ਨਹੀਂ ਵੰਡਿਆ ਜਾਂਦਾ ਕਿਉਂਕਿ ਸਮਾਜ ਵਿਹਲੜ ਹਾਕਮ ਜਮਾਤ ਅਤੇ ਮਿਹਨਤੀ ਜਮਾਤ ਵਿਚ ਵੰਡਿਆ ਜਾ ਚੁੱਕਾ ਹੈ।

ਲੋਕਧਾਰਾ ਦੇ ਅਧਿਐਨ ਦੀ ਦ੍ਰਿਸ਼ਟੀ ਤੋਂ ਆਦਮ ਸਮਾਜ ਤੇ ਸਭਿਅ ਸਮਾਜ ਪੂਰਵ-ਜਮਾਤੀ ਅਤੇ ਜਮਾਤੀ ਸਮਾਜ ਵਿਚਕਾਰ ਸੀਮਾ ਰੇਖਾ ਬਹੁਤ ਮਹੱਤਤਾ ਰੱਖਦੀ ਹੈ।

ਮੁੱਢਲੇ ਅਮਰੀਕੀ ਲੋਕਧਾਰਾ ਸ਼ਾਸਤਰੀ ਵਿਲੀਅਮ ਵੈਲਜ਼ ਨੇ ਕਿਹਾ ਹੈਂ ਆਦਮ ਜਾਤੀਆਂ ਕੋਲ ਮਿਥਿਹਾਸ ਸੀ, ਸਭਿਆ ਜਾਤੀਆਂ ਕੋਲ ਲੋਕਧਾਰਾ ਹੈ। [2]

ਆਦਮ-ਕਾਵਿ ਦੀ ਪਰੰਪਰਾ ਮਾਨਵ ਦੀ ਪਰਾ-ਇਤਿਹਾਸਕ ਮਨੋਸਥਿਤੀ ਤੇ ਪ੍ਰਵਿਰਤੀਆਂ ਨਾਲ ਸਬੰਧਤ ਹੋਣ ਕਰਕੇ ਪਰਾਚੀਨਤਮ ਪਰੰਪਰਾ ਹੈ। ਇਸ ਪਰੰਪਰਾ ਤੋਂ ਪਿਛੋਂ ਵੈਦਿਕ ਕਾਲ। ਇਸ ਤੋਂ ਅੱਗੇ ਮਧਯੁੱਗ ਜਿਸ ਵਿਚ ਸਭਿਆਚਾਰ ਦਵੈਤ ਆਪਣੇ ਪੂਰੇ ਜਲੋਂ ਵਿਚ ਰੂਪਮਾਨ ਵਿਖਾਈ ਦਿੰਦੀ ਹੈ। ਇਹੋਂ ਸਮਾਂ ਹੈ ਜਦੋਂ ਪਦਾਰਥਕ ਧਰਾਤਲ ਉੱਤੇ ਕੁਟੰਬ ਕਬੀਲੇ ਅਤੇ ਭਾਈਚਾਰਕ ਸੰਗਠਨ ਦੇ ਟਾਕਰੇ ਉਤੇ ਰਾਜਾ ਦਾ ਉਦੈ ਹੋਇਆ।

ਪੰਜਾਬੀ ਲੋਕਧਾਰਾ ਵਿਚ ਮਰਦ ਤੇ ਇਸਤ੍ਰੀ ਦਾ ਬਿੰਬ[ਸੋਧੋ]

ਲੋਕਧਾਰਾ,ਬਦਲਦੇ'ਲੋਕ' ਦੀ ਲੀਲ੍ਹਾ ਦਾ ਬਿਰਤਾਂਤ ਹੈ ਅਤੇ ਮਰਦ ਤੇ ਇਸਤ੍ਰੀ ਇਸ ਲੀਲ੍ਹਾ ਦੇ ਦੋ ਮੁੱਖ ਪਾਤਰ ਹਨ। ਪੰਜਾਬੀ ਲੋਕਧਾਰਾ ਦੇ ਖੇਤਰ ਉੱਤੇ ਨਜ਼ਰ ਮਾਰੀਏ,ਇਸ ਦਾ ਇਤਿਹਾਸਕ ਸਮਾਜਕ ਦ੍ਰਿਸ਼ਟੀ ਤੋਂ ਅਧਿਐਨ ਕਰੀਏ,ਤਾਂ ਪ੍ਰਾਕਿਰਤਕ ਤੇ ਸਮਾਜਕ ਵਾਤਾਵਰਣ ਦੇ ਨਾਲ ਹੀ ਬਦਲਦੇ ਤੇ ਵਿਕਸਤ ਹੁੰਦੇ ਮਰਦ-ਇਸਤ੍ਰੀ ਦਾ ਬਿੰਬ ਸਾਡੀਆਂ ਅੱਖਾਂ ਅੱਗੇ ਸਾਕਾਰ ਹੋ ਜਾਂਦਾ ਹੈ। ਪੰਜਾਬੀ ਲੋਕਧਾਰਾ ਵਿੱਚ ਮਰਦ ਦਾ ਜੋ ਬਿੰਬ ਉਜਾਗਰ ਹੁੰਦਾ ਹੈ ਉਸਦੇ ਪ੍ਰਮੁੱਖ ਲੱਛਣ ਹਨ:-ਸੂਰਬੀਰਤਾ,ਦੇਸ਼ਭਗਤੀ,ਪ੍ਰਬਲਤਾ,ਆਸ਼ਕ ਮਿਜ਼ਾਜੀ ਅਤੇ ਯਥਾਰਥਮੁਖੀ ਵਤੀਰਾ। ਇਸ ਪ੍ਰਕਾਰ ਮਰਦ ਦੇ ਬਿੰਬ ਦਾ ਸੰਬੰਧ ਸਾਕਾਰਤਮਕ ਤੇ ਨਾਕਾਰਾਤਮਕ ਦੋਵੇਂ ਪੱਖ ਨਾਲ ਹੈ।

ਇਸਦੇ ਨਾਲ ਹੀ ਇਸਤ੍ਰੀ ਦੇ ਬਿੰਬ ਦਾ ਵੀ ਸੰਬੰਧ ਸਾਕਾਰਾਤਮਕ ਤੇ ਨਾਕਾਰਾਤਮਕ ਪੱਖ ਨਾਲ ਹੈ। ਵਾਸਤਵ ਵਿਚ ਇਹ ਵੰਡ ਮਸਨੂਈ ਹੈ ਕਿਉਂਕਿ ਇਹ ਇਕ ਅਖੰਡ ਬਿੰਬ ਨੂੰ ਖੰਡਿਤ ਕਰਦੀ ਜਾਪਦੀ ਹੈ।

ਲੋਕਧਾਰਾ ਦੇ ਵੇਦ-ਸੂਤਰ[ਸੋਧੋ]

ਇਸ ਲੇਖ ਵਿਚ ਡਾ. ਕਰਨਜੀਤ ਨੇ ਪੰਜਾਬੀ ਅਖਾਣਾਂ ਅਤੇ ਮੁਹਾਵਰਿਆਂ ਦੀ ਸਭਿਆਚਾਰਕ ਵਿਸ਼ੇਸ਼ਤਾ ਤੇ ਵਿਲੱਖਣਤਾ ਬਾਰੇ ਵਿਚਾਰ ਕੀਤਾ ਹੈ।

ਪੰਜਾਬ ਵਿਚ ਹਰੇਕ ਪ੍ਰਕਾਰ ਦਾ ਮੌਸਮ ਮਿਲਦਾ ਹੈ। ਜਿਸ ਕਰਕੇ ਇੱਥੋ ਦੇ ਅਖਾਣ ਤੇ ਮੁਹਾਵਰੇ ਵੀ ਇਸ ਮੌਸਮੀ ਚੱਕਰ ਨਾਲ ਸੰਬੰਧਿਤ ਹਨ। ਜਿਵੇਂ:-

ਐਤਵਾਰ ਦੀ ਝੜੀ ਨਾ ਕੋਠਾ ਨਾ ਕੜੀ

ਇਹ ਤਾਂ ਅਸੀਂ ਜਾਣਦੇ ਹਾਂ ਕਿ ਅਖਾਣ ਜਾਂ ਮੁਹਾਵਰੇ ਦੇ ਬੋਲ ਚਾਲ ਵਿੱਚ ਉਹ ਅਰਥ ਨਹੀਂ ਲਏ ਜਾਂਦੇ ਜਿਹੜੇ ਉਸ ਦੇ ਸ਼ਾਬਦਿਕ ਅਰਥ ਹੁੰਦੇ ਹਨ। ਸਗੋਂ ਇਸ ਵਿਚੋਂ ਉਘੜਨ ਵਾਲੇ ਵਿਆਪਕ ਅਰਥ ਜੋ ਇਕ ਤਰ੍ਹਾਂ ਨਾਲ ਭਾਵ-ਅਰਥ ਆਖੇ ਜਾ ਸਕਦੇ ਹਨ,ਉਹ ਹੀ ਗ੍ਰਹਿਣ ਕੀਤੇ ਜਾਂਦੇ ਹਨ।"ਤੰਦ ਨਹੀਂ ਤਾਣੀ ਹੀ ਵਿਗੜੀ ਹੋਈ ਹੈ", ਦਾ ਸੰਬੰਧ ਜੁਲਾਹੇ ਦੇ ਕਿੱਤੇ ਨਾਲ ਹੈ ਪਰ ਇਥੇ ਤੰਦ ਦਾ ਅਰਥ ਵਿਅਕਤੀ ਅਤੇ ਤਾਣੀ ਦਾ ਅਰਥ ਸਮੂਹ ਲਿਆ ਜਾਂਦਾ ਹੈ। ਲੋਕੋਕਤਿ ਸ਼ਬਦ ਦਾ ਅਰਥ ਹੈ ਲੋਕਾਂ ਦੁਆਰਾ ਕੀਤਾ ਗਿਆ ਕਥਨ। ਲੋਕੋਕਤਿ ਅਤੇ ਅਖਾਣ ਕਿਸੇ ਭਾਸ਼ਾ ਦੀ ਇਕ ਅਹਿਮ ਇਕਾਈ ਹੁੰਦੇ ਹਨ। ਬਣਤਰ ਦੀ ਦ੍ਰਿਸ਼ਟੀ ਤੋਂ ਅਖਾਣ ਜਾਂ ਲਕੋਕਤਿ ਵਿੱਚ ਸ਼ਬਦਾਂ ਨੂੰ ਅਜਿਹੀ ਤਰਤੀਬ ਵਿਚ ਰਖਿਆ ਗਿਆ ਹੈ ਕਿ ਉਸ ਵਿੱਚ ਇਕ ਖ਼ਾਸ ਪ੍ਰਕਾਰ ਦੀ ਲੈਅ ਦਾ ਆਭਾਸ ਹੁੰਦਾ ਹੈ। ਜਿਵੇਂ:-

          ਸੌ ਚਾਚਾ ਤੇ ਇਕ ਪਿਓ
          ਸੌ ਦਾਰੂ ਤੇ ਇਕ ਘਿਓ

ਇਸ ਵਿੱਚ ਤੋਲ ਦੇ ਨਾਲ ਹੀ ਤੁਕਾਂਤ ਦਾ ਖਿਆਲ ਵੀ ਰਖਿਆ ਗਿਆ ਹੈ ਅਖਾਣਾਂ ਤੇ ਮੁਹਾਵਰਿਆਂ ਵਿੱਚ ਇਕ ਵੱਡਾ ਅੰਤਰ ਇਹ ਹੈ ਕਿ ਜਿੱਥੇ ਅਖਾਣਾਂ ਨੂੰ ਸਦੀਵਤਾ ਪ੍ਰਾਪਤ ਹੈ ਉਥੇ ਕਈ ਮੁਹਾਵਰਿਆਂ ਵਿਚ ਏਨੀ ਸ਼ਕਤੀ ਨਹੀਂ ਕਿ ਉਹ ਜਾਤੀ ਦੇ ਪਦਾਰਥਕ ਸਭਿਆਚਾਰ ਵਿੱਚ ਪਰਿਵਰਤਨ ਆ ਜਾਣ ਨਾਲ ਆਪਣੀ ਹੋਂਦ ਦੀ ਸਾਰਥਕਤਾ ਬਣਾਈ ਰੱਖਣ।

ਪੰਜਾਬੀ ਬੁਝਾਰਤਾਂ[ਸੋਧੋ]

ਬੁਝਾਰਤਾਂ ਪੰਜਾਬੀ ਲੋਕਧਾਰਾ ਦਾ ਇਕ ਮਹੱਤਵਪੂਰਨ ਅੰਗ ਹਨ। ਬੁਝਾਰਤ ਸ਼ਬਦ ਤੋਂ ਹੀ ਸਪੱਸ਼ਟ ਹੈ ਕਿ ਇਸ ਵਿਚ ਕੋਈ ਪ੍ਰਸ਼ਨ ਪਾਇਆ ਗਿਆ ਹੁੰਦਾ ਹੈ ਜਿਸ ਦਾ ਜਵਾਬ ਸਰੋਤੇ ਨੇ ਲਭਣਾ ਹੈ। ਉਸ ਜਵਾਬ ਨੂੰ ਬੁਝ ਵੀ ਆਖ ਲਿਆ ਜਾਂਦਾ ਹੈ। ਬੁਝਾਰਤ ਵਾਸਤਵ ਵਿੱਚ ਪਾਇਆ ਗਿਆ ਇਕ ਐਸਾ ਸਵਾਲ ਹੁੰਦਾ ਹੈ ਜਿਸ ਦਾ ਜਵਾਬ ਲਭਣਾ ਸਰੋਤੇ ਦੀ ਬੌਧਿਕ ਹੁਸ਼ਿਆਰੀ,ਸੁਚੇਤ ਸੋਝੀ ਅਤੇ ਆਪਣੇ ਚੁਗਿਰਦੇ ਦੀ ਲੋੜੀਂਦੀ ਜਾਣਕਾਰੀ ਉਤੇ ਨਿਰਭਰ ਕਰਦਾ ਹੈ। ਕਲਾ ਦੀ ਦ੍ਰਿਸ਼ਟੀ ਤੋਂ ਪੰਜਾਬੀ ਬੁਝਾਰਤਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਹੈ। ਸਾਧਾਰਨ ਬੁਝਾਰਤਾਂ,ਗਿਣਤੀ ਵਾਲੀਆਂ ਬੁਝਾਰਤਾਂ,ਵਰਣਮਾਲਾ ਅਨੁਸਾਰ ਸਿਰਜਤ ਬੁਝਾਰਤਾਂ ਅਤੇ ਲੋਕ ਗੀਤਾਂ ਦੇ ਸੱਚੇ ਵਿਚ ਢਲੀਆਂ ਬੁਝਾਰਤਾਂ।

ਲੋਕ ਕਹਾਣੀ ਤੇ ਸਮਾਜਕ ਪ੍ਰਸੰਗ[ਸੋਧੋ]

ਡਾ. ਕਰਨਜੀਤ ਅਨੁਸਾਰ ਲੋਕ ਕਹਾਣੀ ਭਾਸ਼ਾਗਤ ਲੋਕਧਾਰਾ ਦਾ ਇਕ ਮਹੱਤਵਪੂਰਨ ਰੂਪ ਹੈ। ਮਿੱਥਾਂ,ਦੰਦ-ਕਥਾਵਾਂ,ਸਾਖੀਆਂ ਅਤੇ ਨੀਤੀ-ਕਥਾਵਾਂ ਆਦਿ ਸਭ ਵੰਨਗੀਆਂ ਲੋਕ ਕਹਾਣੀ ਦੀ ਵਿਧਾ ਵਿਚ ਹੀ ਗਿਣੀਆਂ ਜਾਂਦੀਆਾ ਹਨ। ਪੰਜਾਬ ਦੀਆਂ ਲੋਕ ਕਹਾਣੀਆਂ ਦਾ ਸਭ ਤੋਂ ਵੱਡਾ ਗ੍ਰੰਥ ਵਡ ਕਹਾ ਮੰਨਿਆ ਜਾਂਦਾ ਹੈ। ਲੋਕਧਾਰਾ ਕਿਸੇ ਜਾਤੀ ਜਾਂ ਸਮੂਹ ਦਾ ਸਭਿਆਚਾਰਕ ਖਜ਼ਾਨਾ ਵੀ ਹੁੰਦਾ ਹੈ ਅਤੇ ਇਸ ਦਾ ਸੋਮਾ ਵੀ। ਜਾਤੀ ਵਿਸ਼ੇਸ਼ੇ ਦੀਆਂ ਪੌਰਾਣਿਕ ਕਥਾਵਾਂ ਅਤੇ ਲੋਕ ਕਹਾਣੀੳਾਂ ਨੂੰ ਉਸ ਦੇ ਸਭਿਆਚਾਰ ਦੇ ਅਧਿਐਨ ਵਿਚ ਕੇਂਦਰੀ ਸਥਾਨ ਪ੍ਰਾਪਤ ਹੈ। ਪੂਰਨ ਭਗਤ,ਰਾਜਾ ਰਸਾਲੂ ਤੇ ਹੋਰ ਕਈ ਕਥਾਵਾਂ ਤੋਂ ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਤੇ ਪੰਜਾਬੀ ਚ੍ਰਿਤਰ ਦਾ ਗਿਆਨ ਮਿਲਦਾ ਹੈ।

ਬਦਲਦੇ ਸਮਾਜਕ ਰਿਸ਼ਤੇ[ਸੋਧੋ]

ਇਸ ਪਾਠ ਵਿੱਚ ਡਾ.ਕਰਨਜੀਤ ਨੇ ਪੰਜਾਬ ਵਿੱਚ ਸਮੇਂ ਦੇ ਬਦਲਣ ਨਾਲ ਵਾਪਰੇ ਰਿਸ਼ਤਿਆਂ ਬਾਰੇ ਚਰਚਾ ਕੀਤੀ ਹੈ। ਪੰਜਾਬ ਵਿੱਚ ਸਮਾਜਕ ਰਿਸ਼ਤਿਆਂ ਦੇ ਤਿੰਨ ਪੱਖਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ। ਉਤਪਾਦਨ ਰਿਸ਼ਤੇ,ਪਰਿਵਾਰਕ ਰਿਸ਼ਤੇ ਅਤੇ ਸੰਪਰਦਾਇਕ ਰਿਸ਼ਤੇ। ਉਤਪਾਦਨ ਰਿਸ਼ਤੇ ਨਾਕਿ ਸਭ ਪ੍ਰਕਾਰ ਦੇ ਰਿਸ਼ਤਿਆਂ ਨੂੰ ਜਨਮ ਦਿੰਦੇ ਹਨ। ਉਤਪਾਦਨ ਰਿਸਤੇ ਖੁਦ ਉਤਪਾਦਨ ਸ਼ਕਤੀਆਂ ਅਤੇ ਉਤਪਾਦਨ ਸਬੰਧੀ ਸਾਧਨਾਂ ਉਤੇ ਨਿਰਭਰ ਕਰਦੇ ਹਨ। ਉਤਪਾਦਨ ਰਿਸ਼ਤੇ ਅਤੇ ਪਦਾਰਥਕ ਹਾਲਤ ਵਿਚ ਤਬਦੀਲੀ ਹੋ ਜਾਣ ਨਾਲ ਸਹਿਜੇ ਸਹਿਜੇ ਪਰਿਵਾਰਕ ਰਿਸ਼ਤਿਆਂ ਵਿਚ ਤਬਦੀਲੀ ਆ ਰਹੀ ਹੈ। ਪੰਜਾਬ ਵਿਚ ਸੰਪਰਦਾਇਕ ਤੇ ਭਾਈਚਾਰਕ ਰਿਸ਼ਤਿਆਂ ਵਿਚ ਵੀ ਬੜੀਆਂ ਤਬਦੀਲੀਆਂ ਵਾਪਰੀਆਂ ਅਤੇ ਵਾਪਰ ਰਹੀਆਂ ਹਨ। 1947 ਵਿਚ ਪੰਜਾਬ ਵੰਡੇ ਜਾਣ ਨਾਲ ਇਕ ਧਰਮ ਤੇ ਫਿਰਕੇ ਦੇ ਲੋਕ ਜਿਹੜੇ ਗਿਣਤੀ ਦੇ ਲਿਹਾਜ਼ ਸਭ ਤੋਂ ਬਹੁਤੇ ਸਨ,ਅਰਥਾਤ ਮੁਸਲਮਾਨ ਪਾਕਿਸਤਾਨ ਵਿਚ ਇਕੱਠੇ ਹੋ ਗਏ। ਮਲੇਰ ਕੋਟਲੇ ਦੇ ਕੁਝ ਟੱਬਰ ਹੀ ਏਧਰਲੇ ਪੰਜਾਬ ਵਿਚ ਰਹਿ ਗਏ। 1951 ਵਿੱਚ ਹਿੰਦੂ 61% ਹੋ ਗਏ ਤੇ ਸਿੱਖ 35%। ਜਿੱਥੋਂ ਤੱਕ ਹਿੰਦੂਆਂ ਤੇ ਸਿਖਾਂ ਦੀ ਪ੍ਰਸਪਰ ਸਾਾਝ ਦਾ ਸਵਾਲ ਹੈ ਪਿਛਲੇ ਸੌ ਕੁ ਸਾਲਾਂ ਤੋਂ ਸਿਖੀ ਦੇ ਦੋ ਟੁਕ ਵਖਰੀ ਪਛਾਣ ਸਥਾਪਤ ਕਰਨ ਦੇ ਹੀਲੇ ਉਪਰਾਲਿਆਂ ਦੇ ਬਾਵਜੂਦ, ਦੋਹਾਂ ਫਿਰਕਿਆਂ ਦੇ ਲੋਕਾਂ ਦੀ ਪਛਾਣ ਉਸੇ ਤਰ੍ਹਾਂ ਪ੍ਰਸਪਰ ਤੌਰ'ਤੇ ਜੁੜੀ ਹੋਈ ਤੇ ਰਲਗਡ ਹੀ ਰਹੀ ਜਿਵੇਂ ਪਿਛਲੀਆਂ ਚਾਰ ਸਦੀਆਂ ਤੋਂ ਚਲੀ ਆ ਰਹੀ ਸੀ।

ਮਿਟਦੇ ਜਾਂਦੇ ਰਸਮ-ਰਿਵਾਜ:ਨਾਨਕੀ ਛੱਕ[ਸੋਧੋ]

ਮਨੁੱਖੀ ਜੀਵਨ ਵਿੱਚ ਕਈ ਪ੍ਰਕਾਰ ਦੇ ਰਸਮ ਰਿਵਾਜ ਵੇਕਣ ਨੂੰ ਮਿਲਦੇ ਹਨ। ਨਾਨਕ ਛੱਕ ਵੀ ਇਹਨਾਂ ਵਿੱਚੋ ਇੱਕ ਹੈ। ਇਹ ਵਿਆਹ ਦੀਆਂ ਕਈ ਰਹੁ-ਰੀਤਾਂ ਤੇ ਰਸਮਾਂ ਦੀ ਸੰਗਲੀ ਵਿੱਚ ਇਕ ਅਹਿਮ ਕੜੀ ਹੈ। ਅੱਜ ਇਹ ਰਿਵਾਜ ਲਗਭਗ ਖਤਮ ਹੋ ਗਿਆ ਹੈ।

ਛੱਕ ਮੋਟੇ ਤੋਰ'ਤੇ ਕੁੜੀ ਦੇ ਦਾਜ ਦਾ ਉਹ ਹਿੱਸਾ ਸੀ ਜਿਹੜਾ ਉਸ ਦੇ ਨਾਨਕਿਆਂ ਵੱਲੋਂ ਇਸ ਵਿੱਚ ਪਾਇਆ ਜਾਂਦਾ ਹੈ। ਜਿਸ ਕਰਕੇ ਇਸ ਨੂੰ ਨਾਨਕੀ ਛੱਕ ਆਖਿਆ ਜਾਂਦਾ ਸੀ। ਜਿਸ ਵਿੱਚ ਕੱਪੜੇ, ਬਿਸਤਰੇ, ਗਹਿਣੇ ਆਦਿ ਤੋੋ ਇਲਾਵਾ ਪਲੰਘ-ਪੀੜ੍ਹਾ, ਕੁੜੀ ਦਾ ਲਾਵਾਂ ਵੇਲੇ ਦਾ ਸੂਟ, ਚੂੜਾ ਆਦਿ ਸ਼ਾਮਿਲ ਹੁੰਦੇ ਸਨ। ਸਮੇਂ ਦੇ ਬਦਲਣ ਨਾਲ ਇਹ ਰਸਮ-ਰਿਵਾਜ ਵੀ ਬਦਲ ਗਏ ਹਨ।

ਪੰਜਾਬੀ ਸਭਿਅਾਚਾਰ ਦਾ ਭਵਿੱਖ[ਸੋਧੋ]

ਇਸ ਪਾਠ ਵਿੱਚ ਲੇਖਕ ਨੇ ਅਮਰਜੀਤ ਗਰੇਵਾਲ ਦੀ ਪੁਸਤਕ 'ਪੰਜਾਬੀ ਸਭਿਆਚਾਰ ਦਾ ਭਵਿੱਖ' ਵਿੱਚੋਂ ਮੁੱਦੇ ਉਠਾਏ ਹਨ।

ਅਮਰਜੀਤ ਗਰੇਵਾਲ ਨੇ ਆਪਣੀ ਸਮੱਗਰੀ ਨੂੰ ਆਰਥਿਕ, ਰਾਜਨੀਤਿਕ ਤੇ ਰਹਿਤਲ ਨਾ ਦੇ ਤਿੰਨ ਮੁੱਖ ਖੰਡਾਂ ਵਿੱਚ ਵੰਡਿਆ ਹੈ।

ਲੋਹੜੀ ਦਾ ਸਭਿਆਚਾਰਕ ਮਹੱਤਵ[ਸੋਧੋ]

ਲੋਹੜੀ ਦਾ ਮੂਲ ਤਿਲ ਰੋੜੀ ਹੈ ਜਿਸ ਤੋਂ ਤਿਲੜੀ ਹੋਇਆ ਤੇ ਇਸ ਤੋ ਰੂਪਾਂਤਰ ਲੋਹੜੀ ਹੈ। ਇਹ ਤਿਉਹਾਰ 13 ਜਨਵਰੀ ਨੂੰ ਅਤੇ ਦੇਸੀ ਸੂਰਜੀ ਵਰ੍ਹੇ ਦੇ ਹਿਸਾਬ ਨਾਲ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਈ ਜਾਂਦੀ ਹੈ।

ਲੋਹੜੀ ਦਾ ਤਿਉਹਾਰ ਵੀ ਹੋਰ ਤਿਉਹਾਰਾਂ ਵਾਂਗ ਹੀ, ਪੰਜਾਬੀ ਸਭਿਆਚਾਰ ਦੇ ਪ੍ਰਵਾਹ ਦੀ ਨਿਰਤੰਰਤਾ ਨੂੰ ਇਸ ਅਰਥ ਵਿਚ ਜਾਰੀ ਰਖਦਾ ਹੈ ਕਿ ਅਸੀਂ ਇਸ ਸੁਲੱਖਣੇ ਦਿਹਾੜੇ ਆਪਣੇ ਅਤੀਤ ਦੀਆਂ ਉਹਨਾਂ ਕਦਰਾਂ ਕੀਮਤਾਂ ਨੂੰ ਚਿਤਾਰਦੇ ਅਤੇ ਉਹਨਾਂ ਪ੍ਰਤੀ ਆਪਣੇ-ਆਪ ਨੂੰ ਪੁਨਰ ਸਮਰਪਤ ਕਰਦੇ ਹਾਂ ਜਿਹੜੀਆਂ ਸਾਡੇ ਲੋਕ ਸਭਿਆਚਾਰ ਅਤੇ ਸਾਡੀ ਸੰਸਕ੍ਰਿਤੀ ਦੀ ਜੜ੍ਹ ਹਨ।

ਵਿਸਾਖੀ ਦਾ ਧਾਰਮਕ, ਸਮਾਜਕ ਤੇ ਇਤਿਹਾਸਕ ਮਹੱਤਵ[ਸੋਧੋ]

ਵਿਸਾਖੀ ਦਾ ਤਿਉਹਾਰ ਉਹਨਾਂ ਕੌਮੀ ਤਿਉਹਾਰਾਂ ਵਿੱਚੋਂ ਇਕ ਹੈ ਜਿਨ੍ਹਾਂ ਦਾ ਪਹਿਲਾ ਸੰਬੰਧ ਰੁੱਤਾਂ ਦੇ ਕਾਲ ਚੱਕਰ ਨਾਲ ਹੈ। ਇਹਨਾਂ ਤਿਉਹਾਰਾਂ ਦਾ ਮੁੱਢ ਉਹਨਾਂ ਸਮਿਆਂ ਵਿੱਚ ਬੱਝਾ ਲਭਦਾ ਹੈ ਜਦੋਂ ਮਨੁੱਖ ਹਾਲੇ ਪ੍ਰਕਿਰਤੀ ਦੀ ਉਪਾਸਨਾ ਕਰਿਆ ਕਰਦਾ ਸੀ।

ਵਿਸਾਖੀ ਦੇ ਉਤਸਵ ਦਾ ਸੰਬੰਧ ਇਕ ਪਾਸੇ ਮੌਸਮ ਨੲਲ ਜੁੜਦਾ ਹੈ ਅਤੇ ਦੂਜੇ ਪਾਸੇ ਇਸ ਦਾ ਅਧਿਆਤਮਕ ਮਹੱਤਵ ਵੀ ਬਣਦਾ ਹੈ।ਪਰਾਣ ਸਮੇਂ ਦੇ ਵਿੱਚ ਲੋਕ ਵਿਸ਼ਨੂੰ ਦੀ ਪੂਜਾ ਕਰਦੇ ਸਨ, ਪਿੱਪਲ ਨੂੰ ਪਾਣੀ ਦਿੰਦੇ ਸਨ ਅਤੇ ਇਸ਼ਨਾਨ ਕਰਦੇ ਸਨ ਤਾਂ ਅੱਜ ਵੀ ਵਿਸਾਖੀ ਦਾ ਅਧਿਆਤਮਕ ਮਹੱਤਵ ਵੀ ਉਵੇਂ ਹੀ ਕਾਇਮ ਹੈ। ਪੰਜਾਬ ਲਈ ਤੇ ਖ਼ਾਸ ਕਰਕੇ ਸਿਖ ਪੰਥ ਲਈ ਵਿਸਾਖੀ ਦਾ ਮਹੱਤਵ ਅਧਿਆਤਮਕ ਤਾਂ ਹੈ ਹੀ ਪਰ ਨਾਲ ਹੀ ਸਮਾਜਕ,ਸਭਿਆਚਾਰਕ ਅਤੇ ਇਤਿਹਾਸਕ ਵੀ ਹੈ।

ਹੋਲੀ : ਰੰਗਾਂ ਦਾ ਤਿਉਹਾਰ[ਸੋਧੋ]

ਹੋਲੀ ਰੰਗਾਂ ਦਾ ਤਿਉਹਾਰ ਹੈ। ਹੋਲੀ ਨਾਲ ਕਈ ਕਰਮ- ਕਾਂਡ ਜੋੜੇ ਜਾਂਦੇ ਹਨ। ਕਈ ਇਸ ਤਿਉਹਾਰ ਨੂੰ ਹੋਲੀ ਬਾਲਦੇ ਹਨ,ਸਵਾਂਗ ਆਦਿ ਖੇਡਦੇ ਹਨ।

ਹੋਲੀ ਇਕ ਅਜਿਹਾ ਤਿਉਹਾਰ ਹੈ ਜਿਸ ਵਿੱਚ ਛੋਟੇ ਵੱਡੇ ਵਿੱਚ ਕੋਈ ਫ਼ਰਕ ਨਹੀ ਰਹਿੰਦਾ। ਮਜ਼ਦੂਰ ਮਾਲਕ ਦਾ ਮੂੰਹ ਰੰਗਦਾ ਹੈ। ਜਾਤ ਪਾਤ ਦਾ ਭੇਦ-ਭਾਵ ਮਿਟਾ ਕੇ ਇਕ ਦੂਜੇ ਦੇ ਰੰਗ ਲਗਾਇਆ ਜਾਂਦਾ ਹੈ। ਇਸ ਦਿਨ ਮਾਨਵੀ ਰਿਸ਼ਤਿਆਂ ਵਿਚਲੀਆਂ ਸਭ ਵਰਜਨਾਵਾਂ ਅਤੇ ਮਨਾਹੀਆਂ ਦੇ ਉਲੰਘਣ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆਂ ਜਾਂਦਾ ਹੈ। ਉਹ ਸਭ ਕੁਝ ਸਾਕਾਰ ਹੁੰਦਾ ਪ੍ਰਤੀਤ ਹੁੰਦਾ ਹੈ ਜੋ ਮਨੁੱਖ ਦਾ ਸੁਪਨਾ ਹੈ। ਇਸ ਤਿਉਹਾਰ ਨੂੰ ਦਲਿਤਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਲੋਕ ਚੇਤਨਾ, ਧਰਮ ਤੇ ਰਾਜਨੀਤੀ[ਸੋਧੋ]

ਧਰਮ ਤੇ ਰਾਜਨੀਤੀ ਦੋਵੇਂ ਹੀ ਮਨੁੱਖੀ ਚੇਤਨਾ ਦੇ ਰੂਪ ਹਨ। ਧਰਮ ਮਨੁੱਖ ਨੂੰ ਪ੍ਰਥਮ ਰੂਪ ਵਿੱਚ ਇਕ ਅਧਿਆਤਮਕ ਹੋਂਦ ਸਮਝਦਾ ਹੈ ਜਿਸ ਵਿੱਚ ਕੇਂਦਰੀ ਸਥਾਨ ਧਾਰਮਕ ਵਿਸ਼ਵਾਸਾਂ ਨੂੰ ਪ੍ਰਾਪਤ ਹੈ। ਧਰਮ ਦੀ ਮੂਲ ਧਾਰਨਾ ਇਹ ਹੈ ਕਿ ਸੰਸਾਰ ਨੂੰ ਕਿਸੇ ਪਰਾ-ਪ੍ਰਾਕਿਰਤਕ ਸ਼ਕਤੀ ਨੇ ਜਿਸਨੂੰ ਈਸ਼ਵਰ, ਪ੍ਰਮਾਤਮਾ ਆਦਿ ਕਈ ਨਾਮ ਦਿੱਤੇ ਗਏ ਹਨ,ਵਜੂਦ ਵਿੱਚ ਲਿਆਂਦਾ ਹੈ।

ਧਰਮ, ਰਾਜਨੀਤੀ, ਨੈਤਿਕਤਾ, ਦਰਸ਼ਨ ਅਤੇ ਕਲਾ ਆਦਿ ਸਭ ਸਮਾਜਕ ਚੇਤਨਾ ਦੇ ਰੂਪ ਹਨ। ਧਰਮ ਆਪਣੇ ਅਧਿਆਤਮਕ ਰੂਪ ਵਿੱਚ ਜੇ "ਸਦੀਵੀ ਅੰਤ੍ਰੀਵੀ ਅਹਿਸਾਸ" ਸਦਕਾ ਸਮੂਹ ਮਨੁੱਖ ਮਾਤਰ ਨਾਲ ਸਰੋਕਾਰ ਰੱਖਦਾ ਹੈ ਤਾਂ ਰਾਜਨੀਤਕ ਵਿਚਾਰ ਵੱਖ ਵੱਖ ਜਮਾਤਾਂ, ਕੌਮਾਂ ਤੇ ਰਾਜਾਂ ਵਿਚਲੇ ਸੰਬੰਧ ਨੂੰ ਪ੍ਰਤਿਬਿੰਬਤ ਕਰਦੇ ਹਨ ਅਤੇ ਮਨੁੱਖੀ ਕੲਰਜਸ਼ੀਲਤਾ ਰਾਹੀਂ ਸਾਕਾਰ ਹੋਣ ਵਾਲੇ ਰਾਜਨੀਤੀਕ ਕਾਰਜ-ਕਰਮ ਦਾ ਆਧਾਰ ਬਣਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਇਕ ਉਹ ਵਿਗਿਆਨ ਹੈ ਜਾਂ ਸ਼ਾਸਤ੍ਰ ਹੈ ਜਿਹੜਾ ਰਾਜ, ਰਾਜ ਦੀ ਅਗਵਾਈ, ਰਾਜ ਦੇ ਰੂਪ, ਉਸਦੇ ਆਸ਼ੇ ਤੇ ਉਸਦੀ ਕਾਜ਼ਸ਼ੀਲਤਾ ਦੀ ਵੱਥ ਨਿਸ਼ਚਿਤ ਕਰਨ ਦੇ ਮਾਮਲਿਆਂ ਵਿੱਚ ਹਿੱਸੇਦਾਰ ਬਣਨ ਨਾਲ ਸੰਬੰਧ ਰਖਦਾ ਹੈ ਅਤੇ ਦੇਸ਼ ਦਾ ਪ੍ਰਬੰਧ, ਦੇਸ਼ ਵਿਚਲੇ ਰਾਜਾਂ ਦੇ ਆਪਸੀ, ਕੌਮੀ ਤੇ ਕੌਮਾਂਤਰੀ ਪੱਧਰ ਉਤੇ ਸੰਬੰਧ ਜਿਸਦੇ ਸਰੋਕਾਰਾਂ ਦਾ ਖੇਤਰ ਹੈ।

ਲੋਕਧਾਰਾਈ ਦ੍ਰਿਸ਼ਟੀ ਤੋਂ ਬਾਣੀ ਤੇ ਡਾ: ਗਿੱਲ[ਸੋਧੋ]

ਇਸ ਪਾਠ ਵਿੱਚ ਡਾ.ਮਹਿੰਦਰ ਕੌਰ ਗਿੱਲ ਦੀ ਦ੍ਰਿਸ਼ਟੀ ਤੋਂ ਬਾਣੀ ਦਾ ਅਧਿਐਨ ਕੀਤਾ ਹੈ। ਡਾ.ਮਹਿੰਦਰ ਕੌਰ ਗਿੱਲ ਗੁਰਬਾਣੀ ਦੀ ਪਹਿਲੀ ਵਿਆਖਿਆਕਾਰ ਤੇ ਸਮੀਖਿਆਕਾਰ ਇਸਤ੍ਰੀ ਵਿਦਵਾਨ ਹੈ। ਬਾਣੀ ਆਤਮਾ ਤੇ ਪ੍ਰਮਾਤਮਾ ਦੇ ਪ੍ਰਕਿਰਤੀ ਅਤੇ ਮਨੁੱਖ ਦੀ ਹੋਣੀ ਨਾਲ ਹੈ। ਬਾਣੀ ਆਤਮਾ ਤੇ ਪਰਮਾਤਮਾ ਦੇ ਪ੍ਰਕਿਰਤੀ ਅਤੇ ਇਸ ਵਿਚਲੀ ਸ਼ਕਤੀ ਦੇ, ਭੌਤਿਕਤਾ ਤੇ ਅਧਿਆਤਮਕਤਾ ਦੇ ਆਪਸੀ ਰਿਸ਼ਤੇ ਨੂੰ ਸਪੱਸ਼ਟ ਕਰਨ ਦਾ ਇਕ ਮਹਾਨ ਪ੍ਰਯਤਨ ਹੈ।

ਚਿਹਨਵਾਦ, ਸੰਰਚਨਾਵਾਦ ਤੋ ਹੋਰ ਸਾਹਿਤਕ ਅੰਤਰ-ਦ੍ਰਿਸ਼ਟੀ ਵੀ ਸਾਹਿਤ ਜਾਂ ਕਾਵਿ ਦੀ ਪਰਖ ਖੋਜ ਤੇ ਵਿਆਖਿਆ ਵਾਸਤੇ ਇਕ ਕਾਰਗਰ ਪਹੁੰਚ ਹੈ। ਲੋਕਧਾਰਾ ਤੇ ਗੁਰਬਾਣੀ ਦੇ ਪ੍ਰਸਪਰ ਸਬੰਧ ਦੀ ਚਰਚਾ ਕਰਦਿਆਂ ਡਾ: ਗਿੱਲ ਨੇ ਇਕ ਥਾਂ ਲਿਖਿਆ ਹੈ,

ਲੋਕ ਸੰਸਕ੍ਰਿਤੀ ਨੂੰ ਗੁਰਬਾਣੀ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਗੁਰਬਾਣੀ ਸਾਹਿਤ ਨੇ ਸਦੀਆਂ ਤੋਂ ਮੌਖਿਕ ਚਲੀ ਆਉਂਦੀ ਲੋਕ-ਪਰੰਪਰਾ ਨੂੰ ਪਹਿਲੀ ਵਾਰ ਲਿਪੀਬਧ ਕਰਕੇ ਇਸ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਹੈ। ਪਰੰਪਰਾਗਤ ਮੌਖਿਕ ਧਾਰਨਾਵਾਂ ਦੇ ਲਿਖਤੀ ਵੇਰਵੇ ਪਹਿਲੀ ਵਾਰ ਪੰਜਾਬੀ ਵਿੱਚ ਗੁਰਬਾਣੀ ਸਾਹਿਤ ਰਾਹੀਂ ਪ੍ਰਸਾਰਿਤ ਹੋਏ ਹਨ। ਲੋਕ ਸਾਹਿਤ ਦੇ ਅਨੇਕਾਂ ਰੂਪ-ਮਿਥ, ਲਿਜੰਦਰੀ, ਟੋਟਕੇ, ਮਨੌਤਾਂ, ਵਿਸ਼ਵਾਸ, ਅਨੁਸ਼ਠਾਨ ਤੇ ਗੀਤਕ ਰੂਪ ਪਹਿਲੀ ਵਾਰ ਗੁਰਮੁਖੀ ਲਿਪੀ ਵਿੱਚ ਕਲਮਬੰਦ ਹੋ ਕੇ ਪ੍ਰਵਾਨ ਚੜ੍ਹੇ। [3]

ਬਾਣੀ ਵਿੱਚ ਆਏ ਲੋਕ ਕਾਵਿ-ਰੂਪਾਂ ਨੂੰ ਵਸਤੂ ਦੀ ਦ੍ਰਿਸ਼ਟੀ ਤੋਂ ਡਾ.ਗਿੱਲ ਨੇ ਪੰਜ ਵਰਗਾਂ ਵਿੱਚ ਵੰਡਿਆ ਹੈ। (1) ਅਨੁਸ਼ਠਾਨਿਕ (2) ਤਿੱਥੀ ਵਾਰਕ (3) ਸਤਤੀ ਆਤਮਕ (4) ਉਦਯੋਗਾਤਮਕ (5) ਲੋਕ ਮੁਹਾਵਰੇ ਬੋਧਕ। ਪੂਰੇ ਬਾਣੀ ਕਾਵਿ ਦਾ ਵਿਸ਼ੇਸ਼ ਲੱਛਣ ਇਹ ਹੈ ਕਿ ਇਹ ਲੋਕਿਕਤਾ ਤੋਂ ਅਲੌਕਿਕਤਾ ਵਲ, ਵਾਸਤਵਿਕਤਾ ਤੋਂ ਅਧਿਆਤਮਕਤਾ ਵਲ ਯਾਤਰਾ ਕਰਦਾ ਹੈ।

ਲੋਕਧਾਰਾ ਤੇ ਬਾਲ-ਕਾਵਿ[ਸੋਧੋ]

ਬਾਲ ਕਾਵਿ ਬਾਲ ਸਾਹਿਤ ਦਾ ਹੀ ਇਕ ਰੂਪ ਹੈ। ਬਾਲ ਸਾਹਿਤ ਬੱਚਿਆਂ ਦਾ ਮਨੋਰੰਜਨ ਕਰਦਾ ਹੈ ਤੇ ਉਹਨਾਂ ਦੇ ਸੂਝ ਬੂਝ ਵਿੱਚ ਵਾਧਾ ਕਰਦਾ ਹੈ। ਇਹ ਕੰਮ ਬਾਲ-ਕਾਵਿ ਵਧੇਰੇ ਸਰਲ ਢੰਗ ਨਾਲ ਕਰ ਸਕਦਾ ਹੈ। ਰੁਮਾਂਚਿਤ ਤੇ ਸਾਹਸੀ ਘਟਨਾਵਾਂ ਤੇ ਪਾਤਰਾ਼ ਨਾਲ ਭਰਪੂਰ ਇਹ ਕਥਾਵਾਂ ਉਸਦੇ ਮਨ ਨੂੰ ਖਿਚ ਪਾਉਂਦੀਆਂ ਹਨ। ਇਹਨਾਂ ਕਹਾਣੀਆਂ ਵਿੱਚ ਸਦਾ ਹੀ ਨੇਕੀ ਤੇ ਬਦੀ ਦੀ, ਭੈੜੇ ਤੇ ਚੰਗੇ ਦੀ ਟੱਕਰ ਦਰਸਾਈ ਗਈ ਹੁੰਦੀ ਹੈ।

ਬਾਲ ਕਾਵਿ ਵਿੱਚ ਵਿੱਚ ਰੂਪਾਕਾਰ ਦੀ ਵੰਨ-ਸੁਵੰਨਤਾ ਦਿਖਾਈ ਦਿੰਦੀ ਹੈ। ਬਾਲ ਕਾਵਿ ਦੇ ਰੂਪਾਂ ਵਿੱਚ ਲੋਰੀਆਂ,ਥਾਲ ਅਤੇ ਬੁਝਾਰਤਾਂ ਆਦਿ ਆਉਂਦੇ ਹਨ।

ਡਾ.ਕਰਨਜੀਤ ਬਾਲ ਕਾਵਿ ਨੂੰ ਬੱਚੇ ਦੇ ਮਾਨਸਿਕ, ਬੌਧਿਕ, ਸਰੀਰਕ ਤੇ ਆਤਮਕ ਵਿਕਾਸ ਵਿੱਚ, ਉਸਦੀ ਸਰਬ-ਪੱਖੀ ਸ਼ਖਸੀਅਤ ਦੇ ਨਿਰਮਾਣ ਵਿੱਚ ਸਹਾਈ ਹੋਣ ਦਾ ਵੱਡਾ ਕਾਰਨ ਮੰਨਦੇ ਹਨ।

ਹਵਾਲੇ[ਸੋਧੋ]

  1. "ਲੋਕ-ਮਨਃ ਚੇਤਨ ਅਵਚੇਤਨ" "ਡਾ.ਕਰਨਜੀਤ ਸਿੰਘ" ਪੰਨਾ 9
  2. " ਲੋਕ-ਮਨਃ ਚੇਤਨ ਅਵਚੇਤਨ" "ਡਾ.ਕਰਨਜੀਤ ਸਿੰਘ" ਪੰਨਾ 16
  3. "ਆਦਿ-ਗ੍ਰੰਥ ਤੋ ਲੋਕ-ਰੂਪ" "ਡਾ.ਮਹਿੰਦਰ ਕੌਰ ਗਿੱਲ" ਪੰਨਾ 37